Sun,Jan 26,2020 | 08:40:27am
HEADLINES:

editorial

'ਆਵਾਜਾਈ ਰੋਕਣ ਵਾਲੇ ਭੀਮ ਸੈਨਿਕ ਏਧਰ-ਓਧਰ ਹੋ ਗਏ ਤੇ ਨਿਰਦੋਸ਼ ਲੋਕ ਕੁੱਟੇ ਗਏ'

'ਆਵਾਜਾਈ ਰੋਕਣ ਵਾਲੇ ਭੀਮ ਸੈਨਿਕ ਏਧਰ-ਓਧਰ ਹੋ ਗਏ ਤੇ ਨਿਰਦੋਸ਼ ਲੋਕ ਕੁੱਟੇ ਗਏ'

21 ਅਗਸਤ ਦੇ ਦਿੱਲੀ ਰੋਸ ਪ੍ਰਦਰਸ਼ਨ ਵਿੱਚ ਬੜੇ ਉਤਸ਼ਾਹ ਨਾਲ ਸਾਥੀਆਂ ਸਮੇਤ ਗਏ ਸਾਂ। ਮੋਦੀ ਦੀ ਸਰਕਾਰ ਹੋਣ ਕਰਕੇ ਇਸ ਵਾਰ ਪਹਿਲਾਂ ਹੀ ਅਹਿਸਾਸ ਸੀ ਕਿ ਕੋਈ ਗੜਬੜ ਹੋ ਸਕਦੀ ਹੈ। ਇਸ ਲਈ ਦਿੱਲੀ ਜਾਣ ਦੀਆਂ ਚਾਹਵਾਨ ਕੁਛ ਔਰਤਾਂ ਨੂੰ ਅਸੀਂ ਜਾਣ ਤੋਂ ਰੋਕਿਆ। ਖੁਦ ਅਸੀਂ ਝੰਡਿਆਂ ਵਿੱਚ ਵੱਡੀਆਂ ਡਾਂਗਾਂ ਪਾ ਕੇ ਲੈ ਕੇ ਗਏ ਸਾਂ ਤਾਂ ਕਿ ਲੋੜ ਸਮੇਂ ਆਪਣੇ ਬਚਾਅ ਲਈ ਇਨ੍ਹਾਂ ਦੀ ਵਰਤੋਂ ਕੀਤੀ ਜਾ ਸਕੇ। ਰਾਮ ਲੀਲਾ ਮੈਦਾਨ ਵਾਲੀ ਜਗ੍ਹਾ 'ਤੇ ਥਾਂ-ਥਾਂ ਗੰਦਾ ਪਾਣੀ ਖੜ੍ਹਾ ਸੀ।

ਧੁੱਪ ਤੇ ਗਰਮੀ ਤੋਂ ਬਚਾਅ ਲਈ ਟੈਂਟ ਦਾ ਕੋਈ ਪ੍ਰਬੰਧ ਨਹੀਂ ਸੀ। ਪੀਣ ਵਾਲੇ ਪਾਣੀ ਦੇ ਸਿਰਫ਼ ਦੋ ਟੈਂਕ ਸਨ। ਪਾਣੀ ਪੀਣ ਲਈ ਲੋਕਾਂ ਦੀਆਂ ਵੱਡੀਆਂ ਲਾਈਨਾਂ ਲੱਗੀਆਂ ਹੋਈਆਂ ਸਨ। ਜਿੰਨ੍ਹਾਂ ਲੋਕਾਂ ਨੂੰ ਅਸੀਂ ਕੋਸਣਾ ਸੀ, ਉਨ੍ਹਾਂ ਦੇ ਰਾਮ ਹਨੂੰਮਾਨ ਮੰਦਰ ਦੇ ਪ੍ਰਬੰਧਕਾਂ ਨੇ ਪਾਣੀ ਦੇ 200 ਐੱਮਐੱਲ ਦੇ ਪੈਕਟ ਦੇ ਕੇ ਲੋਕਾਂ ਦੀ ਪਿਆਸ ਬੁਝਾਈ। ਉਨ੍ਹਾਂ ਨੇ ਨੇ ਕਿਹੜੀ ਭਾਵਨਾ ਨਾਲ ਪਾਣੀ ਪਿਆਇਆ, ਇਹ ਉਹ ਜਾਣਦੇ ਹਨ, ਪਰ ਉਨ੍ਹਾਂ ਦਾ ਉਪਰਾਲਾ ਵਧੀਆ ਸੀ।

ਸਵੇਰੇ ਚੱਲਣ ਸਮੇਂ ਨਾਸ਼ਤਾ ਨਹੀਂ ਕਰਵਾਇਆ ਗਿਆ। ਸਿਰਫ ਚਾਹ ਦੀਆਂ ਕੱਪੀਆਂ ਨਾਲ ਦੋ-ਦੋ ਰਸ ਦੇ ਟੁਕੜੇ ਦਿੱਤੇ ਗਏ ਸਨ। ਦੁਪਹਿਰ ਦੀ ਰੋਟੀ ਦਾ ਵੀ ਕੋਈ ਪ੍ਰਬੰਧ ਨਹੀਂ ਸੀ। ਕੱਲ੍ਹ ਦੀਆਂ ਨਾਲ ਲਿਆਂਦੀਆਂ ਬੇਹੀਆਂ ਰੋਟੀਆਂ ਖਾ ਕੇ ਕੰਮ ਚਲਾਇਆ। ਉਸ ਵੇਲੇ ਬਹੁਤ ਹੈਰਾਨੀ ਹੋਈ ਜਦੋਂ ਸਟੇਜ ਤੋਂ ਐਲਾਨ ਕੀਤਾ ਗਿਆ ਕਿ ਬਸਪਾ ਵਾਲੇ ਆਪਣੇ ਝੰਡੇ ਨੀਵੇਂ ਰੱਖਣ।

ਫਿਰ ਜਦੋਂ ਸਟੇਜ 'ਤੇ ਬੋਲਣ ਨੂੰ ਲੈ ਕੇ ਸੰਤ ਸਮਾਜ ਦੇ ਆਗੂ ਆਪਸ ਵਿੱਚ ਹੀ ਕਈ ਵਾਰ ਝਗੜੇ ਤਾਂ ਕਾਫੀ ਜ਼ਿਆਦਾ ਨਮੋਸ਼ੀ ਹੋਈ। ਜਦੋਂ ਵੀ ਮਾਇਕ ਬੰਦ ਹੋ ਜਾਂਦਾ ਸੀ ਤਾਂ ਲੋਕ ਸਮਝ ਜਾਂਦੇ ਸਨ ਕਿ ਸਟੇਜ ਉੱਪਰ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਰਿਹਾ ਹੈ। ਜਿਵੇਂ-ਕਿਵੇਂ ਸਮਾਗਮ ਸਿਰੇ ਲੱਗਿਆ। ਫਿਰ ਭੀਮ ਆਰਮੀ ਦੇ ਮੁਖੀ ਚੰਦਰ ਸ਼ੇਖਰ ਆਜ਼ਾਦ (ਰਾਵਣ) ਦੀ ਐਂਟਰੀ ਹੋਈ। ਉਹ ਇੱਕ ਗੱਡੀ ਉੱਪਰ ਖੜ੍ਹਾ ਮੁੱਛਾਂ ਨੂੰ ਤਾਅ ਦਿੰਦਾ ਆ ਰਿਹਾ ਸੀ। ਉਸਦੇ ਨੌਜਵਾਨ ਪੈਰੋਕਾਰ ਉਸਦੇ ਅੱਗੇ ਨਾਅਰੇ ਲਾਉਂਦੇ ਆ ਰਹੇ ਸਨ : ਦੇਖੋ ਦੇਖੋ ਕੌਣ ਆਇਆ, ਸ਼ੇਰ ਆਇਆ ਸ਼ੇਰ ਆਇਆ।।

ਥੋੜ੍ਹੇ ਸਮੇਂ ਪਿੱਛੋਂ ਸਮਾਗਮ ਦੀ ਸਮਾਪਤੀ ਹੋਈ ਤਾਂ ਭੀਮ ਆਰਮੀ ਦੇ ਨੌਜਵਾਨ ਨਜ਼ਦੀਕੀ ਜਵਾਹਰ ਲਾਲ ਨਹਿਰੂ ਮਾਰਗ ਤੇ ਖੜ੍ਹ ਗਏ ਅਤੇ ਆਵਾਜਾਈ ਬੰਦ ਕਰ ਦਿੱਤੀ। ਆਵਾਜਾਈ ਰੋਕਣੀ ਸਾਡੇ ਏਜੰਡੇ 'ਤੇ ਨਹੀਂ ਸੀ। ਇਸ ਲਈ ਅਸੀਂ ਸਾਰੇ ਸਾਥੀ ਰੋਸ ਪ੍ਰਦਰਸ਼ਨ ਪਿੱਛੋਂ ਚਲੇ ਗਏ। ਪਹਿਲਾਂ ਅਸੀਂ ਗੁਰਦੁਆਰਾ ਸੀਸ ਗੰਜ ਸਾਹਿਬ ਜਾ ਕੇ ਲੰਗਰ ਛਕਿਆ ਅਤੇ ਨਹਾ ਧੋ ਕੇ ਕੁੱਝ ਦੇਰ ਅਰਾਮ ਕੀਤਾ ਅਤੇ ਸਰਾਏ ਰੋਹਿੱਲਾ ਰੇਲਵੇ ਸਟੇਸ਼ਨ 'ਤੇ ਚਲੇ ਗਏ। ਪਿੱਛੋਂ ਸੋਸ਼ਲ ਮੀਡੀਆ 'ਤੇ ਖਬਰਾਂ ਆਈਆਂ ਕਿ ਪੁਲਿਸ ਦੀ ਬੁਰੀ ਤਰ੍ਹਾਂ ਡਾਂਗ ਵਰ੍ਹੀ।

ਸੁਣਨ ਵਿੱਚ ਆਇਆ ਕਿ ਆਵਾਜਾਈ ਰੋਕਣ ਵਾਲੇ ਭੀਮ ਸੈਨਿਕ ਏਧਰ-ਓਧਰ ਹੋ ਗਏ ਅਤੇ ਨਿਰਦੋਸ਼ ਲੋਕ ਕੁੱਟੇ ਗਏ। ਗੁਰਦੁਆਰਿਆਂ ਨੂੰ ਨਿਰਦੇਸ਼ ਜਾਰੀ ਕੀਤੇ ਗਏ ਕਿ ਗੁਰਦੁਆਰਿਆਂ ਵਿੱਚੋਂ ਸਾਰੇ ਯਾਤਰੀਆਂ ਨੂੰ ਬਾਹਰ ਕੱਢਿਆ ਜਾਵੇ। ਅੰਬੇਡਕਰ ਭਵਨ ਵਿਖੇ ਠਹਿਰੇ ਲੋਕਾਂ ਨੂੰ ਵੀ ਬਾਹਰ ਕੱਢ ਦਿੱਤਾ ਗਿਆ ਅਤੇ ਬੁਰੀ ਤਰ੍ਹਾਂ ਕੁੱਟਿਆ ਗਿਆ। ਇਹ ਸਭ ਭੀਮ ਆਰਮੀ ਦੀ ਵਜ੍ਹਾ ਕਰਕੇ ਹੋਇਆ। 

ਇਸ ਸਮੇਂ ਵਿੱਚ ਹੀ ਖਬਰ ਆਈ ਕਿ ਚੰਦਰ ਸ਼ੇਖਰ ਆਜ਼ਾਦ ਦੀ ਅਚਾਨਕ ਤਬੀਅਤ ਖਰਾਬ ਹੋ ਗਈ ਹੈ। ਸਾਫ ਹੋ ਰਿਹਾ ਸੀ ਕਿ ਨੌਜਵਾਨਾਂ ਨੂੰ ਬਲਦੀ ਦੇ ਮੂੰਹ ਦੇ ਕੇ ਖੁਦ ਚੰਦਰ ਸ਼ੇਖਰ ਆਜ਼ਾਦ ਬੀਮਾਰੀ ਦਾ ਬਹਾਨਾ ਲਾ ਕੇ ਬਚ ਗਿਆ ਸੀ। 34 ਸਾਲ ਦੇ ਰੈਲੀਆਂ-ਮੁਜਾਹਰਿਆਂ ਦੌਰਾਨ ਕਦੇ ਪਰਿਵਾਰ ਨਾਲ ਸੰਪਰਕ ਨਹੀਂ ਹੋਇਆ, ਪਰ ਇਸ ਵਾਰ ਰਾਜ਼ੀ-ਖੁਸ਼ੀ ਪੁੱਛਣ ਲਈ ਬੀਬੀ ਜੀ ਦਾ ਦੋ ਵਾਰ ਫੋਨ ਆਇਆ। ਇਹ ਸਭ ਸ਼ਾਇਦ ਸੋਸ਼ਲ ਮੀਡੀਆ ਰਾਹੀਂ ਆਈਆਂ ਖਬਰਾਂ ਕਾਰਨ ਹੋਇਆ।

ਕੁੱਝ ਵੀ ਹੋਵੇ ਲੋਕਾਂ ਨੇ ਬਸਪਾ ਦੀ ਅਗਵਾਈ ਹੇਠ ਕਾਫਲੇ ਬਣਾ ਕੇ ਸ਼ਮੂਲੀਅਤ ਕੀਤੀ, ਪਰ ਰਾਜਨੀਤੀ ਤੋਂ ਅਣਜਾਣ ਅਤੇ ਆਪਸ ਵਿੱਚ ਝਗੜਦੇ ਸੰਤ ਸਮਾਜ ਦੇ ਲੀਡਰਾਂ ਕਾਰਨ ਨਮੋਸ਼ੀ ਝੱਲਣੀ ਪੈ ਗਈ।
(ਉੱਘੇ ਚਿੰਤਕ ਤੇ ਲੇਖਕ ਦਰਸ਼ਨ ਸਿੰਘ ਬਾਜਵਾ ਦੀ ਕਲਮ ਤੋਂ)

Comments

Leave a Reply