Tue,Oct 20,2020 | 03:02:12am
HEADLINES:

editorial

'ਰੱਬ ਦੀ ਰਜ਼ਾ' ਨੇ ਲੋਕਾਂ ਤੋਂ ਮੁਸੀਬਤਾਂ ਤੇ ਗਰੀਬੀ ਨਾਲ ਲੜਨ ਦਾ ਹੌਸਲਾ ਖੋਇਆ

'ਰੱਬ ਦੀ ਰਜ਼ਾ' ਨੇ ਲੋਕਾਂ ਤੋਂ ਮੁਸੀਬਤਾਂ ਤੇ ਗਰੀਬੀ ਨਾਲ ਲੜਨ ਦਾ ਹੌਸਲਾ ਖੋਇਆ

ਰੱਬ 'ਚ ਅਥਾਹ ਵਿਸ਼ਵਾਸ਼ ਰੱਖਦੇ ਅਤੇ ਖੁਸ਼ਹਾਲ ਜ਼ਿੰਦਗੀ ਜਿਉਂਦੇ ਲੋਕ ਇਸ ਨੂੰ ਰੱਬ ਦੀ ਨਿਆਮਤ ਮੰਨਦੇ ਹੋਏ ਇਸ ਗੱਲ ਨੂੰ ਅਣਗੌਲਿਆਂ ਕਰੀ ਰੱਖਦੇ ਹਨ ਕਿ ਮਿੱਟੀ ਨਾਲ ਮਿੱਟੀ ਹੁੰਦੇ ਲੋਕ ਪੀੜ੍ਹੀ ਦਰ ਪੀੜ੍ਹੀ ਨਰਕ ਵਰਗੀ ਜ਼ਿੰਦਗੀ ਕਿਉਂ ਭੋਗਦੇ ਰਹਿੰਦੇ ਹਨ, ਪਰ ਉਹ ਇਹ ਸਚਾਈ ਤੋਂ ਵੀ ਅਣਜਾਨ ਰਹਿੰਦੇ ਹਨ ਕਿ ਆਰਾਮ ਦੀ ਜ਼ਿੰਦਗੀ ਬਿਤਾਉਂਦੇ ਲੋਕਾਂ ਦੀ ਔਲਾਦ ਹੌਲੀ-ਹੌਲੀ ਅਯਾਸ਼ੀਆਂ ਦੀ ਜਾਂ ਕਹਿ ਲਵੋ ਕਿ ਆਰਾਮ ਦੀ ਜ਼ਿੰਦਗੀ ਹੰਡਾਉਂਦੀ ਆਪਣੀ ਉਮਰ ਦੇ ਕਈ ਸਾਲ ਕਿਉਂ ਗੁਆ ਲੈਂਦੀ ਹੈ।

ਓਧਰ ਨਰਕ ਵਰਗੀ ਜ਼ਿੰਦਗੀ ਜਿਉਂਦੇ ਲੋਕਾਂ ਦੇ ਜੁਆਕ ਕਿਲਕਾਰੀਆਂ ਮਾਰਦੇ ਵੱਡੇ ਹੁੰਦੇ ਹਨ ਅਤੇ ਸੂਰਜ ਉਨ੍ਹਾਂ ਦੇ ਸਰੀਰ ਨੂੰ ਝੁਲਸਦਾ ਹੋਇਆ ਉਨ੍ਹਾਂ 'ਚ ਲੋਹਾ ਕਿਉਂ ਭਰ ਦਿੰਦਾ ਹੈ। ਖੂਨ ਉਨ੍ਹਾਂ ਦੀਆਂ ਨਾੜੀਆਂ 'ਚ ਬੇਖੌਫ ਮਚਲਦਾ ਹੋਇਆ ਕਿਉਂ ਵਗਦਾ ਰਹਿੰਦਾ ਹੈ। ਤੰਗੀ ਦੇ ਬਾਵਜੂਦ ਤੰਦਰੁਸਤੀ ਹਵਾ ਦਾ ਬੁੱਲਾ ਬਣ ਕੇ ਉਨ੍ਹਾਂ ਦੇ ਬੁੱਲਾਂ 'ਤੇ ਕੋਈ ਨਾ ਕੋਈ ਗੀਤ ਕਿਉਂ ਛੇੜੀ ਰੱਖਦੀ ਹੈ ਅਤੇ ਉਹ ਗਰੀਬੀ ਤੇ ਜ਼ਿੱਲਤ ਦੀ ਜ਼ਿੰਦਗੀ ਜਿਉਂਦੇ ਹੋਏ ਵੀ ਕੰਮ 'ਚ ਰੁੱਝੇ ਕੁਦਰਤ ਦੀ ਵਿਸ਼ਾਲਤਾ ਦਾ ਅਨਿੱਖੜਵਾਂ ਅੰਗ ਕਿਵੇਂ ਬਣੇ ਰਹਿੰਦੇ ਹਨ।

ਇਹ ਗੁਰਬਤ ਦੀ ਵਡਿਆਈ ਨਹੀਂ ਹੈ। ਇਹ ਹੱਥੀਂ ਕੀਤੀ ਮਿਹਨਤ ਦਾ ਫਲ ਹੈ, ਜੋ ਮਿਹਨਤ ਨਾ ਕਰਨ ਵਾਲਿਆਂ ਦੇ ਹਿੱਸੇ ਨਹੀਂ ਆਉਂਦਾ। ਮਿਹਨਤ-ਮੁਸ਼ੱਕਤ ਕਰੋੜਾਂ ਸਾਲਾਂ 'ਚ ਮਨੁੱਖ ਦੀ ਉਤਪਤੀ ਦਾ ਮੂਲ ਹਿੱਸਾ ਰਹੇ ਹਨ, ਜਿਸ ਕਾਰਨ ਮਿਲੀ ਸਫਲਤਾ ਅਤੇ ਖੁਸ਼ੀ ਨੂੰ ਅਸੀਂ ਰੱਬ ਦੀ ਬਖਸ਼ੀਸ਼ ਕਹਿੰਦੇ ਹਾਂ। ਸਾਇੰਸਦਾਨਾਂ ਮੁਤਾਬਕ ਲੋਕਾਂ ਦਾ ਰੱਬ ਅਸਲ 'ਚ ਇੱਕ ਨਾ ਦਿਸਣ ਵਾਲੀ ਊਰਜਾ ਦੇ ਗੁੱਛੇ ਹਨ, ਜਿਸ ਤੋਂ ਇਹ ਧਰਤੀਆਂ, ਆਕਾਸ਼, ਚੰਨ-ਤਾਰੇ, ਪਾਣੀ, ਹਵਾ, ਮਿੱਟੀ, ਅੱਗ ਅਤੇ ਗਰੂਤਾ ਆਕਰਸ਼ਣ ਦਾ ਵਿਸਥਾਰ ਹੋ ਕੇ ਕੁਦਰਤ ਦੀ ਰਚਨਾ ਹੋਈ, ਜਿਸ 'ਚ ਮਨੁੱਖੀ ਜੀਵਨ ਦੀ ਉਤਪਤੀ ਵੀ ਸ਼ਾਮਲ ਹੈ।

ਇਨ੍ਹਾਂ ਊਰਜਾ ਦੇ ਨਾ ਦਿਸਣ ਵਾਲੇ ਗੁੱਛਿਆਂ ਤੋਂ ਸਾਡੇ ਜੀਵਨ ਦੇ ਮੂਲ ਆਧਾਰ ਕਰੋਮੋਸੋਮ ਦੇ ਗੁੱਛੇ ਬਣਨ ਦੇ ਕਰੋੜਾਂ ਸਾਲਾਂ ਦੇ ਅੰਤਰ ਵਿਚਕਾਰ ਰੱਬ ਸ਼ਬਦ ਗਾਇਬ ਰਿਹਾ ਤੇ ਫਿਰ ਸੱਭਿਅਤਾ ਦੇ ਪਤਾ ਨਹੀਂ ਕਿਹੜੇ ਦੌਰ 'ਚ ਆਦਮੀਂ ਨੇ ਇਸ ਸ੍ਰਿਸ਼ਟੀ ਨੂੰ ਸਿਰਜਣ ਵਾਲੀ ਊਰਜਾ ਦਾ ਨਾਂ ਰੱਬ ਰੱਖ ਦਿੱਤਾ। ਇਹ ਕੋਈ ਗਲਤ ਗੱਲ ਵੀ ਨਹੀਂ ਸੀ, ਕਿਉਂਕਿ ਆਦਮੀ ਧਰਤੀ 'ਤੇ ਉਤਪਨ ਜੀਵਨ ਦੇ ਮਕਸਦ ਨੂੰ ਜਾਨਣ ਦੀ ਤਮੰਨਾ ਰੱਖਦਾ ਸੀ।

ਹੌਲੀ-ਹੌਲੀ ਪਲੈਟੋ, ਅਰਸਤੂ ਅਤੇ ਸੁਕਰਾਤ ਵਰਗੇ ਇਨਸਾਨਾਂ ਨੇ ਆਪਣੇ ਫਲਸਫੇ ਲੋਕਾਂ ਸਾਹਮਣੇ ਰੱਖੇ ਜਿਨ੍ਹਾਂ ਨੂੰ ਗਲੀਲੀਓ, ਡਾਰਵਿਨ, ਨਿਊਟਨ, ਆਈਨਸਟਾਈਨ, ਐਡੀਸਨ, ਬੋਹਰ, ਪਾਸਚਰ, ਕਰਿੱਕ, ਵਾਟਸਨ ਤੇ ਸਟੀਫਨ ਹਾਕਿੰਗ ਵਰਗੇ ਸਾਇੰਸਦਾਨਾਂ ਨੇ ਆਪਣੀ ਅਣਥੱਕ ਮਿਹਨਤ ਨਾਲ ਸਿੱਧ ਕੀਤਾ ਅਤੇ ਇਸ ਊਰਜਾ ਅਤੇ ਜੀਵਨ ਦੀ ਉਤਪਤੀ ਤੇ ਹੋਰ ਕਈ ਤੱਥਾਂ ਨੂੰ ਲੋਕਾਂ ਸਾਹਮਣੇ ਰੱਖਿਆ, ਪਰ ਇਨ੍ਹਾਂ ਹੀ ਸਮਿਆਂ 'ਚ ਰੱਬ ਦੀ ਵਿਆਖਿਆ ਅਤੇ ਸਿਰਜਣਾ ਵੀ ਸਮਾਂਤਰ ਚਲਦੀ ਰਹੀ ਅਤੇ ਸੱਭਿਅਤਾਵਾਂ ਦੇ ਭੇੜ ਨੇ ਵੱਖ-ਵੱਖ ਧਰਮ ਸਿਰਜ ਕੇ ਆਪਣੇ-ਆਪਣੇ ਰੱਬ ਖੜੇ ਕਰ ਲਏ ਅਤੇ ਉਨ੍ਹਾਂ ਦੇ ਦਰਸ਼ਨ ਕਰਨ ਲਈ ਮੰਦਰ, ਗੁਰਦੁਆਰੇ, ਗਿਰਜੇ ਅਤੇ ਮਸਜਿਦਾਂ ਉਸਾਰ ਲਏ।

ਰੱਬ ਨੂੰ ਇਸ ਤਰ੍ਹਾਂ ਵੇਖਣ ਵਾਲੇ ਲੋਕ ਆਪਣੇ ਧਰਮਾਂ ਲਈ ਮਰ ਮਿਟ ਤਾਂ ਸਕਦੇ ਹਨ, ਪਰ ਮਾਨਵਤਾ ਦੀ ਤਰੱਕੀ ਲਈ ਉਹ ਓਨੇ ਕਾਰਗਰ ਕਦੇ ਵੀ ਸਾਬਿਤ ਨਹੀਂ ਹੋਏ, ਜਿੰਨੇ ਵਿਗਿਆਨ ਨੂੰ ਜਾਨਣ ਤੇ ਮਾਨਣ ਵਾਲੇ ਹਨ। ਵਿਗਿਆਨ ਦਾ ਘੇਰਾ ਵਿਸ਼ਾਲ ਹੈ, ਜਦੋਂ ਕਿ ਰੱਬ ਨੂੰ ਮੰਨਣ ਵਾਲਿਆਂ ਬਹੁਤਿਆਂ ਲੋਕਾਂ ਦਾ ਘੇਰਾ ਉਨ੍ਹਾਂ ਦੇ ਧਾਰਮਿਕ ਅਸਥਾਨਾਂ ਦੇ ਮੁੱਖ ਦਰਵਾਜੇ ਦੇ ਬਾਹਰ ਆ ਕੇ  ਸੁੰਗੜ ਜਾਂਦਾ ਹੈ।

ਵਿਗਿਆਨ ਸਦੀਆਂ ਪੁਰਾਣੀਆਂ ਪਰੰਪਰਾਵਾਂ ਨੂੰ ਤੋੜਦਾ ਹੋਇਆ ਜੀਵਨ ਦੇ ਨਵੇਂ ਰਾਹ ਸਿਰਜਦਾ ਹੈ, ਜਦੋਂਕਿ ਧਰਮ ਪੁਰਾਣੀਆਂ ਵਲਗਣਾਂ 'ਚੋਂ ਨਿਕਲਣ ਨੂੰ ਨਕਾਰਦਾ ਹੋਇਆ ਲੋਕਾਂ ਨੂੰ ਰੱਬ ਦੀ ਰਜ਼ਾ 'ਚ ਰਹਿੰਦੇ ਹੋਏ ਉਸਦਾ ਭਾਣਾ ਮੰਨਣ ਲਈ ਪ੍ਰੇਰ ਕੇ ਉਸ ਨੂੰ ਗੁਰਬਤ ਦੀਆਂ ਜੰਜ਼ੀਰਾਂ ਤੋੜਨ ਲਈ ਜੂਝਾਰੂ ਬਣਨ ਦੇ ਹੌਸਲੇ ਤੋਂ ਵਾਂਝਾ ਰੱਖਦਾ ਹੈ। ਮਾੜੇ-ਚੰਗੇ ਕਰਮ, ਮਿਹਨਤਾਂ ਦੇ ਫਲ, ਬਿਮਾਰੀਆਂ ਤੇ ਤੰਦਰੁਸਤੀ ਦੀ ਵਿਆਖਿਆ ਵੀ ਧਰਮ ਨਾਲੋਂ ਵਿਗਿਆਨ ਪਰਪੱਕਤਾ ਨਾਲ ਕਰਦਾ ਹੈ।

ਸਾਡੇ ਸਰੀਰ ਦੇ ਹਰ ਸੈੱਲ 'ਚ ਪਏ ਕਰੋਮੋਸੋਮ ਜੋ ਮਾਂ-ਪਿਓ ਤੋਂ ਬੱਚਿਆਂ 'ਚ ਜਾਂਦੇ ਹਨ, ਦੀਆਂ ਛੋਟੀਆਂ ਇਕਾਈਆਂ ਜਿੰਨ੍ਹਾਂ ਨੂੰ ਅਸੀਂ ਡੀਐੱਨਏੇ ਕਹਿੰਦੇ ਹਨ ਅਤੇ ਜਿਹੜੇ ਪੀੜ੍ਹੀ ਦਰ ਪੀੜ੍ਹੀ ਸਾਡੇ ਪੁਰਖਿਆਂ ਦੇ ਗੁਣ, ਔਗਣ, ਬਿਮਾਰੀਆਂ, ਕੱਦ-ਕਾਠ, ਰੰਗ-ਰੂਪ ਤੇ ਹੋਰ ਲਗਭਗ ਸਾਰੇ ਮਨੁੱਖੀ ਵਿਹਾਰਾਂ ਤੇ ਵਿਚਾਰਾਂ ਲਈ ਜ਼ਿੰਮੇਵਾਰ ਹਨ, ਲੱਕੜ ਦੀ ਪੌੜੀ ਵਰਗੇ ਮਹੀਨ ਅਣੂ ਹੁੰਦੇ ਹਨ ਤੇ ਜਿਨ੍ਹਾਂ ਦੇ ਟੰਬੇ ਕਈ ਤੱਤਾਂ ਦੇ ਬਣੇ ਹੁੰਦੇ ਹਨ।

ਜ਼ਿਆਦਾਤਰ ਬਿਮਾਰੀਆਂ ਪੌੜੀ ਦੇ ਕਿਸੇ ਟੰਬੇ ਦਾ ਟੁੱਟ ਜਾਣਾਂ ਜਾਂ ਕਈ ਟੰਬਿਆਂ ਦਾ ਟੁੱਟ ਕੇ ਇੱਕ ਦੂਜੇ ਦੀ ਥਾਂ ਜਾ ਜੁੜਨਾਂ ਹੁੰਦਾ ਹੈ, ਜਿਸ ਨੂੰ ਅਸੀਂ ਮਿਊਟੇਸ਼ਨ ਕਹਿੰਦੇ ਹਾਂ। ਨਿੱਜੀ ਤੌਰ 'ਤੇ ਜ਼ਿੰਦਗੀ 'ਚ ਵਾਰ-ਵਾਰ ਕੀਤੀਆਂ ਕੁਰੀਤੀਆਂ ਤੇ ਅਸੁਭਾਵਿਕ ਕੰਮ ਇਸ ਦਾ ਕਾਰਨ ਬਣ ਸਕਦੇ ਹਨ, ਜਿਸ ਕਾਰਨ ਕੋਈ ਨਾ ਕੋਈ ਬਿਮਾਰੀ ਇਨਸਾਨ ਨੂੰ ਆ ਘੇਰਦੀ ਹੈ।

ਮੁਕਾਬਲਤਨ ਕੁਦਰਤ ਦੇ ਨਿਯਮਾਂ ਦੀ ਪਾਲਣਾ ਕਰਦੇ ਬੰਦਿਆਂ ਦੇ ਡੀਐੱਨਏ ਦੇ ਟੰਬੇ ਆਪਣੀ ਥਾਂ ਬਰਕਰਾਰ ਰਹਿੰਦੇ ਹਨ ਅਤੇ ਉਨ੍ਹਾਂ ਨੂੰ ਤੰਦਰੁਸਤੀ ਦੀ ਸੌਗਾਤ ਮਿਲੀ ਰਹਿੰਦੀ ਹੈ, ਪਰ ਚੰਗੇ ਅਤੇ ਪੂਰਨ ਇਨਸਾਨਾਂ ਦਾ ਬਿਮਾਰੀਆਂ ਨਾਲ ਗ੍ਰਸਤ ਹੋਣਾ, ਬੱਚਿਆਂ ਦਾ ਮਾਂ ਦੇ ਪੇਟ 'ਚ ਮਰ ਜਾਣਾ ਜਾਂ ਕਿਸੇ ਘਾਤਕ ਬਿਮਾਰੀ ਲੈ ਕੇ ਪੈਦਾ ਹੋਣ ਨੂੰ ਸਮਝਣ ਲਈ ਸਾਨੂੰ ਮੰਨਣਾ ਪਊਗਾ ਕਿ ਜੀਵਨ ਦੀ ਉਤਪਤੀ ਅਜੇ ਅਧੂਰੀ ਹੈ ਅਤੇ ਇਸ ਨੂੰ ਪਰਪੱਕ ਹੋਣ ਲਈ ਪਤਾ ਨਹੀਂ ਕਿੰਨੀਆਂ ਸਦੀਆਂ ਹੋਰ ਲੱਗਣਗੀਆਂ।

ਕੋਰੋਨਾ ਵਾਇਰਸ ਦੀ ਆਮਦ ਵੀ ਸਦੀਆਂ ਤੱਕ ਸਾਡਾ ਕਾਇਨਾਤ ਨਾਲ ਖਿਲਵਾੜ ਹੀ ਹੈ। ਸਾਡੀ ਗੈਰ ਕੁਦਰਤੀ ਜੀਵਨ ਸ਼ੈਲੀ ਤੇ ਪਸ਼ੂਆਂ ਪ੍ਰਤੀ ਜਾਲਮ ਵਿਹਾਰ ਨੇ ਉਨ੍ਹਾਂ 'ਚ ਪਾਏ ਜਾਂਦੇ ਆਮ ਜਿਹੇ ਵਾਇਰਸ ਦੇ ਡੀਅੱੈਨਏ ਦੀ ਪੌੜੀ ਦੇ ਕਿਸੇ ਟੰਬੇ ਨੂੰ ਤੋੜ ਕੇ ਕਿਸੇ ਅਣਚਾਹੀ ਥਾਂ 'ਤੇ ਜੜ ਦਿੱਤਾ ਹੈ ਅਤੇ ਉਹ ਹੁਣ ਇੱਕ ਭਿਆਨਕ ਰੂਪ ਧਾਰ ਕੇ ਮਨੁੱਖੀ ਜੀਵਨ 'ਤੇ ਵਾਰ ਕਰ ਰਿਹਾ ਹੈ। ਇਸ ਸਾਰੀ ਗੱਲਬਾਤ ਤੋਂ ਹੁਣ ਅੰਦਾਜ਼ਾ ਲਾਉਣਾ ਮੁਸ਼ਕਿਲ ਨਹੀਂ ਕਿ ਜਿਹੜੇ ਧਰਮ ਇਹ ਕਹਿੰਦੇ ਹਨ ਕਿ ਰੱਬ ਕਣ-ਕਣ 'ਚ ਵਸਦਾ ਹੈ, ਉਹ ਵਿਗਿਆਨ ਨਾਲ  ਲਗਭਗ ਇਕਸੁਰ  ਹਨ। ਮੈਂ ਸ਼ਾਇਦ ਅਸਲੀ ਮੁੱਦੇ ਤੋਂ ਦੂਰ ਜਾ ਰਿਹਾ ਹਾਂ। ਅਸੀਂ ਗੁਰਬਤ ਦੇ ਮੁੱਦੇ 'ਤੇ ਗੱਲ ਕਰ ਰਹੇ ਸੀ। ਚੰਗਾ ਤੇ ਸਚਿਆਰਾ ਜੀਵਨ ਹਰ ਇੱਕ ਮਨੁੱਖ ਦੀ ਮੂਲ ਲੋੜ ਅਤੇ ਹੱਕ ਹੈ।

ਸਾਡੇ ਦੇਸ਼ 'ਚ ਗਰੀਬੀ ਇੱਕ ਐਸੇ ਹੜ ਵਾਂਗ ਵਹਿ ਰਹੀ ਹੈ, ਜਿਸ ਨੂੰ ਠੱਲ ਪੈਣੀ ਅਸੰਭਵ ਲਗਦੀ ਹੈ। ਲੱਖਾਂ ਲੋਕਾਂ ਦੇ ਹਰ ਸਾਲ ਗਰੀਬੀ ਰੇਖਾ ਤੋਂ ਉੱਪਰ ਉਠ ਜਾਣ ਦੇ ਬਾਵਜੂਦ ਹਾਲਾਤ ਜਿਵੇਂ ਦੇ ਤਿਵੇਂ ਬਣੇ ਹੋਏ ਹਨ। ਪਿਛਲੇ 50 ਕੁ ਸਾਲਾਂ 'ਚ ਰਫਤਾ-ਰਫਤਾ ਦੇਸ਼ ਦੀ ਕਾਫੀ ਵਸੋਂ ਅੱਜ ਖਾਂਦੇ-ਪੀਂਦੇ ਲੋਕਾਂ 'ਚ ਸ਼ਾਮਲ ਹੋ ਗਈ ਹੈ। ਰੱਬ ਦੀ ਰਜ਼ਾ 'ਚ ਹੀ ਰਹਿਣ ਵਾਲੇ ਲੋਕਾਂ ਮੁਕਾਬਲੇ ਉਹ ਲੋਕ ਇਸ ਕੋਹੜ 'ਚੋਂ ਜਲਦੀ ਨਿਕਲ ਗਏ ਜਿਨ੍ਹਾਂ ਨੇ ਮੁਸੀਬਤਾਂ ਨੂੰ ਆੜੇ ਹੱਥੀਂ ਲੈਂਦੇ ਹੋਏ ਕਈ ਵਾਰ ਅਸਫਲ ਹੋਣ ਦੇ ਬਾਵਜੂਦ ਹਿੰਮਤ ਨਹੀਂ ਹਾਰੀ।

ਕਾਰਲ ਮਾਰਕਸ ਨੇ ਕਿਹਾ ਸੀ, ਆਓ! ਅਸੀਂ ਔਕੜਾਂ ਭਰੇ ਲੰਮੇ ਰਾਹ 'ਤੇ ਚੱਲੀਏ, ਕਿਉਂ ਕਿ ਸਾਨੂੰ ਮਨਜ਼ੂਰ ਨਹੀਂ  ਉਦੇਸ਼ਹੀਣ ਤੇ ਬੇਮਕਸਦ ਜ਼ਿੰਦਗੀ। ਅਸੀਂ ਬਦਹਾਲੀ ਤੇ ਬੇਵਸੀ 'ਚ ਨਹੀਂ ਜੀਆਂਗੇ। ਅਸੀਂ ਅਭਿਲਾਸ਼ਾ, ਰੋਹ, ਜੋਸ਼ ਤੇ ਮਾਣ ਨਾਲ ਜੀਆਂਗੇ। ਅਸਲੀ ਇਨਸਾਨ ਵਾਂਗ। ਬਾਬੇ ਨਾਨਕ ਨੇ ਲੰਮੇ ਪੈਂਡਿਆਂ ਦੇ ਅੰਤ 'ਚ ਇਹੀ ਨਤੀਜਾ ਕੱਢਿਆ ਤੇ ਪਰਚਾਰਿਆ ਕਿ ਦਸਾਂ ਨੌਹਾਂ ਦੀ ਸੁਹਿਰਦ ਕਮਾਈ ਅਤੇ ਗ੍ਰਹਿਸਤ ਜੀਵਨ ਹੀ ਸਾਨੂੰ ਕਿਸੇ ਸਿਰੇ ਲਾ ਸਕਦੇ ਹਨ।

ਦੇਸ਼ ਦੀ ਵਧਦੀ ਵਸੋਂ, ਧਰਮ ਦਾ ਸਾਇੰਸ ਦੇ ਪਸਾਰ 'ਚ ਹਿੱਕ ਤਾਣ ਕੇ ਖੜਨਾਂ, ਅਨਪੜ੍ਹਤਾ, ਵਸੋਂ ਮੁਤਾਬਕ ਕੁਦਰਤੀ ਸੋਮਿਆਂ ਦੀ ਅਣਹੋਂਦ, ਜਾਤੀਵਾਦ ਅਤੇ ਫਿਰਕਾਪ੍ਰਸਤੀ ਕਾਰਨ ਰਾਜਨੀਤਕ ਨੇਤਾਵਾਂ ਦਾ ਕੁਝ ਕੁ ਆਪਣਿਆਂ ਨੂੰ ਬੁਰਕੀਆਂ ਸੁੱਟ ਕੇ ਆਮ ਲੋਕਾਂ ਦੇ ਇਨਕਲਾਬੀ ਸੰਘਰਸ਼ਾਂ ਨੂੰ ਸਿਰੇ ਨਾ ਚੜ੍ਹਨ ਦੇਣ ਤੋਂ ਇਲਾਵਾ ਹੋਰ ਵੀ ਕਿੰਨੇ ਹੀ ਕਾਰਨ ਹਨ ਸਾਡੇ ਦੇਸ਼ 'ਚ ਫੈਲੀ ਗੁਰਬਤ ਦੇ।

ਇਸ ਗੱਲ 'ਚ ਵੀ ਕੋਈ ਸ਼ੱਕ ਨਹੀਂ ਕਿ ਪਿਛਲੀਆਂ ਜਾਂ ਹੁਣ ਵਾਲੀ ਸਰਕਾਰ ਨੇ ਕੁੱਝ ਨਹੀਂ ਕੀਤਾ। ਅਸਲ ਗੱਲ ਤਾਂ ਸ਼ਾਇਦ ਇਹ ਹੈ ਕਿ ਸਾਡੇ ਦੇਸ਼ ਦੇ ਅਮੀਰ ਅਤੇ ਉੱਚ-ਮੱਧ ਵਰਗ ਦੀ ਆਪਣੀ ਅਤੇ ਔਲਾਦ ਦੇ ਭਵਿੱਖ ਦੀ ਚਿੰਤਾ ਕਾਰਨ ਪੈਸੇ ਦੀ ਅਥਾਅ ਭੁੱਖ ਨੇ ਜੋ ਧਨ ਗਰੀਬ ਨੂੰ ਗਰੀਬੀ 'ਚੋਂ ਕੱਢਣ ਲਈ ਲੱਗਣਾ ਸੀ, ਉਹ ਉਨ੍ਹਾਂ ਦੀਆਂ ਤਿਜੋਰੀਆਂ 'ਚ ਤੂਸਿਆ ਪਿਆ ਰਹਿੰਦਾ ਹੈ।

ਇਹ ਪੈਸਾ ਉਹ ਭ੍ਰਿਸ਼ਟ ਸਿਆਸਤਦਾਨਾਂ, ਅਫਸਰਾਂ, ਵਕੀਲਾਂ ਤੇ ਜੱਜਾਂ ਦੇ ਢਿੱਡ ਭਰਕੇ ਦੇਸ਼ 'ਚ ਅਜੇ ਵੀ ਚੰਗੀ ਗਿਣਤੀ 'ਚ ਬਚੇ ਇਮਾਨਦਾਰ ਦੇਸ਼ ਪ੍ਰੇਮੀਆਂ ਦੀ ਗੱਲ ਸੁਣਦੇ ਲੱਖਾਂ ਲੋਕਾਂ 'ਤੇ ਡਾਂਗਾਂ ਵਰ੍ਹਾ ਕੇ ਕਈ ਗੁਣਾ ਕਰਕੇ ਵਸੂਲ ਲੈਂਦੇ ਹਨ। ਰੱਬ ਦੀ ਰਜ਼ਾ 'ਚ ਰਹਿਣ ਦੀ ਸਿੱਖਿਆ ਅਤੇ ਉਸ 'ਤੇ ਗਰੀਬਾਂ ਵੱਲੋਂ ਕੀਤਾ ਜਾਂਦਾ ਅਮਲ ਹੀ ਸਾਡੇ ਦੇਸ਼ 'ਚ ਫੈਲੀ ਗੁਰਬਤ ਦਾ ਕਾਰਨ ਹੈ, ਜਦੋਂ ਕਿ ਬਾਹਰਲੇ ਦੇਸ਼ਾਂ ਨੇ ਊਰਜਾ ਦੇ ਗੁੱਛਿਆਂ ਵਾਸੇ ਰੱਬ ਦੇ ਮਗਰ ਲੱਗ ਕੇ ਆਪਣੇ ਲੋਕਾਂ ਦੀ ਗੁਰਬਤ ਦਹਾਕਿਆਂ ਪਹਿਲਾਂ ਛੂਹ ਮੰਤਰ ਕਰ ਦਿੱਤੀ ਹੈ।

ਫਿਰ ਵੀ ਸਲਾਮ ਹੈ ਉਨ੍ਹਾਂ ਸਿਰੜੀ ਲੋਕਾਂ ਨੂੰ ਜਿਨ੍ਹਾਂ ਨੇ ਆਪਣੇ-ਆਪਣੇ ਢੰਗ ਨਾਲ ਗੁਰਬਤ ਅਤੇ ਕਾਣੀ ਵੰਡ ਦੇ ਖਾਤਮੇ ਲਈ ਸੰਘਰਸ਼ ਜਾਰੀ ਰੱਖੇ ਹੋਏ ਹਨ। ਸਭ ਤੋਂ ਵੱਧ ਪਿਆਰ ਅਤੇ ਸਤਿਕਾਰ ਦੇ ਹੱਕਦਾਰ ਉਹ ਲੋਕ ਹਨ, ਜੋ ਗਰੀਬੀ ਅਤੇ ਬਿਮਾਰੀਆਂ ਨਾਲ ਲੜਦੇ ਹੋਏ ਆਪਣੇ ਆਸ-ਪਾਸ ਪੈਸੇ ਦਾ ਨੰਗਾ ਨਾਚ ਦੇਖਦੇ ਹੋਏ ਵੀ ਹੌਸਲਾ ਨਹੀਂ ਛੱਡਦੇ ਤੇ ਹਰ ਸਵੇਰ ਇੱਕ ਨਵੀਂ ਆਸ ਨਾਲ ਹੱਡ ਭੰਨਵੀਂ ਮੁਸ਼ੱਕਤ ਕਰਨ ਲਈ ਘਰੋਂ ਨਿਕਲ ਪੈਂਦੇ ਹਨ। ਸ਼ਾਇਦ, ਇਨ੍ਹਾਂ ਹੀ ਨਿਆਸਰੇ, ਮਿਹਨਤੀ, ਪਰ ਹਾਸ਼ੀਏ ਤੋਂ ਪਰ੍ਹਾਂ ਧੱਕੇ ਲੋਕਾਂ ਲਈ ਕਦੇ ਨਿਦਾ ਫਾਜਲੀ ਨੇ ਲਿਖਿਆ ਸੀ:-
ਜਬ ਤਲਕ ਸਾਂਸ ਹੈ,
ਭੂਖ ਹੈ ਪਿਆਸ ਹੈ,
ਯਹ ਹੀ ਇਤਿਹਾਸ ਹੈ
ਰੱਖਕੇ ਕਾਂਧੇ ਪੇ ਹਲ,
ਖੇਤ ਕੀ ਓਰ ਚੱਲ,
ਜੋ ਹੂਆ ਸੋ ਹੂਆ।
-ਧੰਨਵਾਦ ਸਹਿਤ ਡਾ. ਅਪਮਿੰਦਰ ਬਰਾੜ
(ਲੇਖ 'ਚ ਦਿੱਤੇ ਗਏ ਵਿਚਾਰ ਲੇਖਕ ਦੇ ਨਿੱਜੀ ਹਨ)

Comments

Leave a Reply