Tue,Dec 01,2020 | 07:40:42am
HEADLINES:

editorial

ਅੰਬੇਡਕਰ ਨੇ ਕਮਿਊਨਲ ਐਵਾਰਡ ਰਾਹੀਂ ਅਛੂਤਾਂ ਨੂੰ ਜੋ ਹੱਕ ਲੈ ਕੇ ਦਿੱਤੇ, ਗਾਂਧੀ ਨੇ ਮਰਨ ਵਰਤ ਰੱਖ ਕੇ ਉਹ ਖੋਹ ਲਏ

ਅੰਬੇਡਕਰ ਨੇ ਕਮਿਊਨਲ ਐਵਾਰਡ ਰਾਹੀਂ ਅਛੂਤਾਂ ਨੂੰ ਜੋ ਹੱਕ ਲੈ ਕੇ ਦਿੱਤੇ, ਗਾਂਧੀ ਨੇ ਮਰਨ ਵਰਤ ਰੱਖ ਕੇ ਉਹ ਖੋਹ ਲਏ

ਸਾਲ 1930, 1931, 1932 ਵਿਚ ਲੰਦਨ 'ਚ ਗੋਲਮੇਜ਼ ਕਾਨਫਰੰਸ ਵਿਚ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਨੇ ਅਛੂਤ ਕਹੇ ਜਾਣ ਵਾਲੇ ਸਮਾਜ ਦੀ ਵਕਾਲਤ ਕੀਤੀ। ਉਨ੍ਹਾਂ ਬ੍ਰਿਟਿਸ਼ ਸਰਕਾਰ ਨੂੰ ਵੀ ਨਹੀਂ ਬਖਸ਼ਿਆ ਤੇ ਕਿਹਾ ਕਿ ਅੰਗ੍ਰੇਜ਼ੀ ਹਕੂਮਤ ਨੇ ਛੂਤਛਾਤ ਨੂੰ ਖਤਮ ਕਰਨ ਲਈ ਕੋਈ ਕਦਮ ਨਹੀਂ ਚੁੱਕਿਆ। ਬ੍ਰਿਟਿਸ਼ ਰਾਜ ਦੇ 150 ਸਾਲਾਂ 'ਚ ਅਛੂਤਾਂ 'ਤੇ ਹੋਣ ਵਾਲੇ ਜ਼ੁਲਮ 'ਚ ਕੋਈ ਕਮੀ ਨਹੀਂ ਆਈ।

ਬਾਬਾ ਸਾਹਿਬ ਨੇ ਗੋਲਮੇਜ਼ ਕਾਨਫਰੰਸ 'ਚ ਜਿਹੜੇ ਤਰਕ ਰੱਖੇ, ਉਹ ਇੰਨੇ ਸਟੀਕ ਤੇ ਅਧਿਕਾਰ ਪੂਰਨ ਸਨ ਕਿ ਬ੍ਰਿਟਿਸ਼ ਸਰਕਾਰ ਨੂੰ ਬਾਬਾ ਸਾਹਿਬ ਦੇ ਅੱਗੇ ਝੁਕਣਾ ਪਿਆ। 1932 'ਚ ਰਾਮਸੇ ਮੈਕਡੋਨਲਡ ਨੇ ਘੱਟ ਗਿਣਤੀ ਨੁਮਾਇੰਦਗੀ ਲਈ ਇੱਕ ਯੋਜਨਾ ਦਾ ਐਲਾਨ ਕੀਤਾ। ਇਸਨੂੰ ਕਮਿਊਨਲ ਐਵਾਰਡ ਦੇ ਨਾਂ ਨਾਲ ਜਾਣਿਆ ਗਿਆ। ਇਸ ਐਵਾਰਡ 'ਚ ਅਛੂਤ ਕਹੇ ਜਾਣ ਵਾਲੇ ਸਮਾਜ ਨੂੰ ਦੋਹਰਾ ਅਧਿਕਾਰ ਮਿਲਿਆ। ਪਹਿਲਾ, ਉਹ ਤੈਅ ਸੀਟਾਂ ਦੀ ਰਾਖਵੀਂ ਵਿਵਸਥਾ 'ਚ ਅਲੱਗ ਚੁਣ ਕੇ ਜਾਣਗੇ ਅਤੇ ਦੂਜਾ, ਦੋ ਵੋਟਾਂ ਦਾ ਅਧਿਕਾਰ ਮਿਲਿਆ।

ਇੱਕ ਵੋਟ ਰਾਖਵੀਂ ਸੀਟ ਲਈ ਅਤੇ ਦੂਜੀ ਵੋਟ ਗੈਰ ਰਾਖਵੀਂ ਸੀਟ ਲਈ। ਇਹ ਅਧਿਕਾਰ ਦਿਵਾਉਣ ਨਾਲ ਬਾਬਾ ਸਾਹਿਬ ਅੰਬੇਡਕਰ ਦਾ ਕੱਦ ਸਮਾਜ 'ਚ ਕਾਫੀ ਉੱਚਾ ਹੋ ਗਿਆ। ਬਾਬਾ ਸਾਹਿਬ ਨੇ ਇਸ ਅਧਿਕਾਰ ਦੇ ਸਬੰਧ 'ਚ ਕਿਹਾ, ''ਅਲੱਗ ਚੋਣ ਦੇ ਅਧਿਕਾਰ ਦੀ ਮੰਗ ਨਾਲ ਅਸੀਂ ਹਿੰਦੂ ਧਰਮ ਦਾ ਕੋਈ ਨੁਕਸਾਨ ਨਹੀਂ ਕਰਨ ਵਾਲੇ। ਅਸੀਂ ਤਾਂ ਸਿਰਫ ਉਨ੍ਹਾਂ ਉੱਚ ਜਾਤੀ ਦੇ ਹਿੰਦੂਆਂ ਉੱਪਰ ਆਪਣੀ ਕਿਸਮਤ ਬਣਾਉਣ ਦੀ ਨਿਰਭਰਤਾ ਤੋਂ ਮੁਕਤੀ ਚਾਹੁੰਦੇ ਹਾਂ।''

ਮੋਹਨ ਦਾਸ ਕਰਮਚੰਦ ਗਾਂਧੀ ਕਮਿਊਨਲ ਐਵਾਰਡ ਦੇ ਵਿਰੋਧ 'ਚ ਸਨ, ਉਹ ਨਹੀਂ ਚਾਹੁੰਦੇ ਸਨ ਕਿ ਅਛੂਤ ਸਮਾਜ ਹਿੰਦੂਆਂ ਤੋਂ ਅਲੱਗ ਹੋਵੇ। ਉਹ ਅਛੂਤ ਸਮਾਜ ਨੂੰ ਹਿੰਦੂਆਂ ਦਾ ਮਹੱਤਵਪੂਰਨ ਅੰਗ ਮੰਨਦੇ ਸਨ, ਪਰ ਜਦੋਂ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਨੇ ਗਾਂਧੀ ਤੋਂ ਸਵਾਲ ਕੀਤਾ ਕਿ ''ਜੇਕਰ ਅਛੂਤ ਹਿੰਦੂਆਂ ਦਾ ਮਹੱਤਵਪੂਰਨ ਅੰਗ ਹਨ ਤਾਂ ਫਿਰ ਉਨ੍ਹਾਂ ਦੇ ਨਾਲ ਜਨਵਰਾਂ ਵਰਗਾ ਵਿਵਹਾਰ ਕਿਉਂ?'' ਪਰ ਮੋਹਨ ਦਾਸ ਕਰਮਚੰਦ ਗਾਂਧੀ ਇਸ ਸਵਾਲ ਦਾ ਜਵਾਬ ਬਾਬਾ ਸਾਹਿਬ ਨੂੰ ਨਹੀਂ ਦੇ ਸਕੇ। ਬਾਬਾ ਸਾਹਿਬ ਨੇ ਗਾਂਧੀ ਨੂੰ ਕਿਹਾ, ''ਮਿਸਟਰ ਮੋਹਨ ਦਾਸ ਕਰਮਚੰਦ ਗਾਂਧੀ, ਤੁਸੀਂ ਅਛੂਤਾਂ ਦੀ ਇੱਕ ਬਹੁਤ ਚੰਗੀ ਨਰਸ ਹੋ ਸਕਦੇ ਹੋ, ਪਰ ਮੈਂ ਉਨ੍ਹਾਂ ਦੀ ਮਾਂ ਹਾਂ ਅਤੇ ਮਾਂ ਆਪਣੇ ਬੱਚਿਆਂ ਦਾ ਮਾੜਾ ਕਦੇ ਨਹੀਂ ਹੋਣ ਦਿੰਦੀ।''

ਗਾਂਧੀ ਨੇ ਕਮਿਊਨਲ ਐਵਾਰਡ ਦੇ ਖਿਲਾਫ ਮਰਨ ਵਰਤ ਸ਼ੁਰੂ ਕਰ ਦਿੱਤਾ। ਉਸ ਸਮੇਂ ਉਹ ਯਰਵਦਾ ਜੇਲ 'ਚ ਸਨ। ਇਹ ਓਹੀ ਅਧਿਕਾਰ ਸੀ, ਜਿਸ ਨਾਲ ਦੇਸ਼ ਦੇ ਕਰੋੜਾਂ ਅਛੂਤਾਂ ਨੂੰ ਇੱਕ ਨਵਾਂ ਜੀਵਨ ਮਿਲਣਾ ਸੀ ਅਤੇ ਉਹ ਸਦੀਆਂ ਤੋਂ ਚੱਲੀ ਆ ਰਹੀ ਗੁਲਾਮੀ ਤੋਂ ਮੁਕਤ ਹੋ ਜਾਂਦੇ, ਪਰ ਗਾਂਧੀ ਦੇ ਮਰਨ ਵਰਤ ਕਾਰਨ ਬਾਬਾ ਸਾਹਿਬ ਦੀਆਂ ਉਮੀਦਾਂ 'ਤੇ ਪਾਣੀ ਫਿਰਦਾ ਨਜ਼ਰ ਆਉਣ ਲੱਗਾ। ਗਾਂਧੀ ਆਪਣੀ ਜਿੱਦ 'ਤੇ ਅੜੇ ਹੋਏ ਸਨ ਤੇ ਦੂਜੇ ਪਾਸੇ ਬਾਬਾ ਸਾਹਿਬ ਅਛੂਤਾਂ ਨੂੰ ਲੈ ਕੇ ਦਿੱਤੇ ਗਏ ਇਸ ਅਧਿਕਾਰ ਨੂੰ ਗੁਆਉਣਾ ਨਹੀਂ ਚਾਹੁੰਦੇ ਸਨ।

ਮਰਨ ਵਰਤ ਕਾਰਨ ਗਾਂਧੀ ਮੌਤ ਦੇ ਕਰੀਬ ਪਹੁੰਚ ਗਏ। ਇਸ ਦੌਰਾਨ ਬਾਬਾ ਸਾਹਿਬ ਨੂੰ ਧਮਕੀਆਂ ਵਾਲੇ ਕਈ ਪੱਤਰ ਮਿਲਣ ਲੱਗੇ, ਜਿਨ੍ਹਾਂ 'ਚ ਲਿਖਿਆ ਗਿਆ ਸੀ ਕਿ ਉਹ ਇਸ ਅਧਿਕਾਰ ਨੂੰ ਛੱਡ ਦੇਣ, ਨਹੀਂ ਤਾਂ ਠੀਕ ਨਹੀਂ ਹੋਵੇਗਾ, ਪਰ ਬਾਬਾ ਸਾਹਿਬ ਅਜਿਹੇ ਪੱਤਰਾਂ ਤੋਂ ਘਬਰਾਏ ਨਹੀਂ। ਉਨ੍ਹਾਂ ਨੂੰ ਆਪਣੀ ਮੌਤ ਦਾ ਬਿਲਕੁਲ ਡਰ ਨਹੀਂ ਸੀ। ਦੂਜੇ ਪਾਸੇ ਗਾਂਧੀ ਦੀ ਹਾਲਤ ਵਿਗੜਦੀ ਜਾ ਰਹੀ ਸੀ।

ਇਸੇ ਵਿਚਕਾਰ ਬਾਬਾ ਸਾਹਿਬ ਨੂੰ ਹੋਰ ਪੱਤਰ ਮਿਲਣ ਲੱਗੇ ਕਿ ਜੇਕਰ ਗਾਂਧੀ ਨੂੰ ਕੁਝ ਹੋਇਆ ਤਾਂ ਅਸੀਂ ਅਛੂਤਾਂ ਦੀਆਂ ਬਸਤੀਆਂ ਨੂੰ ਉਜਾੜ ਦੇਵਾਂਗੇ। ਬਾਬਾ ਸਾਹਿਬ ਨੇ ਸੋਚਿਆ ਜਦੋਂ ਅਛੂਤ ਹੀ ਨਹੀਂ ਰਹਿਣਗੇ ਤਾਂ ਫਿਰ ਮੈਂ ਕਿਸਦੇ ਲਈ ਲੜਾਂਗਾ। ਬਾਬਾ ਸਾਹਿਬ ਨੇ ਕਾਫੀ ਗੰਭੀਰਤਾ ਨਾਲ ਵਿਚਾਰ ਕਰਨ ਤੋਂ ਬਾਅਦ ਮਜਬੂਰੀ 'ਚ ਪੂਨਾ ਕਰਾਰ 'ਤੇ ਹਸਤਾਖਰ ਕਰਨ ਦਾ ਮੰਨ ਬਣਾ ਲਿਆ ਅਤੇ 24 ਸਤੰਬਰ 1932 ਨੂੰ ਅੱਖਾਂ 'ਚ ਹੰਝੂ ਲਏ ਹੋਏ ਬਾਬਾ ਸਾਹਿਬ ਨੇ ਪੂਨਾ ਕਰਾਰ 'ਤੇ ਹਸਤਾਖਰ ਕੀਤੇ। ਬਾਬਾ ਸਾਹਿਬ ਅੰਬੇਡਕਰ ਆਪਣੀ ਜ਼ਿੰਦਗੀ ਦੇ ਅੰਤ 1956 ਤੱਕ ਇਸ ਕਰਾਰ ਨੂੰ ਦੁਤਕਾਰਦੇ ਰਹੇ।

ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਨੇ ਆਪਣੀ ਜ਼ਿੰਦਗੀ 'ਚ ਕਦੇ ਵੀ ਗਾਂਧੀ ਨੂੰ ਮਹਾਤਮਾ ਨਹੀਂ ਮੰਨਿਆ। ਉਹ ਜੋਤੀਬਾ ਫੂਲੇ ਜੀ ਨੂੰ ਸੱਚਾ ਮਹਾਤਮਾ ਮੰਨਦੇ ਸਨ। ਅਛੂਤਾਂ ਦੇ ਅਧਿਕਾਰਾਂ ਲਈ ਬਾਬਾ ਸਾਹਿਬ ਕਿਸੇ ਵੀ ਹੱਦ ਤੱਕ ਜਾਣ ਲਈ ਤਿਆਰ ਸਨ। ਉਨ੍ਹਾਂ ਸਾਫ ਕਹਿ ਦਿੱਤਾ ਸੀ ਕਿ ''ਜਿੱਥੇ ਮੇਰੇ ਨਿੱਜੀ ਹਿੱਤ ਅਤੇ ਦੇਸ਼ ਹਿੱਤਾਂ 'ਚ ਟਕਰਾਅ ਹੋਵੇਗਾ, ਉੱਥੇ ਮੈਂ ਦੇਸ਼ ਦੇ ਹਿੱਤਾਂ ਨੂੰ ਪਹਿਲ ਦੇਵਾਂਗਾ, ਪਰ ਜਿੱਥੇ ਅਛੂਤ ਜਾਤੀਆਂ ਦੇ ਹਿੱਤਾਂ ਅਤੇ ਦੇਸ਼ ਹਿੱਤਾਂ 'ਚ ਟਕਰਾਅ ਹੋਵੇਗਾ, ਉੱਥੇ ਮੈਂ ਅਛੂਤ ਜਾਤੀਆਂ ਨੂੰ ਪਹਿਲ ਦੇਵਾਂਗਾ।''

ਅਛੂਤਾਂ 'ਤੇ ਪਹਿਲਾ ਹਮਲਾ ਸੀ ਪੂਨਾ ਕਰਾਰ
ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਪੂਨਾ ਕਰਾਰ ਨੂੰ ਜ਼ਿੰਦਗੀ ਦੇ ਅਖੀਰਲੇ ਸਮੇਂ ਤੱਕ ਦੁਤਕਾਰਦੇ ਰਹੇ। ਡਾ. ਅੰਬੇਡਕਰ ਦੀਆਂ ਦੋ ਪੁਸਤਕਾਂ (1) ਕਾਂਗਰਸ ਅਤੇ ਗਾਂਧੀ ਨੇ ਅਛੂਤਾਂ ਲਈ ਕੀ ਕੀਤਾ ਅਤੇ (2) ਰਾਜ ਅਤੇ ਘੱਟ ਗਿਣਤੀਆਂ ਦੇ ਹਵਾਲੇ ਨਾਲ ਪੂਨਾ ਕਰਾਰ ਨੂੰ ਦੁਤਕਾਰਨ ਬਾਰੇ ਕੁਝ ਉਦਾਹਰਨਾਂ ਹਨ।

-ਗਾਂਧੀ ਦੁਆਰਾ ਕੀਤੇ ਗਏ ਮਰਨ ਵਰਤ 'ਚ ਕੋਈ ਸਿਆਣਪ ਵਾਲੀ ਗੱਲ ਨਹੀਂ ਸੀ। ਇਹ ਬਿਲਕੁਲ ਗੰਦਾ ਅਤੇ ਭੱਦੀ ਕਿਸਮ ਦਾ ਕਾਰਜ ਸੀ। ਮਰਨ ਵਰਤ ਅਛੂਤਾਂ ਦੇ ਹਿੱਤਾਂ ਲਈ ਨਹੀਂ ਸੀ। ਇਹ ਉਨ੍ਹਾਂ ਦੇ ਵਿਰੁੱਧ ਸੀ ਅਤੇ ਇਹ ਸਭ ਤੋਂ ਘਟੀਆ ਕਿਸਮ ਦਾ ਦਬਾਅ ਸੀ, ਜੋ ਉਸਨੇ ਪ੍ਰਧਾਨ ਮੰਤਰੀ ਦੁਆਰਾ ਦਿੱਤੀ ਗਈ ਸੰਵਿਧਾਨਿਕ ਸੁਰੱਖਿਆ ਨੂੰ ਲਾਚਾਰ ਲੋਕਾਂ ਤੋਂ ਖੋਹਣ ਲਈ ਕੀਤਾ ਸੀ ਅਤੇ ਉਹ ਜਿਸ ਨਾਲ ਸਵਰਨ ਜਾਤੀ ਦੇ ਹਿੰਦੂਆਂ ਦੀ ਦਿਆ ਅਤੇ ਰਹਿਮ 'ਤੇ ਨਿਰਭਰ ਰਹਿਣ। ਇਹ ਇੱਕ ਬਹੁਤ ਹੀ ਧੋਖੇਬਾਜ਼ੀ ਵਾਲਾ ਕੰਮ ਸੀ। ਅਜਿਹੇ ਵਿਅਕਤੀ ਨੂੰ ਇਮਾਨਦਾਰ ਅਤੇ ਵਿਸ਼ਵਾਸ਼ ਪਾਤਰ ਕਿਵੇਂ ਕਿਹਾ ਜਾ ਸਕਦਾ ਹੈ?

-ਕਮਿਊਨਲ ਐਵਾਰਡ ਨੇ ਅਛੂਤਾਂ ਦੇ ਲਈ ਦੋ ਲਾਭ ਪਹੁੰਚਾਏ, ਪਹਿਲਾ, ਅਲੱਗ ਮਤਦਾਨ ਪ੍ਰਣਾਲੀ ਨਾਲ, ਅਛੂਤਾਂ ਦੇ ਲਈ ਸੀਟਾਂ ਦੀ ਅਲੱਗ ਨਿਰਧਾਰਿਤ ਸੰਖਿਆ ਹੋ ਗਈ ਅਤੇ ਇਹ ਸੀਟਾਂ ਅਛੂਤਾਂ ਦੁਆਰਾ ਭਰੀਆਂ ਜਾਣੀਆਂ ਸਨ। ਦੂਜਾ, ਦੋਹਰੀ ਵੋਟ, ਇੱਕ ਵੋਟ ਨੂੰ ਅਲੱਗ ਮਤਦਾਨ ਪ੍ਰਣਾਲੀ 'ਚ ਅਤੇ ਦੂਸਰੀ ਵੋਟ ਨੂੰ ਸਧਾਰਣ ਮਤਦਾਨ ਪ੍ਰਣਾਲੀ 'ਚ ਵਰਤਿਆ ਜਾਵੇਗਾ। ਹੁਣ ਜਦੋਂ ਪੂਨਾ ਕਰਾਰ ਨੇ ਅਛੂਤਾਂ ਲਈ ਸੀਟਾਂ ਦੀ ਗਿਣਤੀ ਵਧਾ ਦਿੱਤੀ ਹੈ, ਪਰ ਦੂਜੇ ਪਾਸੇ ਦੋਹਰੀ ਵੋਟ ਦਾ ਅਧਿਕਾਰ ਖੋਹ ਲਿਆ ਹੈ। ਸੀਟਾਂ ਦਾ ਵਧਾਇਆ ਜਾਣਾ ਕਦੇ ਵੀ ਦੋਹਰੀ ਵੋਟ ਦੇ ਕੀਤੇ ਗਏ ਨੁਕਸਾਨ ਨੂੰ ਪੂਰਾ ਕਰਦਾ ਨਹੀਂ ਲਗਦਾ। ਦੂਜੀ ਵੋਟ ਦਾ ਅਧਿਕਾਰ ਅਣਮੋਲ ਅਧਿਕਾਰ ਸੀ। ਇੱਕ ਰਾਜਨੀਤਕ ਹਥਿਆਰ ਦੇ ਰੂਪ 'ਚ ਇਸਦੀ ਕੀਮਤ ਬੇਅੰਤ ਸੀ, ਜਿਸਦਾ ਹਿਸਾਬ-ਕਿਤਾਬ ਨਹੀਂ ਲਗਾਇਆ ਜਾ ਸਕਦਾ।

-ਅੱਜ ਅਛੂਤਾਂ ਕੋਲ ਕਮਿਊਨਲ ਐਵਾਰਡ ਰਾਹੀਂ ਦਿੱਤੀਆਂ ਗਈਆਂ ਸੀਟਾਂ ਤੋਂ ਕੁਝ ਵਧੇਰੇ ਸੀਟਾਂ ਹਨ, ਪਰੰ ਇਸ ਦੇ ਇਲਾਵਾ ਉਨ੍ਹਾਂ ਕੋਲ ਕੁਝ ਵੀ ਨਹੀਂ ਹੈ। ਹਰ ਕੋਈ ਮੈਂਬਰ ਉਦਾਸੀਨ ਹੈ। ਜੇਕਰ ਫਿਰਕੂ ਫੈਸਲਾ ਦੋਹਰੀ ਵੋਟ ਦੇ ਅਧਿਕਾਰ ਦੇ ਨਾਲ ਲਾਗੂ ਹੁੰਦਾ ਤਾਂ ਅਛੂਤਾਂ ਲਈ ਉਨ੍ਹਾਂ ਦਾ ਆਪਣਾ ਪ੍ਰਤੀਨਿਧ ਹੁੰਦਾ, ਅਛੂਤਾਂ ਲਈ ਸੀਟਾਂ ਦਾ ਵਧਣਾ ਕੋਈ ਵਾਧਾ ਨਹੀਂ ਹੈ ਅਤੇ ਨਾ ਹੀ ਇਹ ਕੋਈ ਅਲੱਗ ਮਤਦਾਨ ਪ੍ਰਣਾਲੀ ਅਤੇ ਦੋਹਰੀ ਵੋਟ ਦੇ ਅਧਿਕਾਰ ਦੀ ਪੁਨਰ ਪੂਰਤੀ (ਭਰਪਾਈ) ਹੈ।

-ਪੂਨਾ ਕਰਾਰ ਦੀ ਪੰਜਵੀਂ ਸ਼ਰਤ ਦੇ ਮੁਤਾਬਕ ਮੁੱਢਲੀ ਚੋਣਾਂ ਦੀ ਵਿਵਸਥਾ ਨੂੰ ਪਹਿਲੇ 10 ਵਰ੍ਹੇ ਤੱਕ ਸੀਮਤ ਕਰ ਦਿੱਤਾ ਗਿਆ ਸੀ, ਜਿਸਦਾ ਅਰਥ ਇਹ ਹੋਇਆ ਕਿ 1947 ਤੋਂ ਬਾਅਦ ਹਰ ਚੋਣ ਸੰਯੁਕਤ ਮਤਦਾਨ ਪ੍ਰਣਾਲੀ ਨਾਲ ਹੋਵੇਗੀ ਤੇ ਰਾਖਵੀਆਂ ਸੀਟਾਂ ਸ਼ੁੱਧ ਅਤੇ ਸਧਾਰਣ ਹੋਣਗੀਆਂ। ਸੰਯੁਕਤ ਮਤਦਾਨ ਪ੍ਰਣਾਲੀ ਦੇ ਤਹਿਤ ਸਭ ਕੁਝ ਬਦਲ ਜਾਵੇਗਾ ਅਤੇ ਰਾਖਵੀਆਂ ਸੀਟਾਂ ਪੂਨਾ ਕਰਾਰ ਦੇ ਤਹਿਤ ਹੁਣ ਤੇ ਬਾਅਦ 'ਚ ਆਪਣਾ ਪ੍ਰਭਾਵ ਛੱਡਣਗੀਆਂ। ਇਹ ਕੋਈ ਭਵਿੱਖਬਾਣੀ ਨਹੀਂ ਹੈ। ਪਿਛਲੀ ਚੋਣਾਂ ਨੇ ਸਿੱਟਾ ਪੂਰਵਕ ਸਾਬਿਤ ਕਰ ਦਿੱਤਾ ਹੈ ਕਿ ਅਨੁਸੂਚਿਤ ਜਾਤੀ ਨੂੰ ਸੰਯੁਕਤ ਮਤਦਾਨ ਪ੍ਰਣਾਲੀ ਨੇ ਪ੍ਰਭਾਵਹੀਣ ਕਰ ਦਿੱਤਾ ਹੈ।

-ਪੂਨਾ ਕਰਾਰ ਨੇ ਵੱਖ-ਵੱਖ ਕਿਸਮ ਦੀ ਪ੍ਰਤੀਕਿਰਿਆ ਵਿਖਾਈਆਂ ਹਨ। ਅਛੂਤਾਂ 'ਚ ਉਦਾਸੀ ਛਾ ਗਈ ਹੈ। ਉਨ੍ਹਾਂ ਦੇ ਦੁਖੀ ਹੋਣ ਦਾ ਹਰ ਕਾਰਨ ਸੀ।

-ਇਨ੍ਹਾਂ ਵਿਚਾਰਾਂ ਦੀ ਰੌਸ਼ਨੀ 'ਚ ਇਹ ਪ੍ਰਤੀਤ ਹੁੰਦਾ ਹੈ ਕਿ ਪੂਨਾ ਕਰਾਰ ਅਛੂਤਾਂ 'ਤੇ ਕੀਤਾ ਗਿਆ ਪਹਿਲਾ ਹਮਲਾ ਸੀ ਅਤੇ ਜੋ ਹਿੰਦੂ ਪੂਨਾ ਕਰਾਰ ਤੋਂ ਨਫਰਤ ਕਰਦੇ ਸੀ, ਉਹ ਅਛੂਤਾਂ 'ਤੇ ਸਮਾਂ ਅਤੇ ਹਾਲਾਤ ਪੈਦਾ ਹੋਣ 'ਤੇ ਵਧੇਰੇ ਹਮਲਾ ਕਰਨ 'ਤੇ ਤੁਲੇ ਹੋਏ ਸਨ।

-ਪੂਨਾ ਕਰਾਰ ਨੂੰ ਮੰਨਣ ਤੋਂ ਬਾਅਦ ਗਾਂਧੀ ਨੇ ਅਛੂਤਾਂ ਨੂੰ ਇਹ ਕਹਿ ਕੇ ਟਿਕਾਅ ਲਿਆ ਕਿ ਕਾਂਗਰਸ ਨੂੰ ਚਾਹੀਦਾ ਹੈ ਕਿ ਉਹ ਅਛੂਤਾਂ ਦੀ ਰਾਜਨੀਤੀ 'ਤੇ ਡਾਕਾ ਨਾ ਮਾਰੇ ਕਿ ਉਨ੍ਹਾਂ ਦੀਆਂ ਰਾਖਵੀਆਂ ਸੀਟਾਂ 'ਤੇ ਅਜਿਹੇ ਅਛੂਤਾਂ ਨੂੰ ਚੋਣ ਲੜਾਉਣ, ਜੋ ਹਿੰਦੂਆਂ ਦੇ ਭੜੂਏ/ਚਮਚੇ ਬਣਨ ਲਈ ਤਿਆਰ ਹੋ ਜਾਣ।

-ਗਾਂਧੀ ਪੂਨਾ ਕਰਾਰ 'ਚ ਇੱਕ ਧਿਰ ਹੋਣ ਦੇ ਬਾਵਜੂਦ ਇਸ ਗੱਲ ਲਈ ਦ੍ਰਿੜ ਸੀ ਕਿ ਅਛੂਤਾਂ ਨੂੰ ਵੱਖਰੇ ਦਰਜੇ ਦੇ ਮਹੱਤਵ ਦੀ ਪਹਿਚਾਣ ਨਹੀਂ ਦਿੱਤੀ ਜਾਣੀ ਚਾਹੀਦੀ ਅਤੇ ਅਜਿਹਾ ਕਰਨ ਲਈ ਉਹ ਕੋਈ ਵੀ ਦਲੀਲ ਦੇਣ ਲਈ ਤਿਆਰ ਸੀ ਕਿ ਉਸਦਾ ਅਜਿਹਾ ਕਰਨ ਦਾ ਕੋਈ ਇਰਾਦਾ ਨਹੀਂ ਸੀ। ਸੰਖੇਪ 'ਚ ਕਹਿ ਸਕਦੇ ਹਾਂ ਕਿ ਗਾਂਧੀ ਅਜੇ ਵੀ ਅਛੂਤਾਂ ਦੇ ਵਿਰੁੱਧ ਛੇੜੇ ਯੁੱਧ ਦੇ ਮੈਦਾਨ 'ਚ ਹੈ। ਉਹ ਮੁੜ ਸਮੱਸਿਆ ਖੜ੍ਹੀ ਕਰ ਸਕਦਾ ਹੈ। ਉਸ 'ਤੇ ਵਿਸ਼ਵਾਸ ਕਰਨ ਦਾ ਸਮਾਂ ਨਹੀਂ ਆਇਆ ਹੈ। ਅਛੂਤਾਂ ਨੂੰ ਇਸ ਗੱਲ ਦੀ ਗੰਢ ਬੰਨ੍ਹ ਲੈਣੀ ਚਾਹੀਦੀ ਹੈ ਕਿ ਆਪਣੇ ਆਪ ਨੂੰ ਬਚਾਉਣ ਦਾ ਸਭ ਤੋਂ ਵਧੀਆ ਰਸਤਾ ਇਹ ਹੈ ਕਿ ਗਾਂਧੀ ਤੋਂ ਸਾਵਧਾਨ ਰਹੋ।

-ਪੂਨਾ ਕਰਾਰ ਨੇ ਅਛੂਤਾਂ ਨੂੰ ਪੂਰੀ ਤਰ੍ਹਾਂ ਨਾਲ ਮਤ ਅਧਿਕਾਰ ਤੋਂ ਪ੍ਰਭਾਵਹੀਣ ਕਰ ਦਿੱਤਾ ਅਤੇ ਇੰਨਾ ਹੀ ਨਹੀਂ, ਉਨ੍ਹਾਂ ਉਮੀਦਵਾਰਾਂ ਨੂੰ ਪ੍ਰਭਾਵਹੀਣ ਕਰ ਦਿੱਤਾ, ਜਿਨ੍ਹਾਂ ਨੂੰ ਉਨ੍ਹਾਂ ਨੇ ਮੁੱਢਲੀ ਚੋਣਾਂ 'ਚ ਰੱਦ ਕਰ ਦਿੱਤਾ ਸੀ, ਜੋ ਕਿ ਉਨ੍ਹਾਂ ਦੀ ਇੱਛਿਆ ਦਾ ਸਹੀ ਸੂਚਕ ਹੈ, ਜੋ ਅੰਤਿਮ ਚੋਣਾਂ 'ਚ ਸਵਰਣ ਹਿੰਦੂਆਂ ਦੀਆਂ ਵੋਟਾਂ ਨਾਲ ਜਿੱਤ ਕੇ ਆਉਂਦੇ ਹਨ।

-ਇਸ ਤਰ੍ਹਾਂ ਪੂਨਾ ਕਰਾਰ ਬਦਮਾਸ਼ੀ ਨਾਲ ਭਰਿਆ ਹੋਇਆ ਹੈ। ਇਹ ਗਾਂਧੀ ਦੇ ਦਬਾਅ ਵਾਲੇ ਮਰਨ ਵਰਤ ਦੇ ਕਾਰਨ ਕਰਨਾ ਪਿਆ ਅਤੇ ਇਸ ਲਈ ਕਰਨਾ ਪਿਆ, ਕਿਉਂਕਿ ਉਸ ਵੇਲੇ ਵਿਸ਼ਵਾਸ਼ ਦਿੱਤਾ ਗਿਆ ਸੀ ਕਿ ਹਿੰਦੂ ਅਨੁਸੂਚਿਤ ਜਾਤੀ ਦੀ ਚੋਣ 'ਚ ਦਖਲਅੰਦਾਜੀ ਨਹੀਂ ਕਰਨਗੇ।
(ਸਾਹਿਬ ਕਾਂਸ਼ੀਰਾਮ ਜੀ ਦੀ ਪੁਸਤਕ ਚਮਚਾ ਯੁੱਗ 'ਚੋਂ)

Comments

Leave a Reply