Sat,May 25,2019 | 01:19:04pm
HEADLINES:

editorial

ਦਲਿਤਾਂ ਦੇ ਘਰ ਭੋਜਨ ਦੀ ਰਾਜਨੀਤੀ

ਦਲਿਤਾਂ ਦੇ ਘਰ ਭੋਜਨ ਦੀ ਰਾਜਨੀਤੀ

ਇਹ ਚਿੰਤਾਜਨਕ ਹੈ ਕਿ ਸਾਡੇ ਦੇਸ਼ ਦੀ ਰਾਜਨੀਤੀ ਸਦੀਆਂ ਤੋਂ ਸ਼ੋਸ਼ਿਤ ਰਹੇ ਸਮਾਜ ਦੇ ਹੱਕਾਂ, ਉਨ੍ਹਾਂ ਨੂੰ ਜ਼ਰੂਰੀ ਸੁਵਿਧਾਵਾਂ ਤੇ ਸਨਮਾਨਜਨਕ ਜ਼ਿੰਦਗੀ ਦੇਣ ਦੀ ਜਗ੍ਹਾ ਉਨ੍ਹਾਂ ਦੇ ਘਰਾਂ ਵਿੱਚ ਭੋਜਨ ਕਰਨ 'ਤੇ ਕੇਂਦਰਿਤ ਹੁੰਦੀ ਜਾ ਰਹੀ ਹੈ। ਸਮਾਜ ਦਾ ਇਹ ਹਿੱਸਾ ਜਾਤੀ ਵਿਵਸਥਾ 'ਚ ਹੇਠਲੇ ਪੱਧਰ 'ਤੇ ਰੱਖੇ ਜਾਣ ਕਾਰਨ ਜਨਮ ਤੋਂ ਹੀ ਅਪਮਾਨ ਤੇ ਅੱਤਿਆਚਾਰ ਸਹਿੰਦਾ ਹੈ।
 
ਕਦੇ ਮੁੱਛਾਂ ਰੱਖਣ 'ਤੇ ਉਸਨੂੰ ਕੁੱਟਿਆ ਜਾਂਦਾ ਹੈ ਤੇ ਕਦੇ ਘੋੜੀ ਨਹੀਂ ਚੜ੍ਹਨ ਦਿੱਤਾ ਜਾਂਦਾ। ਜਨਤੱਕ ਸਥਾਨਾਂ ਤੋਂ ਪਾਣੀ ਭਰਨ ਨਹੀਂ ਦਿੱਤਾ ਜਾਂਦਾ, ਅਛੂਤਾਂ ਵਾਂਗ ਵਿਵਹਾਰ ਕੀਤਾ ਜਾਂਦਾ ਹੈ। ਇੱਥੇ ਤੱਕ ਕਿ ਸੰਵਿਧਾਨ ਵਿੱਚ ਦਿੱਤੇ ਹੱਕਾਂ ਤੋਂ ਵੀ ਵਾਂਝੇ ਕਰ ਦਿੱਤਾ ਜਾਂਦਾ ਹੈ। ਨੌਕਰੀਆਂ, ਸਿੱਖਿਆ 'ਚ ਰਾਖਵਾਂਕਰਨ ਵਿਵਸਥਾ ਤਹਿਤ ਦਿੱਤੇ ਗਏ ਨੁਮਾਇੰਦਗੀ ਦੇ ਹੱਕ ਨੂੰ ਵੀ ਪੂਰੀ ਤਰ੍ਹਾਂ ਲਾਗੂ ਨਹੀਂ ਕੀਤਾ ਜਾਂਦਾ। ਇਹ ਦੁੱਖਦਾਇਕ ਹੈ ਕਿ ਸੱਤਾ ਵਿੱਚ ਬੈਠਣ ਵਾਲੀਆਂ ਧਿਰਾਂ ਕਦੇ ਇਨ੍ਹਾਂ ਮੁੱਦਿਆਂ 'ਤੇ ਸੜਕਾਂ 'ਤੇ ਨਜ਼ਰ ਨਹੀਂ ਆਉਂਦੀਆਂ।
 
ਦਲਿਤਾਂ ਦੇ ਘਰਾਂ ਵਿੱਚ ਢੋਲ ਵਜਾ ਕੇ ਭੋਜਨ ਕਰਨ ਨੂੰ ਹੀ ਇਸ ਤਰ੍ਹਾਂ ਪੇਸ਼ ਕੀਤਾ ਜਾਂਦਾ ਹੈ ਕਿ ਜਿਵੇਂ ਸਿਰਫ ਇੰਨਾ ਕਰ ਦੇਣ ਨਾਲ ਹੀ ਉਨ੍ਹਾਂ ਦਾ ਉੱਧਾਰ ਹੋ ਜਾਵੇਗਾ। ਇਹ ਗੱਲ ਅਲੱਗ ਹੈ ਕਿ ਦਲਿਤਾਂ ਦੇ ਘਰਾਂ 'ਚ ਬਾਹਰੋਂ ਭੋਜਨ ਮੰਗਵਾ ਕੇ ਖਾਣ ਕਾਰਨ ਇਹ ਮਾਮਲੇ ਵਿਵਾਦਾਂ 'ਚ ਘਿਰਦੇ ਰਹੇ ਹਨ।
 
ਸ਼ੋਸ਼ਿਤ ਸਮਾਜ ਦੇ ਘਰਾਂ 'ਚ ਭੋਜਨ ਕਰਨ ਤੇ ਫੋਟੋ ਖਿਚਾਉਣ ਨਾਲ ਇਸ ਵਰਗ ਦੇ ਹਾਲਾਤ ਸੁਧਰਨ ਵਾਲੇ ਨਹੀਂ ਹਨ। ਜੇਕਰ ਸੱਤਾ ਵਿੱਚ ਬੈਠੇ ਲੋਕ ਇਸ ਸਮਾਜ ਨਾਲ ਸੱਚ ਵਿੱਚ ਹੀ ਹਮਦਰਦੀ ਰੱਖਦੇ ਹਨ ਤਾਂ ਉਹ ਇਨ੍ਹਾਂ ਨੂੰ ਚੰਗੀ ਸਿੱਖਿਆ-ਸਿਹਤ ਵਿਵਸਥਾ, ਰਾਖਵੇਂਕਰਨ ਦਾ ਪੂਰਾ ਹੱਕ, ਪੱਕੇ ਰੁਜ਼ਗਾਰ, ਸੁਰੱਖਿਅਤ ਮਾਹੌਲ ਦੇਣ ਪ੍ਰਤੀ ਗੰਭੀਰਤਾ ਦਿਖਾਉਣ। ਦਲਿਤਾਂ ਦਾ ਉੱਧਾਰ ਉਨ੍ਹਾਂ ਪੱਖੀ ਨੀਤੀਆਂ ਨਾਲ ਹੋਣਾ ਹੈ, ਉਨ੍ਹਾਂ ਦੇ ਘਰਾਂ 'ਚ ਭੋਜਨ ਕਰਨ ਨਾਲ ਨਹੀਂ।

 

Comments

Leave a Reply