Wed,Oct 16,2019 | 11:05:10am
HEADLINES:

editorial

ਈਵੀਐੱਮ ਤੋਂ ਉੱਠਦਾ ਲੋਕਾਂ ਦਾ ਭਰੋਸਾ

ਈਵੀਐੱਮ ਤੋਂ ਉੱਠਦਾ ਲੋਕਾਂ ਦਾ ਭਰੋਸਾ

ਲੋਕਸਭਾ ਚੋਣਾਂ 2019 ਦੇ ਨਤੀਜੇ ਆ ਚੁੱਕੇ ਹਨ। ਨੋਟਬੰਦੀ, ਕਾਲੇ ਧਨ, ਬੇਰੁਜ਼ਗਾਰੀ, ਮਹਿੰਗਾਈ, ਭ੍ਰਿਸ਼ਟਾਚਾਰ ਆਦਿ ਮੁੱਦਿਆਂ 'ਤੇ ਪਿਛਲੇ 5 ਸਾਲਾਂ ਵਿੱਚ ਘਿਰਨ ਵਾਲੇ ਨਰਿੰਦਰ ਮੋਦੀ ਇੱਕ ਵਾਰ ਫਿਰ ਕੇਂਦਰ 'ਚ ਭਾਰੀ ਬਹੁਮਤ ਨਾਲ ਭਾਜਪਾ ਦੀ ਸਰਕਾਰ ਬਣਾਉਣ ਵਿੱਚ ਸਫਲ ਹੋ ਗਏ ਹਨ।
 
ਉਨ੍ਹਾਂ ਦੇ ਸਮਰਥਕ ਜਿੱਥੇ ਇਸਨੂੰ ਵੱਡੀ ਜਿੱਤ ਐਲਾਨ ਰਹੇ ਹਨ, ਉੱਥੇ ਅਜਿਹੇ ਲੋਕਾਂ ਦੀ ਗਿਣਤੀ ਵੀ ਬਹੁਤ ਹੈ, ਜਿਨ੍ਹਾਂ ਨੂੰ ਇਸ ਜਿੱਤ 'ਤੇ ਭਰੋਸਾ ਨਹੀਂ ਹੋ ਰਿਹਾ ਹੈ। ਉਨ੍ਹਾਂ ਵੱਲੋਂ ਈਵੀਐੱਮ 'ਚ ਹੇਰਾਫੇਰੀ ਦੇ ਦੋਸ਼ ਲਗਾਏ ਜਾ ਰਹੇ ਹਨ। ਚੋਣਾਂ ਵਾਲੇ ਦਿਨਾਂ ਵਿੱਚ ਕਈ ਸਥਾਨਾਂ 'ਤੇ ਈਵੀਐੱਮ ਖਰਾਬ ਹੋਣ ਅਤੇ ਗਿਣਤੀ ਵੇਲੇ ਵੋਟਾਂ ਵਿੱਚ ਫਰਕ ਆਉਣ ਦੀਆਂ ਚਰਚਾਵਾਂ ਆਮ ਹੋ ਰਹੀਆਂ ਹਨ।
 
ਇਹ ਕੋਈ ਪਹਿਲਾ ਮੌਕਾ ਨਹੀਂ ਹੈ, ਜਦੋਂ ਈਵੀਐੱਮ 'ਚ ਹੇਰਾਫੇਰੀ ਦੇ ਦੋਸ਼ ਲੱਗੇ ਹਨ। ਇਸ ਤੋਂ ਪਹਿਲਾਂ ਵੀ ਕਈ ਸਾਲਾਂ ਤੋਂ ਅਜਿਹੇ ਸਵਾਲ ਉੱਠਦੇ ਰਹੇ ਹਨ। ਸਾਲ 2009 ਦੀਆਂ ਲੋਕਸਭਾ ਚੋਣਾਂ ਵਿੱਚ ਹਾਰ ਤੋਂ ਬਾਅਦ ਭਾਜਪਾ ਦੇ ਆਗੂ ਲਾਲ ਕ੍ਰਿਸ਼ਨ ਅਡਵਾਨੀ ਨੇ ਈਵੀਐੱਮ ਵਿੱਚ ਹੇਰਾਫੇਰੀ ਦੇ ਦੋਸ਼ ਲਗਾਉਂਦੇ ਹੋਏ ਸੁਪਰੀਮ ਕੋਰਟ ਵਿੱਚ ਅਰਜ਼ੀ ਦਾਖਲ ਕੀਤੀ ਸੀ।
 
ਇਸੇ ਤਰ੍ਹਾਂ ਸਾਲ 2014 ਦੀਆਂ ਲੋਕਸਭਾ ਚੋਣਾਂ ਅਤੇ ਬੀਤੇ ਸਾਲਾਂ ਵਿੱਚ ਯੂਪੀ, ਪੰਜਾਬ, ਮਹਾਰਾਸ਼ਟਰ, ਗੁਜਰਾਤ ਸਮੇਤ ਹੋਰ ਸੂਬਿਆਂ ਵਿੱਚ ਹੋਈਆਂ ਵਿਧਾਨਸਭਾ ਚੋਣਾਂ ਵਿੱਚ ਵੀ ਕਾਂਗਰਸ, ਬਸਪਾ, ਸਪਾ, ਆਪ ਸਮੇਤ ਵੱਖ-ਵੱਖ ਪਾਰਟੀਆਂ ਭਾਜਪਾ ਦੇ ਪੱਖ ਵਿੱਚ ਈਵੀਐੱਮ ਵਿੱਚ ਹੇਰਾਫੇਰੀ ਕੀਤੇ ਜਾਣ ਦੇ ਦੋਸ਼ ਲਗਾ ਚੁੱਕੀਆਂ ਹਨ। ਅਜਿਹੇ ਮਾਹੌਲ ਵਿੱਚ ਲੋਕਾਂ ਦਾ ਈਵੀਐੱਮ ਤੋਂ ਭਰੋਸਾ ਉੱਠਦਾ ਜਾ ਰਿਹਾ ਹੈ।
 
ਇਹੀ ਕਾਰਨ ਹੈ ਕਿ ਦੇਸ਼ ਵਿੱਚ ਈਵੀਐੱਮ ਦੀ ਜਗ੍ਹਾ ਬੈਲੇਟ ਪੇਪਰ ਰਾਹੀਂ ਚੋਣਾਂ ਕਰਾਉਣ ਦੀਆਂ ਆਵਾਜ਼ਾਂ ਤੇਜ਼ ਹੁੰਦੀਆਂ ਜਾ ਰਹੀਆਂ ਹਨ। ਚੋਣ ਕਮਿਸ਼ਨ ਤੇ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਉਸੇ ਚੋਣ ਪ੍ਰਣਾਲੀ ਨੂੰ ਅਪਣਾਉਣ, ਜਿਸ ਵਿੱਚ ਲੋਕਾਂ ਦਾ ਭਰੋਸਾ ਹੋਵੇ। ਜੇਕਰ ਲੋਕਾਂ ਦਾ ਇਸ ਚੋਣ ਪ੍ਰਣਾਲੀ ਤੋਂ ਇਸੇ ਤਰ੍ਹਾਂ ਭਰੋਸਾ ਉੱਠਦਾ ਗਿਆ ਤਾਂ ਭਾਰਤੀ ਲੋਕਤੰਤਰ ਦੇ ਖਤਰੇ ਵਿੱਚ ਪੈ ਜਾਣ ਦਾ ਖਦਸ਼ਾ ਪੈਦਾ ਹੋ ਜਾਵੇਗਾ।

 

Comments

Leave a Reply