Tue,Jul 16,2019 | 12:33:53pm
HEADLINES:

editorial

ਲੋਕਾਂ ਨੂੰ ਸਿਹਤ, ਸਿੱਖਿਆ ਤੇ ਰੁਜ਼ਗਾਰ ਚਾਹੀਦੇ ਨੇ, ਧਾਰਮਿਕ ਮੁੱਦੇ ਨਹੀਂ

ਲੋਕਾਂ ਨੂੰ ਸਿਹਤ, ਸਿੱਖਿਆ ਤੇ ਰੁਜ਼ਗਾਰ ਚਾਹੀਦੇ ਨੇ, ਧਾਰਮਿਕ ਮੁੱਦੇ ਨਹੀਂ

ਵਿਸ਼ਵ ਰਤਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਨੇ ਕਿਹਾ ਸੀ ਕਿ ਹਿੰਦੂ ਧਰਮ ਸਾਡੇ ਪੁਰਖਿਆਂ ਦਾ ਧਰਮ ਨਹੀਂ ਹੈ। ਇਹ ਸਾਡੇ ਉੱਪਰ ਗੁਲਾਮੀ ਵਜੋਂ ਲੱਦਿਆ ਗਿਆ। ਅਸਮਾਨਤਾ ਇਸ ਵਿੱਚ ਹੈ ਅਤੇ ਇਹੋ ਹੀ ਹਿੰਦੂ ਧਰਮ ਦੀ ਰੂਹ ਹੈ। ਡਾ. ਅੰਬੇਡਕਰ ਦੇ ਹਿੰਦੂਤਵ ਬਾਰੇ ਵਿਚਾਰ ਹਨ ਕਿ ਜੇ ਹਿੰਦੂਤਵ (ਹਿੰਦੂ ਰਾਜ) ਆ ਜਾਂਦਾ ਹੈ ਤਾਂ ਬਿਨਾਂ ਕਿਸੇ ਸੰਦੇਹ ਤੋਂ ਇਹ ਕਿਹਾ ਜਾ ਸਕਦਾ ਹੈ ਕਿ ਇਹ ਭਾਰਤ ਦੀ ਸਭ ਤੋਂ ਵੱਡੀ ਬਦਕਿਸਮਤੀ ਹੋਵੇਗੀ।

ਇਹ ਲੋਕ ਭਾਵੇਂ ਕੁਝ ਵੀ ਕਹਿਣ ਹਿੰਦੂ ਰਾਸ਼ਟਰ ਸਮਾਨਤਾ, ਸੁਤੰਤਰਤਾ ਅਤੇ ਭਾਰਤੀ ਭਾਵ ਲਈ ਇੱਕ ਬਹੁਤ ਵੱਡਾ ਖਤਰਾ ਹੈ। ਇਸ ਤਰ੍ਹਾਂ ਇਸ ਦਾ ਲੋਕਤੰਤਰ ਨਾਲ ਕੋਈ ਮੇਲ ਨਹੀਂ ਹੈ। ਹਿੰਦੂ ਰਾਜ ਨੂੰ ਸਥਾਪਿਤ ਕੀਤੇ ਜਾਣ ਨੂੰ ਹਰ ਕੀਮਤ 'ਤੇ ਰੋਕਿਆ ਜਾਣਾ ਚਾਹੀਦਾ ਹੈ।

ਭਾਜਪਾ ਅਤੇ ਆਰਐੱਸਐੱਸ ਅਯੁੱਧਿਆ ਵਿੱਚ ਰਾਮ ਜਨਮ ਭੂਮੀ ਦੇ ਮੁੱਦੇ ਨੂੰ 6 ਦਸੰਬਰ 1992 ਵਿੱਚ ਬਾਬਰੀ ਮਸਜ਼ਿਦ ਢੇਰੀ ਕੀਤੇ ਜਾਣ ਤੋਂ ਲੈ ਕੇ ਹੁਣ ਤੱਕ ਉਛਾਲਦੇ ਆਏ ਹਨ। ਇਸੇ ਹੀ ਦਿਨ ਬਾਬਾ ਸਾਹਿਬ ਡਾ. ਅੰਬੇਡਕਰ ਦਾ ਪਰਿਨਿਰਵਾਣ ਦਿਵਸ ਹੈ ਤੇ ਬਾਬਾ ਸਾਹਿਬ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਕਰੋੜਾਂ ਲੋਕ ਉਨ੍ਹਾਂ ਦੇ ਨਾਂ 'ਤੇ ਬਣੇ ਸਮਾਰਕਾਂ ਵਿੱਚ ਜਾਂਦੇ ਹਨ।

ਇਨ੍ਹਾਂ ਨੇ ਇੱਕ ਤੀਰ ਨਾਲ ਦੋ ਨਹੀਂ, ਤਿੰਨ ਨਿਸ਼ਾਨੇ ਮਸਜ਼ਿਦ ਢਾਹ ਕੇ ਕੀਤੇ। ਇੱਕ, ਡਾ. ਭੀਮ ਰਾਓ ਅੰਬੇਡਕਰ ਦੀ ਵੱਧ ਰਹੀ ਲੋਕਪ੍ਰਿਅਤਾ ਨੂੰ ਖਤਮ ਕਰਨ ਲਈ ਇਹ ਦਿਨ ਰੱਖਿਆ। ਦੂਜਾ, ਮੁਸਲਮਾਨਾਂ ਨੂੰ ਇਸੇ ਬਹਾਨੇ ਦਬਾਅ ਕੇ ਰੱਖਣ ਦੀ ਕੋਸ਼ਿਸ਼ ਹੋਈ। ਤੀਜਾ, ਇਸ ਥਾਂ 'ਤੇ ਰਾਮ ਦੇ ਜਨਮ ਦਾ ਆਪਣਾ ਦਾਅਵਾ ਮਜ਼ਬੂਤ ਕੀਤਾ।

ਹੁਣ ਜਦੋਂ ਲੋਕਸਭਾ ਚੋਣਾਂ ਨੇੜੇ ਆ ਗਈਆਂ ਹਨ ਤਾਂ ਭਾਜਪਾ ਦੇ ਸਹਿਯੋਗੀ ਸੰਗਠਨ ਰਾਮ ਮੰਦਰ ਦੇ ਮੁੱਦੇ ਨੂੰ ਮੁੜ ਉਛਾਲਣ ਲੱਗੇ ਹਨ। ਸ਼ਹਿਰਾਂ ਦੇ ਨਾਂ ਬਦਲੇ ਜਾ ਰਹੇ ਹਨ। ਰਾਮ ਮੰਦਰ ਦਾ ਮੁੱਦਾ ਚੁੱਕਿਆ ਜਾ ਰਿਹਾ ਹੈ।  ਨਿਪੋਲੀਅਨ ਨੇ ਠੀਕ ਕਿਹਾ ਸੀ ਕਿ ਲੋਕਾਂ ਦੀਆਂ ਹਕੀਕੀ ਮੰਗਾਂ ਨੂੰ ਬੇਧਿਆਨ ਕਰਕੇ ਉਨ੍ਹਾਂ ਨੂੰ ਧਰਮ ਵਿੱਚ ਉਲਝਾਕੇ ਆਪਣਾ ਉੱਲੂ ਸਿੱਧਾ ਕਰ ਲਓ। ਇਹ ਕੁਝ ਭਾਜਪਾ ਕਰ ਰਹੀ ਹੈ। 

ਭਾਰਤ ਤਰੱਕੀ ਵੱਲ ਨਹੀਂ, ਨਿਘਾਰ ਵੱਲ ਜਾ ਰਿਹਾ ਹੈ। ਹਾਲੇ ਤਾਈਂ ਗਰੀਬ ਲੋਕ ਦਿੱਲੀ ਵੱਲ ਅੱਖਾਂ ਕਰੀ ਬੈਠੇ ਹਨ ਕਿ ਕਦੋਂ ਸਾਡੇ ਖਾਤੇ ਵਿੱਚ 15 ਲੱਖ ਰੁਪਏ ਆਉਣਗੇ ਤਾਂ ਕੁਝ ਸੁੱਖ ਦਾ ਸਾਹ ਆਵੇਗਾ। ਗੈਸ ਸਿਲੰਡਰ 400 ਰੁਪਏ ਤੋਂ ਕਰੀਬ 1000 ਰੁਪਏ ਹੋ ਗਿਆ।

ਪਿੰਡਾਂ ਵਿੱਚ ਲੋਕੀ ਫਿਰ ਤੋਂ ਚੁੱਲਿਆਂ ਵਿੱਚ ਲੱਕੜਾਂ, ਘਾਹ ਫੂਸ ਅਤੇ ਪਾਥੀਆਂ ਨਾਲ ਘਰ ਦਾ ਰੋਟੀ ਟੁੱਕ ਕਰਨ ਲਈ ਮਜ਼ਬੂਰ ਹੋ ਗਏ ਹਨ। ਨੋਟਬੰਦੀ ਕਰਕੇ ਕਈ ਕੰਮ ਬੰਦ ਹੋਣ ਕਾਰਨ ਲੱਖਾਂ ਲੋਕ ਬੇਰੁਜ਼ਗਾਰ ਹੋ ਚੁੱਕੇ ਹਨ। ਸਰਹੱਦਾਂ 'ਤੇ ਫੌਜੀ ਸ਼ਹੀਦ ਹੋ ਰਹੇ ਹਨ। ਅਧਿਆਪਕ ਧਰਨੇ ਦੇ ਰਹੇ ਹਨ। ਕਿਸਾਨ ਫਸਲਾਂ ਦਾ ਸਹੀ ਮੁੱਲ ਨਾ ਮਿਲਣ ਕਾਰਨ ਪ੍ਰਦਰਸ਼ਨਾਂ ਦੀ ਰਾਹ 'ਤੇ ਹਨ। ਕਿਸਾਨਾਂ ਦੇ ਨਾਲ-ਨਾਲ ਗਰੀਬ ਦਿਹਾੜੀਦਾਰਾਂ ਦੀ ਹਾਲਤ ਵੀ ਖਰਾਬ ਹੋ ਰਹੀ ਹੈ।

ਪੰਜਾਬ ਦੀ ਤਸਵੀਰ ਵੀ ਚੰਗੀ ਨਹੀਂ ਹੈ। ਇੱਥੇ ਸਰਕਾਰੀ ਮੁਲਾਜ਼ਮਾਂ ਨੂੰ ਪੈਨਸ਼ਨਾਂ ਮਿਲਣੀਆਂ ਵੀ ਬੰਦ ਹੋ ਗਈਆਂ ਹਨ। ਦੂਜੇ ਪਾਸੇ ਵਿਧਾਇਕਾਂ-ਮੰਤਰੀਆਂ ਨੂੰ ਨਵੀਆਂ ਗੱਡੀਆਂ, ਵਧੇ ਹੋਏ ਭੱਤੇ-ਤਨਖਾਹਾਂ ਦਿੱਤੀਆਂ ਜਾ ਰਹੀਆਂ ਹਨ। ਸਰਕਾਰੀ ਖਰਚੇ ਦੀ ਦੁਰਵਰਤੋਂ ਬੰਦ ਹੋਣੀ ਚਾਹੀਦੀ ਹੈ ਤੇ ਇਹ ਪੈਸਾ ਸਿੱਖਿਆ, ਸਿਹਤ, ਰੁਜ਼ਗਾਰ ਦੇਣ ਅਤੇ ਲੋਕ ਭਲਾਈ ਦੇ ਹੋਰ ਕੰਮਾਂ 'ਤੇ ਖਰਚ ਕੀਤਾ ਜਾਣਾ ਚਾਹੀਦਾ ਹੈ।

ਕੇਂਦਰ ਦੀ ਭਾਜਪਾ ਸਰਕਾਰ ਦੀ ਗੱਲ ਕਰੀਏ ਤਾਂ ਉਹ ਦਲਿਤਾਂ ਦੀ ਭਲਾਈ ਤੇ ਉਨ੍ਹਾਂ ਦੇ ਹੱਕਾਂ ਪ੍ਰਤੀ ਗੰਭੀਰ ਦਿਖਾਈ ਨਹੀਂ ਦਿੰਦੀ। ਇਸਦੀ ਜਗ੍ਹਾ ਚੋਣਾਂ ਵੇਲੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਦਲਿਤਾਂ ਦੇ ਘਰ ਖਾਣਾ ਖਾਣ ਦਾ ਵਿਖਾਵਾ ਕਰਦੇ ਜ਼ਰੂਰ ਦਿਖ ਜਾਂਦੇ ਹਨ। ਦਲਿਤਾਂ 'ਤੇ ਹੋਣ ਵਾਲੇ ਅੱਤਿਆਚਾਰਾਂ ਦੇ ਮੁੱਦੇ 'ਤੇ ਉਹ ਆਮ ਤੌਰ 'ਤੇ ਚੁੱਪ ਹੀ ਰਹਿੰਦੇ ਹਨ।

ਬਿਹਾਰ, ਰਾਜਸਥਾਨ, ਮੱਧ ਪ੍ਰਦੇਸ਼ ਵਿੱਚ ਕਈ ਸਥਾਨ ਇਹੋ ਜਿਹੇ ਹਨ ਜਿੱਥੇ ਦਲਿਤਾਂ ਨੂੰ ਪਿੱਡ ਦੇ ਉੱਚ ਜਾਤੀ ਦੇ ਲੋਕਾਂ ਦੇ ਘਰਾਂ ਦੇ ਅੱਗੇ ਤੋਂ ਪੈਰਾਂ 'ਚੋਂ ਜੁੱਤੀਆਂ ਉਤਾਰ ਕੇ ਲੰਘਣਾ ਪੈਂਦਾ ਹੈ। ਇਸ ਜਾਤੀ ਆਧਾਰਿਤ ਅਣਮਨੁੱਖੀ ਵਿਵਸਥਾ ਨੂੰ ਖਤਮ ਕਰਨ ਲਈ ਕੋਈ ਸਰਕਾਰੀ ਗੰਭੀਰਤਾ ਨਜ਼ਰ ਨਹੀਂ ਆਉਂਦੀ।

ਕਈ ਸਰਕਾਰਾਂ ਆਈਆਂ ਤੇ ਕਈ ਗਈਆਂ, ਇਨ੍ਹਾਂ ਦਲਿਤਾਂ ਦੀ ਹਾਲਤ ਸੁਧਰਨ ਦੀ ਥਾਂ ਵਿਗੜਦੀ ਹੀ ਗਈ। ਭਾਜਪਾ ਸਰਕਾਰ ਦੇ ਸਾਢੇ 4 ਸਾਲ ਦਾ ਹਿਸਾਬ ਲਗਾਇਆ ਜਾਵੇ ਤਾਂ ਜ਼ਿਆਦਾਤਰ ਇਸਨੂੰ ਨਾਂਹ ਪੱਖੀ ਹੀ ਕਿਹਾ ਜਾ ਸਕਦਾ ਹੈ। ਰੁਜ਼ਗਾਰ ਲੋਕਾਂ ਨੂੰ ਮਿਲਿਆ ਨਹੀਂ। ਉਲਟਾ ਪਕੌੜੇ ਤਲਣ ਨੂੰ ਹੀ ਰੁਜ਼ਗਾਰ ਵੱਜੋਂ ਪੇਸ਼ ਕੀਤਾ ਜਾ ਰਿਹਾ ਹੈ। ਲੋਕਾਂ ਨੂੰ ਰੁਜ਼ਗਾਰ ਦੇਣ ਦੀ ਜਗ੍ਹਾ 'ਰਾਮਜਾਦੇ ਜਾਂ ਹਰਾਮਜਾਦੇ' ਵਰਗੇ ਨਾਅਰੇ ਲਗਾਏ ਜਾ ਰਹੇ ਹਨ ਜਾਂ ਫਿਰ ਹਨੂੰਮਾਨ ਦੀ ਜਾਤੀ ਦਲਿਤ ਦੱਸੀ ਜਾ ਰਹੀ ਹੈ। ਵੱਡੇ-ਵੱਡੇ ਉਦਯੋਗਪਤੀ ਅਰਬਾਂ ਰੁਪਏ ਦਾ ਕਰਜ਼ਾ ਲੈ ਕੇ ਵਿਦੇਸ਼ ਭੱਜ ਗਏ ਤੇ ਕਿਸਾਨ ਕਰਜ਼ੇ ਹੇਠਾਂ ਦੱਬ ਕੇ ਮਰ ਰਹੇ ਹਨ।

ਭਾਰਤ ਵਿੱਚ ਡੇਰਾਵਾਦ ਲੀਡਰਾਂ ਅਤੇ ਸਰਕਾਰੀ ਸ਼ਹਿ ਉੱਪਰ ਵੱਧ ਫੁੱਲ ਰਿਹਾ ਹੈ, ਕਿਉਂਕਿ ਲੀਡਰਾਂ ਨੇ ਇਨ੍ਹਾਂ ਦੇ ਰਾਹੀਂ ਵੋਟਾਂ ਲੈ ਕੇ ਆਪਣੀ ਕੁਰਸੀ ਸਲਾਮਤ ਰੱਖਣੀ ਹੁੰਦੀ ਹੈ। ਇਹ ਇੱਕ ਦੂਜੇ ਕੋਲੋਂ ਜਾਇਜ਼-ਨਜਾਇਜ਼ ਕੰਮ ਕਰਵਾਉਂਦੇ ਰਹਿੰਦੇ ਹਨ। ਭੋਲੇ ਭਾਲੇ ਇਸ ਸਥਿਤੀ ਨੂੰ ਸਮਝਣ ਦੀ ਜਗ੍ਹਾ ਹਿੰਦੂ-ਮੁਸਲਮਾਨ, ਗਊ ਹੱਤਿਆ ਤੇ ਹੋਰ ਧਾਰਮਿਕ ਮੁੱਦਿਆਂ ਦੇ ਪ੍ਰਭਾਵ ਵਿੱਚ ਆ ਕੇ ਇਨ੍ਹਾਂ ਦੇ ਹੱਕ ਵਿੱਚ ਭੁਗਤ ਜਾਂਦੇ ਹਨ। ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਉਨ੍ਹਾਂ ਨੂੰ ਸਿੱਖਿਆ, ਸਿਹਤ, ਰੁਜ਼ਗਾਰ, ਸ਼ੋਸ਼ਣ ਤੋਂ ਮੁਕਤ ਵਿਵਸਥਾ ਮਿਲਣ 'ਤੇ ਹੋਵੇਗਾ। ਧਰਮ ਦੇ ਨਾਂ 'ਤੇ ਹਿੰਸਾ, ਜਾਤੀਵਾਦੀ ਤਣਾਅ ਨਾਲ ਦੇਸ਼ ਨੂੰ ਕੁਝ ਵੀ ਹਾਸਲ ਨਹੀਂ ਹੋਵੇਗਾ।
-ਸੋਹਨ ਲਾਲ ਸਾਂਪਲਾ
(ਡਾ. ਅੰਬੇਡਕਰ ਮਿਸ਼ਨ ਸੋਸਾਇਟੀ ਯੂਰੋਪ, ਜਰਮਨੀ)

Comments

Leave a Reply