Wed,Jun 03,2020 | 08:39:52pm
HEADLINES:

editorial

ਭਾਰਤੀ ਬਾਜ਼ਾਰ 'ਚ ਵਿਕ ਰਿਹਾ ਖਤਰਨਾਕ ਡਿੱਬਾ ਬੰਦ ਭੋਜਨ

ਭਾਰਤੀ ਬਾਜ਼ਾਰ 'ਚ ਵਿਕ ਰਿਹਾ ਖਤਰਨਾਕ ਡਿੱਬਾ ਬੰਦ ਭੋਜਨ

ਭਾਰਤ ਵਿੱਚ ਮਿਲਣ ਵਾਲੇ ਪੈਕੇਜ਼ਡ ਜਾਂ ਡਿੱਬਾ ਬੰਦ ਖਾਣ-ਪੀਣ ਦੀਆਂ ਚੀਜ਼ਾਂ ਸਿਹਤ ਦੇ ਨਜ਼ਰੀਏ ਨਾਲ ਖਤਰਨਾਕ ਹਨ। ਇੱਕ ਸੰਸਾਰਕ ਸਰਵੇ ਵਿੱਚ ਕਿਹਾ ਗਿਆ ਹੈ ਕਿ ਦੁਨੀਆ ਦੇ ਦੂਜੇ ਦੇਸ਼ਾਂ ਦੇ ਮੁਕਾਬਲੇ ਭਾਰਤੀ ਡਿੱਬਾ ਬੰਦ ਖਾਣ-ਪੀਣ ਦੀ ਸਮੱਗਰੀ ਦੇ ਨਮੂਨਿਆਂ ਵਿੱਚ ਸੈਚੂਰੇਟੇਡ ਫੈਟ, ਸ਼ੂਗਰ ਆਦਿ ਜ਼ਰੂਰਤ ਤੋਂ ਜ਼ਿਆਦਾ ਹੈ।

ਇਹ ਨਾ ਸਿਰਫ ਮੋਟਾਪਾ ਤੇ ਟਾਈਪ 2 ਡਾਈਬਿਟੀਜ਼ ਨੂੰ ਵਧਾਉਂਦੇ ਹਨ, ਸਗੋਂ ਦਿਲ ਸਬੰਧੀ ਬਿਮਾਰੀਆਂ ਦਾ ਵੀ ਮੁੱਖ ਕਾਰਨ ਬਣ ਸਕਦੇ ਹਨ। ਆਕਸਫੋਰਡ ਯੂਨੀਵਰਸਿਟੀ ਦੇ ਜਾਰਜ ਇੰਸਟੀਚਿਊਟ ਫਾਰ ਗਲੋਬਲ ਹੈਲਥ ਨੇ ਇਹ ਸਰਵੇ 12 ਦੇਸ਼ਾਂ ਦੇ 4 ਲੱਖ ਤੋਂ ਜ਼ਿਆਦਾ ਖਾਣ-ਪੀਣ ਦੇ ਉਤਪਾਦਾਂ ਦੇ ਨਮੂਨਿਆਂ ਦੀ ਜਾਂਚ ਦੇ ਆਧਾਰ 'ਤੇ ਕੀਤਾ ਹੈ।

ਸਰਵੇ ਦੇ ਨਤੀਜੇ 'ਓਬੀਸਿਟੀ ਰੀਵਿਊਜ਼ ਜਰਨਲ' ਵਿੱਚ ਛਾਪੇ ਗਏ ਹਨ। ਇਨ੍ਹਾਂ ਵਿੱਚ ਖਾਣ-ਪੀਣ ਦੇ ਉਤਪਾਦਾਂ ਵਿੱਚ ਪੋਸ਼ਣ ਲਈ ਜ਼ਰੂਰੀ ਨਮਕ, ਸ਼ੂਗਰ, ਪ੍ਰੋਟੀਨ, ਕੈਲਸ਼ੀਅਮ, ਫਾਈਬਰ, ਊਰਜਾ ਆਦਿ ਦੀ ਮਾਤਰਾ ਨੂੰ ਜਾਂਚਿਆ ਗਿਆ ਹੈ। ਦੇਸ਼ਾਂ ਨੂੰ ਹੈਲਥ ਸਟਾਰ ਰੇਟਿੰਗ ਸਿਸਟਮ ਦੇ ਆਧਾਰ 'ਤੇ ਨੰਬਰ ਦਿੱਤੇ ਗਏ ਹਨ। ਬੇਹਤਰ ਪੈਕੇਜ਼ਡ ਫੂਡ ਤੇ ਬੀਵਰੇਜ ਦੇ ਮਾਮਲਿਆਂ ਵਿੱਚ ਸਭ ਤੋਂ ਉੱਪਰ ਬ੍ਰਿਟੇਨ (2.83 ਸਟਾਰ ਰੇਟਿੰਗ), ਫਿਰ ਅਮਰੀਕਾ (2.82) ਅਤੇ ਉਸ ਤੋਂ ਬਾਅਦ ਆਸਟ੍ਰੇਲੀਆ (2.81) ਦਾ ਨਾਂ ਹੈ।

ਭਾਰਤ ਨੂੰ 2.27 ਦੀ ਰੇਟਿੰਗ ਮਿਲੀ ਹੈ, ਜਦਕਿ ਚੀਨ ਨੂੰ 2.43 ਅਤੇ ਚਿੱਲੀ ਨੂੰ 2.44 ਦੀ ਰੇਟਿੰਗ ਦਿੱਤੀ ਗਈ ਹੈ। ਸਰਵੇ ਦੀ ਹੈੱਡ ਐਲੀਜ਼ਾਬੇਥ ਡਨਫਰਡ ਨੇ ਆਪਣੇ ਬਿਆਨ ਵਿੱਚ ਕਿਹਾ ਹੈ ਕਿ ਸੰਸਾਰਕ ਪੱਧਰ 'ਤੇ ਅਸੀਂ ਬਹੁਤ ਜ਼ਿਆਦਾ ਪ੍ਰਾਸੈਸਡ ਫੂਡ ਦੇ ਆਦੀ ਹੋ ਰਹੇ ਹਾਂ।

ਸਾਡੀਆਂ ਸੁਪਰ ਮਾਰਕੀਟ ਖਰਾਬ ਸ਼ੂਗਰ ਤੇ ਜ਼ਿਆਦਾ ਨਮਕ ਵਾਲੇ ਉਤਪਾਦਾਂ ਨਾਲ ਭਰੀਆਂ ਹਨ, ਜੋ ਕਿ ਸਾਨੂੰ ਬਿਮਾਰ ਬਣਾਉਂਦੇ ਹਨ। ਚਿੰਤਾਜਨਕ ਪੱਖ ਇਹ ਹੈ ਕਿ ਸਭ ਤੋਂ ਗਰੀਬ ਦੇਸ਼ ਇਸ ਬਾਰੇ ਗੱਲ ਵੀ ਨਹੀਂ ਕਰ ਪਾ ਰਹੇ ਹਨ। ਅਸਲ ਵਿੱਚ ਵਧਦੇ ਸ਼ਹਿਰੀਕਰਨ ਅਤੇ ਕੰਮਕਾਜ ਦੇ ਰੂਪ ਵਿੱਚ ਆਏ ਬਦਲਾਅ ਕਾਰਨ ਖਾਣ-ਪੀਣ ਵਿੱਚ ਭਾਰੀ ਬਦਲਾਅ ਆਇਆ ਹੈ। ਭਾਰਤ ਵਿੱਚ ਮਹਿਲਾਵਾਂ ਜਦੋਂ ਤੋਂ ਕੰਮ ਲਈ ਬਾਹਰ ਨਿਕਲਣ ਲੱਗੀਆਂ ਹਨ, ਉਦੋਂ ਤੋਂ ਡਿੱਬਾ ਬੰਦ ਭੋਜਨ ਦਾ ਟ੍ਰੈਂਡ ਤੇਜ਼ੀ ਨਾਲ ਵਧਣ ਲੱਗਾ ਹੈ।

ਬੱਚਿਆਂ ਵਿੱਚ ਡਿੱਬਾ ਬੰਦ ਭੋਜਨ ਦਾ ਟ੍ਰੈਂਡ ਕੁਝ ਜ਼ਿਆਦਾ ਹੀ ਹੈ। ਇਸ ਤਰ੍ਹਾਂ ਦੇ ਭੋਜਨ ਵਿੱਚ ਕਾਫੀ ਸੁਵਿਧਾ ਹੈ। ਇਹ ਭੋਜਨ ਬਣਾਉਣ ਦੀ ਮਿਹਨਤ ਤੋਂ ਮੁਕਤੀ ਦਿੰਦਾ ਹੈ ਅਤੇ ਸਮੇਂ ਵੀ ਬਚਾਉਂਦਾ ਹੈ, ਪਰ ਇਸ ਨੂੰ ਬਣਾਉਣ ਵਾਲੀਆਂ ਕੰਪਨੀਆਂ ਸਿਹਤ ਦੇ ਪੱਖ ਦੀ ਅਣਦੇਖੀ ਕਰ ਰਹੀਆਂ ਹਨ। ਅਜਿਹੇ ਭੋਜਨ ਤੋਂ ਕੈਂਸਰ ਤੱਕ ਦਾ ਖਤਰਾ ਦੱਸਿਆ ਗਿਆ ਹੈ। ਭਾਰਤ ਵਿੱਚ ਇਸਦੇ ਮਾੜੇ ਪ੍ਰਭਾਵਾਂ ਤੋਂ ਬਚਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਫੂਡ ਸੇਫਟੀ ਐਂਡ ਸਟੈਂਡਰਡਸ ਅਥਾਰਿਟੀ ਆਫ ਇੰਡੀਆ (ਐੱਫਐੱਸਐੱਸਏਆਈ) ਨੇ ਖਾਦ ਸੁਰੱਖਿਆ ਤੇ ਮਾਨਕ (ਲੈਵਲਿੰਗ ਐਂਡ ਡਿਸਪਲੇ) ਨਿਯਮ 2019 ਦਾ ਪ੍ਰਸਤਾਵ ਤਿਆਰ ਕੀਤਾ ਹੈ, ਜਿਸਦੇ ਤਹਿਤ ਉਤਪਾਦ ਬਣਾਉਣ ਵਾਲੀਆਂ ਕੰਪਨੀਆਂ ਨੂੰ ਡਿੱਬਾ ਬੰਦ ਉਤਪਾਦਾਂ 'ਤੇ ਉਤਪਾਦ ਵਿੱਚ ਮੌਜੂਦ ਸ਼ੂਗਰ, ਨਮਕ, ਫੈਟ ਦੇ ਉੱਚ ਪੱਧਰ ਦਾ ਜ਼ਿਕਰ 'ਲਾਲ ਰੰਗ' ਵਿੱਚ ਕਰਨਾ ਹੋਵੇਗਾ।

ਇਹ ਵੀ ਦੱਸਣਾ ਹੋਵੇਗਾ ਕਿ ਡਿੱਬਾ ਬੰਦ ਖਾਦ ਪਦਾਰਥਾਂ ਵਿੱਚ ਕਿੰਨੀ ਮਾਤਰਾ ਵਿੱਚ ਕੀ-ਕੀ ਪਦਾਰਥ ਮਿਲਾਇਆ ਗਿਆ ਹੈ। ਰੈਗੂਲੇਸ਼ਨ ਦੇ ਹੋਰ ਵੀ ਉਪਾਅ ਕੀਤੇ ਜਾਣੇ ਚਾਹੀਦੇ ਹਨ, ਪਰ ਖਾਣ-ਪੀਣ ਦੇ ਮਾਮਲਿਆਂ ਵਿੱਚ ਰੈਗੂਲੇਸ਼ਨ ਤੋਂ ਜ਼ਿਆਦਾ ਵੱਡੀ ਭੂਮਿਕਾ ਜਾਗਰੂਕਤਾ ਦੀ ਹੁੰਦੀ ਹੈ। ਇਸਦੇ ਲਈ ਉਪਭੋਗਤਾਵਾਂ ਨੂੰ ਵੱਖ-ਵੱਖ ਸਾਧਨਾਂ ਰਾਹੀਂ ਜਾਗਰੂਕ ਕਰਨਾ ਹੋਵੇਗਾ। ਆਖਰ ਇਹ ਲੋਕਾਂ ਦੀ ਜ਼ਿੰਦਗੀ ਦਾ ਮਾਮਲਾ ਹੈ।

Comments

Leave a Reply