Tue,Aug 03,2021 | 06:03:52am
HEADLINES:

editorial

ਪ੍ਰੀਖਿਆਵਾਂ 'ਚ ਜ਼ਿਆਦਾ ਨੰਬਰ ਲੈਣ ਦੀ ਦੌੜ ਲੈ ਰਹੀ ਹੈ ਵਿਦਿਆਰਥੀਆਂ ਦੀ ਜਾਨ

ਪ੍ਰੀਖਿਆਵਾਂ 'ਚ ਜ਼ਿਆਦਾ ਨੰਬਰ ਲੈਣ ਦੀ ਦੌੜ ਲੈ ਰਹੀ ਹੈ ਵਿਦਿਆਰਥੀਆਂ ਦੀ ਜਾਨ

ਪ੍ਰੀਖਿਆਵਾਂ ਨੂੰ ਲੈ ਕੇ ਵਿਦਿਆਰਥੀਆਂ 'ਚ ਨੰਬਰ ਲੈਣ ਦੀ ਦੌੜ ਲੱਗੀ ਹੋਈ ਹੈ। ਇਸ ਦੌੜ ਦਾ ਹੀ ਨਤੀਜਾ ਹੈ ਕਿ ਪ੍ਰੀਖਿਆਵਾਂ 'ਚ 80-90 ਫੀਸਦੀ ਅੰਕ ਲਿਆਉਣ ਵਾਲੇ ਅਤੇ ਆਈਆਈਟੀ ਵਰਗੇ ਪ੍ਰਸਿੱਧ ਸੰਸਥਾਨ 'ਚ ਪੜ੍ਹਨ ਵਾਲੇ ਬੱਚੇ ਵੀ ਉਮੀਦ ਤੋਂ ਘੱਟ ਅੰਕ ਪਾਉਣ ਦੀ ਤਕਲੀਫ ਨਹੀਂ ਸਹਿ ਪਾਉਂਦੇ ਅਤੇ ਕਈ ਵਾਰ ਮੌਤ ਤੱਕ ਨੂੰ ਗਲ੍ਹ ਲਾ ਲੈਂਦੇ ਹਨ।

ਨੈਸ਼ਨਲ ਕ੍ਰਾਈਮ ਰਿਕਾਰਡਸ ਬਿਊਰੋ (ਐੱਨਸੀਆਰਬੀ) ਵੱਲੋਂ ਜਾਰੀ ਇੱਕ ਪੜਤਾਲ ਮੁਤਾਬਕ ਸਾਲ 2018 ਦੌਰਾਨ ਹਰ 24 ਘੰਟੇ 'ਚ ਔਸਤ 28 ਵਿਦਿਆਰਥੀਆਂ ਨੇ ਖੁਦਕੁਸ਼ੀ ਕੀਤੀ। 2018 ਦੀ ਹੀ ਗੱਲ ਕਰੀਏ ਤਾਂ ਇੱਕ ਸਾਲ 'ਚ 10 ਹਜ਼ਾਰ ਤੋਂ ਜ਼ਿਆਦਾ ਵਿਦਿਆਰਥੀਆਂ ਨੇ ਆਪਣੀ ਜ਼ਿੰਦਗੀ ਖੁਦ ਖਤਮ ਕਰ ਲਈ। ਇਹ ਸੰਖਿਆ ਪਿਛਲੇ 10 ਸਾਲਾਂ 'ਚ ਸਭ ਤੋਂ ਜ਼ਿਆਦਾ ਹੈ।

ਰਿਪੋਰਟ ਮੁਤਾਬਕ 1 ਜਨਵਰੀ 2009 ਤੋਂ 31 ਦਸੰਬਰ 2018 ਤੱਕ 81,758 ਵਿਦਿਆਰਥੀਆਂ ਨੇ ਖੁਦਕੁਸ਼ੀ ਕੀਤੀ। ਇਨ੍ਹਾਂ 'ਚ 57 ਫੀਸਦੀ ਵਿਦਿਆਰਥੀਆਂ ਨੇ ਪਿਛਲੇ 5 ਸਾਲਾਂ 'ਚ ਖੁਦਕੁਸ਼ੀ ਕੀਤੀ ਹੈ। ਇਨ੍ਹਾਂ ਵਿਦਿਆਰਥੀਆਂ 'ਚ ਜ਼ਿਆਦਾਤਰ ਨੇ ਪ੍ਰੀਖਿਆ 'ਚ ਫੇਲ੍ਹ ਹੋਣ ਜਾਂ ਘੱਟ ਅੰਕ ਆਉਣ ਕਰਕੇ ਮੌਤ ਨੂੰ ਗਲ੍ਹ ਲਗਾਇਆ ਹੈ।

ਵਿਦਿਆਰਥੀਆਂ 'ਤੇ ਨੰਬਰ ਦਾ ਇਹ ਦਬਾਅ ਸਮਝਣਾ ਮੁਸ਼ਕਿਲ ਵੀ ਨਹੀਂ ਹੈ। ਬੇਸ਼ੱਕ ਮੰਨੇ-ਪ੍ਰਮੰਨੇ ਕਾਲਜਾਂ 'ਚ ਦਾਖਲੇ ਦੀ ਗੱਲ ਹੋਵੇ ਜਾਂ ਨਿੱਜੀ ਸੰਸਥਾਨਾਂ 'ਚ ਨੌਕਰੀਆਂ ਦੀ, ਚੰਗੇ ਨੰਬਰਾਂ ਦੀ ਮੁੱਖ ਭੂਮਿਕਾ ਹੁੰਦੀ ਹੈ, ਪਰ ਅਜਿਹਾ ਵੀ ਨਹੀਂ ਕਿ ਹਰ ਜਗ੍ਹਾ ਇਹੀ ਨਜ਼ਰੀਆ ਅਪਣਾਇਆ ਜਾਂਦਾ ਹੈ। ਧਿਆਨ ਦੇਣ ਵਾਲੀ ਗੱਲ ਹੈ ਕਿ ਭਾਰਤ 'ਚ ਸੰਘ ਲੋਕ ਸੇਵਾ ਆਯੋਗ ਸਭ ਤੋਂ ਵੱਡੀ ਪ੍ਰੀਖਿਆ ਕਰਾਉਣ ਲਈ ਜਾਣਿਆ ਜਾਂਦਾ ਹੈ।

ਸੂਬਾ ਪੱਧਰ 'ਤੇ ਇਹੀ ਕੰਮ ਰਾਜ ਲੋਕ ਸੇਵਾ ਆਯੋਗ ਕਰਦਾ ਹੈ। ਇਹ ਦੋਵੇਂ ਹੀ ਕਮਿਸ਼ਨ ਸਿਵਲ ਸੇਵਾ ਪ੍ਰੀਖਿਆ ਕਰਾਉਂਦੇ ਹਨ, ਪਰ ਸਭ ਤੋਂ ਉੱਚ ਸਿਵਲ ਸੇਵਾਵਾਂ ਲਈ ਹੋਣ ਵਾਲੀਆਂ ਪ੍ਰਤੀਯੋਗੀਤਾ ਪ੍ਰੀਖਿਆਵਾਂ ਲਈ ਜ਼ਰੂਰੀ ਸ਼ਰਤਾਂ 'ਚ ਅੰਕ ਫੀਸਦੀ ਦਾ ਕੋਈ ਜ਼ਿਕਰ ਨਹੀਂ ਹੁੰਦਾ। ਚਾਹੇ ਕਿਸੇ ਵੀ ਡਵੀਜ਼ਨ ਤੋਂ ਪਾਸ ਹੋਵੇ, ਜ਼ਰੂਰੀ ਸਿੱਖਿਅਕ ਡਿਗਰੀ ਹੈ ਤਾਂ ਨੌਜਵਾਨ ਉਨ੍ਹਾਂ ਪ੍ਰੀਖਿਆਵਾਂ 'ਚ ਸ਼ਾਮਲ ਹੋਣ ਯੋਗ ਮੰਨਿਆ ਜਾਂਦਾ ਹੈ।

ਅਜਿਹੇ 'ਚ ਸਵਾਲ ਹੈ ਕਿ ਮਾਤਾ-ਪਿਤਾ ਜਾਂ ਟੀਚਰਾਂ ਵੱਲੋਂ ਸਿਰਫ ਪ੍ਰਾਪਤ ਅੰਕ ਦੇ ਅਧਾਰ 'ਤੇ ਹੀ ਵਿਦਿਆਰਥੀਆਂ ਬਾਰੇ ਸੋਚ ਬਣਾ ਲੈਣਾ ਕਿੰਨਾ ਸਹੀ ਹੈ। ਕੀ ਉਨ੍ਹਾਂ ਨੂੰ ਨੰਬਰਾਂ ਦੀ ਜਗ੍ਹਾ ਬੱਚਿਆਂ ਦੀ ਰਚਨਾਤਮਕਤਾ ਜਾਂ ਉਨ੍ਹਾਂ ਦੀ ਖੇਤਰ ਵਿਸ਼ੇਸ਼ 'ਚ ਦਿਲਚਸਪੀ ਨੂੰ ਤਰਜੀਹ ਨਹੀਂ ਦੇਣੀ ਚਾਹੀਦੀ?

ਮੁਸ਼ਕਿਲ ਇਹ ਹੈ ਕਿ ਅੱਜ ਸਾਡੇ ਸਮਾਜ 'ਚ ਵਿਚਾਰ ਚਰਚਾਵਾਂ ਅੰਕਾਂ 'ਤੇ ਹੀ ਆ ਕੇ ਖਤਮ ਹੁੰਦੀਆਂ ਹਨ। ਸਾਨੂੰ ਇਸ ਤਰ੍ਹਾਂ ਦੀ ਰਵਾਇਤ ਨੂੰ ਖਤਮ ਕਰਨ ਦੀ ਜ਼ਰੂਰਤ ਹੈ। ਇਸ ਤੋਂ ਇਲਾਵਾ ਇਸ ਗੱਲ 'ਤੇ ਵੀ ਧਿਆਨ ਦੇਣਾ ਜ਼ਰੂਰੀ ਹੈ ਕਿ ਸਾਡੇ ਬੱਚਿਆਂ 'ਚ ਅਜਿਹੀ ਕਿਹੜੀ ਸਮਝ ਵਿਕਸਿਤ ਹੋ ਰਹੀ ਹੈ, ਜੋ ਉਨ੍ਹਾਂ ਨੂੰ ਫੇਲ੍ਹ ਹੋ ਜਾਣ 'ਤੇ ਖੁਦਕੁਸ਼ੀ ਲਈ ਉਕਸਾਉਂਦੀ ਹੈ।

ਇੱਕ ਪਾਸੇ ਸਕੂਲ ਤੇ ਕਾਲਜ ਬੱਚਿਆਂ ਦੇ ਹੁਨਰ ਨੂੰ ਨਿਖਾਰਨ 'ਚ ਅਸਫਲ ਹੋ ਰਹੇ ਹਨ ਅਤੇ ਦੂਜੇ ਪਾਸੇ ਮਾਪਿਆਂ ਦੀਆਂ ਬੱਚਿਆਂ ਤੋਂ ਉਮੀਦਾਂ ਵਧਦੀਆਂ ਜਾ ਰਹੀਆਂ ਹਨ। ਉਹ ਚਾਹੁੰਦੇ ਹਨ ਕਿ ਉਨ੍ਹਾਂ ਦੇ ਬੱਚੇ ਹਮੇਸ਼ਾ ਹਰ ਫੀਲਡ 'ਚ ਟਾਪ ਹੀ ਕਰਨ। ਜ਼ਰੂਰਤ ਇਸ ਗੱਲ ਦੀ ਹੈ ਕਿ ਮਾਪੇ ਉਮੀਦ ਨਾਲ ਰਿਸ਼ਤਾ ਤੋੜ ਕੇ ਬੱਚਿਆਂ ਨਾਲ ਗੱਲਬਾਤ ਦਾ ਧਾਗਾ ਜੋੜਨ।

ਇਸ ਨਾਲ ਨਾ ਸਿਰਫ ਬੱਚਿਆਂ ਤੋਂ ਦਬਾਅ ਹਟੇਗਾ, ਸਗੋਂ ਉਨ੍ਹਾਂ ਦੇ ਅੰਦਰ ਇੱਕ ਆਤਮ ਵਿਸ਼ਵਾਸ ਵੀ ਜਾਗੇਗਾ। ਇਸ ਨਾਲ ਵਿਦਿਆਰਥੀਆਂ ਦਾ ਖੁਦਕੁਸ਼ੀ ਵੱਲ ਮੁੜਨ ਦਾ ਖਦਸ਼ਾ ਵੀ ਘੱਟ ਹੋਵੇਗਾ। ਮਾਪਿਆਂ, ਟੀਚਰਾਂ ਤੇ ਸਰਕਾਰਾਂ ਨੂੰ ਇਸ ਦਿਸ਼ਾ ਵੱਲ ਸੋਚਣ ਤੇ ਜ਼ਰੂਰੀ ਕਦਮ ਚੁੱਕਣ ਦੀ ਲੋੜ ਹੈ।
-ਰਿਜ਼ਵਾਨ

Comments

Leave a Reply