Mon,Apr 22,2019 | 12:41:55am
HEADLINES:

editorial

ਹਿੰਸਾ ਹੁਕਮਰਾਨਾਂ ਦਾ ਹਥਿਆਰ ਰਿਹਾ ਹੈ, ਸ਼ੋਸ਼ਿਤ ਸਮਾਜ ਭਲਾ ਕੀ ਹਿੰਸਾ ਕਰੇਗਾ

ਹਿੰਸਾ ਹੁਕਮਰਾਨਾਂ ਦਾ ਹਥਿਆਰ ਰਿਹਾ ਹੈ, ਸ਼ੋਸ਼ਿਤ ਸਮਾਜ ਭਲਾ ਕੀ ਹਿੰਸਾ ਕਰੇਗਾ

ਲੋਕਾਂ ਨੂੰ ਅੰਦਾਜ਼ਾ ਨਹੀਂ ਸੀ ਕਿ ਕਿਸੇ ਵੱਡੀ ਪਾਰਟੀ ਜਾਂ ਵੱਡੇ ਨੇਤਾ ਦੀ ਅਪੀਲ ਦੇ ਬਿਨਾਂ 2 ਅਪ੍ਰੈਲ ਨੂੰ ਵਿਰੋਧ ਦਾ ਇੰਨਾ ਵੱਡਾ ਅਸਰ ਦਿਖਾਈ ਦੇਵੇਗਾ। ਦਲਿਤ-ਆਦੀਵਾਸੀ ਸਮਾਜ ਦੇ ਸਮਰਥਨ ਵਿੱਚ ਆਏ ਪੂਰੇ ਸ਼ੋਸ਼ਿਤ ਸਮਾਜ ਦੀ ਏਕਤਾ ਦਾ ਇਹ ਚਮਤਕਾਰੀ ਨਤੀਜਾ ਸੀ। ਬਹੁਜਨ ਸਮਾਜ ਦੇ ਸੰਘਰਸ਼ਾਂ ਵਿਚਕਾਰ ਉਭਰਦੀ ਇਸ ਮਹਾਨ ਏਕਤਾ ਨੂੰ ਮੈਂ ਸਲਾਮ ਕਰਦਾ ਹਾਂ।
 
ਹੁਣ ਰਹੀ ਗੱਲ 2 ਅਪ੍ਰੈਲ ਨੂੰ ਹੋਈ ਹਿੰਸਾ ਦੀ। ਸੱਤਾ ਵਿੱਚ ਬੈਠੇ ਲੋਕ, ਕਈ ਰਾਜਨੀਤਕ ਨੇਤਾ, ਮੀਡੀਆ ਅਤੇ ਕਈ ਬੁੱਧੀਜੀਵੀ ਵੀ 'ਬੰਦ' ਦੌਰਾਨ ਹੋਈ ਹਿੰਸਾ ਲਈ ਦਲਿਤ ਵਿਰੋਧ ਦਿਵਸ ਨੂੰ ਜ਼ਿੰਮੇਵਾਰ ਦੱਸ ਰਹੇ ਹਨ, ਪਰ ਇਸ ਹਿੰਸਾ ਦਾ ਸੱਚ ਕੀ ਹੈ? ਇਹ ਚਰਚਾ ਦਾ ਵਿਸ਼ਾ ਹੈ ਕਿ ਜਿਹੜੇ ਲੋਕ ਧਰਮ ਦੇ ਨਾਂ 'ਤੇ ਹਰ ਧਾਰਮਿਕ ਦਿਨ ਦੇ ਮੌਕੇ 'ਤੇ ਹਥਿਆਰ ਲੈ ਕੇ ਜਲੂਸ ਕੱਢਦੇ ਹਨ, ਸ਼ਰਾਬ ਪੀ ਕੇ ਦੰਗਾ ਕਰਦੇ ਹਨ (ਤੇ ਇਸ ਵਿੱਚ ਅਛੂਤਾਂ ਦੇ ਇੱਕ ਅਨਪੜ੍ਹ ਤੇ ਨਾਸਮਝ ਹਿੱਸੇ ਨੂੰ ਵੀ ਧੋਖੇ ਰਾਹੀਂ ਸ਼ਾਮਲ ਕਰਦੇ ਹਨ) ਉਹ ਅੱਜ ਬਹੁਤ ਸਾਊ ਬਣਨ ਦੀ ਕੋਸ਼ਿਸ਼ ਕਰਦੇ ਹੋਏ ਕਹਿ ਰਹੇ ਹਨ, ''ਹੋਰ ਸਭ ਤਾਂ ਚਲਦਾ ਹੈ, ਪਰ ਬੰਦ ਦੇ ਨਾਂ 'ਤੇ ਇਨ੍ਹਾਂ ਦਲਿਤਾਂ ਨੇ ਬਹੁਤ ਹਿੰਸਾ ਕੀਤੀ।''
 
ਮੇਰਾ ਛੋਟਾ ਜਿਹਾ ਸਵਾਲ ਹੈ, ਜਿਹੜਾ ਤੱਥਾਂ 'ਤੇ ਆਧਾਰਿਤ ਹੈ। ਹਿੰਸਾ ਕਿਸਨੇ ਕੀਤੀ? ਹਿੰਸਾ ਵਿੱਚ ਮਾਰੇ ਜਾਣ ਵਾਲੇ ਕੌਣ ਹਨ? ਸ਼ਾਸਨ ਉਨ੍ਹਾਂ ਦੇ ਨਾਂ ਕਿਉਂ ਨਹੀਂ ਜਾਰੀ ਕਰਦਾ? ਅਖਬਾਰ ਤੇ ਚੈਨਲ ਲੀਡ ਹੈਡਿੰਗ ਅਤੇ ਬ੍ਰੇਕਿੰਗ ਨਿਊਜ਼ ਵਿੱਚ ਕਿਉਂ ਕਹਿ ਰਹੇ ਹਨ 'ਦਲਿਤ ਅੰਦੋਲਨ ਹਿੰਸਕ ਹੋਇਆ'। ਜੇਕਰ ਮਾਰੇ ਗਏ ਲੋਕਾਂ ਵਿੱਚ ਜ਼ਿਆਦਾਤਰ ਦਲਿਤ-ਪੀੜਤ ਸਮਾਜ ਤੋਂ ਹਨ ਤਾਂ ਫਿਰ ਦਲਿਤ ਕਿਵੇਂ ਹੋ ਗਿਆ ਹਿੰਸਕ? ਗਵਾਲੀਅਰ ਸਮੇਤ ਮੱਧ ਪ੍ਰਦੇਸ਼ ਦੇ ਜ਼ਿਆਦਾਤਰ ਸਥਾਨਾਂ 'ਤੇ ਗੋਲੀਆਂ ਜਾਂ ਲਾਠੀਆਂ ਕਿਸਨੇ ਚਲਾਈਆਂ?
ਕਿਹੜੇ ਲੋਕ ਮਾਰੇ ਗਏ? ਰਾਜਸਥਾਨ ਦੇ ਬਾੜਮੇਰ ਸਮੇਤ ਜ਼ਿਆਦਾਤਰ ਖੇਤਰਾਂ ਵਿੱਚ ਕਰਣੀ ਸੈਨਾ ਕੀ ਕਰ ਰਹੀ ਸੀ? ਚੈਨਲਾਂ ਦੇ 'ਸਟਾਰ' ਇਹ ਵੀ ਪਤਾ ਕਰਨ, 2 ਅਪ੍ਰੈਲ ਨੂੰ ਪੁਲਸ ਨੇ ਲਾਠੀਆਂ ਤੇ ਗੋਲੀਆਂ ਕਿੱਥੇ-ਕਿੱਥੇ ਅਤੇ ਕਿੰਨੀ ਵਾਰ ਚਲਾਈਆਂ?
 
ਭਾਗਲਪੁਰ, ਨਵਾਦਾ, ਮੁਜ਼ੱਫਰਪੁਰ, ਸਮਸਤੀਪੁਰ, ਰੋਸੜਾ, ਆਸਨਸੋਲ ਤੇ ਰਾਨੀਗੰਜ ਬਾਰੇ ਮੀਡੀਆ ਨੇ ਕੀ-ਕੀ ਖਬਰਾਂ ਦਿੱਤੀਆਂ। ਪਟਨਾ ਦੇ ਬੇਲੀ ਰੋਡ ਦੀ ਹਥਿਆਰਬੰਦ ਧਾਰਮਿਕ ਰੈਲੀ ਵਿੱਚ 'ਸੁਸ਼ਾਸਨ ਬਾਬੂ' ਸਮੇਤ ਕਈ ਮੰਤਰੀਆਂ ਦੀ ਮੌਜ਼ੂਦਗੀ 'ਤੇ ਕਿਹੜੇ-ਕਿਹੜੇ ਚੈਨਲਾਂ ਤੇ ਅਖਬਾਰਾਂ ਨੇ ਸਵਾਲ ਚੁੱਕੇ? ਬਿਹਾਰ ਵਿੱਚ ਰਣਬੀਰ ਸੈਨਾ ਦੇ ਵਰਕਰ ਅੱਜ ਮੰਤਰੀ ਤੱਕ ਹਨ। ਹਿੰਸਾ ਅਤੇ ਹਿੰਸਕਾਂ ਤੋਂ ਦੂਰ ਰਹਿਣ ਵਾਲੇ ਸਾਡੇ ਮੀਡੀਆ ਸਟਾਰਾਂ ਨੇ ਉਨ੍ਹਾਂ 'ਤੇ ਕਿੰਨੀ ਵਾਰ ਸਵਾਲ ਚੁੱਕੇ ਹਨ?
 
ਲੱਛਮਣਪੁਰ ਬਾਥੇ, ਬਥਾਨੀ ਟੋਲਾ ਅਤੇ ਅਜਿਹੇ ਕਈ ਦਰਜਨ ਦਲਿਤ ਹੱਤਿਆਕਾਂਡਾਂ ਦੇ ਦੋਸ਼ੀਆਂ ਨੂੰ ਅਦਾਲਤਾਂ ਵੱਲੋਂ ਛੱਡਣ 'ਤੇ ਕਿੰਨੀਆਂ ਹੈੱਡਲਾਈਨਾਂ ਬਣੀਆਂ, ਕਿੰਨੀਆਂ ਟੀਵੀ ਡਿਬੇਟ ਹੋਈਆਂ? ਮੁਜ਼ੱਫਰਨਗਰ ਦੇ ਦੰਗਾ ਕਰਨ ਵਾਲਿਆਂ 'ਤੇ ਚੱਲ ਰਹੇ ਸਵਾ ਸੌ ਤੋਂ ਜ਼ਿਆਦਾ ਮਾਮਲੇ ਕੌਣ ਵਾਪਸ ਲੈ ਰਿਹਾ ਹੈ? ਮੈਂ ਹਿੰਸਾ ਨੂੰ ਰੱਦ ਕਰਦਾ ਹਾਂ, ਕਿਉਂਕਿ ਉਹ ਮਨੁੱਖਤਾ ਤੇ ਸੱਭਿਅਤਾ ਦਾ ਕਰੂਰ ਚੇਹਰਾ ਹੈ, ਪਰ ਇਹ ਕਰੂਰਤਾ ਸਾਡੇ ਸਮਾਜ ਵਿੱਚ ਹਮੇਸ਼ਾ ਮੁੱਠੀ ਭਰ ਉੱਚ ਵਰਣ, ਸਾਮੰਤਵਾਦੀਆਂ, ਕਾਰਪੋਰੇਟ, ਫਿਰਕੂ ਗਿਰੋਹਾਂ ਨੇ ਹੀ ਦਿਖਾਈ ਹੈ। ਕਦੇ-ਕਦਾਈਂ ਜੇਕਰ ਅਛੂਤ ਅਤੇ ਦਲਿਤ ਹਿੰਸਕ ਹੋਏ ਵੀ ਤਾਂ ਮਨੂੰਵਾਦੀ ਵਿਵਸਥਾ ਨੇ ਹੀ ਉਨ੍ਹਾਂ ਨੂੰ ਹਥਿਆਰ ਫੜਾਇਆ ਜਾਂ ਫਿਰ ਆਪਣੀ ਸੁਰੱਖਿਆ ਲਈ ਉਨ੍ਹਾਂ ਕੋਲ ਹੋਰ ਕੋਈ ਬਦਲ ਨਹੀਂ ਰਿਹਾ ਹੋਵੇਗਾ। 
 
ਇਤਿਹਾਸ ਦੱਸਦਾ ਹੈ ਕਿ ਹਿੰਸਾ ਹੁਕਮਰਾਨਾਂ ਦਾ ਹਥਿਆਰ ਰਿਹਾ ਹੈ। ਸ਼ੋਸ਼ਿਤ ਸਮਾਜ ਭਲਾ ਕਿੱਥੋਂ ਹਿੰਸਾ ਕਰੇਗਾ। ਤੁਸੀਂ ਹੀ ਅੱਖਾਂ ਖੋਲੋ ਅਤੇ ਦਿਮਾਗ ਨਾਲ ਸੋਚੋ, ਹਥਿਆਰਾਂ ਦਾ ਨਿਰਮਾਣ ਕੌਰ ਕਰਵਾ ਰਿਹਾ ਹੈ, ਹਥਿਆਰਾਂ ਦੇ ਧੰਦੇ ਨੂੰ ਕੌਣ ਚਲਾਉਂਦਾ ਹੈ? ਦਲਿਤ ਤੇ ਸ਼ੂਦਰ, ਮਤਲਬ ਬਹੁਜਨ ਸਮਾਜ ਸਦੀਆਂ ਤੋਂ ਜਾਰੀ ਹਿੰਸਾ ਅਤੇ ਕਰੂਰਤਾ ਦਾ ਖਾਤਮਾ ਚਾਹੁੰਦਾ ਹੈ। ਅੱਤਿਆਚਾਰ ਦੇ ਹਥਿਆਰਾਂ ਦਾ ਖਾਤਮਾ ਚਾਹੁੰਦਾ ਹੈ। ਅੱਜ ਇੱਕ ਨਵੇਂ ਤਰ੍ਹਾਂ ਦੇ ਸਮਾਜਿਕ ਗੱਠਜੋੜ ਦੀ ਜ਼ਰੂਰਤ ਹੈ, ਜਿਸ ਵਿੱਚ ਉੱਚ ਵਰਣ ਸਮਾਜ ਦਾ ਤਰੱਕੀ ਪਸੰਦ ਤੇ ਉਦਾਰ ਮਨੁੱਖੀ ਹਿੱਸਾ ਬਹੁਜਨ ਦੀ ਉਭਰਦੀ ਏਕਤਾ ਦਾ ਹਰ ਪੱਧਰ 'ਤੇ ਸਾਥ ਦੇਵੇ।
-ਉਰਮਿਲੇਸ਼
(ਲੇਖਕ ਸੀਨੀਅਰ ਪੱਤਰਕਾਰ ਹਨ)

Comments

Leave a Reply