Tue,Jul 16,2019 | 12:36:30pm
HEADLINES:

editorial

ਬੱਚਿਆਂ ਦੀ ਜ਼ਿੰਮੇਵਾਰੀ, ਪਰਿਵਾਰ ਤੋਂ ਸਹਿਯੋਗ ਨਹੀਂ; ਨੌਕਰੀ ਛੱਡਣ ਲਈ ਮਜਬੂਰ ਹੋ ਜਾਂਦੀਆਂ ਨੇ ਔਰਤਾਂ

ਬੱਚਿਆਂ ਦੀ ਜ਼ਿੰਮੇਵਾਰੀ, ਪਰਿਵਾਰ ਤੋਂ ਸਹਿਯੋਗ ਨਹੀਂ; ਨੌਕਰੀ ਛੱਡਣ ਲਈ ਮਜਬੂਰ ਹੋ ਜਾਂਦੀਆਂ ਨੇ ਔਰਤਾਂ

ਹਾਲ ਹੀ 'ਚ ਹੋਏ ਇੱਕ ਸਰਵੇ ਮੁਤਾਬਕ, ਦੇਸ਼ ਵਿੱਚ 72 ਫੀਸਦੀ ਮਹਿਲਾਵਾਂ ਮਾਂ ਬਣਨ ਤੋ ਬਾਅਦ ਨੌਕਰੀ ਛੱਡ ਦਿੰਦੀਆਂ ਹਨ। ਜਿਸ ਦੇਸ਼ ਵਿੱਚ ਪ੍ਰੀਖਿਆਵਾਂ ਵਿੱਚ ਲੜਕੀਆਂ ਮੋਹਰੀ ਰਹਿ ਰਹੀਆਂ ਹਨ, ਉੱਥੇ ਇਹ ਸਰਵੇ ਦੱਸਦਾ ਹੈ ਕਿ ਸਿਰਫ 15 ਫੀਸਦੀ ਮਹਿਲਾਵਾਂ ਹੀ ਨੌਕਰੀ ਵਿੱਚ ਰਿਟਾਇਰਮੈਂਟ ਦੀ ਉਮਰ ਤੱਕ ਪਹੁੰਚ ਪਾਉਂਦੀਆਂ ਹਨ। 
 
ਰਿਪੋਰਟ ਮੁਤਾਬਕ, ਮਾਂ ਬਣਨ ਤੋਂ ਬਾਅਦ ਸਿਰਫ 27 ਫੀਸਦੀ ਮਹਿਲਾਵਾਂ ਹੀ ਆਪਣੀ ਨੌਕਰੀ ਨੂੰ ਕਾਇਮ ਰੱਖ ਪਾਉਂਦੀਆਂ ਹਨ। 50 ਫੀਸਦੀ ਮਹਿਲਾਵਾਂ ਬੱਚਿਆਂ ਦੀ ਜ਼ਿੰਮੇਵਾਰੀ ਨਿਭਾਉਣ ਲਈ ਕੰਮਕਾਜੀ ਜ਼ਿੰਦਗੀ 'ਤੇ ਸਟਾਪ ਲਗਾ ਦਿੰਦੀਆਂ ਹਨ। ਅਜਿਹੇ ਵਿੱਚ ਉੱਚ ਸਿੱਖਿਆ ਵਿੱਚ ਬੇਟੀਆਂ ਦੇ ਵਧਦੇ ਅੰਕੜੇ ਅਤੇ ਸੈਨਾ ਤੋਂ ਲੈ ਕੇ ਸਪੇਸ ਤੱਕ ਉਨ੍ਹਾਂ ਦੀ ਤੇਜ਼ੀ ਨਾਲ ਵਧਦੀ ਹਿੱਸੇਦਾਰੀ ਦੇ ਦੌਰ ਵਿੱਚ ਇਸ ਸਰਵੇ ਦੇ ਨਤੀਜੇ ਚਿੰਤਾਜਨਕ ਹਨ।
 
ਇਸ ਸਰਵੇ ਵਿੱਚ ਕੰਮਕਾਜੀ ਮਹਿਲਾਵਾਂ ਅਤੇ ਪੁਰਸ਼ਾਂ ਵਿਚਕਾਰ ਭੇਦਭਾਵ ਦੀ ਗੱਲ ਵੀ ਸਾਹਮਣੇ ਆਈ ਹੈ। ਇੰਨਾ ਹੀ ਨਹੀਂ, ਸੁਰੱਖਿਆ, ਸਮਾਜਿਕ ਸਮਰਥਨ ਦੀ ਕਮੀ ਅਤੇ ਕੰਮਕਾਜ ਵਾਲੇ ਸਥਾਨ 'ਤੇ ਬਰਾਬਰੀ ਨਾਲ ਜੁੜੇ ਕਈ ਕਾਰਨਾਂ ਕਰਕੇ ਵੀ ਮਹਿਲਾਵਾਂ ਮਾਂ ਦੀ ਜ਼ਿੰਮੇਵਾਰੀ ਨਿਭਾਉਂਦੇ ਹੋਏ ਨੌਕਰੀ ਦਾ ਹਿੱਸਾ ਨਹੀਂ ਰਹਿ ਪਾਉਂਦੀਆਂ।
 
ਦੇਸ਼ ਵਿੱਚ ਵੂਮਨ ਵਰਕਫੋਰਸ ਦੀ ਹਿੱਸੇਦਾਰੀ ਅਤੇ ਭੇਦਭਾਵ ਨੂੰ ਲੈ ਕੇ ਸਾਹਮਣੇ ਆਏ ਇਹ ਅੰਕੜੇ ਸੋਚਣ ਨੂੰ ਮਜ਼ਬੂਰ ਕਰਦੇ ਹਨ ਕਿ ਕੁਦਰਤ ਦੀ ਸਭ ਤੋਂ ਖੂਬਸੂਰਤ ਜ਼ਿੰਮੇਵਾਰੀ ਨੂੰ ਜਿਉਂਦੇ ਹੋਏ ਮਹਿਲਾਵਾਂ ਆਪਣੇ ਕੰਮਕਾਜੀ ਵਜੂਦ ਨੂੰ ਗੁਆ ਦਿੰਦੀਆਂ ਹਨ। ਕਿੰਨੀਆਂ ਹੀ ਮੁਸ਼ਕਿਲਾਂ ਦਾ ਸਾਹਮਣਾ ਕਰਕੇ ਹਾਸਲ ਕੀਤੀਆਂ ਗਈਆਂ ਸਿੱਖਿਅਕ ਉਪਲਬਧੀਆਂ ਨੂੰ ਭੁੱਲ ਕੇ ਦੇਸ਼ ਦੀ ਅੱਧੀ ਆਬਾਦੀ ਦਾ ਮਹੱਤਵਪੂਰਨ ਹਿੱਸਾ ਆਪਣੀ ਪੂਰੀ ਜ਼ਿੰਦਗੀ ਸਿਰਫ ਘਰ-ਪਰਿਵਾਰ ਸਾਂਭਣ ਵਿੱਚ ਲਗਾ ਦੇਣ ਵਾਲੀਆਂ ਮਹਿਲਾਵਾਂ ਦਾ ਹੈ।
 
ਅੰਕੜਿਆਂ ਮੁਤਾਬਕ ਸਾਲ 2005 ਤੋਂ ਬਾਅਦ ਕੰਮਕਾਜ ਵਿੱਚ ਮਹਿਲਾਵਾਂ ਦੀ ਹਿੱਸੇਦਾਰੀ ਘਟਦੀ ਜਾ ਰਹੀ ਹੈ, ਜਦਕਿ ਮਹਿਲਾਵਾਂ ਦੀ ਹਿੱਸੇਦਾਰੀ ਪੱਕੀ ਕੀਤੇ ਬਿਨਾਂ ਦੇਸ਼ ਵਿੱਚ ਵਿਕਾਸ ਪ੍ਰਕਿਰਿਆ ਨੂੰ ਰਫਤਾਰ ਦੇਣਾ ਮੁਸ਼ਕਿਲ ਹੈ। ਬੀਤੇ ਸਾਲ ਆਈ ਵਰਲਡ ਬੈਂਕ ਦੀ ਇੰਡੀਆ ਡੇਵਲੇਪਮੈਂਟ ਰਿਪੋਰਟ ਵਿੱਚ ਵੀ ਕਿਹਾ ਗਿਆ ਸੀ ਕਿ ਵਰਕ ਫੋਰਸ ਵਿੱਚ ਮਹਿਲਾਵਾਂ ਦੀ ਹਿੱਸੇਦਾਰੀ ਦੇ ਮੋਰਚੇ 'ਤੇ ਭਾਰਤ ਅੱਜ ਵੀ ਬਹੁਤ ਪਿੱਛੇ ਹੈ। 131 ਦੇਸ਼ਾਂ ਦੀ ਇਸ ਲਿਸਟ ਵਿੱਚ ਸਾਡਾ ਦੇਸ਼ 120ਵੇਂ ਸਥਾਨ 'ਤੇ ਹੈ।
 
ਵਿਸ਼ਵ ਬੈਂਕ ਦੀ ਇਸ ਰਿਪੋਰਟ ਮੁਤਾਬਕ, ਭਾਰਤ ਦੀ ਵਰਕ ਫੋਰਸ ਵਿੱਚ ਮਹਿਲਾਵਾਂ ਦੀ ਹਿੱਸੇਦਾਰੀ ਵਧਣ 'ਤੇ ਆਰਥਿਕ ਵਾਧਾ ਦਰ ਦਹਾਈ ਤੱਕ ਜਾ ਸਕਦੀ ਹੈ। ਪਤ੍ਰਿਕਾ 'ਦ ਇਕੋਨੋਮਿਸਟ' ਮੁਤਾਬਕ ਵੀ ਭਾਰਤ ਜੇਕਰ ਮਹਿਲਾਵਾਂ ਦੀ ਪ੍ਰੋਡਕਟੀਵਿਟੀ ਵਿੱਚ ਵਾਧਾ ਕਰਦਾ ਹੈ ਤਾਂ 2025 ਤੱਕ ਜੀਡੀਪੀ ਵਿੱਚ 18 ਫੀਸਦੀ ਦਾ ਵਾਧਾ ਕਰ ਲਵੇਗਾ।
 
ਅਸਲ ਵਿੱਚ ਮਹਿਲਾਵਾਂ ਸਾਡੇ ਸਮਾਜ ਦਾ ਉਹ ਵੱਡਾ ਵਰਗ ਹੈ, ਜੋ ਕਿ ਸਮਰੱਥਾ ਤੇ ਯੋਗਤਾ ਤਾਂ ਰੱਖਦੀਆਂ ਹਨ, ਪਰ ਨੌਕਰੀ ਵਿੱਚ ਲਿੰਗ ਆਧਾਰਿਤ ਭੇਦਭਾਵ, ਸਮਾਜਿਕ ਜ਼ਿੰਮੇਵਾਰੀਆਂ, ਕੰਮਕਾਜ ਵਾਲੇ ਸਥਾਨ 'ਤੇ ਅਸੁਰੱਖਿਆ ਤੇ ਪਰਿਵਾਰਕ ਅਸਹਿਯੋਗ ਵਰਗੇ ਕਾਰਨਾਂ ਕਰਕੇ ਕਰੀਅਰ ਦੀ ਦੌੜ ਵਿੱਚ ਪਿੱਛੇ ਰਹਿ ਜਾਂਦੀਆਂ ਹਨ। ਉੱਚ ਡਿਗਰੀ ਲੈਣ ਦੇ ਬਾਵਜੂਦ ਕਈ ਸਮਾਜਿਕ, ਪਰਿਵਾਰਕ ਕਾਰਨ ਹਨ, ਜੋ ਕਿ ਤੈਅ ਕਰਦੇ ਹਨ ਕਿ ਮਾਂ ਬਣਨ ਤੋਂ ਬਾਅਦ ਕੋਈ ਯੋਗ ਤੇ ਸਮਰੱਥ ਮਹਿਲਾ ਵੀ ਵਰਕ ਫੋਰਸ ਦਾ ਹਿੱਸਾ ਬਣੀ ਰਹਿ ਸਕੇਗੀ ਜਾਂ ਨਹੀਂ। ਬੱਚੇ ਦੀ ਦੇਖਭਾਲ ਤੇ ਕੰਮਕਾਜੀ ਭੱਜ ਦੌੜ ਵਿੱਚ ਸੰਤੁਲਨ ਬਣਾਉਣ ਲਈ ਉਨ੍ਹਾਂ ਨੂੰ ਪਰਿਵਾਰ ਦੀ ਮਦਦ ਦੀ ਜ਼ਰੂਰਤ ਹੁੰਦੀ ਹੈ, ਜੋ ਕਿ ਆਮ ਤੌਰ 'ਤੇ ਨਹੀਂ ਮਿਲ ਪਾਉਂਦੀ।
 
ਇੰਨਾ ਹੀ ਨਹੀਂ, ਅਸੁਰੱਖਿਆ ਤੇ ਬੁਨਿਆਦੀ ਸੁਵਿਧਾਵਾਂ ਦੀ ਕਮੀ ਇੱਕ ਵੱਡਾ ਕਾਰਨ ਹੈ, ਜਿਸ ਕਰਕੇ ਮਹਿਲਾਵਾਂ ਨੌਕਰੀ ਨਹੀਂ ਕਰ ਪਾਉਂਦੀਆਂ। ਅੱਜ ਵੀ ਵੱਡੀਆਂ-ਵੱਡੀਆਂ ਕੰਪਨੀਆਂ ਵਿੱਚ ਵੀ ਬੱਚਿਆਂ ਲਈ ਕ੍ਰੈਚ ਦੀ ਸੁਵਿਧਾ ਉਪਲਬਧ ਨਹੀਂ ਹੈ। ਅਜਿਹੇ ਵਿੱਚ ਬੱਚਿਆਂ ਨੂੰ ਨੌਕਰਾਂ ਦੇ ਭਰੋਸੇ ਨਾ ਛੱਡਣ ਦੀ ਸੋਚ ਵੀ ਮਾਂ ਨੂੰ ਆਪਣੇ ਕਰੀਅਰ ਤੋਂ ਦੂਰ ਕਰ ਦਿੰਦੀ ਹੈ। ਇੰਨਾ ਹੀ ਨਹੀਂ, ਕੰਮਕਾਜੀ ਮਹਿਲਾਵਾਂ ਦੀ ਪਰੇਸ਼ਾਨੀਆਂ ਨਾਲ ਜੁੜੇ ਇਸ ਤਾਜ਼ਾ ਸਰਵੇਖਣ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਬਰਾਬਰ ਯੋਗਤਾ ਲਈ ਗੈਰਬਰਾਬਰ ਤਨਖਾਹ ਤੇ ਕੰਮਕਾਜ ਵਾਲੇ ਸਥਾਨ 'ਤੇ ਭੇਦਭਾਵ ਦਾ ਮਾਹੌਲ ਵੀ ਉਨ੍ਹਾਂ ਨੂੰ ਨੌਕਰੀ ਤੋਂ ਦੂਰ ਕਰ ਦਿੰਦਾ ਹੈ।
 
ਅੱਜ ਵੀ ਬੱਚੇ ਦੀ ਦੇਖਭਾਲ ਦੀ ਪੂਰੀ ਜ਼ਿੰਮੇਵਾਰੀ ਮਾਂ ਦੇ ਹਿੱਸੇ ਹੈ। ਤਾਂ ਹੀ ਤਾਂ ਬੇਟੀਆਂ ਪੜ੍ਹਾਈ ਵਿੱਚ ਤਾਂ ਅੱਗੇ ਰਹਿੰਦੀਆਂ ਹਨ, ਪਰ ਕਰੀਅਰ ਦੀ ਰੇਸ ਵਿੱਚ ਉਨ੍ਹਾਂ ਦੀ ਗਿਣਤੀ ਘੱਟ ਹੋ ਜਾਂਦੀ ਹੈ। ਅੱਜ ਵੀ ਹਰ ਮਾਤਾ-ਪਿਤਾ ਦੀ ਪਹਿਲ ਇਹੀ ਹੁੰਦੀ ਹੈ ਕਿ ਬੇਟੀ ਵਿਆਹ ਕਰਕੇ ਆਪਣਾ ਘਰ ਬਸਾ ਲਵੇ ਅਤੇ ਆਪਣਾ ਪਰਿਵਾਰ ਅੱਗੇ ਵਧਾਵੇ। ਅਜਿਹੇ ਵਿੱਚ ਕਈ ਵਾਰ ਵਿਆਹ ਅਤੇ ਮੈਟਰਨਿਟੀ ਨਾਲ ਜੁੜੀਆਂ ਅਜਿਹੀਆਂ ਕਈ ਗੱਲਾਂ ਸਾਹਮਣੇ ਆਉਂਦੀਆਂ ਹਨ, ਜੋ ਕਰੀਅਰ ਵਿੱਚ ਸਮਝੌਤੇ ਦਾ ਕਾਰਨ ਬਣਦੀਆਂ ਹਨ। ਮਾਂ ਬਣਨ ਤੋਂ ਬਾਅਦ ਤਾਂ ਜ਼ਿਆਦਾਤਰ ਮਹਿਲਾਵਾਂ ਰੁਜ਼ਗਾਰ ਦੀ ਦੁਨੀਆ ਨਾਲ ਰਿਸ਼ਤਾ ਤੋੜ ਲੈਂਦੀਆਂ ਹਨ।
 
ਆਮ ਤੌਰ 'ਤੇ ਕੰਮਕਾਜੀ ਲੜਕੀਆਂ ਮਾਂ ਬਣਨ 'ਤੇ ਆਪਣੇ ਕੰਮ ਤੋਂ ਥੋੜੇ ਸਮੇਂ ਲਈ ਬ੍ਰੇਕ ਲੈ ਲੈਂਦੀਆਂ ਹਨ। ਫਿਰ ਪ੍ਰੋਫੈਸ਼ਨਲ ਫਰੰਟ 'ਤੇ ਵਾਪਸੀ ਕਰਨ ਵਿੱਚ ਉਨ੍ਹਾਂ ਨੂੰ ਬਹੁਤ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸਦੇ ਬਾਵਜੂਦ ਹਰ ਖੇਤਰ ਵਿੱਚ ਮਹਿਲਾਵਾਂ ਪੁਰਸ਼ਾਂ ਦਾ ਦਬਦਬਾ ਤੋੜ ਰਹੀਆਂ ਹਨ। ਤਕਨੀਕੀ ਤੇ ਉੱਚ ਸਿੱਖਿਆ ਵਿੱਚ ਮਹਿਲਾਵਾਂ ਦੇ ਕੰਮ ਦਾ ਦਾਇਰਾ ਤਾਂ ਹਾਲ ਦੇ ਸਾਲਾਂ ਵਿੱਚ ਬਹੁਤ ਤੇਜ਼ੀ ਨਾਲ ਵਧਿਆ ਹੈ।
 
2011 ਦੀ ਜਨਗਣਨਾ ਦੀ ਪੜਤਾਲ ਦੇ ਅੰਕੜੇ ਦੱਸਦੇ ਹਨ ਕਿ 2001 ਤੋਂ 2011 ਦੌਰਾਨ ਦੇਸ਼ ਵਿੱਚ ਮਹਿਲਾਵਾਂ ਦੀ ਸਿੱਖਿਆ ਦਾ ਪੱਧਰ 116 ਫੀਸਦੀ ਵਧਿਆ ਹੈ। ਦੁੱਖਦਾਇਕ ਹੈ ਕਿ ਯੋਗਤਾ ਤੇ ਸਫਲਤਾ ਦੀ ਨਵੀਂ ਕਹਾਣੀ ਲਿਖ ਰਹੀਆਂ ਬੇਟੀਆਂ ਨੂੰ ਕਰੀਅਰ ਦੇ ਮਾਮਲੇ ਵਿੱਚ ਪਰਿਵਾਰ ਤੋਂ ਜਿਹੜਾ ਸਹਿਯੋਗ ਮਿਲਣਾ ਚਾਹੀਦਾ ਹੈ, ਉਹ ਅੱਜ ਵੀ ਨਹੀਂ ਮਿਲ ਰਿਹਾ ਹੈ।
 
ਅਸਲ ਵਿੱਚ ਦੇਖਿਆ ਜਾਵੇ ਤਾਂ ਮਹਿਲਾਵਾਂ ਦੇ ਆਤਮਨਿਰਭਰ ਬਣਨ ਅਤੇ ਉਮਰ ਭਰ ਬਣੇ ਰਹਿਣ ਦੀ ਪ੍ਰਕਿਰਿਆ ਵਿੱਚ ਵੀ ਸਮਾਜ ਦਾ ਦੋਹਰਾ ਵਤੀਰਾ ਹੈ। ਸਮਾਜ ਵਿੱਚ ਮੌਜੂਦ ਗੈਰਬਰਾਬਰੀ ਤੇ ਭੇਦਭਾਵ ਵਾਲੀ ਸੋਚ ਦਾ ਸਾਹਮਣਾ ਕਰਨ ਦੀ ਸਮਰੱਥਾ ਰੱਖਣ ਵਾਲੀਆਂ ਮਹਿਲਾਵਾਂ ਨੂੰ ਆਪਣੇ ਹੀ ਪਰਿਵਾਰ ਵਿੱਚ ਸਹਿਯੋਗ ਨਹੀਂ ਮਿਲਦਾ। ਕੰਮਕਾਜ ਨੂੰ ਲੈ ਕੇ ਰੂੜੀਵਾਦੀ ਤੇ ਅਸਹਿਯੋਗ ਦਾ ਮਾਹੌਲ ਅੱਜ ਵੀ ਮੌਜੂਦ ਹੈ।
 
ਆਰਥਿਕ ਸਹਿਯੋਗ ਅਤੇ ਵਿਕਾਸ ਸੰਗਠਨ ਦੀ 2012 ਵਿੱਚ ਆਈ ਇੱਕ ਰਿਪੋਰਟ ਮੁਤਾਬਕ, ਭਾਰਤ ਵਿੱਚ ਪੁਰਸ਼ ਘਰੇਲੂ ਕੰਮਾਂ ਵਿੱਚ ਜ਼ਿਆਦਾ ਹੱਥ ਨਹੀਂ ਵੰਡਾਉਂਦੇ ਹਨ। ਜ਼ਿੰਮੇਵਾਰੀਆਂ ਨਿਭਾਉਣ ਦਾ ਅਜਿਹਾ ਮਾਹੌਲ ਵੀ ਮਹਿਲਾਵਾਂ ਨੂੰ ਘਰ ਦੇ ਅੰਦਰ ਤੱਕ ਸੀਮਤ ਹੋਣ ਲਈ ਮਜ਼ਬੂਰ ਕਰ ਦਿੰਦਾ ਹੈ। ਅਜਿਹਾ ਵਿਵਹਾਰ ਸਾਡੇ ਪਰਿਵਾਰਾਂ ਵਿੱਚ ਮੌਜੂਦ ਲਿੰਗ ਆਧਾਰਤ ਗੈਰਬਰਾਬਰੀ ਦੇ ਸੱਚ ਨੂੰ ਵੀ ਸਾਹਮਣੇ ਲਿਆਉਣ ਵਾਲਾ ਹੈ।
 
ਭਾਰਤ ਦੀ ਅੱਧੀ ਆਬਾਦੀ, ਮਤਲਬ ਕਰੀਬ 60 ਕਰੋੜ ਆਬਾਦੀ ਮਹਿਲਾਵਾਂ ਦੀ ਹੈ, ਜੋ ਕਿ ਸਿੱਖਿਅਤ ਵੀ ਹਨ ਤੇ ਜਾਗਰੂਕ ਵੀ। ਬਾਵਜੂਦ ਇਸਦੇ ਭਾਰਤ ਦੀਆਂ ਮਹਿਲਾਵਾਂ ਦੀ ਕੰਮਕਾਜ ਵਿੱਚ ਹਿੱਸੇਦਾਰੀ ਪਿਛਲੇ ਕੁਝ ਸਾਲਾਂ ਵਿੱਚ ਲਗਾਤਾਰ ਘੱਟ ਹੁੰਦੀ ਆ ਰਹੀ ਹੈ। ਮਾਂ ਹੋਣ ਦੀ ਜ਼ਿੰਮੇਵਾਰੀ ਨਿਭਾਉਣ ਤੇ ਸਿੰਗਲ ਫੈਮਿਲੀ ਦਾ ਵਧਦਾ ਟ੍ਰੈਂਡ ਇਸ ਨੂੰ ਵਧਾਉਣ ਦਾ ਮੁੱਖ ਕਾਰਨ ਹੈ। ਜੇਕਰ ਪਰਿਵਾਰ ਤੇ ਵਿਵਸਥਾਗਤ ਢਾਂਚਾ ਸਹਿਯੋਗੀ ਬਣੇ ਤਾਂ ਕੰਮਕਾਜ ਦੇ ਮੋਰਚੇ 'ਤੇ ਵੀ ਮਾਤਾਵਾਂ ਖੁਦ ਨੂੰ ਸਾਬਿਤ ਕਰਨ ਦਾ ਜਜ਼ਬਾ ਰੱਖਦੀਆਂ ਹਨ। ਜ਼ਰੂਰਤ ਹੈ ਤਾਂ ਇਸ ਗੱਲ ਦੀ ਕਿ ਭਾਵਨਾਤਮਕ ਪੱਖ 'ਤੇ ਸਮਝੀ ਜਾਣ ਵਾਲੀ ਮਾਂ ਦੀ ਭੂਮਿਕਾ ਨੂੰ ਵਿਵਹਾਰਕ ਰੂਪ ਤੋਂ ਵੀ ਆਪਣੀ ਯੋਗਤਾ ਨਾਲ ਅੱਗੇ ਵਧਣ ਦਾ ਮੌਕਾ ਮਿਲੇ। 

ਮਹਿਲਾ ਉਦਯੋਗਪਤੀਆਂ ਨੂੰ ਬਰਾਬਰ ਮੌਕੇ ਉਪਲਬਧ ਕਰਾਉਣ 'ਚ ਭਾਰਤ ਬਹੁਤ ਪਿੱਛੇ
ਮਹਿਲਾ ਉਦਯੋਗਪਤੀਆਂ ਨੂੰ ਬਰਾਬਰੀ ਵਾਲਾ ਮਾਹੌਲ ਉਪਲਬਧ ਕਰਾਉਣ ਦੇ ਮਾਮਲੇ ਵਿੱਚ ਭਾਰਤ 52ਵੇਂ ਸਥਾਨ 'ਤੇ ਹੈ। 57 ਦੇਸ਼ਾਂ ਦੀ ਇਸ ਸੂਚੀ ਵਿੱਚ ਅਮਰੀਕਾ ਤੇ ਚੀਨ ਦੇ ਮੁਕਾਬਲੇ ਭਾਰਤ ਬਹੁਤ ਪਿੱਛੇ ਹੈ। ਮਾਸਟਰ ਕਾਰਡ ਦੀ ਮਹਿਲਾ ਉਦਯੋਗਪਤੀਆਂ ਦੇ ਇੰਡੈਕਸ (ਐੱਮਆਈਡਬਲਯੂ) ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਭਾਰਤ ਵਿੱਚ ਮਹਿਲਾ ਉਦਯੋਗਪਤੀਆਂ ਲਈ ਸੱਭਿਆਚਾਰਕ ਬਰਾਬਰੀ ਦੀ ਕਮੀ ਹੈ।
 
ਨਾਲ ਹੀ ਵਿੱਤ ਸੇਵਾਵਾਂ ਤੱਕ ਪਹੁੰਚ ਦੀ ਕਮੀ ਤੇ ਸਮਾਜਿਕ ਸਵੀਕ੍ਰਿਤੀ ਦੀ ਵੀ ਕਮੀ ਉਨ੍ਹਾਂ ਦੇ ਅੱਗੇ ਵਧਣ ਦੀ ਰਾਹ ਵਿੱਚ ਵੱਡੀਆਂ ਮੁਸ਼ਕਿਲਾਂ ਹਨ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇਸ ਸੂਚੀ ਵਿੱਚ ਭਾਰਤ ਸਿਰਫ ਇਰਾਨ, ਸਾਊਦੀ ਅਰਬ, ਅਲਜ਼ੀਰਿਆ, ਮਿਸਰ ਤੇ ਬੰਗਲਾਦੇਸ਼ ਤੋਂ ਹੀ ਅੱਗੇ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਭਾਰਤ ਵਿੱਚ ਮਹਿਲਾਵਾਂ ਲਈ ਕਿਸੇ ਕਾਰੋਬਾਰ ਦਾ ਮਾਲਿਕਾਨਾ ਹੱਕ ਰੱਖਣ ਨੂੰ ਲੈ ਕੇ ਚੰਗੇ ਹਾਲਾਤ ਨਹੀਂ ਹਨ।
 
ਮਾਸਟਰ ਕਾਰਡ ਦੀ ਉਪਪ੍ਰਧਾਨ ਮਾਨਸੀ ਨਰਸਿਮਹਨ ਨੇ ਕਿਹਾ ਕਿ ਇਹ ਇੰਡੈਕਸ ਆਰਥਿਕ, ਰਾਜਨੀਤਕ ਤੇ ਸਮਾਜਿਕ ਪੱਧਰ 'ਤੇ ਬਦਲਾਅ ਬਾਰੇ ਸੂਚਨਾ ਦਿੰਦਾ ਹੈ। ਰਿਪੋਰਟ ਮੁਤਾਬਕ, ਭਾਰਤ ਇਸ ਸੂਚੀ ਵਿੱਚ ਪਿਛਲੇ ਸਾਲ ਦੇ ਬਰਾਬਰ 52ਵੇਂ ਸਥਾਨ 'ਤੇ ਹੈ। ਅਮਰੀਕਾ ਚੌਥੇ ਤੇ ਚੀਨ 29ਵੇਂ ਸਥਾਨ 'ਤੇ ਹੈ।
-ਡਾ. ਮੋਨਿਕਾ

 

Comments

Leave a Reply