Mon,Jul 13,2020 | 04:15:35am
HEADLINES:

editorial

ਸੀਵਰੇਜ 'ਚ ਮੌਤਾਂ ਦੇ ਮਾਮਲੇ 'ਚ 50 ਫੀਸਦੀ ਪਰਿਵਾਰਾਂ ਨੂੰ ਨਹੀਂ ਮਿਲਿਆ ਪੂਰਾ ਮੁਆਵਜ਼ਾ

ਸੀਵਰੇਜ 'ਚ ਮੌਤਾਂ ਦੇ ਮਾਮਲੇ 'ਚ 50 ਫੀਸਦੀ ਪਰਿਵਾਰਾਂ ਨੂੰ ਨਹੀਂ ਮਿਲਿਆ ਪੂਰਾ ਮੁਆਵਜ਼ਾ

ਵਿਗਿਆਨ ਦੇ ਯੁੱਗ ਦੇ ਬਾਵਜੂਦ ਦੇਸ਼ ਵਿੱਚ ਸਫਾਈ ਮੁਲਾਜ਼ਮ ਬਿਨਾਂ ਸੰਸਾਧਨਾਂ ਦੇ ਸੀਵਰੇਜ ਵਿੱਚ ਮਾਰੇ ਜਾ ਰਹੇ ਹਨ। ਸੀਵਰੇਜ 'ਚ ਜ਼ਹਿਰੀਲੀ ਗੈਸਾਂ ਜਾਂ ਹੋਰ ਕਾਰਨਾਂ ਕਰਕੇ ਹੋਣ ਵਾਲੀਆਂ ਮੌਤਾਂ ਦਾ ਇੱਕ ਹੋਰ ਦੁੱਖਦਾਇਕ ਪੱਖ ਇਹ ਹੈ ਕਿ ਇਨ੍ਹਾਂ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਪੂਰਾ ਮੁਆਵਜ਼ਾ ਵੀ ਨਹੀਂ ਮਿਲ ਪਾਉਂਦਾ। 'ਦ ਵਾਇਰ' ਵੱਲੋਂ ਇਸ ਸਬੰਧ ਵਿੱਚ ਆਰਟੀਆਈ ਰਾਹੀਂ ਹਾਸਲ ਕੀਤੀ ਗਈ ਜਾਣਕਾਰੀ ਵਿੱਚ ਇਹ ਗੱਲ ਸਾਹਮਣੇ ਆਈ ਹੈ।
 
ਆਰਟੀਆਈ ਤੋਂ ਮਿਲੀ ਜਾਣਕਾਰੀ ਮੁਤਾਬਕ, ਦੇਸ਼ ਵਿੱਚ 1993 ਤੋਂ ਲੈ ਕੇ 2019 ਤੱਕ ਸੀਵਰੇਜ ਦੀ ਸਫਾਈ ਦੌਰਾਨ ਜਿੰਨੀਆਂ ਮੌਤਾਂ ਹੋਈਆਂ, ਉਨ੍ਹਾਂ ਵਿੱਚੋਂ 50 ਫੀਸਦੀ ਪੀੜਤ ਪਰਿਵਾਰਾਂ ਨੂੰ ਪੂਰਾ ਮੁਆਵਜ਼ਾ ਨਹੀਂ ਮਿਲ ਸਕਿਆ। ਨਿਯਮ ਤਹਿਤ ਮ੍ਰਿਤਕਾਂ ਦੇ ਪਰਿਵਾਰਾਂ ਨੂੰ 10 ਲੱਖ ਰੁਪਏ ਦੀ ਰਕਮ ਦਿੱਤੀ ਜਾਂਦੀ ਹੈ, ਪਰ ਇਹ ਰਕਮ ਪੂਰੀ ਨਹੀਂ ਦਿੱਤੀ ਗਈ। 'ਦ ਵਾਇਰ' ਦੀ ਰਿਪੋਰਟ ਮੁਤਾਬਕ, ਸੁਪਰੀਮ ਕੋਰਟ ਨੇ ਸਾਲ 2014 ਦੇ ਆਪਣੇ ਫੈਸਲੇ ਵਿੱਚ ਕਿਹਾ ਸੀ ਕਿ ਜੇਕਰ ਕਿਸੇ ਵਿਅਕਤੀ ਦੀ ਸੀਵਰੇਜ ਦੀ ਸਫਾਈ ਦੌਰਾਨ ਮੌਤ ਹੁੰਦੀ ਹੈ ਤਾਂ ਪੀੜਤ ਪਰਿਵਾਰ ਨੂੰ 10 ਲੱਖ ਦਾ ਮੁਆਵਜ਼ਾ ਦੇਣਾ ਹੋਵੇਗਾ।
 
ਹਾਲਾਂਕਿ ਕੇਂਦਰ ਦੇ ਰਾਸ਼ਟਰੀ ਸਫਾਈ ਕਰਮਚਾਰੀ ਕਮਿਸ਼ਨ (ਐੱਨਸੀਐੱਸਕੇ) ਨੇ ਆਰਟੀਆਈ ਤਹਿਤ ਦੱਸਿਆ ਕਿ ਸੂਬਿਆਂ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ, ਦੇਸ਼ ਦੇ 20 ਸੂਬਿਆਂ ਨੇ 1993 ਤੋਂ ਲੈ ਕੇ ਹੁਣ ਤੱਕ ਸੀਵਰੇਜ ਦੀ ਸਫਾਈ ਦੌਰਾਨ ਕੁੱਲ 814 ਲੋਕਾਂ ਦੀ ਮੌਤ ਹੋਣ ਦੀ ਜਾਣਕਾਰੀ ਦਿੱਤੀ ਗਈ ਹੈ। ਇਸ ਵਿੱਚੋਂ ਸਿਰਫ 455 ਮਾਮਲਿਆਂ ਵਿੱਚ ਹੀ ਪੂਰੇ 10 ਲੱਖ ਦਾ ਮੁਆਵਜ਼ਾ ਦਿੱਤਾ ਗਿਆ ਹੈ।
 
ਹਾਲਾਂਕਿ ਸੀਵਰੇਜ ਮੌਤਾਂ ਦਾ ਇਹ ਅੰਕੜਾ ਅਜੇ ਕਾਫੀ ਅਧੂਰਾ ਹੈ ਅਤੇ ਕਮਿਸ਼ਨ ਬਾਕੀ ਜਾਣਕਾਰੀ ਇਕੱਠੀ ਕਰਨ ਲਈ ਸੂਬਿਆਂ ਨੂੰ ਲਗਾਤਾਰ ਪੱਤਰ ਲਿਖ ਰਿਹਾ ਹੈ। ਰਾਸ਼ਟਰੀ ਸਫਾਈ ਕਰਮਚਾਰੀ ਕਮਿਸ਼ਨ ਦੀ ਜ਼ਿੰਮੇਵਾਰੀ ਹੈ ਕਿ ਉਹ ਦੇਸ਼ ਭਰ ਵਿੱਚ ਸੀਵਰੇਜ ਸਫਾਈ ਦੌਰਾਨ ਹੋਣ ਵਾਲੀਆਂ ਮੌਤਾਂ ਦੇ ਮਾਮਲਿਆਂ ਦੀ ਮਾਨੀਟਰਿੰਗ ਕਰੇ ਅਤੇ ਇਸ ਨਾਲ ਸਬੰਧਤ ਅੰਕੜੇ ਇਕੱਠੇ ਕਰੇ।
 
ਕਮਿਸ਼ਨ ਵੱਲੋਂ ਦਿੱਤੇ ਗਏ ਅੰਕੜਿਆਂ ਮੁਤਾਬਕ, ਸੀਵਰ ਵਿੱਚ ਸਭ ਤੋਂ ਜ਼ਿਆਦਾ ਮੌਤਾਂ (206) ਤਮਿਲਨਾਡੂ ਵਿੱਚ ਹੋਈਆਂ ਹਨ, ਜਿਨ੍ਹਾਂ ਵਿੱਚੋਂ 162 ਮਾਮਲਿਆਂ ਵਿੱਚ ਹੀ ਪੀੜਤ ਪਰਿਵਾਰ ਨੂੰ 10 ਲੱਖ ਦਾ ਮੁਆਵਜ਼ਾ ਦਿੱਤਾ ਗਿਆ ਹੈ। ਇਸ ਮਾਮਲੇ ਵਿੱਚ ਗੁਜਰਾਤ ਦੀ ਹਾਲਤ ਕਾਫੀ ਖਰਾਬ ਹੈ।
 
ਇੱਥੇ ਹੁਣ ਤੱਕ ਕੁੱਲ 156 ਲੋਕਾਂ ਦੀ ਮੌਤ ਹੋਈ, ਪਰ ਇਸ ਸੂਬੇ ਵਿੱਚ ਸਿਰਫ 53 ਮਾਮਲਿਆਂ (34 ਫੀਸਦੀ) ਵਿੱਚ ਹੀ ਪੀੜਤ ਪਰਿਵਾਰਾਂ ਨੂੰ 10 ਲੱਖ ਦਾ ਮੁਆਵਜ਼ਾ ਦਿੱਤਾ ਗਿਆ। ਉੱਤਰ ਪ੍ਰਦੇਸ਼ ਦੀ ਹਾਲਤ ਵੀ ਕੁਝ ਅਜਿਹੀ ਹੀ ਹੈ। ਇੱਥੇ 78 ਸਫਾਈ ਮੁਲਾਜ਼ਮਾਂ ਦੀ ਸੀਵਰੇਜ 'ਚ ਮੌਤ ਹੋਈ, ਜਿਨ੍ਹਾਂ ਵਿੱਚੋਂ ਸਿਰਫ 23 ਪਰਿਵਾਰਾਂ (30 ਫੀਸਦੀ) ਨੂੰ ਹੀ 10 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਗਿਆ।
 
ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ 5 ਜੁਲਾਈ 2019 ਤੱਕ ਸੀਵਰੇਜ ਮੌਤਾਂ ਦੇ ਕੁੱਲ 49 ਮਾਮਲੇ ਸਾਹਮਣੇ ਆਏ, ਜਿਨ੍ਹਾਂ ਵਿੱਚੋਂ ਸਿਰਫ 28 ਮਾਮਲਿਆਂ ਵਿੱਚ ਹੀ 10ਲੱਖ ਦਾ ਮੁਆਵਜ਼ਾ ਦਿੱਤਾ ਗਿਆ। ਮਹਾਰਾਸ਼ਟਰ ਦੀ ਸਥਿਤੀ ਕਾਫੀ ਹੈਰਾਨ ਕਰਨ ਵਾਲੀ ਹੈ। ਇੱਥੇ ਕੁੱਲ 25 ਲੋਕਾਂ ਦੀ ਮੌਤ ਸੀਵਰੇਜ ਦੀ ਸਫਾਈ ਦੌਰਾਨ ਹੋਈ, ਪਰ ਇੱਕ ਵੀ ਪੀੜਤ ਪਰਿਵਾਰ ਨੂੰ 10 ਲੱਖ ਦਾ ਮੁਆਵਜ਼ਾ ਨਹੀਂ ਦਿੱਤਾ ਗਿਆ। ਪੰਜਾਬ ਵਿੱਚ ਕੁੱਲ 35 ਲੋਕਾਂ ਦੀ ਮੌਤ ਸੀਵਰੇਜ ਦੀ ਸਫਾਈ ਦੌਰਾਨ ਹੋਈ ਅਤੇ ਸਿਰਫ 25 ਮਾਮਲਿਆਂ ਵਿੱਚ ਹੀ 10 ਲੱਖ ਦਾ ਮੁਆਵਜ਼ਾ ਦਿੱਤਾ ਗਿਆ ਹੈ।
 
ਸੀਵਰੇਜ ਦੀ ਸਫਾਈ ਦੌਰਾਨ ਹੋਣ ਵਾਲੀਆਂ ਮੌਤਾਂ ਦਾ ਮਾਮਲਾ ਕਿੰਨਾ ਗੰਭੀਰ ਹੈ, ਇਸਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਦਿੱਲੀ ਵਿੱਚ ਬੀਤੇ 2 ਸਾਲਾਂ ਵਿੱਚ ਹੀ 38 ਸਫਾਈ ਮੁਲਾਜ਼ਮਾਂ ਦੀ ਮੌਤ ਹੋ ਚੁੱਕੀ ਹੈ।
 
ਸੋਸ਼ਲ ਵਰਕਰਾਂ ਤੇ ਪੀੜਤ ਲੋਕਾਂ ਦੀ ਸ਼ਿਕਾਇਤ ਰਹਿੰਦੀ ਹੈ ਕਿ ਸੀਵਰੇਜ ਦੀ ਸਫਾਈ ਦੌਰਾਨ ਮੌਤਾਂ ਦੇ ਮਾਮਲਿਆਂ ਵਿੱਚ ਜ਼ਿੰਮੇਵਾਰ ਲੋਕਾਂ ਖਿਲਾਫ ਕੋਈ ਕਾਰਵਾਈ ਨਹੀਂ ਹੋ ਰਹੀ ਹੈ ਅਤੇ ਥੋੜਾ ਜਿਹਾ ਮੁਆਵਜ਼ਾ ਦੇ ਕੇ ਮਾਮਲਾ ਨਬੇੜ ਦਿੱਤਾ ਜਾਂਦਾ ਹੈ। ਸਰਕਾਰੀ ਅੰਕੜਿਆਂ ਮੁਤਾਬਕ, 1993 ਤੋਂ ਲੈ ਕੇ ਹੁਣ ਤੱਕ 814 ਸਫਾਈ ਮੁਲਾਜ਼ਮਾਂ ਦੀ ਸੀਵਰੇਜ 'ਚ ਮੌਤ ਹੋਈ, ਜਦਕਿ ਸਫਾਈ ਕਰਮਚਾਰੀ ਅੰਦੋਲਨ ਦਾ ਦਾਅਵਾ ਹੈ ਕਿ 1870 ਮੌਤਾਂ ਹੋਈਆਂ ਹਨ।

Comments

Leave a Reply