Thu,Jun 27,2019 | 04:37:51pm
HEADLINES:

editorial

'ਹਾਸ਼ੀਏ ਦੇ ਲੋਕਾਂ' ਦੀ ਜ਼ਿੰਦਗੀ ਖੋਂਹਦੀ ਹਿੰਸਕ ਭੀੜ 

'ਹਾਸ਼ੀਏ ਦੇ ਲੋਕਾਂ' ਦੀ ਜ਼ਿੰਦਗੀ ਖੋਂਹਦੀ ਹਿੰਸਕ ਭੀੜ 

ਹਾਲ ਹੀ ਵਿੱਚ ਦੇਸ਼ਭਰ ਵਿੱਚ ਕਈ ਸਥਾਨਾਂ 'ਤੇ ਮੋਬ ਲਿੰਚਿੰਗ ਦੀਆਂ ਘਟਨਾਵਾਂ ਹੋਈਆਂ ਹਨ। ਝੂਠੀਆਂ ਅਫਵਾਹਾਂ ਕਰਕੇ ਭੀੜ ਨੇ ਕਈ ਲੋਕਾਂ ਦੀ ਹੱਤਿਆ ਕਰ ਦਿੱਤੀ। ਆਖਰ ਅਚਾਨਕ ਇੰਨੇ ਲੋਕ ਇੱਕ ਹੀ ਮਕਸਦ ਨਾਲ ਕਿਵੇਂ ਇਕੱਠੇ ਹੋ ਜਾਂਦੇ ਹਨ। ਭੀੜ ਦਾ ਮਨੋਵਿਗਿਆਨ ਸਮਾਜਿਕ ਵਿਗਿਆਨ ਦਾ ਇੱਕ ਛੋਟਾ ਜਿਹਾ ਹਿੱਸਾ ਰਿਹਾ ਹੈ। ਇਹ ਇੱਕ ਅਜੀਬ ਅਤੇ ਪੁਰਾਣਾ ਤਰੀਕਾ ਹੈ, ਜਿਸਦੀ ਸਾਰਥਕਤਾ ਸਮਾਜ ਵਿੱਚ ਸਥਿਰਤਾ ਆਉਣ ਅਤੇ ਕਾਨੂੰਨ ਵਿਵਸਥਾ 'ਤੇ ਭਰੋਸੇ ਦੇ ਬਾਅਦ ਖਤਮ ਹੁੰਦੀ ਗਈ। 

ਭੀੜ ਦੇ ਮਨੋਵਿਗਿਆਨ 'ਤੇ ਚਰਚਾ ਇੱਕ ਅਲੱਗ ਤਰ੍ਹਾਂ ਦੀ ਘਟਨਾ ਦੇ ਤੌਰ 'ਤੇ ਸ਼ੁਰੂ ਹੋਈ, ਜਦੋਂ ਅਸੀਂ ਫ੍ਰਾਂਸੀਸੀ ਕ੍ਰਾਂਤੀ ਦੀ ਭੀੜ ਜਾਂ ਫਿਰ ਕੁਕਲਕਸ ਕਲਾਨ ਦੀ ਨਸਲੀ ਭੀੜ ਨੂੰ ਇੱਕ ਉਦਾਹਰਨ ਮੰਨਦੇ ਸਨ। ਉਦੋਂ ਭੀੜ ਦੇ ਮਨੋਵਿਗਿਆਨ ਵਿੱਚ ਇੱਕ ਕਾਲੇ ਵਿਅਕਤੀ ਨੂੰ ਗੋਰੇ ਲੋਕਾਂ ਦੀ ਭੀੜ ਵੱਲੋਂ ਮਾਰਨ ਦਾ ਪੁਰਾਣਾ ਮਾਮਲਾ ਹੀ ਚਰਚਾ ਦਾ ਵਿਸ਼ਾ ਹੁੰਦਾ ਸੀ।

ਇੱਥੇ ਤੱਕ ਕਿ ਗਾਰਡਨ ਆਲਪੋਰਟ ਅਤੇ ਰੋਜ਼ਰ ਬ੍ਰਾਉਨ ਵਰਗੇ ਵੱਡੇ ਮਨੋਵਿਗਿਆਨਕ ਵੀ ਭੀੜ ਦੇ ਮਨੋਵਿਗਿਆਨ ਨੂੰ ਇੱਕ ਸਨਮਾਨਜਨਕ ਵਿਸ਼ਾ ਨਹੀਂ ਬਣਾ ਸਕੇ। ਕੁਝ ਲੋਕ ਇਸਨੂੰ ਸਮਾਜ ਵਿਗਿਆਨ ਅਤੇ ਮਨੋਵਿਗਿਆਨ ਤੱਕ ਪੈਥੋਲਾਜੀ ਦੇ ਤੌਰ 'ਤੇ ਸੀਮਤ ਰੱਖਦੇ ਹਨ।

ਅੱਜ ਦੇ ਸਮੇਂ ਵਿੱਚ ਜਾਨੋਂ ਮਾਰ ਦੇਣ ਵਾਲੀ ਇਹ ਭੀੜ ਹੀਰੋ ਬਣ ਕੇ ਉੱਭਰੀ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਨਾਇਕ ਦੇ ਰੂਪ ਵਿੱਚ ਇਹ ਭੀੜ ਦੋ ਅਵਤਾਰਾਂ ਵਿੱਚ ਦਿਖਾਈ ਦਿੰਦੀ ਹੈ। ਪਹਿਲਾ, ਭੀੜ ਬਹੁਗਿਣਤੀ ਲੋਕਤੰਤਰ ਦੇ ਇੱਕ ਹਿੱਸੇ ਦੇ ਤੌਰ 'ਤੇ ਦਿਖਾਈ ਦਿੰਦੀ ਹੈ, ਜਿੱਥੇ ਉਹ ਖੁਦ ਹੀ ਕਾਨੂੰਨ ਦਾ ਕੰਮ ਕਰਦੀ ਹੈ, ਖਾਣ ਤੋਂ ਲੈ ਕੇ ਪਾਉਣ ਤੱਕ ਸਭ 'ਤੇ ਉਸਦਾ ਕੰਟਰੋਲ ਹੁੰਦਾ ਹੈ। ਤੁਸੀਂ ਦੇਖ ਸਕਦੇ ਹੋ ਕਿ ਭੀੜ ਖੁਦ ਨੂੰ ਸਹੀ ਮੰਨਦੀ ਹੈ ਅਤੇ ਆਪਣੀ ਹਿੰਸਾ ਨੂੰ ਵਿਵਹਾਰਕ ਤੇ ਜ਼ਰੂਰੀ ਦੱਸਦੀ ਹੈ।

ਅਫਰਾਜ਼ੁਲ ਤੇ ਅਖਲਾਕ ਦੇ ਮਾਮਲੇ ਵਿੱਚ ਭੀੜ ਦੀ ਪ੍ਰਤੀਕਿਰਿਆ ਅਤੇ ਕਠੂਆ ਤੇ ਉਨਾਂਵ ਦੇ ਮਾਮਲਿਆਂ ਵਿੱਚ ਦੋਸ਼ੀਆਂ ਦਾ ਬਚਾਅ ਕਰਨਾ ਦਿਖਾਉਂਦਾ ਹੈ ਕਿ ਭੀੜ ਖੁਦ ਹੀ ਨਿਆਂ ਕਰਨਾ ਅਤੇ ਨੈਤਿਕਤਾ ਦੇ ਦਾਇਰੇ ਤੈਅ ਕਰਨਾ ਚਾਹੁੰਦੀ ਹੈ। ਇੱਥੇ ਭੀੜ (ਇਨ੍ਹਾਂ ਵਿੱਚ ਜਾਨੋਂ ਮਾਰਨ ਵਾਲੀ ਭੀੜ ਸ਼ਾਮਲ ਹੈ) ਤਾਨਾਸ਼ਾਹੀ ਵਿਵਸਥਾ ਦਾ ਹੀ ਵਿਸਤਾਰ ਹੈ। ਭੀੜ ਸੱਭਯ ਸਮਾਜ ਦੀ ਸੋਚਣ ਸਮਝਣ ਦੀ ਸਮਰੱਥਾ ਅਤੇ ਗੱਲਬਾਤ ਰਾਹੀਂ ਮਸਲੇ ਸੁਲਝਾਉਣ ਦਾ ਰਾਹ ਖਤਮ ਕਰ ਦਿੰਦੀ ਹੈ।

ਸਥਾਨਾਂ ਦਾ ਫਰਕ ਇੱਕ ਵੱਡੀ ਸਮੱਸਿਆ
ਇਸ ਹਿੰਸਾ ਦੇ ਪਿੱਛੇ ਚਿੰਤਾ ਅਤੇ ਘਬਰਾਹਟ ਦੇ ਉਸ ਮਾਹੌਲ ਨੂੰ ਜ਼ਿੰਮੇਵਾਰ ਮੰਨਿਆ ਜਾ ਸਕਦਾ ਹੈ, ਜੋ ਕਿ ਅਜਿਹੇ ਇਲਾਕਿਆਂ ਵਿੱਚ ਪੈਦਾ ਹੋਇਆ ਹੈ, ਜਿੱਥੇ ਸਥਾਨ ਦਾ ਫਰਕ ਬਹੁਤ ਜ਼ਿਆਦਾ ਹੈ। ਇਨ੍ਹਾਂ ਖੇਤਰਾਂ ਵਿੱਚ ਦੂਜੇ ਸੂਬਿਆਂ ਤੋਂ ਰੁਜ਼ਗਾਰ ਜਾਂ ਹੋਰ ਕਾਰਨਾਂ ਕਰਕੇ ਲੋਕ ਆ ਕੇ ਰਹਿਣ ਲਗਦੇ ਹਨ। ਉਨ੍ਹਾਂ ਨੂੰ ਰਹਿਣ ਦੀ ਜਗ੍ਹਾ ਤਾਂ ਮਿਲ ਜਾਂਦੀ ਹੈ, ਪਰ ਉਨ੍ਹਾਂ 'ਤੇ ਲੋਕਾਂ ਨੂੰ ਵਿਸ਼ਵਾਸ ਨਹੀਂ ਹੋ ਪਾਉਂਦਾ। 
ਉਨ੍ਹਾਂ 'ਤੇ ਭਰੋਸਾ ਹੋਣ ਵਿੱਚ ਸਮਾਂ ਲਗਦਾ ਹੈ।

ਇੱਥੇ ਤੱਕ ਕਿ ਕੁਝ ਖੇਤਰਾਂ ਵਿੱਚ ਤਾਂ ਬਾਹਰ ਦੇ ਲੋਕ, ਮਤਲਬ ਪ੍ਰਵਾਸੀਆਂ ਦੀ ਗਿਣਤੀ ਪਹਿਲਾਂ ਤੋਂ ਰਹਿਣ ਵਾਲੇ ਲੋਕਾਂ ਦੇ ਮੁਕਾਬਲੇ ਵੱਧ ਵੀ ਗਈ ਹੈ। ਲੋਕਾਂ ਦਾ ਇੱਕ ਤੋਂ ਦੂਜੇ ਸਥਾਨ ਵੱਲ ਜਾਣਾ ਇੱਕ ਸਮੱਸਿਆ ਹੈ। ਇਸ ਕਰਕੇ ਕਿਸੇ ਖੇਤਰ ਵਿੱਚ ਬਾਹਰਲੇ ਲੋਕਾਂ ਦੀ ਗਿਣਤੀ ਵੱਧ ਜਾਂਦੀ ਹੈ, ਪਰ ਸੱਚ ਇਹ ਵੀ ਹੈ ਕਿ ਉਹ ਬਾਹਰਲੇ ਤਾਂ ਹੁੰਦੇ ਹਨ, ਪਰ ਨਾਲ ਹੀ ਹਾਸ਼ੀਏ 'ਤੇ ਵੀ ਹੁੰਦੇ ਹਨ। ਦੁੱਖਦਾਇਕ ਇਹ ਹੈ ਕਿ ਉਸਨੂੰ ਹੀ ਖਤਰਾ ਮੰਨ ਲਿਆ ਜਾਂਦਾ ਹੈ। ਫਿਰ ਸੋਸ਼ਲ ਮੀਡੀਆ 'ਤੇ ਫੈਲੀਆਂ ਅਫਵਾਹਾਂ ਉਸਦੇ ਖਿਲਾਫ ਪਹਿਲਾਂ ਤੋਂ ਬਣੀ ਸੋਚ ਨੂੰ ਹੋਰ ਮਜ਼ਬੂਤ ਕਰ ਦਿੰਦੀਆਂ ਹਨ। 

ਸਭ ਤੋਂ ਮਾੜਾ ਤਾਂ ਇਹ ਸੀ ਕਿ ਅਗਰਤਲਾ ਵਿੱਚ ਭੀੜ ਨੇ ਉਸ 22 ਸਾਲ ਦੇ ਵਿਅਕਤੀ ਨੂੰ ਮਾਰ ਦਿੱਤਾ, ਜਿਸਨੂੰ ਲੋਕਾਂ ਨੂੰ ਜਾਗਰੂਕ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ। ਇੱਥੇ ਵੀ ਕਹਾਣੀ ਦਾ ਇੱਕ ਅਲੱਗ ਪੱਖ ਸਾਹਮਣੇ ਆਉਂਦਾ ਹੈ। ਪੀੜਤ ਸੁਕਰਾਂਤ ਨੂੰ ਅਫਵਾਹਾਂ ਤੋਂ ਬਚਣ ਲਈ ਪਿੰਡ-ਪਿੰਡ ਵਿੱਚ ਘੁੰਮ-ਘੁੰਮ ਕੇ ਲਾਊਡ ਸਪੀਕਰ ਤੋਂ ਲੋਕਾਂ ਨੂੰ ਜਾਗਰੂਕ ਕਰਨ ਦਾ ਕੰਮ ਦਿੱਤਾ ਗਿਆ ਸੀ। ਉਨ੍ਹਾਂ ਨਾਲ ਘੁੰਮ ਰਹੇ ਦੋ ਹੋਰ ਲੋਕਾਂ 'ਤੇ ਵੀ ਭੀੜ ਨੇ ਹਮਲਾ ਕਰ ਦਿੱਤਾ। ਇੱਥੇ ਲਾਊਡ ਸਪੀਕਰ ਤੋਂ ਸੁਨੇਹਾ ਪਹੁੰਚਾਉਣ ਦੀ ਕੋਸ਼ਿਸ਼ ਐੱਸਐੱਮਐੱਸ ਤੇ ਸੋਸ਼ਲ ਮੀਡੀਆ ਦੀ ਤੇਜ਼ੀ ਤੇ ਤਾਕਤ ਦੇ ਸਾਹਮਣੇ ਪਿੱਛੇ ਰਹਿ ਗਈ।

ਜਾਨ ਲੈਣ ਵਾਲੀ ਇਹ ਭੀੜ ਸੋਸ਼ਲ ਮੀਡੀਆ ਦੇ ਨਿਯਮਾਂ 'ਤੇ ਚੱਲਦੀ ਹੈ ਅਤੇ ਹਿੰਸਾ ਨੂੰ ਅੱਗੇ ਵਧਾਉਂਦੀ ਹੈ। ਭੀੜ ਇਕੱਠੀ ਕਰਨ ਵਾਲੀ ਇਸ ਡਿਜ਼ੀਟਲ ਹਿੰਸਾ ਨੂੰ ਇੱਕ ਅਲੱਗ ਤਰ੍ਹਾਂ ਦੀ ਸਮਝ ਦੀ ਜ਼ਰੂਰਤ ਹੈ। ਤਕਨੀਕ ਦੀ ਰਫਤਾਰ ਅਤੇ ਭੀੜ ਦੀ ਤਰਕਹੀਣਤਾ ਬਦਲਦੇ ਸਮਾਜ ਦਾ ਖਤਰਨਾਕ ਲੱਛਣ ਹੈ।

ਅਣਜਾਣ ਤੇ ਬਾਹਰਲੇ ਲੋਕਾਂ ਨੂੰ ਸਜ਼ਾ
ਬੱਚਿਆਂ ਨੂੰ ਚੁੱਕਣ ਦੀ ਅਫਵਾਹ ਕਰਕੇ ਜਿਹੜੀਆਂ ਘਟਨਾਵਾਂ ਹੋਈਆਂ, ਉਨ੍ਹਾਂ ਵਿੱਚ ਭੀੜ ਦਾ ਅਲੱਗ ਹੀ ਰੂਪ ਦੇਖਣ ਨੂੰ ਮਿਲਦਾ ਹੈ। ਇਸ ਵਿੱਚ ਭੀੜ ਦੇ ਗੁੱਸੇ ਪਿੱਛੇ ਇੱਕ ਡੂੰਘੀ ਚਿੰਤਾ ਵੀ ਦਿਖਾਈ ਦਿੰਦੀ ਹੈ। ਬੱਚੇ ਚੋਰੀ ਹੋਣਾ ਕਿਸੇ ਲਈ ਵੀ ਬਹੁਤ ਵੱਡਾ ਡਰ ਹੈ। ਇਹ ਸੋਚਣ ਨਾਲ ਹੀ ਲੋਕਾਂ ਵਿੱਚ ਘਬਰਾਹਟ ਵਧ ਜਾਂਦੀ ਹੈ। ਇੱਥੇ ਭੀੜ ਦੀ ਪ੍ਰਤੀਕਿਰਿਆ ਪਿੱਛੇ ਅਲੱਗ ਕਾਰਨ ਹੁੰਦੇ ਹਨ। ਇੱਥੇ ਹਿੰਸਾ ਤਾਕਤ ਨਾਲ ਨਹੀਂ, ਸਗੋਂ ਘਬਰਾਹਟ ਤੋਂ ਜਨਮ ਲੈਂਦੀ ਹੈ।

ਇਸਦਾ ਮਕਸਦ ਧਾਰਮਿਕ ਘੱਟ ਗਿਣਤੀਆਂ ਨੂੰ ਨੁਕਸਾਨ ਪਹੁੰਚਾਉਣਾ ਨਹੀਂ, ਸਗੋਂ ਅਣਜਾਣ ਤੇ ਬਾਹਰਲੇ ਲੋਕਾਂ ਨੂੰ ਸਜ਼ਾ ਦੇਣਾ ਹੁੰਦਾ ਹੈ, ਜਿਹੜੇ ਉਨ੍ਹਾਂ ਦੇ ਸਮਾਜ ਵਿੱਚ ਫਿੱਟ ਨਹੀਂ ਬੈਠਦੇ। ਦੋਵੇਂ ਮਾਮਲਿਆਂ ਵਿੱਚ ਸ਼ੱਕ ਤਾਂ ਹੁੰਦਾ ਹੈ, ਪਰ ਮਾਰਨ ਦਾ ਕਾਰਨ ਅਲੱਗ-ਅਲੱਗ ਹੁੰਦਾ ਹੈ। ਇੱਕ ਮਾਮਲੇ ਵਿੱਚ ਘੱਟ ਗਿਣਤੀਆਂ ਤੋਂ ਸੱਤਾ ਦੀ ਚੁਣੌਤੀ ਮਿਲਦੀ ਹੈ ਅਤੇ ਦੂਜੇ ਵਿੱਚ ਬਾਹਰਲੇ ਤੇ ਅਣਜਾਣ 'ਤੇ ਕਿਸੇ ਅਪਰਾਧ ਦਾ ਦੋਸ਼ ਹੁੰਦਾ ਹੈ।

ਵਧਦੀ ਤਕਨੀਕ, ਵਧਦੀਆਂ ਮੁਸ਼ਕਿਲਾਂ
ਮੋਬ ਲਿੰਚਿੰਗ ਦੇ ਮਾਮਲਿਆਂ 'ਚ ਤਕਨੀਕ ਇਸ ਗੁੱਸੇ ਦੇ ਵਾਇਰਸ ਨੂੰ ਹੋਰ ਫੈਲਾਉਣ ਦਾ ਕੰਮ ਕਰਦੀ ਹੈ। ਤਕਨੀਕ ਦੇ ਇਸਤੇਮਾਲ ਨਾਲ ਅਫਵਾਹਾਂ ਤੇਜ਼ੀ ਨਾਲ ਫੈਲਦੀਆਂ ਹਨ ਤੇ ਇੱਕ-ਦੂਜੇ ਤੋਂ ਸੁਣ ਕੇ ਅਫਵਾਹ 'ਤੇ ਭਰੋਸਾ ਵਧਦਾ ਜਾਂਦਾ ਹੈ। ਪਹਿਲਾਂ ਤਕਨੀਕ ਦਾ ਵਿਕਾਸ ਬਹੁਤ ਜ਼ਿਆਦਾ ਨਾ ਹੋਣ ਕਰਕੇ ਅਫਵਾਹਾਂ ਜ਼ਿਆਦਾ ਖਤਰਨਾਕ ਰੂਪ ਨਹੀਂ ਲੈਂਦੀਆਂ ਸਨ।

ਇੱਥੇ ਤੱਕ ਕਿ ਇਹ ਡਿਜ਼ੀਟਲ ਹਿੰਸਾ ਛੋਟੇ ਸ਼ਹਿਰਾਂ ਤੇ ਦੂਰ ਦੇ ਪਿੰਡਾਂ ਵਿੱਚ ਜ਼ਿਆਦਾ ਭਿਆਨਕ ਤਰੀਕੇ ਨਾਲ ਕੰਮ ਕਰਦੀ ਹੈ। ਇਹ ਸਾਫ ਹੈ ਕਿ ਹਿੰਸਾ ਦਾ ਇਹ ਤਰੀਕਾ ਇੱਕ ਮਹਾਮਾਰੀ ਵਰਗਾ ਹੈ। ਹਰ ਵਾਰ ਸ਼ੁਰੂਆਤ ਇੱਕੋ ਜਿਹੀ ਹੁੰਦੀ ਹੈ। ਹਿੰਸਾ ਦਾ ਤਰੀਕਾ ਇੱਕੋ ਜਿਹਾ ਹੁੰਦਾ ਹੈ। ਹਰ ਮਾਮਲੇ ਵਿੱਚ ਅਫਵਾਹਾਂ ਬੇਬੁਨਿਆਦ ਹੁੰਦੀਆਂ ਹਨ। ਫਿਰ ਇਹ ਢੰਗ ਇੱਕ ਤੋਂ ਦੂਜੀ ਜਗ੍ਹਾ ਪਹੁੰਚਦਾ ਜਾਂਦਾ ਹੈ।
ਤ੍ਰਿਪੁਰਾ ਵਿੱਚ ਬੱਚੇ ਚੁੱਕਣ ਦੇ ਸ਼ੱਕ ਵਿੱਚ ਤਿੰਨ ਲੋਕਾਂ ਨੂੰ ਭੀੜ ਨੇ ਮਾਰ ਦਿੱਤਾ।

ਇੱਕ ਝੂਠੇ ਸੋਸ਼ਲ ਮੀਡੀਆ ਮੈਸੇਜ ਕਰਕੇ ਕ੍ਰਿਕਟ ਬੈਟ ਅਤੇ ਲੱਤਾਂ ਮਾਰ-ਮਾਰ ਕੇ ਬੇਰਹਿਮੀ ਨਾਲ ਉਨ੍ਹਾਂ ਦੀ ਜਾਨ ਲੈ ਲਈ ਗਈ। ਇੱਕ ਵ੍ਹਾਟਸਐਪ ਮੈਸੇਜ ਨੇ ਤਮਿਲਨਾਡੂ ਵਿੱਚ ਹਿੰਦੀ ਬੋਲਣ ਵਾਲੇ ਲੋਕਾਂ ਨੂੰ ਸੰਗਠਿਤ ਕਰ ਦਿੱਤਾ। ਅਗਰਤਲਾ ਵਿੱਚ ਬੱਚੇ ਚੁੱਕਣ ਦੀ ਅਫਵਾਹ ਵਿੱਚ ਦੋ ਲੋਕਾਂ ਨੂੰ ਮਾਰ ਦਿੱਤਾ ਗਿਆ।

ਇਨ੍ਹਾਂ ਸਾਰਿਆਂ ਪਿੱਛੇ ਸੋਸ਼ਲ ਮੀਡੀਆ ਜ਼ਿੰਮੇਵਾਰ ਹੈ। ਇੱਥੇ ਸਭਕੁਝ ਬਹੁਤ ਤੇਜ਼ੀ ਨਾਲ ਹੁੰਦਾ ਹੈ। ਕਿਸੇ ਨੂੰ ਸ਼ੱਕ ਹੋਇਆ, ਉਸਨੇ ਮੈਸੇਜ਼ ਭੇਜਿਆ ਅਤੇ ਭੀੜ ਜਮ੍ਹਾਂ ਹੋ ਗਈ। ਅਜਿਹੇ ਵਿੱਚ ਨਿਆਂ ਹੋਣ ਦੀ ਸੰਭਾਵਨਾ ਨਾਂਹ ਦੇ ਬਰਾਬਰ ਰਹਿ ਜਾਂਦੀ ਹੈ।
-ਸ਼ਿਵ ਵਿਸ਼ਵਨਾਥਨ
(ਲੇਖਕ ਸਮਾਜ ਸ਼ਾਸਤਰੀ ਹਨ)

Comments

Leave a Reply