Mon,Apr 22,2019 | 08:25:42am
HEADLINES:

editorial

ਮਿਰਚਪੁਰ ਕਾਂਡ : ਇਨਸਾਫ ਮਿਲਿਆ, ਪਰ ਖੌਫ ਨੇ ਪਿੱਛਾ ਨਹੀਂ ਛੱਡਿਆ

ਮਿਰਚਪੁਰ ਕਾਂਡ : ਇਨਸਾਫ ਮਿਲਿਆ, ਪਰ ਖੌਫ ਨੇ ਪਿੱਛਾ ਨਹੀਂ ਛੱਡਿਆ

ਹਰਿਆਣਾ ਦੇ ਹਿਸਾਰ ਜ਼ਿਲ੍ਹੇ ਤਹਿਤ ਆਉਂਦੇ ਮਿਰਚਪੁਰ ਪਿੰਡ 'ਚ 21 ਅਪ੍ਰੈਲ ਨੂੰ ਜਾਟ ਸਮਾਜ ਵੱਲੋਂ ਦਲਿਤਾਂ ਖਿਲਾਫ ਕੀਤੀ ਗਈ ਹਿੰਸਾ ਤੋਂ ਬਾਅਦ ਕਰੀਬ 120 ਦਲਿਤ ਪਰਿਵਾਰਾਂ ਨੂੰ ਆਪਣਾ ਘਰ ਛੱਡ ਕੇ ਇੱਥੋਂ ਜਾਣਾ ਪਿਆ। ਇਹ ਦਲਿਤ ਉਦੋਂ ਤੋਂ ਲੈ ਕੇ ਹੁਣ ਤੱਕ ਪਿੰਡ ਤੋਂ 60 ਕਿਲੋਮੀਟਰ ਦੂਰ ਤੰਵਰ ਫਾਰਮ ਹਾਊਸ ਵਿੱਚ ਝੁੱਗੀਆਂ ਬਣਾ ਕੇ ਦਿਨ ਕੱਟ ਰਹੇ ਹਨ। ਪਿਛਲੇ 8 ਸਾਲਾਂ ਤੋਂ ਇਹ ਇੱਥੇ ਦਹਿਸ਼ਤ ਭਰੀ ਜ਼ਿੰਦਗੀ ਗੁਜਾਰ ਰਹੇ ਹਨ। 

ਮਿਰਚਪੁਰ ਕਾਂਡ ਦੌਰਾਨ ਜਾਟਾਂ ਦੀ ਭੀੜ ਨੇ ਦਲਿਤਾਂ ਦੀ ਬਸਤੀ 'ਤੇ ਹਮਲਾ ਕਰਕੇ ਕਈ ਦਰਜਨ ਘਰਾਂ ਨੂੰ ਅੱਗ ਲਗਾ ਦਿੱਤੀ ਸੀ। ਇਸ ਦੌਰਾਨ ਦੋ ਦਲਿਤਾਂ ਨੂੰ ਜ਼ਿੰਦਾ ਸਾੜਿਆ ਗਿਆ। ਮਰਨ ਵਾਲਿਆਂ 'ਚ ਤਾਰਾ ਚੰਦ (60) ਤੇ ਉਨ੍ਹਾਂ ਦੀ 17 ਸਾਲ ਦੀ ਸਰੀਰਕ ਤੌਰ ਤੇ ਅਸਮਰੱਥ ਬੇਟੀ ਸੁੰਮਨ ਸ਼ਾਮਲ ਸਨ। ਇਸ ਸਬੰਧ 'ਚ 100 ਤੋਂ ਜ਼ਿਆਦਾ ਲੋਕਾਂ 'ਤੇ ਮੁਕੱਦਮਾ ਚੱਲਿਆ ਅਤੇ ਬੀਤੇ 24 ਅਗਸਤ ਨੂੰ ਦਿੱਲੀ ਹਾਈਕੋਰਟ ਨੇ ਇਸ ਮਾਮਲੇ ਵਿੱਚ 20 ਲੋਕਾਂ ਨੂੰ ਦੋਸ਼ੀ ਮੰਨਿਆ ਤੇ 13 ਹੋਰ ਲੋਕਾਂ ਦੀ ਸਜ਼ਾ ਨੂੰ ਬਰਕਰਾਰ ਰੱਖਿਆ।

ਇਸ ਮਾਮਲੇ 'ਚ ਮੁੱਖ ਗਵਾਹ ਸੱਤਯਵਾਨ, ਜੋ ਕਿ ਮ੍ਰਿਤਕ ਤਾਰਾ ਚੰਦ ਦੇ ਭਤੀਜੇ ਹਨ, ਇਸ ਸਮੇਂ ਤੰਵਰ ਫਾਰਮ ਹਾਊਸ ਵਿੱਚ ਰਹਿ ਰਹੇ ਹਨ। ਸੱਤਯਵਾਨ ਦੀ ਸੁਰੱਖਿਆ ਵਿੱਚ ਸੁਰੱਖਿਆ ਗਾਰਡ ਤੈਨਾਤ ਕੀਤਾ ਗਿਆ ਹੈ। ਇਸਦੇ ਨਾਲ-ਨਾਲ ਕੁਝ ਪੁਲਸ ਵਾਲੇ ਵੀ ਕੋਰਟ ਦਾ ਫੈਸਲਾ ਆਉਣ ਤੋਂ ਬਾਅਦ ਫਾਰਮ ਹਾਊਸ ਵਿੱਚ ਤੈਨਾਤ ਕੀਤੇ ਗਏ ਹਨ। 

ਸੱਤਯਵਾਨ ਕਹਿੰਦੇ ਹਨ ਕਿ ਉਹ ਕੋਰਟ ਦੇ ਫੈਸਲੇ ਤੋਂ ਖੁਸ਼ ਹਨ, ਪਰ ਅਜੇ ਵੀ ਉਨ੍ਹਾਂ ਨੂੰ ਪੂਰੀ ਤਸੱਲੀ ਨਹੀਂ ਹੈ, ਕਿਉਂਕਿ ਅਜੇ ਵੀ ਕੁਝ ਦੋਸ਼ੀ ਰਿਹਾਅ ਹੋ ਗਏ ਹਨ। ਉਨ੍ਹਾਂ ਨੂੰ ਸਜ਼ਾ ਦਿਵਾਉਣ ਲਈ ਸੁਪਰੀਮ ਕੋਰਟ ਜਾਣਾ ਹੈ। ਉਨ੍ਹਾਂ ਦੱਸਿਆ ਕਿ ਉਹ ਅੱਜ ਵੀ ਖੁਦ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ।

ਮਿਰਚਪੁਰ ਪਿੰਡ ਵਿੱਚ ਜਾਟ ਸਮਾਜ ਦੇ ਲੋਕ ਇਕੱਠੇ ਹੋ ਰਹੇ ਹਨ ਅਤੇ ਉਹ ਦਲਿਤਾਂ ਦੇ ਨਾਲ ਕਦੇ ਵੀ ਕੁਝ ਕਰ ਸਕਦੇ ਹਨ। ਹਾਲਾਂਕਿ ਸੱਤਯਵਾਨ ਨੇ ਕਿਹਾ ਕਿ ''ਮੈਨੂੰ ਮੇਰੇ ਮਰਨ ਦਾ ਡਰ ਨਹੀਂ ਹੈ, ਮੈਂ ਨਿਆਂ ਲਈ ਲੜਾਂਗਾ।''

ਸੱਤਯਵਾਨ ਨੇ ਕਿਹਾ ਕਿ ਉਹ ਮਿਰਚਪੁਰ ਕਦੇ ਵੀ ਵਾਪਸ ਨਹੀਂ ਜਾਣਾ ਚਾਹੁੰਦੇ। ਭਾਜਪਾ ਸਰਕਾਰ ਨੇ ਉਨ੍ਹਾਂ ਦੇ ਮੁੜ ਵਸੇਬੇ ਲਈ ਢੰਢੂਰ ਪਿੰਡ ਦੇ ਕੋਲ 11 ਏਕੜ ਜ਼ਮੀਨ ਅਤੇ 4 ਕਰੋੜ ਰੁਪਏ ਦੇਣ ਦਾ ਐਲਾਨ ਅਜੇ ਕੁਝ ਦਿਨ ਪਹਿਲਾਂ ਹੀ ਕੀਤਾ ਸੀ ਅਤੇ ਉਸ ਬਸਤੀ ਦਾ ਨਾਂ ਦੀਨ ਦਿਆਲ ਪੁਰਮ ਰੱਖਣ ਦੀ ਗੱਲ ਕਹੀ ਸੀ, ਪਰ ਦਲਿਤਾਂ ਨੂੰ ਉਸ ਪ੍ਰਸਤਾਵਿਤ ਬਸਤੀ ਦੇ ਨਾਂ ਨੂੰ ਲੈ ਕੇ ਇਤਰਾਜ਼ ਹੈ।

ਦੀਨ ਦਿਆਲ ਉਪਾਧਿਆਏ ਆਰਐੱਸਐੱਸ ਦੇ ਵਿਚਾਰਕ ਸਨ। ਮਿਰਚਪੁਰ ਦੇ ਪੀੜਤਾਂ ਦਾ ਕਹਿਣਾ ਹੈ ਕਿ ਇਸ ਨਾਂ ਨਾਲ ਦਲਿਤਾਂ ਦਾ ਕੋਈ ਲੈਣਾ-ਦੇਣਾ ਨਹੀਂ ਹੈ। ਉਹ ਚਾਹੁੰਦੇ ਹਨ ਕਿ ਉਸ ਪਿੰਡ ਦਾ ਨਾਂ ਮਿਰਚਪੁਰ ਹੱਤਿਆਕਾਂਡ ਵਿੱਚ ਮਾਰੇ ਗਏ ਤਾਰਾਚੰਦ ਦੇ ਨਾਂ 'ਤੇ ਤਾਰਾਚੰਦਪੁਰ ਰੱਖਿਆ ਜਾਵੇ। ਉਸ ਜ਼ਮੀਨ ਦਾ ਨੀਂਹ ਪੱਥਰ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਖੁਦ ਆ ਕੇ ਕੀਤਾ ਸੀ, ਪਰ ਅਜੇ ਤੱਕ ਉਸਦਾ ਕੋਈ ਲਿਖਤੀ ਨੋਟਿਸ ਨਹੀਂ ਆਇਆ ਹੈ। 

ਫਾਰਮ ਹਾਊਸ 'ਚ ਦਲਿਤਾਂ ਦੀ ਬਸਤੀ 'ਚ 120 ਪਰਿਵਾਰ ਰਹਿ ਰਹੇ ਹਨ। ਇਸ ਬਸਤੀ ਦੀ ਸਥਿਤੀ ਇੰਨੀ ਖਰਾਬ ਹੈ ਕਿ ਉਸਦੇ ਬਾਰੇ ਦੱਸ ਪਾਉਣਾ ਮੁਸ਼ਕਿਲ ਹੈ। ਇੱਥੇ ਕੋਈ ਬੁਨਿਆਦੀ ਸੁਵਿਧਾਵਾਂ ਨਹੀਂ ਹਨ। ਦਲਿਤ ਇੱਥੇ ਪਲਾਸਟਿਕ ਦੀਆਂ ਸ਼ੀਟਾਂ, ਬੋਰੇ, ਕੱਪੜਿਆਂ ਤੇ ਫਲੈਕਸ-ਬੈਨਰਾਂ ਦੇ ਟੁਕੜਿਆਂ ਨਾਲ ਛੋਟੀਆਂ-ਛੋਟੀਆਂ ਝੁੱਗੀਆਂ ਬਣਾ ਕੇ ਰਹਿ ਰਹੇ ਹਨ। ਉਨ੍ਹਾਂ ਦੀਆਂ ਝੁੱਗੀਆਂ ਦੀ ਲੰਬਾਈ ਤੇ ਚੌੜਾਈ 9 ਤੋਂ 12 ਫੁੱਟ ਤੋਂ ਜ਼ਿਆਦਾ ਨਹੀਂ ਹੈ, ਜਿੱਥੇ ਉਨ੍ਹਾਂ ਦਾ ਪੂਰਾ ਪਰਿਵਾਰ ਰਹਿੰਦਾ ਹੈ। 

ਘਰਾਂ ਦੇ ਆਲੇ-ਦੁਆਲੇ ਚਾਰੇ ਪਾਸੇ ਗੰਦੀਆਂ ਨਾਲੀਆਂ ਹਨ, ਜਿੱਥੋਂ ਬਦਬੂ ਆਉਂਦੀ ਰਹਿੰਦੀ ਹੈ ਅਤੇ ਚਾਰੇ ਪਾਸੇ ਮੱਖੀਆਂ-ਮੱਛਰ ਫੈਲੇ ਹੋਏ ਹਨ। ਇੱਥੇ ਰੋਜ਼ਾਨਾ ਦੋ ਵਾਰ ਗੱਡੀ ਰਾਹੀਂ ਪਾਣੀ ਪਹੁੰਚਦਾ ਹੈ। ਉਸੇ ਪਾਣੀ ਨਾਲ ਉਨ੍ਹਾਂ ਨੂੰ ਪੀਣ, ਨਹਾਉਣ, ਕੱਪੜੇ ਧੋਣ ਆਦਿ ਕੰਮ ਨਿਪਟਾਉਣੇ ਪੈਂਦੇ ਹਨ। ਜਗ੍ਹਾ-ਜਗ੍ਹਾ ਟੋਇਆਂ ਵਿੱਚ ਗੰਦਾ ਪਾਣੀ ਭਰਿਆ ਹੋਇਆ ਹੈ। ਮੀਂਹ ਦੇ ਦਿਨਾਂ ਵਿੱਚ ਇਨ੍ਹਾਂ ਝੁੱਗੀਆਂ ਦੇ ਅੰਦਰ ਵੀ ਪਾਣੀ ਆ ਜਾਂਦਾ ਹੈ। 

ਇੱਥੇ ਰਹਿਣ ਵਾਲੇ ਦਲਿਤਾਂ ਦਾ ਕਹਿਣਾ ਹੈ ਕਿ ਉਹ ਅਜੇ ਵੀ ਖੁਦ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਬਦਲੇ ਦੀ ਭਾਵਨਾ ਨਾਲ ਕਦੋਂ ਉਨ੍ਹਾਂ 'ਤੇ ਹਮਲਾ ਹੋਵੇਗਾ, ਦੱਸ ਨਹੀਂ ਸਕਦੇ, ਕਿਉਂਕਿ ਰੋਜ਼ੀ-ਰੋਟੀ ਲਈ ਉਨ੍ਹਾਂ ਨੂੰ ਇੱਧਰ-ਉੱਧਰ ਜਾਣਾ ਤਾਂ ਪੈਂਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਮਿਰਚਪੁਰ ਕਾਂਡ ਤੋਂ ਬਾਅਦ ਵੀ ਕੁਝ ਹੋਰ ਘਟਨਾਵਾਂ ਹੋਈਆਂ ਹਨ।

ਕੁਝ ਮਹੀਨੇ ਪਹਿਲਾਂ ਮਿਰਚਪੁਰ ਵਿੱਚ ਫਿਰ ਇੱਕ ਘਟਨਾ ਹੋਈ ਸੀ, ਜਿਸ ਵਿੱਚ ਇੱਕ ਪੱਛੜੀ ਜਾਤੀ ਦੇ ਨੌਜਵਾਨ ਦੇ ਨਾਲ ਕੁੱਟਮਾਰ ਕਰਕੇ ਉਸਨੂੰ ਜ਼ਿੰਦਾ ਸਾੜਨ ਦੇ ਮਕਸਦ ਨਾਲ ਉਸ 'ਤੇ ਡੀਜ਼ਲ ਪਾਇਆ ਗਿਆ ਸੀ। ਇਸ ਤੋਂ ਇਲਾਵਾ ਫਰਵਰੀ 2017 ਵਿੱਚ ਇਕ ਦਲਿਤ ਨੌਜਵਾਨ ਸਾਈਕਲ ਰੇਸ ਜਿੱਤ ਗਿਆ ਤਾਂ ਪ੍ਰਭਾਵਸ਼ਾਲੀ ਲੋਕਾਂ ਨੇ ਦਲਿਤਾਂ 'ਤੇ ਹਮਲਾ ਕਰ ਦਿੱਤਾ, ਜਿਸ ਵਿੱਚ 9 ਲੋਕ ਜ਼ਖਮੀ ਹੋਏ ਸਨ।

ਫਾਰਮ ਹਾਊਸ ਵਿੱਚ ਰਹਿ ਰਹੀ ਇੱਕ ਪੀੜਤ ਮਹਿਲਾ ਰੇਖਾ (37) ਨੇ ਦੱਸਿਆ ਕਿ ਕੋਰਟ ਦੇ ਇਸ ਫੈਸਲੇ ਤੋਂ ਅਸੀਂ ਖੁਸ਼ ਹਾਂ। 8 ਸਾਲਾਂ ਬਾਅਦ ਸਾਨੂੰ ਲਗਦਾ ਹੈ ਕਿ ਨਿਆਂ ਮਿਲਿਆ ਹੈ, ਪਰ ਅਜੇ ਵੀ ਅਸੀਂ ਡਰ-ਡਰ ਕੇ ਦਿਨ ਲੰਘਾ ਰਹੇ ਹਾਂ। ਸਾਡੇ 'ਤੇ ਕਦੇ ਵੀ ਹਮਲਾ ਹੋ ਸਕਦਾ ਹੈ।

ਮਿਰਚਪੁਰ ਕਾਂਡ ਮਾਮਲੇ ਦੇ ਕੁੱਲ 26 ਗਵਾਹਾਂ ਵਿੱਚੋਂ 17 ਲਈ ਗੰਨਮੈਨ ਦੀ ਸੁਰੱਖਿਆ ਦਾ ਪ੍ਰਬੰਧ ਕੀਤਾ ਗਿਆ ਹੈ, ਜਦਕਿ 9 ਗਵਾਹਾਂ ਨੂੰ ਅਜੇ ਵੀ ਸੁਰੱਖਿਆ ਨਹੀਂ ਦਿੱਤੀ ਗਈ ਹੈ। ਉਨ੍ਹਾਂ ਲਈ ਵੀ ਸੁਰੱਖਿਆ ਦੀ ਮੰਗ ਕੀਤੀ ਜਾ ਰਹੀ ਹੈ। ਇਹ ਦਲਿਤ ਜਿਸ ਫਾਰਮ ਹਾਊਸ ਵਿੱਚ ਰਹਿ ਰਹੇ ਹਨ, ਉਹ ਵੇਦਪਾਲ ਤੰਵਰ ਨਾਂ ਦੇ ਦਲਿਤ ਨੇਤਾ ਦਾ ਹੈ। ਜਦੋਂ 2010 ਵਿੱਚ ਮਿਰਚਪੁਰ ਵਿੱਚ ਦਲਿਤਾਂ ਦੇ ਘਰਾਂ ਨੂੰ ਸਾੜਿਆ ਗਿਆ, ਉਦੋਂ ਉੱਥੇ ਦੇ ਸਾਰੇ ਦਲਿਤ ਡਰ ਕੇ ਹਿਸਾਰ ਆ ਗਏ ਸਨ। ਉਦੋਂ ਤੰਵਰ ਨੇ ਉਨ੍ਹਾਂ ਨੂੰ ਰਹਿਣ ਲਈ ਆਪਣੇ ਫਾਰਮ ਹਾਊਸ ਨੇੜੇ ਜ਼ਮੀਨ ਦਿੱਤੀ।  

8 ਸਾਲ ਬਾਅਦ ਜਾ ਕੇ ਅਦਾਲਤ ਦਾ ਫੈਸਲਾ ਆਇਆ ਹੈ, ਪਰ ਕੀ ਮਿਰਚਪੁਰ ਦੇ ਦਲਿਤ ਮੁੜ ਤੋਂ ਆਪਣੇ ਪਿੰਡ ਜਾ ਕੇ ਆਪਣੇ ਘਰਾਂ ਵਿੱਚ ਬਿਨਾਂ ਕਿਸੇ ਖੌਫ ਦੇ ਆਮ ਜ਼ਿੰਦਗੀ ਜੀ ਸਕਣਗੇ? ਕੀ ਜਾਤੀਵਾਦ ਤੋਂ ਪ੍ਰਭਾਵਿਤ ਮਿਰਚਪੁਰ 'ਚ ਸੱਚ ਵਿੱਚ ਭਾਈਚਾਰਾ ਸੰਭਵ ਹੋ ਸਕੇਗਾ? ਇਹ ਉਹ ਸਵਾਲ ਹਨ, ਜੋ ਕਿ ਅੱਜ ਵੀ ਜਵਾਬ ਦੀ ਉਡੀਕ ਵਿੱਚ ਹਨ।

'71 ਸਾਲ ਬਾਅਦ ਵੀ ਦਲਿਤਾਂ 'ਤੇ ਜ਼ੁਲਮ ਨਹੀਂ ਰੁਕੇ'
ਮਿਰਚਪੁਰ 'ਚ ਸਾਲ 2010 'ਚ ਦਲਿਤਾਂ ਖਿਲਾਫ ਹੋਏ ਹੱਤਿਆ ਕਾਂਡ ਵਿੱਚ ਦਿੱਲੀ ਹਾਈਕੋਰਟ ਨੇ ਟ੍ਰਾਇਲ ਕੋਰਟ ਦਾ 18 ਦੋਸ਼ੀਆਂ ਨੂੰ ਬਰੀ ਕਰਨ ਦਾ ਫੈਸਲਾ ਬੀਤੇ ਦਿਨੀਂ ਉਲਟ ਦਿੱਤਾ ਹੈ। ਦਿੱਲੀ ਹਾਈਕੋਰਟ ਨੇ ਐੱਸਸੀ-ਐੱਸਟੀ ਐਕਟ ਤਹਿਤ ਮਾਮਲੇ ਦੇ 97 ਲੋਕਾਂ ਵਿੱਚੋਂ 33 ਨੂੰ ਦੋਸ਼ੀ ਮੰਨਿਆ। ਇਨ੍ਹਾਂ ਵਿੱਚੋਂ 12 ਨੂੰ ਉਮਰਕੈਦ ਦੀ ਸਜ਼ਾ ਸੁਣਾਈ।

ਅਪ੍ਰੈਲ 2010 'ਚ ਹਰਿਆਣਾ ਦੇ ਹਿਸਾਰ ਜ਼ਿਲ੍ਹੇ ਦੇ ਮਿਰਚਪੁਰ ਪਿੰਡ 'ਚ ਜਾਟ ਸਮਾਜ ਦੇ 100 ਤੋਂ ਜ਼ਿਆਦਾ ਲੋਕਾਂ ਨੇ 70 ਸਾਲ ਦੇ ਦਲਿਤ ਬਜ਼ੁਰਗ ਤੇ ਉਸਦੀ 18 ਸਾਲ ਦੀ ਬੇਟੀ ਨੂੰ ਜ਼ਿੰਦਾ ਸਾੜ ਦਿੱਤਾ ਸੀ। ਇਸ ਘਟਨਾ ਤੋਂ ਬਾਅਦ ਦਹਿਸ਼ਤ 'ਚ ਆਏ 150 ਦਲਿਤ ਪਰਿਵਾਰ ਪਿੰਡ ਛੱਡ ਗਏ ਸਨ।

ਮਾਮਲੇ ਦੀ ਸੁਣਵਾਈ ਦੌਰਾਨ ਜਸਟਿਸ ਐੱਸ ਮੁਰਲੀਧਰ ਤੇ ਆਈਐੱਸ ਮੇਹਤਾ ਦੀ ਬੈਂਚ ਵਾਲੀ ਦਿੱਲੀ ਹਾਈਕੋਰਟ ਨੇ ਕਿਹਾ ਕਿ ਆਜ਼ਾਦੀ ਦੇ 71 ਸਾਲ ਬਾਅਦ ਵੀ ਦਲਿਤਾਂ ਖਿਲਾਫ ਪ੍ਰਭਾਵਸ਼ਾਲੀ ਲੋਕਾਂ ਦੇ ਅੱਤਿਆਚਾਰਾਂ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ।

ਦਿੱਲੀ ਹਾਈਕੋਰਟ ਨੇ ਆਪਣੇ 209 ਪੇਜ਼ ਦੇ ਫੈਸਲੇ ਵਿੱਚ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੀ ਗੱਲ ਨੂੰ ਯਾਦ ਕਰਵਾਇਆ। ਕੋਰਟ ਨੇ ਕਿਹਾ ਕਿ 25 ਨਵੰਬਰ 1949 ਨੂੰ ਸੰਵਿਧਾਨ ਦਾ ਅੰਤਮ ਡ੍ਰਾਫਟ ਪੇਸ਼ ਕਰਦੇ ਸਮੇਂ ਡਾ. ਅੰਬੇਡਕਰ ਨੇ ਬਰਾਬਰੀ ਤੇ ਭਾਈਚਾਰੇ 'ਤੇ ਜ਼ੋਰ ਦਿੱਤਾ ਸੀ। ਅੱਜ ਭਾਰਤੀ ਸਮਾਜ ਵਿੱਚ ਇਸਦੀ ਪੂਰੀ ਤਰ੍ਹਾਂ ਕਮੀ ਦਿਖਾਈ ਦੇ ਰਹੀ ਹੈ।

ਇਹ ਹੈ ਮਾਮਲਾ
19 ਅਪ੍ਰੈਲ 2010 ਦੀ ਸ਼ਾਮ ਨੂੰ ਮਿਰਚਪੁਰ ਪਿੰਡ ਵਿੱਚ ਜਾਟ ਸਮਾਜ ਦੇ ਨੌਜਵਾਨਾਂ ਦਾ ਗਰੁੱਪ ਇੱਕ ਗਲੀ 'ਚੋਂ ਲੰਘ ਰਿਹਾ ਸੀ। ਇਸੇ ਦੌਰਾਨ ਇੱਕ ਦਲਿਤ ਦੇ ਕੁੱਤੇ ਨੇ ਉਨ੍ਹਾਂ 'ਤੇ ਭੌਂਕਣਾ ਸ਼ੁਰੂ ਕਰ ਦਿੱਤਾ। ਇਸ 'ਤੇ ਜਾਟਾਂ ਨੇ ਕੁੱਤੇ ਨੂੰ ਪੱਥਰ ਮਾਰਨੇ ਸ਼ੁਰੂ ਕਰ ਦਿੱਤੇ। ਇਸੇ ਨੂੰ ਲੈ ਕੇ ਦਲਿਤਾਂ ਤੇ ਜਾਟ ਨੌਜਵਾਨਾਂ 'ਚ ਵਿਵਾਦ ਹੋ ਗਿਆ।

ਇਸੇ ਵਿਵਾਦ ਨੂੰ ਲੈ ਕੇ 21 ਅਪ੍ਰੈਲ ਨੂੰ ਜਾਟ ਸਮਾਜ ਦੇ ਸੈਂਕੜੇ ਲੋਕ ਡੰਡੇ, ਮਿੱਟੀ ਦਾ ਤੇਲ, ਪੈਟਰੋਲ ਲੈ ਕੇ ਪਿੰਡ ਪਹੁੰਚੇ ਤੇ ਦਲਿਤਾਂ ਦੇ ਘਰਾਂ 'ਤੇ ਹਮਲਾ ਕਰਕੇ ਅੱਗ ਲਗਾ ਦਿੱਤੀ। ਇਸ ਵਿੱਚ ਇੱਕ ਦਲਿਤ ਬਜ਼ੁਰਗ ਤੇ ਉਸਦੀ ਬੇਟੀ ਦੀ ਮੌਤ ਹੋ ਗਈ ਸੀ।
-ਸੰਤੋਸ਼ੀ ਮਰਕਾਮ/ਦ ਵਾਇਰ

Comments

Leave a Reply