Thu,Nov 15,2018 | 08:25:16am
HEADLINES:

editorial

ਦਵਾਈਆਂ ਦਾ ਖਰਚਾ ਚੁੱਕਦੇ-ਚੁੱਕਦੇ ਗਰੀਬੀ ਰੇਖਾ ਹੇਠ ਆ ਗਏ 3.80 ਕਰੋੜ ਲੋਕ

ਦਵਾਈਆਂ ਦਾ ਖਰਚਾ ਚੁੱਕਦੇ-ਚੁੱਕਦੇ ਗਰੀਬੀ ਰੇਖਾ ਹੇਠ ਆ ਗਏ 3.80 ਕਰੋੜ ਲੋਕ

ਭਾਰਤ ਵਿੱਚ ਕਿਸੇ ਗਰੀਬ ਵਿਅਕਤੀ ਲਈ ਆਪਣਾ ਜਾਂ ਆਪਣੇ ਪਰਿਵਾਰ ਦਾ ਇਲਾਜ ਕਰਾਉਣਾ ਹੁਣ ਬੱਸੋਂ ਬਾਹਰ ਹੋ ਚੁੱਕਾ ਹੈ। ਹਾਲਾਤ ਇਹ ਹੋ ਰਹੇ ਹਨ ਕਿ ਇਨ੍ਹਾਂ ਲੋਕਾਂ ਨੂੰ ਇਲਾਜ ਲਈ ਕਰਜ਼ਾ ਤੱਕ ਲੈਣਾ ਪੈ ਰਿਹਾ ਹੈ। ਇਸ ਸਬੰਧ 'ਚ ਹਾਲ ਹੀ 'ਚ ਆਈ ਇੱਕ ਰਿਪੋਰਟ ਕਹਿੰਦੀ ਹੈ ਕਿ 1 ਸਾਲ 'ਚ ਦੇਸ਼ ਦੇ ਕਰੀਬ 5.50 ਕਰੋੜ ਲੋਕ ਆਪਣੀ ਸਿਹਤ 'ਤੇ ਭਾਰੀ ਖਰਚ ਕਾਰਨ ਆਰਥਿਕ ਤੰਗੀ ਦੇ ਸ਼ਿਕਾਰ ਹੋ ਗਏ, ਜਦਕਿ 3 ਕਰੋੜ 80 ਲੱਖ ਲੋਕ ਸਿਰਫ ਦਵਾਈਆਂ ਦਾ ਖਰਚਾ ਚੁੱਕਦੇ-ਚੁੱਕਦੇ ਗਰੀਬੀ ਰੇਖਾ ਤੋਂ ਹੇਠਾਂ ਪਹੁੰਚ ਗਏ।

ਬ੍ਰਿਟਿਸ਼ ਮੈਡੀਕਲ ਜਰਨਲ ਵਿੱਚ ਪਬਲਿਕ ਹੈਲਥ ਫਾਊਂਡੇਸ਼ਨ ਆਫ ਇੰਡੀਆ ਦੇ ਛਪੇ ਸਰਵੇਖਣ ਮੁਤਾਬਕ, ਦਿਲ ਦੀਆਂ ਬਿਮਾਰੀਆਂ, ਕੈਂਸਰ ਤੇ ਸ਼ੂਗਰ ਵਰਗੀਆਂ ਬਿਮਾਰੀਆਂ 'ਤੇ ਦੇਸ਼ ਦੇ ਜ਼ਿਆਦਾਤਰ ਪਰਿਵਾਰਾਂ ਵੱਲੋਂ ਸਭ ਤੋਂ ਜ਼ਿਆਦਾ ਪੈਸਾ ਖਰਚ ਕੀਤਾ ਜਾਂਦਾ ਹੈ। ਸਰਵੇਖਣ ਮੁਤਾਬਕ, ਸਭ ਤੋਂ ਜ਼ਿਆਦਾ ਖਰਚਾ ਕੈਂਸਰ 'ਤੇ ਹੁੰਦਾ ਹੈ। ਕਈ ਪਰਿਵਾਰਾਂ ਨੂੰ ਇਸਨੇ ਤਬਾਹ ਕਰ ਦਿੱਤਾ। ਗਰੀਬ ਲੋਕਾਂ ਨੂੰ ਸੜਕ ਹਾਦਸਿਆਂ ਕਾਰਨ ਲੱਗਣ ਵਾਲੀਆਂ ਸੱਟਾਂ ਦੇ ਇਲਾਜ 'ਤੇ ਵੀ ਬਹੁਤ ਪੈਸੇ ਖਰਚ ਕਰਨੇ ਪੈਂਦੇ ਹਨ।

ਸਮੱਸਿਆ ਇਹ ਹੈ ਕਿ ਦੇਸ਼ ਦੇ ਜ਼ਿਆਦਾਤਰ ਸਰਕਾਰੀ ਹਸਪਤਾਲ ਅੱਜ ਵੀ ਕਈ ਬਿਮਾਰੀਆਂ ਦਾ ਇਲਾਜ ਕਰਨ ਵਿੱਚ ਪੂਰੀ ਤਰ੍ਹਾਂ ਸਮਰੱਥ ਨਹੀਂ ਹਨ। ਅਜਿਹੇ ਵਿੱਚ ਲੋਕਾਂ ਨੂੰ ਪ੍ਰਾਈਵੇਟ ਹਸਪਤਾਲਾਂ ਵੱਲ ਮੂੰਹ ਕਰਨਾ ਪੈਂਦਾ ਹੈ, ਜਿੱਥੇ ਉਨ੍ਹਾਂ ਤੋਂ ਇਲਾਜ ਦੇ ਨਾਂ 'ਤੇ ਪੈਸਿਆਂ ਦੀ ਲੁੱਟ ਹੁੰਦੀ ਹੈ।

ਸਰਕਾਰ ਨੇ ਆਪਣੇ ਪ੍ਰਾਈਮਰੀ ਹੈਲਥ ਸੈਂਟਰਾਂ ਨੂੰ ਸਮਰੱਥ ਬਣਾਉਣ ਅਤੇ ਹਸਪਤਾਲਾਂ ਨੂੰ ਸੁਵਿਧਾਵਾਂ ਨਾਲ ਲੈਸ ਕਰਨ ਦੀ ਜਗ੍ਹਾ ਬੀਮਾ ਯੋਜਨਾਵਾਂ ਰਾਹੀਂ ਨਿੱਜੀ ਖੇਤਰ ਨੂੰ ਹੀ ਮਜ਼ਬੂਤੀ ਦਿੱਤੀ ਹੈ, ਪਰ ਜਿਨ੍ਹਾਂ ਦਾ ਸਿਹਤ ਬੀਮਾ ਹੈ, ਉਨ੍ਹਾਂ ਨੂੰ ਵੀ ਇਸਦਾ ਲਾਭ ਹਸਪਤਾਲ ਵਿੱਚ ਭਰਤੀ ਹੋਣ 'ਤੇ ਹੀ ਮਿਲਦਾ ਹੈ, ਜਦਕਿ ਉਨ੍ਹਾਂ ਨੂੰ ਕਾਫੀ ਖਰਚਾ ਛੋਟੀਆਂ ਬਿਮਾਰੀਆਂ 'ਤੇ ਚੁੱਕਣਾ ਪੈਂਦਾ ਹੈ, ਜੋ ਕਿ ਬੀਮਾ ਦੇ ਦਾਇਰੇ 'ਚ ਨਹੀਂ ਆਉਂਦੀਆਂ। ਸਰਕਾਰ ਨੂੰ ਚਾਹੀਦਾ ਹੈ ਕਿ ਉਹ ਹਰ ਵਰਗ ਤੱਕ ਸਸਤਾ ਇਲਾਜ ਪਹੁੰਚਾਉਣ ਦਾ ਪ੍ਰਬੰਧ ਯਕੀਨੀ ਬਣਾਵੇ।

Comments

Leave a Reply