Mon,Apr 22,2019 | 12:36:53am
HEADLINES:

editorial

ਅਪਰੇਸ਼ਨ 136 : ਪੈਸੇ ਲਈ ਝੂਠਾ ਪ੍ਰਚਾਰ ਕਰਨ ਨੂੰ ਤਿਆਰ ਮੀਡੀਆ

ਅਪਰੇਸ਼ਨ 136 : ਪੈਸੇ ਲਈ ਝੂਠਾ ਪ੍ਰਚਾਰ ਕਰਨ ਨੂੰ ਤਿਆਰ ਮੀਡੀਆ

ਆਪਣੀ ਖੋਜੀ ਪੱਤਰਕਾਰਿਤਾ ਲਈ ਪਛਾਣੇ ਜਾਂਦੇ 'ਕੋਬਰਾ ਪੋਸਟ' ਦੇ ਹਾਲ ਹੀ 'ਚ ਖੁਲਾਸੇ ਨੇ ਦੇਸ਼ ਦੇ ਮੀਡੀਆ ਜਗਤ ਦੀ ਪੋਲ ਖੋਲ ਕੇ ਰੱਖ ਦਿੱਤੀ ਹੈ। ਕੋਬਰਾ ਪੋਸਟ ਨੇ 'ਅਪਰੇਸ਼ਨ 136' ਦੇ ਨਾਂ ਨਾਲ ਕੀਤੇ ਗਏ ਸਟਿੰਗ ਅਪਰੇਸ਼ਨ ਰਾਹੀਂ ਮੀਡੀਆ ਦੇ ਉਸ ਪੱਖ ਦਾ ਖੁਲਾਸਾ ਕੀਤਾ ਹੈ, ਜਿੱਥੇ ਕਿਹਾ ਜਾਂਦਾ ਹੈ ਕਿ ਪੈਸਿਆਂ ਲਈ ਦੇਸ਼ ਦਾ ਮੀਡੀਆ ਆਪਣੀ ਆਵਾਜ਼ ਤੇ ਕਲਮ ਦਾ ਵੀ ਸੌਦਾ ਕਰ ਸਕਦਾ ਹੈ।

'ਦ ਵਾਇਰ' ਦੀ ਰਿਪੋਰਟ ਮੁਤਾਬਕ, ਖੂਫੀਆ ਕੈਮਰੇ ਦੀ ਮਦਦ ਨਾਲ ਕੀਤੇ ਗਏ 'ਅਪਰੇਸ਼ਨ 136' ਵਿੱਚ ਦੇਸ਼ ਦੇ ਕਈ ਵੱਡੇ ਮੀਡੀਆ ਸੰਸਥਾਨ ਸੱਤਾਧਾਰੀ ਪਾਰਟੀ ਲਈ ਚੋਣ ਹਵਾ ਤਿਆਰ ਕਰਨ ਲਈ ਸਹਿਮਤ ਹੁੰਦੇ ਨਜ਼ਰ ਆਏ ਹਨ। ਨਾਲ ਹੀ ਵਿਰੋਧੀ ਪਾਰਟੀਆਂ ਦੇ ਵੱਡੇ ਨੇਤਾਵਾਂ ਖਿਲਾਫ ਝੂਠੀਆਂ ਖਬਰਾਂ ਫੈਲਾ ਕੇ ਉਨ੍ਹਾਂ ਦੀ ਇਮੇਜ ਨੂੰ ਖਰਾਬ ਕਰਕੇ ਸੱਤਾਧਾਰੀ ਪਾਰਟੀ ਦੇ ਪੱਖ ਵਿੱਚ ਮਾਹੌਲ ਬਣਾਉਣ ਦੀ ਸੌਦੇਬਾਜ਼ੀ ਦਾ ਵੀ ਖੁਲਾਸਾ ਹੋਇਆ ਹੈ।

ਇੱਥੇ ਤੱਕ ਕਿ ਸੱਤਾਧਾਰੀ ਪਾਰਟੀ ਲਈ ਇਨ੍ਹਾਂ ਲੋਕਾਂ ਨੇ ਪੱਤਰਕਾਰਿਤਾ ਨੂੰ ਛਿੱਕੇ 'ਤੇ ਟੰਗਦੇ ਹੋਏ ਨਾਗਰਿਕ ਆਜ਼ਾਦੀ ਤੇ ਅਧਿਕਾਰਾਂ ਲਈ ਲੜਾਈ ਲੜਨ ਵਾਲਿਆਂ ਖਿਲਾਫ ਖਬਰਾਂ ਬਣਾਉਣ 'ਤੇ ਵੀ ਸਹਿਮਤੀ ਪ੍ਰਗਟ ਕੀਤੀ। ਦੇਸ਼ ਭਰ ਵਿੱਚ ਅੰਦੋਲਨ ਕਰਨ ਵਾਲੇ ਕਿਸਾਨਾਂ ਨੂੰ ਮਾਓਵਾਦੀਆਂ ਵੱਲੋਂ ਭੜਕਾਇਆ ਹੋਇਆ ਦੱਸ ਕੇ ਸਰਕਾਰ ਦੀਆਂ ਨੀਤੀਆਂ ਦੀ ਸ਼ਲਾਘਾ ਕਰਨ ਲਈ ਵੀ ਇਹ ਸਹਿਮਤ ਹੋ ਗਏ। ਰਿਪੋਰਟ ਮੁਤਾਬਕ, ਇਸ ਜਾਂਚ ਵਿੱਚ ਪਾਇਆ ਗਿਆ ਕਿ ਕਿਸ ਤਰ੍ਹਾਂ ਭਾਰਤੀ ਮੀਡੀਆ ਆਪਣੀ ਜ਼ਿੰਮੇਵਾਰੀ ਤੋਂ ਮੂੰਹ ਮੋੜ ਕੇ ਪ੍ਰੈੱਸ ਦੀ ਆਜ਼ਾਦੀ ਦਾ ਗਲਤ ਇਸਤੇਮਾਲ ਕਰ ਰਿਹਾ ਹੈ ਅਤੇ ਗਲਤ ਖਬਰਾਂ ਚਲਾ ਕੇ ਪੱਤਰਕਾਰਿਤਾ ਦੇ ਪੇਸ਼ੇ 'ਤੇ ਸਵਾਲ ਲਗਾ ਰਿਹਾ ਹੈ।

ਕੋਬਰਾ ਪੋਸਟ ਦੀ ਪੂਰੀ ਪੜਤਾਲ ਪੱਤਰਕਾਰ ਪੁਸ਼ਪ ਸ਼ਰਮਾ ਨੇ ਸ਼੍ਰੀਮਦ ਭਾਗਵਤ ਗੀਤਾ ਪ੍ਰਚਾਰ ਕਮੇਟੀ, ਉੱਜੈਨ ਦਾ ਪ੍ਰਚਾਰਕ ਬਣ ਕੇ ਅਤੇ ਖੁਦ ਦਾ ਨਾਂ ਆਚਾਰਯ ਛੱਤਰਪਾਲ ਅਟਲ ਦੱਸ ਕੇ ਕੀਤੀ। ਇਸ ਦੌਰਾਨ ਦੇਸ਼ ਦੇ ਕਰੀਬ ਤਿੰਨ ਦਰਜਨ ਵੱਡੇ ਮੀਡੀਆ ਸੰਸਥਾਨਾਂ ਦੇ ਸੀਨੀਅਰ ਅਤੇ ਜ਼ਿੰਮੇਵਾਰ ਅਧਿਕਾਰੀਆਂ ਨਾਲ ਉਨ੍ਹਾਂ ਨੇ ਮੁਲਾਕਾਤ ਕੀਤੀ ਅਤੇ ਇੱਕ ਖਾਸ ਤਰ੍ਹਾਂ ਦੀ ਮੀਡੀਆ ਮੁਹਿੰਮ ਚਲਾਉਣ ਲਈ 6 ਤੋਂ 50 ਕਰੋੜ ਰੁਪਏ ਦਾ ਆਪਣਾ ਬਜਟ ਦੱਸਿਆ।

ਕੋਬਰਾ ਪੋਸਟ ਨੇ 'ਅਪਰੇਸ਼ਨ 136' ਦਾ ਅਜੇ ਪਹਿਲਾ ਭਾਗ ਜਾਰੀ ਕੀਤਾ ਹੈ, ਜਿਸ ਵਿੱਚ ਕਈ ਰਾਸ਼ਟਰੀ ਅਖਬਾਰਾਂ ਤੇ ਨਿਊਜ਼ ਚੈਨਲਾਂ ਸਮੇਤ ਕੁੱਲ 16 ਮੀਡੀਆ ਸੰਸਥਾਨਾਂ ਦੇ ਨਾਂ ਸਾਹਮਣੇ ਆਏ ਹਨ। ਇਨ੍ਹਾਂ ਸਾਰੇ ਮੀਡੀਆ ਸੰਸਥਾਨਾਂ ਨਾਲ ਜੁੜੇ ਵੱਡੇ ਅਹੁਦਿਆਂ 'ਤੇ ਬੈਠੇ ਲੋਕਾਂ ਨਾਲ ਗੱਲਬਾਤ ਖੂਫੀਆ ਅਪਰੇਸ਼ਨ ਵਿੱਚ ਦਿਖਾਈ ਗਈ ਹੈ।

ਜਿਸ ਏਜੰਡੇ ਲਈ ਕੋਬਰਾ ਪੋਸਟ ਨੇ ਮੀਡੀਆ ਸੰਸਥਾਨਾਂ ਨਾਲ ਸੰਪਰਕ ਕੀਤਾ ਸੀ, ਉਨ੍ਹਾਂ ਵਿੱਚ ਚਾਰ ਬਿੰਦੂ ਸ਼ਾਮਲ ਸਨ। ਪਹਿਲਾ, ਮੀਡੀਆ ਮੁਹਿੰਮ ਦੇ ਸ਼ੁਰੂਆਤੀ ਅਤੇ ਪਹਿਲੇ ਦੌਰ ਵਿੱਚ ਹਿੰਦੁਤਵ ਦਾ ਪ੍ਰਚਾਰ ਕਰੇਗਾ, ਜਿਸਦੇ ਤਹਿਤ ਧਾਰਮਿਕ ਪ੍ਰੋਗਰਾਮਾਂ ਰਾਹੀਂ ਹਿੰਦੁਤਵ ਨੂੰ ਹੱਲਾਸ਼ੇਰੀ ਦਿੱਤੀ ਜਾਵੇਗੀ। ਦੂਜਾ, ਇਸਦੇ ਲਈ ਵਿਨੈ ਕਟੀਆਰ, ਊਮਾ ਭਾਰਤੀ ਅਤੇ ਦੂਜੇ ਹਿੰਦੂਵਾਦੀ ਨੇਤਾਵਾਂ ਦੇ ਭਾਸ਼ਣਾਂ ਨੂੰ ਪੇਸ਼ ਕਰਕੇ ਫਿਰਕੂ ਤੌਰ 'ਤੇ ਵੋਟਰਾਂ ਨੂੰ ਜੋੜਨ ਲਈ ਮੁਹਿੰਮ ਖੜੀ ਕੀਤੀ ਜਾਵੇਗੀ।

ਤੀਜਾ, ਜਿਵੇਂ ਹੀ ਚੋਣਾਂ ਨਜ਼ਦੀਕ ਆ ਜਾਣਗੀਆਂ, ਰਾਜਨੀਤਕ ਵਿਰੋਧੀਆਂ ਨੂੰ ਟਾਰਗੇਟ ਕੀਤਾ ਜਾਵੇਗਾ। ਬਸਪਾ ਮੁਖੀ ਮਾਇਆਵਤੀ, ਸਮਾਜਵਾਦੀ ਪਾਰਟੀ ਦੇ ਅਖਿਲੇਸ਼ ਯਾਦਵ, ਕਾਂਗਰਸ ਦੇ ਰਾਹੁਲ ਗਾਂਧੀ ਵਰਗੇ ਵਿਰੋਧੀ ਪਾਰਟੀਆਂ ਦੇ ਵੱਡੇ ਨੇਤਾਵਾਂ ਨੂੰ ਭੂਆ, ਬਬੂਆ ਤੇ ਪੱਪੂ ਕਹਿ ਕੇ ਲੋਕਾਂ ਸਾਹਮਣੇ ਪੇਸ਼ ਕੀਤਾ ਜਾਵੇਗਾ, ਤਾਂਕਿ ਚੋਣਾਂ ਦੌਰਾਨ ਜਨਤਾ ਉਨ੍ਹਾਂ ਨੂੰ ਗੰਭੀਰਤਾ ਨਾਲ ਨਾ ਲਵੇ ਅਤੇ ਵੋਟਰਾਂ ਦਾ ਰੁਝਾਨ ਆਪਣੇ ਪੱਖ ਵਿੱਚ ਕੀਤਾ ਜਾ ਸਕੇ। 

ਚੌਥਾ, ਮੀਡੀਆ ਸੰਸਥਾਨਾਂ ਨੂੰ ਇਹ ਮੁਹਿੰਮ ਉਨ੍ਹਾਂ ਕੋਲ ਉਪਲਬਧ ਸਾਰੇ ਪਲੇਟਫਾਰਮ ਜਿਵੇਂ ਪ੍ਰਿੰਟ, ਇਲੈਕਟ੍ਰੋਨਿਕ, ਰੇਡੀਓ, ਡਿਜ਼ੀਟਲ, ਈ-ਨਿਊਜ਼ ਪੋਰਟਲ, ਵੈੱਬਸਾਈਟ ਦੇ ਨਾਲ-ਨਾਲ ਸੋਸ਼ਲ ਮੀਡੀਆ, ਜਿਵੇਂ ਫੇਸਬੁੱਕ ਤੇ ਟਵਿੱਟਰ 'ਤੇ ਵੀ ਚਲਾਉਣੀ ਹੋਵੇਗੀ। ਕੋਬਰਾ ਪੋਸਟ ਮੁਤਾਬਕ, ਇਸ ਏਜੰਡੇ 'ਤੇ ਉਸਨੇ ਜਿਨ੍ਹਾਂ ਮੀਡੀਆ ਸੰਸਥਾਨਾਂ ਨਾਲ ਸੰਪਰਕ ਕੀਤਾ, ਲਗਭਗ ਸਾਰਿਆਂ ਨੇ ਇਹ ਮੁਹਿੰਮ ਚਲਾਉਣ 'ਤੇ ਸਹਿਮਤੀ ਪ੍ਰਗਟ ਕੀਤੀ।

ਇਸ ਪੂਰੀ ਪੜਤਾਲ ਨੂੰ 'ਅਪਰੇਸ਼ਨ 136' ਦਾ ਨਾਂ ਇਸ ਲਈ ਦਿੱਤਾ ਗਿਆ, ਕਿਉਂਕਿ ਸਾਲ 2017 ਦੇ ਪ੍ਰੈੱਸ ਇੰਡੈਕਸ ਵਿੱਚ ਭਾਰਤ ਸੰਸਾਰ ਵਿੱਚ 136ਵੇਂ ਨੰਬਰ 'ਤੇ ਹੈ। ਕੋਬਰਾ ਪੋਸਟ ਨੇ ਇਸ ਅਪਰੇਸ਼ਨ ਰਾਹੀਂ ਭਾਰਤੀ ਮੀਡੀਆ ਦੀ ਭਰੋਸੇ ਯੋਗਤਾ 'ਤੇ ਗੰਭੀਰ ਸਵਾਲ ਖੜੇ ਕੀਤੇ ਹਨ।

Comments

Leave a Reply