Sat,May 25,2019 | 01:32:34pm
HEADLINES:

editorial

ਮਜ਼ਬੂਤ ਸਿਆਸੀ ਗੱਠਜੋੜ ਦੇ ਦਮ 'ਤੇ ਕੁਮਾਰੀ ਮਾਇਆਵਤੀ ਦੇ ਪੀਐੱਮ ਬਣਨ ਦੇ ਸਮੀਕਰਨ

ਮਜ਼ਬੂਤ ਸਿਆਸੀ ਗੱਠਜੋੜ ਦੇ ਦਮ 'ਤੇ ਕੁਮਾਰੀ ਮਾਇਆਵਤੀ ਦੇ ਪੀਐੱਮ ਬਣਨ ਦੇ ਸਮੀਕਰਨ

ਪਿਛਲੇ ਕੁਝ ਸਾਲਾਂ 'ਚ ਸਿਆਸੀ ਗੱਠਜੋੜ ਤੋਂ ਦੂਰ ਰਹਿਣ ਵਾਲੀ ਬਹੁਜਨ ਸਮਾਜ ਪਾਰਟੀ ਬਦਲਦੇ ਮਾਹੌਲ ਵਿੱਚ ਗੱਠਜੋੜ ਦੇ ਦਮ 'ਤੇ ਕੇਂਦਰ ਦੀ ਸੱਤਾ ਤੱਕ ਪਹੁੰਚਣ ਦਾ ਰਾਹ ਤਿਆਰ ਕਰਨ ਲੱਗੀ ਹੋਈ ਹੈ। ਭਾਜਪਾ ਤੇ ਕਾਂਗਰਸ ਤੋਂ ਬਾਅਦ ਦੇਸ਼ ਦੀ ਤੀਜੀ ਸਭ ਤੋਂ ਵੱਡੀ ਰਾਸ਼ਟਰੀ ਪਾਰਟੀ ਬਸਪਾ ਹੁਣ ਤੱਕ ਚਾਰ ਵੱਡੇ ਸੂਬਿਆਂ ਉੱਤਰ ਪ੍ਰਦੇਸ਼ (ਗੱਠਜੋੜ ਲਗਭਗ ਤੈਅ), ਕਰਨਾਟਕ, ਹਰਿਆਣਾ ਤੇ ਛੱਤੀਸਗੜ ਵਿੱਚ ਗੱਠਜੋੜ ਦੇ ਦਮ 'ਤੇ ਚੋਣ ਮੈਦਾਨ 'ਚ ਮਜ਼ਬੂਤੀ ਨਾਲ ਉਤਰਨ ਜਾ ਰਹੀ ਹੈ।

2014 ਦੀਆਂ ਲੋਕਸਭਾ ਚੋਣਾਂ ਵਿੱਚ ਬਸਪਾ ਨੂੰ ਬੇਸ਼ੱਕ ਕਿਸੇ ਵੀ ਸੀਟ 'ਤੇ ਜਿੱਤ ਪ੍ਰਾਪਤ ਨਹੀਂ ਹੋਈ ਸੀ, ਇਸਦੇ ਬਾਵਜੂਦ ਉਹ 2.30 ਕਰੋੜ ਤੋਂ ਜ਼ਿਆਦਾ ਵੋਟਾਂ ਲੈ ਕੇ ਦੇਸ਼ ਵਿੱਚ ਤੀਜੇ ਨੰਬਰ 'ਤੇ ਰਹੀ ਸੀ। ਪਿਛਲੇ ਚਾਰ ਸਾਲਾਂ ਵਿੱਚ ਰਾਜਨੀਤਕ ਹਾਲਾਤ ਕਾਫੀ ਬਦਲ ਚੁੱਕੇ ਹਨ। ਚੋਣ ਵਾਅਦੇ ਪੂਰੇ ਨਾ ਕਰਨ ਵਾਲੀ ਭਾਜਪਾ ਖਿਲਾਫ ਲੋਕਾਂ ਵਿੱਚ ਰੋਸ ਦੇਖਣ ਨੂੰ ਮਿਲ ਰਿਹਾ ਹੈ, ਜਦਕਿ ਦੇਸ਼ ਦੀ ਆਜ਼ਾਦੀ ਤੋਂ ਲੈ ਕੇ ਕਈ ਸਾਲਾਂ ਤੱਕ ਕੇਂਦਰ ਦੀ ਸੱਤਾ 'ਤੇ ਰਾਜ ਕਰਨ ਵਾਲੀ ਕਾਂਗਰਸ ਦੀ ਸਥਿਤੀ ਵੀ ਚੰਗੀ ਨਹੀਂ ਹੈ।

ਕਈ ਸੂਬਿਆਂ ਵਿੱਚ ਹਾਰ ਤੇ ਲੀਡਰਸ਼ਿਪ ਦੇ ਸੰਕਟ ਕਾਰਨ ਫਿਲਹਾਲ ਕਾਂਗਰਸ ਲਈ ਆਪਣੇ ਦਮ 'ਤੇ ਕੇਂਦਰ ਦੀ ਸੱਤਾ 'ਤੇ ਕਬਜ਼ਾ ਕਰ ਪਾਉਣਾ ਸੰਭਵ ਨਜ਼ਰ ਨਹੀਂ ਆ ਰਿਹਾ। ਅਜਿਹੇ ਹਾਲਾਤ ਵਿੱਚ ਬਸਪਾ ਦਾ ਉਭਾਰ ਹੁੰਦਾ ਦਿਖਾਈ ਦੇ ਰਿਹਾ ਹੈ। ਬਸਪਾ ਵਰਕਰ ਜਿੱਥੇ ਕੁਮਾਰੀ ਮਾਇਆਵਤੀ ਨੂੰ ਪ੍ਰਧਾਨ ਮੰਤਰੀ ਬਣਾਉਣ ਲਈ ਸੋਸ਼ਲ ਮੀਡੀਆ ਤੇ ਜ਼ਮੀਨੀ ਪੱਧਰ 'ਤੇ ਮੁਹਿੰਮ ਚਲਾਉਣ ਲੱਗੇ ਹੋਏ ਹਨ, ਉੱਥੇ ਬਸਪਾ ਮੁਖੀ ਕੁਮਾਰੀ ਮਾਇਆਵਤੀ ਵੀ ਪਾਰਟੀ ਨੂੰ ਮਜ਼ਬੂਤ ਕਰਨ ਲੱਗੇ ਹੋਏ ਹਨ।

ਸਿਆਸੀ ਗੱਠਜੋੜ ਬਸਪਾ ਮੁਖੀ ਕੁਮਾਰੀ ਮਾਇਆਵਤੀ ਨੂੰ ਪ੍ਰਧਾਨ ਮੰਤਰੀ ਦੀ ਕੁਰਸੀ ਤੱਕ ਪਹੁੰਚਾਉਣ ਲਈ ਰਾਹ ਸੌਖੀ ਕਰਨ ਲੱਗੇ ਹੋਏ ਹਨ। ਬਸਪਾ ਵੱਲੋਂ ਹਰਿਆਣਾ 'ਚ ਇਨੈਲੋ, ਛੱਤੀਸਗੜ 'ਚ ਛੱਤੀਸਗੜ ਜਨਤਾ ਕਾਂਗਰਸ, ਕਰਨਾਟਕ 'ਚ ਜੇਡੀਐੱਸ ਤੇ ਉੱਤਰ ਪ੍ਰਦੇਸ਼ 'ਚ ਸਮਾਜਵਾਦੀ ਪਾਰਟੀ (ਲਗਭਗ ਤੈਅ) ਨਾਲ ਕੀਤੇ ਗਏ ਗੱਠਜੋੜਾਂ ਦੀ ਖਾਸ ਗੱਲ ਇਹ ਹੈ ਕਿ ਇਨ੍ਹਾਂ ਸਾਰੀਆਂ ਸਿਆਸੀ ਪਾਰਟੀਆਂ ਦੇ ਲੀਡਰ ਕੁਮਾਰੀ ਮਾਇਆਵਤੀ ਨੂੰ ਪ੍ਰਧਾਨ ਮੰਤਰੀ ਅਹੁਦੇ ਦਾ ਉਮੀਦਵਾਰ ਬਣਾਉਣ 'ਤੇ ਸਹਿਮਤੀ ਦੇ ਚੁੱਕੇ ਹਨ।

ਇਨੈਲੋ ਮੁਖੀ ਅਜੈ ਚੋਟਾਲਾ ਖੁੱਲ ਕੇ ਕੁਮਾਰੀ ਮਾਇਆਵਤੀ ਨੂੰ ਪ੍ਰਧਾਨ ਮੰਤਰੀ ਬਣਾਉਣ ਲਈ ਮੁਹਿੰਮ ਚਲਾਉਣ ਦਾ ਐਲਾਨ ਕਰ ਚੁੱਕੇ ਹਨ। ਇਸੇ ਤਰ੍ਹਾਂ ਸਮਾਜਵਾਦੀ ਪਾਰਟੀ ਦੇ ਮੁਖੀਆ ਅਖਿਲੇਸ਼ ਯਾਦਵ ਵੀ ਬਸਪਾ ਮੁਖੀ ਦਾ ਸਮਰਥਨ ਕਰਦੇ ਹੋਏ 'ਦੇਸ਼ ਦਾ ਅਗਲਾ ਪ੍ਰਧਾਨ ਮੰਤਰੀ ਉੱਤਰ ਪ੍ਰਦੇਸ਼ ਤੋਂ ਹੋਣ' ਬਾਰੇ ਬਿਆਨ ਜਾਰੀ ਕਰ ਚੁੱਕੇ ਹਨ। ਛੱਤੀਸਗੜ ਜਨਤਾ ਕਾਂਗਰਸ ਮੁਖੀ ਤੇ ਆਦੀਵਾਸੀ ਨੇਤਾ ਅਜੀਤ ਜੋਗੀ ਵੀ ਬਸਪਾ ਮੁਖੀ ਦੇ ਨਾਂ 'ਤੇ ਸਹਿਮਤ ਹਨ।

ਜੇਡੀਐੱਸ ਨੇਤਾ ਤੇ ਸਾਬਕਾ ਪ੍ਰਧਾਨ ਮੰਤਰੀ ਐੱਚਡੀ ਦੇਵੇਗੌੜਾ ਵੀ ਇੱਕ ਇੰਟਰਵਿਊ ਵਿੱਚ ਕਹਿ ਚੁੱਕੇ ਹਨ ਕਿ ਉਨ੍ਹਾਂ ਨੂੰ ਕੁਮਾਰੀ ਮਾਇਆਵਤੀ ਨੂੰ ਪ੍ਰਧਾਨ ਮੰਤਰੀ ਬਣਾਏ ਜਾਣ 'ਤੇ ਕੋਈ ਇਤਰਾਜ਼ ਨਹੀਂ ਹੈ। 2019 ਦੀਆਂ ਲੋਕਸਭਾ ਚੋਣਾਂ ਵਿੱਚ ਜੇਕਰ ਭਾਜਪਾ ਤੇ ਕਾਂਗਰਸ ਬਹੁਮਤ ਯੋਗ ਸੀਟਾਂ ਹਾਸਲ ਨਹੀਂ ਕਰ ਪਾਉਂਦੀਆਂ ਤਾਂ ਅਜਿਹੀ ਸਥਿਤੀ ਵਿੱਚ ਬਸਪਾ ਮੁਖੀ ਕੁਮਾਰੀ ਮਾਇਆਵਤੀ ਦਾ ਪ੍ਰਧਾਨ ਮੰਤਰੀ ਬਣਨਾ ਤੈਅ ਹੋ ਸਕਦਾ ਹੈ। 80 ਵਿਧਾਨਸਭਾ ਸੀਟਾਂ ਵਾਲੇ ਉੱਤਰ ਪ੍ਰਦੇਸ਼ ਵਿੱਚ ਬਸਪਾ ਇਸ ਸਮੇਂ ਪਹਿਲਾਂ ਹੀ ਮਜ਼ਬੂਤ ਸਥਿਤੀ ਵਿੱਚ ਹੈ।

ਉਸਨੂੰ ਇੱਥੋਂ ਸਮਾਜਵਾਦੀ ਪਾਰਟੀ ਤੇ ਅਜੀਤ ਸਿੰਘ ਦੀ ਪਾਰਟੀ ਆਰਐੱਲਡੀ ਦਾ ਸਮਰਥਨ ਪ੍ਰਾਪਤ ਹੈ। ਇਸੇ ਤਰ੍ਹਾਂ ਵੱਡੇ ਸੂਬੇ ਬਿਹਾਰ ਵਿੱਚ ਰਾਸ਼ਟਰੀ ਜਨਤਾ ਦਲ (ਆਰਜੇਡੀ) ਦੇ ਤੇਜਸਵੀ ਯਾਦਵ ਵੀ ਕੁਮਾਰੀ ਮਾਇਆਵਤੀ ਨਾਲ ਹਮਦਰਦੀ ਰੱਖਦੇ ਹਨ। ਦੱਖਣ ਭਾਰਤ ਦੇ ਵੱਡੇ ਸੂਬੇ ਕਰਨਾਟਕ ਵਿੱਚ ਮੁੱਖ ਮੰਤਰੀ ਕੁਮਾਰ ਸਵਾਮੀ ਦੀ ਪਾਰਟੀ ਜੇਡੀਐੱਸ ਪਹਿਲਾਂ ਹੀ ਬਸਪਾ ਮੁਖੀ ਦੇ ਨਾਲ ਹੈ। ਇਹ ਸਾਰੇ ਸਮੀਕਰਨ ਬਸਪਾ ਲਈ 2019 'ਚ ਸ਼ੁਭ ਸੰਕੇਤ ਸਾਬਿਤ ਹੋ ਸਕਦੇ ਹਨ।

ਬਸਪਾ ਦੇ ਗੱਠਜੋੜ ਬਹੁਜਨ ਮੂਵਮੈਂਟ ਦੇ ਆਲੇ-ਦੁਆਲੇ
ਬਹੁਜਨ ਸਮਾਜ ਪਾਰਟੀ ਵੱਲੋਂ ਉੱਤਰ ਪ੍ਰਦੇਸ਼, ਹਰਿਆਣਾ, ਛੱਤੀਸਗੜ ਤੇ ਕਰਨਾਟਕ 'ਚ ਕੀਤੇ ਗਏ ਗੱਠਜੋੜਾਂ ਨੂੰ 'ਬਹੁਜਨ ਮੂਵਮੈਂਟ' ਵਾਲੇ ਗੱਠਜੋੜ ਕਿਹਾ ਜਾ ਸਕਦਾ ਹੈ। ਯੂਪੀ 'ਚ ਸਮਾਜਵਾਦੀ ਪਾਰਟੀ ਦੇ ਨੇਤਾ ਓਬੀਸੀ, ਹਰਿਆਣਾ 'ਚ ਇਨੈਲੋ ਦੇ ਜਾਟ, ਛੱਤੀਸਗੜ 'ਚ ਛੱਤੀਸਗੜ ਜਨਤਾ ਕਾਂਗਰਸ ਦੇ ਆਗੂ ਆਦੀਵਾਸੀ ਤੇ ਕਰਨਾਟਕ 'ਚ ਜੇਡੀਐੱਸ ਆਗੂ ਓਬੀਸੀ ਵਰਗਾਂ ਵਿੱਚੋਂ ਆਉਂਦੇ ਹਨ। ਬਸਪਾ ਸੰਸਥਾਪਕ ਸਾਹਿਬ ਕਾਂਸ਼ੀਰਾਮ ਨੇ ਬ੍ਰਾਹਮਣ, ਠਾਕੁਰ ਤੇ ਬਾਣੀਆ ਨੂੰ ਛੱਡ ਕੇ ਬਾਕੀ ਸਾਰੇ ਸਮਾਜ ਨੂੰ ਜੋੜ ਕੇ ਬਹੁਜਨ ਸਮਾਜ ਬਣਾਉਣ ਦੀ ਗੱਲ ਕਹੀ ਸੀ।

ਇਸ ਕਰਕੇ ਬਸਪਾ ਵੱਲੋਂ ਕੀਤੇ ਜਾ ਰਹੇ ਗੱਠਜੋੜ ਇਸੇ ਬਹੁਜਨ ਮੂਵਮੈਂਟ ਦੇ ਆਲੇ-ਦੁਆਲੇ ਘੁੰਮਦੇ ਹਨ। ਬਹੁਜਨ ਸਮਾਜ ਪਾਰਟੀ ਵੱਲੋਂ ਕੀਤੇ ਗਏ ਇਨ੍ਹਾਂ ਗੱਠਜੋੜ ਤੋਂ ਇਲਾਵਾ ਮਹਾਰਾਸ਼ਟਰ 'ਚ ਵੀ ਐੱਨਸੀਪੀ ਮੁਖੀ ਸ਼ਰਦ ਪਵਾਰ ਬਸਪਾ ਵੱਲ ਗੱਠਜੋੜ ਕਰਨ ਦੀਆਂ ਕੋਸ਼ਿਸ਼ਾਂ ਵਿੱਚ ਲੱਗੇ ਹੋਏ ਹਨ। ਸ਼ਰਦ ਪਵਾਰ ਮਹਾਰਾਸ਼ਟਰ ਦੇ ਮਰਾਠਾ ਆਗੂ ਹਨ। ਮਰਾਠਾ ਸਮਾਜ ਵੀ ਬਹੁਜਨ ਸਮਾਜ ਦਾ ਹੀ ਹਿੱਸਾ ਹੈ। ਸ਼ਰਦ ਪਵਾਰ ਕੁਝ ਸਮਾਂ ਪਹਿਲਾਂ ਬਸਪਾ ਮੁਖੀ ਨਾਲ ਉਨ੍ਹਾਂ ਦੇ ਘਰ ਜਾ ਕੇ ਮੁਲਾਕਾਤ ਵੀ ਕਰ ਚੁੱਕੇ ਹਨ। 

ਪ੍ਰਧਾਨ ਮੰਤਰੀ ਅਹੁਦੇ ਦੇ ਦਾਅਵੇਦਾਰ ਕੁਮਾਰੀ ਮਾਇਆਵਤੀ
ਬਸਪਾ ਮੁਖੀ ਕੁਮਾਰੀ ਮਾਇਆਵਤੀ ਨੇ ਛੱਤੀਸਗੜ ਵਿੱਚ ਅਜੀਤ ਜੋਗੀ ਦੀ ਪਾਰਟੀ ਛੱਤੀਸਗੜ ਜਨਤਾ ਕਾਂਗਰਸ ਨਾਲ ਗੱਠਜੋੜ ਕਰਕੇ ਇਹ ਦੱਸ ਦਿੱਤਾ ਹੈ ਕਿ ਉਹ ਸੀਟਾਂ 'ਤੇ ਸਮਝੌਤਾ ਕਰਨ ਦੇ ਮੂਡ ਵਿੱਚ ਨਹੀਂ ਹਨ। 2019 ਵਿੱਚ ਸੱਤਾ ਦੇ ਉਪਰਲੇ ਅਹੁਦੇ (ਪ੍ਰਧਾਨ ਮੰਤਰੀ) 'ਤੇ ਆਪਣੀ ਦਾਅਵੇਦਾਰੀ ਲਈ ਉਹ ਬਹੁਤ ਸਤਰਕ ਹਨ।

ਭਾਜਪਾ ਵਿਰੋਧ ਦੇ ਨਾਲ ਹੀ ਆਪਣੀ ਮਜ਼ਬੂਤੀ 'ਤੇ ਬਸਪਾ ਮੁਖੀ ਦਾ ਵਿਸ਼ੇਸ਼ ਧਿਆਨ ਹੈ। ਬਸਪਾ ਮੁਖੀ ਇੱਕ ਤਾਂ ਸ਼ੋਸ਼ਿਤ ਸਮਾਜ ਵਿੱਚੋਂ ਆਉਂਦੇ ਹਨ ਅਤੇ ਦੂਜੇ ਉਹ ਹਿੰਦੀ ਪੱਟੀ ਨਾਲ ਸਬੰਧ ਰੱਖਦੇ ਹਨ। ਕੁਮਾਰੀ ਮਾਇਆਵਤੀ ਦੀ ਪਾਰਟੀ ਦਾ ਸੰਗਠਨ ਪੂਰੇ ਦੇਸ਼ ਵਿੱਚ ਹੈ। ਉਹ ਸਖਤ ਪ੍ਰਸ਼ਾਸਕ ਮੰਨੇ ਜਾਂਦੇ ਹਨ। ਉੱਤਰ ਪ੍ਰਦੇਸ਼ ਵਿੱਚ ਬਸਪਾ ਤੇ ਸਮਾਜਵਾਦੀ ਪਾਰਟੀ ਦਾ ਆਧਾਰ ਦਲਿਤ, ਮੁਸਲਮਾਨ ਤੇ ਯਾਦਵ ਵੋਟ ਹਨ।

ਜੇਕਰ 2019 ਵਿੱਚ ਮਾਇਆਵਤੀ-ਅਖਿਲੇਸ਼ ਇਨ੍ਹਾਂ ਜਾਤਾਂ ਨੂੰ ਇਕੱਠੇ ਕਰ ਗਏ ਤਾਂ ਉਨ੍ਹਾਂ ਲਈ ਜਿੱਤ ਮੁਸ਼ਕਿਲ ਨਹੀਂ ਹੋਵੇਗੀ। ਉੱਤਰ ਪ੍ਰਦੇਸ਼ ਵਿੱਚ ਦਲਿਤ, ਮੁਸਲਮਾਨ ਅਤੇ ਯਾਦਵ ਮਿਲਾ ਕੇ ਕੁੱਲ ਆਬਾਦੀ ਦਾ ਕਰੀਬ ਅੱਧਾ ਹਿੱਸਾ (50 ਫੀਸਦੀ) ਹਨ। ਅਜਿਹੇ ਵਿੱਚ ਬਸਪਾ-ਸਪਾ ਗੱਠਜੋੜ ਦਾ ਇਸ ਸੂਬੇ ਵਿੱਚ ਪ੍ਰਭਾਵਸ਼ਾਲੀ ਸਾਬਿਤ ਹੋਵੇਗਾ।

Comments

Leave a Reply