Thu,Aug 22,2019 | 09:29:49am
HEADLINES:

editorial

ਇਤਿਹਾਸਕ ਮੋੜ : ਮਹੱਤਵਪੂਰਨ ਹੈ ਕੁਮਾਰੀ ਮਾਇਆਵਤੀ ਤੇ ਮੁਲਾਇਮ ਸਿੰਘ ਯਾਦਵ ਦਾ ਨਾਲ ਆਉਣਾ

ਇਤਿਹਾਸਕ ਮੋੜ : ਮਹੱਤਵਪੂਰਨ ਹੈ ਕੁਮਾਰੀ ਮਾਇਆਵਤੀ ਤੇ ਮੁਲਾਇਮ ਸਿੰਘ ਯਾਦਵ ਦਾ ਨਾਲ ਆਉਣਾ

ਕੁਮਾਰੀ ਮਾਇਆਵਤੀ ਤੇ ਮੁਲਾਇਮ ਸਿੰਘ ਦਾ 24 ਸਾਲ ਬਾਅਦ ਫਿਰ ਤੋਂ ਇੱਕ ਮੰਚ 'ਤੇ ਨਾਲ-ਨਾਲ ਆਉਣਾ ਯੂਪੀ ਹੀ ਨਹੀਂ ਭਾਰਤੀ ਸਿਆਸਤ ਲਈ ਵੀ ਇੱਕ ਮਹੱਤਵਪੂਰਨ ਘਟਨਾ ਹੈ। ਇਸਦਾ ਅਸਰ ਨਾ ਸਿਰਫ ਸਿਆਸਤ 'ਤੇ, ਸਗੋਂ ਸਮਾਜ 'ਤੇ ਵੀ ਪਵੇਗਾ ਕਿਉਂਕਿ ਇਹ ਦੋਵੇਂ ਪਾਰਟੀਆਂ ਦੋ ਵੱਖ-ਵੱਖ ਸਮਾਜਿਕ ਸਮੂਹਾਂ ਦੀ ਪ੍ਰਤੀਨਿਧਤਾ ਕਰਦੀਆਂ ਹਨ ਤੇ ਉਨ੍ਹਾਂ ਦੀ ਏਕਤਾ ਨਾਲ ਯੂਪੀ 'ਚ ਦਲਿਤਾਂ ਤੇ ਪੱਛੜਿਆਂ ਵਿਚਾਲੇ ਨਵੇਂ ਸਿਰੇ ਤੋਂ ਏਕਤਾ ਬਣੇਗੀ, ਜੋ 1995 'ਚ ਟੁੱਟ ਗਈ ਸੀ। 

ਇਨ੍ਹਾਂ ਨੇਤਾਵਾਂ ਦੀ ਏਕਤਾ ਦੇ ਮਹੱਤਵ ਨੂੰ ਸਮਝਣ ਲਈ 1990 ਦੇ ਦਹਾਕੇ ਦੀ ਸ਼ੁਰੁਆਤ ਦੇ ਸਿਆਸੀ ਘਟਨਾਕ੍ਰਮ 'ਤੇ ਇੱਕ ਨਜ਼ਰ ਮਾਰਦੇ ਹਾਂ। 6 ਦਸੰਬਰ 1992 ਨੂੰ ਬਾਬਰੀ ਮਸਜਿਦ ਡੇਗੇ ਜਾਣ ਦੀ ਨੈਤਿਕ ਜ਼ਿੰਮੇਵਾਰੀ ਲੈਂਦੇ ਹੋਏ ਉਤਰ ਪ੍ਰਦੇਸ਼ ਦੇ ਤੱਤਕਾਲੀਨ ਮੁੱਖ ਮੰਤਰੀ ਕਲਿਆਣ ਸਿੰਘ ਨੇ ਅਸਤੀਫਾ ਦੇ ਦਿੱਤਾ ਸੀ।

ਇਸਦੇ ਇੱਕ ਸਾਲ ਬਾਅਦ ਸੂਬੇ 'ਚ ਚੋਣਾਂ ਹੋਈਆਂ। ਵਿਧਾਨ ਸਭਾ ਚੋਣਾਂ 'ਚ ਸਪਾ ਤੇ ਬਸਪਾ ਨੇ ਗਠਜੋੜ ਕੀਤਾ ਤੇ 'ਰਾਮ ਲਹਿਰ' ਦੇ ਉਸ ਦੌਰ 'ਚ ਵੀ ਭਾਜਪਾ ਨੂੰ ਰੋਕ ਦਿੱਤਾ। ਉਨ੍ਹਾਂ ਵਿਧਾਨ ਸਭਾ ਚੋਣਾਂ 'ਚ ਲੱਗਾ ਨਾਅਰਾ,'ਮਿਲੇ ਮੁਲਾਇਮ -ਕਾਂਸ਼ੀਰਾਮ, ਹਵਾ 'ਚ ਉਡ ਗਏ ਜੈ ਸ਼੍ਰੀਰਾਮ' ਅੱਜ ਵੀ ਲੋਕਾਂ ਦੇ ਜ਼ਿਹਨ 'ਚ ਤਰੋ-ਤਾਜ਼ਾ ਹੈ। ਸਪਾ-ਬਸਪਾ ਗੱਠਜੋੜ ਸਰਕਾਰ 1995 ਤੱਕ ਚੱਲੀ। ਇਸਦੇ ਬਾਅਦ ਕੁਮਾਰੀ ਮਾਇਆਵਤੀ ਦੀ ਅਗਵਾਈ ਵਿੱਚ ਯੂਪੀ ਵਿੱਚ ਸਰਕਾਰ ਬਣੀ ਸੀ, ਹਾਲਾਂਕਿ ਇਹ ਜ਼ਿਆਦਾ ਸਮੇਂ ਤੱਕ ਨਹੀਂ ਚੱਲ ਸਕੀ। 

ਇਸਦੇ ਬਾਅਦ ਉਸ ਸਮੇਂ ਦੇ ਪ੍ਰਮੁੱਖ ਭਾਜਪਾ ਨੇਤਾ ਤੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੇ ਕਿਹਾ ਸੀ ਕਿ ਅਸੀਂ ਕੰਡੇ ਨਾਲ ਕੰਡੇ ਨੂੰ ਕੱਢਿਆ ਤੇ ਦੋਵੇਂ ਕੰਡੇ ਸੁੱਟ ਦਿੱਤੇ। ਹੁਣ ਉਸ ਘਟਨਾ ਦੇ 24 ਸਾਲ ਬਾਅਦ ਨਾ ਸਿਰਫ ਸਪਾ ਤੇ ਬਸਪਾ ਨਾਲ ਆਏ ਹਨ, ਸਗੋਂ ਕੁਮਾਰੀ ਮਾਇਆਵਤੀ ਤੇ ਮੁਲਾਇਮ ਸਿੰਘ ਨੇ ਵੀ ਇੰਨੇ ਸਾਲਾਂ ਬਾਅਦ ਪਹਿਲੀ ਵਾਰ ਮੈਨਪੁਰੀ ਦੀ ਚੋਣ ਸਭਾ 'ਚ ਮੰਚ ਸਾਂਝਾ ਕੀਤਾ।

19 ਅਪ੍ਰੈਲ 2019 ਦੀ ਇਸ ਸਭਾ ਨੂੰ ਇਸ ਮਾਇਨੇ 'ਚ ਇਤਿਹਾਸਕ ਕਰਾਰ ਦਿੱਤਾ ਜਾ ਸਕਦਾ ਹੈ ਕਿ ਲੰਮੇ ਅਰਸੇ ਦੇ ਬਾਅਦ ਯੂਪੀ ਦੀਆਂ ਦੋ ਸਮਾਜਿਕ ਸ਼ਕਤੀਆਂ ਦਲਿਤਾਂ ਤੇ ਪੱਛੜਿਆਂ ਦੀ ਪ੍ਰਤੀਨਿਧਤਾ ਦਾ ਦਾਅਵਾ ਕਰਨ ਵਾਲੀਆਂ ਦੋ ਵੱਡੀਆਂ ਪਾਰਟੀਆਂ ਫਿਰ ਤੋਂ ਨੇੜੇ ਆ ਗਈਆਂ ਹਨ। 

ਮੈਨਪੁਰੀ ਰੈਲੀ ਦੌਰਾਨ ਉਨ੍ਹਾਂ ਦੀ ਬਾਡੀ ਲੈਂਗਵੇਜ 'ਚ ਇੱਕ ਗਰਮਜੋਸ਼ੀ ਸੀ। ਇਸ ਗੱਲ ਨੂੰ ਸਾਰਿਆਂ ਨੇ ਨੋਟ ਕੀਤਾ। ਬੈਠਣ ਲਈ ਕੁਮਾਰੀ ਮਾਇਆਵਤੀ ਨੂੰ ਸਭ ਤੋਂ ਮਹੱਤਵਪੂਰਨ ਵਿਚਕਾਰਲੀ ਕੁਰਸੀ ਦਿੱਤੀ ਗਈ। ਮੰਚ ਦੀ ਵਿਵਸਥਾ ਪੂਰੀ ਤਰ੍ਹਾਂ ਅਖਿਲੇਸ਼ ਯਾਦਵ ਦੇ ਕੰਟਰੋਲ 'ਚ ਸੀ ਤੇ ਉਨ੍ਹਾਂ ਨੇ ਕੁਮਾਰੀ ਮਾਇਆਵਤੀ ਨੂੰ ਸਭਾ ਦੀ ਮੁੱਖ ਮਹਿਮਾਨ ਵਜੋਂ ਸੰਬੋਧਤ ਕੀਤਾ। ਤਿੰਨਾਂ ਨੇਤਾਵਾਂ ਨੇ ਨੱਪਿਆ ਤੁਲਿਆ ਭਾਸ਼ਣ ਦਿੱਤਾ ਤੇ ਕੱਟੜਤਾ ਫੈਲਾਉਣ ਵਾਲੀ ਕੋਈ ਗੱਲ ਨਹੀਂ ਕੀਤੀ।  

ਸਪਾ-ਬਸਪਾ ਤੇ ਆਰਐੱਲਡੀ ਦੀ ਏਕਤਾ ਦਾ ਸਿਆਸੀ ਤੌਰ 'ਤੇ ਕੀ ਅਸਰ ਹੋਵੇਗਾ, ਇਹ ਚੋਣ ਨਤੀਜਿਆਂ ਦੇ ਦਿਨ ਪਤਾ ਲੱਗੇਗਾ। ਵਿਸ਼ਲੇਸ਼ਕ ਇਸ ਬਾਰੇ ਵੱਖ-ਵੱਖ ਰਾਏ ਰੱਖਦੇ ਹਨ। ਕੁਝ ਕੁ ਮੰਨ ਕੇ ਚਲਦੇ ਹਨ ਕਿ ਇਹ ਗੱਠਜੋੜ ਆਪਣੇ ਆਪ 'ਚ ਕੋਈ ਜਾਦੂ ਨਹੀਂ ਕਰ ਪਾਵੇਗਾ। ਉਥੇ ਹੀ ਵਿਸ਼ਲੇਸ਼ਕਾਂ ਦੀ ਇੱਕ ਵੱਡੀ ਸ਼੍ਰੇਣੀ ਮੰਨਦੀ ਹੈ ਕਿ ਸਪਾ ਤੇ ਬਸਪਾ ਦੇ ਨਾਲ ਆਉਣ ਦੇ ਬਾਅਦ ਇਸ ਵਾਰ ਫਿਰ ਭਾਜਪਾ ਹਵਾ 'ਚ ਉਡ ਜਾਵੇਗੀ।

ਦੋਵੇਂ ਨੇਤਾਵਾਂ ਦੀ ਵਿਚਾਰਕ ਸਮਾਨਤਾ ਦੀ ਗੱਲ ਕਰੀਏ ਤਾਂ ਦੋਵੇਂ ਆਧੁਨਿਕ ਚਿੰਤਕ ਹਨ ਤੇ ਲਿਬਰਲ ਡੈਮੋਕ੍ਰੇਟ ਮੰਨੇ ਜਾਂਦੇ ਹਨ। ਇਹ ਦੋਵੇਂ ਨੇਤਾ ਸੰਪੂਰਨ ਰਾਸ਼ਟਰ ਲਈ ਚਿੰਤਨ ਕਰਦੇ ਹੋਏ ਜਾਤੀ ਮੁਕਤੀ ਨੂੰ ਇੱਕ ਜ਼ਰੂਰੀ ਕੰਮ ਵਾਂਗ ਲੈਂਦੇ ਹਨ ਤੇ ਮੰਨਦੇ ਹਨ ਕਿ ਜਾਤੀ ਦੇ ਅੰਤ ਦੇ ਬਿਨਾਂ ਭਾਰਤ ਸਹੀ ਅਰਥਾਂ ਵਿੱਚ ਰਾਸ਼ਟਰ ਨਹੀਂ ਬਣ ਸਕਦਾ।

ਦੋਵੇਂ ਇਸ ਗੱਲ 'ਤੇ ਸਹਿਮਤ ਹਨ ਕਿ ਜਾਤੀਆਂ ਦੇ ਰਹਿੰਦਿਆਂ ਸਮਾਨਤਾ ਦੀ ਗੱਲ ਕਰਨਾ ਬੇਅਰਥ ਹੈ। ਲੋਹੀਆ ਆਪਣੀ ਕਿਤਾਬ ਭਾਰਤ 'ਚ ਜਾਤੀਵਾਦ ਤੇ ਡਾ. ਅੰਬੇਡਕਰ ਆਪਣੀ ਕਿਤਾਬ 'ਐਨਹਿਲੇਸ਼ਨ ਆਫ ਕਾਸਟ' 'ਚ ਇਹ ਵਿਆਖਿਆ ਦਿੰਦੇ ਹਨ ਕਿ ਜਨਮ ਦੇ ਅਧਾਰ 'ਤੇ ਕੰਮਾਂ ਦੇ ਨਿਰਧਾਰਨ ਨੇ ਭਾਰਤੀ ਅਰਥ ਵਿਵਸਥਾ ਨੂੰ ਗਤੀਹੀਣ ਬਣਾ ਦਿੱਤਾ ਹੈ।

ਦੋਵਾਂ ਦੀ ਰਾਏ 'ਚ ਜਾਤੀ ਅਨੈਤਿਕ ਹੈ ਤੇ ਇਸਦਾ ਅੰਤ ਹੋ ਜਾਣਾ ਚਾਹੀਦਾ ਹੈ। ਦੋਵਾਂ 'ਚ ਜਾਤੀ ਵਿਵਸਥਾ ਦੇ ਵਿਨਾਸ਼ ਨੂੰ ਲੈ ਕੇ ਅਸਮਾਨਤਾਵਾਂ ਵੀ ਹਨ, ਪਰ ਦੋਵੇਂ ਨਾਲ ਚੱਲ ਕੇ ਕੰਮ ਕਰਨ ਦੀਆਂ ਸੰਭਾਵਨਾਵਾਂ ਤਲਾਸ਼ ਰਹੇ ਸਨ।

ਕਹਿਣਾ ਮੁਸ਼ਕਲ ਹੈ ਕਿ ਸਪਾ ਤੇ ਬਸਪਾ ਦੀ ਇਹ ਦੋਸਤੀ ਇੱਕ ਫੌਰੀ ਸਿਆਸੀ ਮਕਸਦ ਨਾਲ ਹੋਈ ਹੈ ਜਾਂ ਇਸਦਾ ਕੋਈ ਵਿਚਾਰਕ ਆਧਾਰ ਵੀ ਹੈ। ਫਿਲਹਾਲ ਜੋ  ਸਿਆਸੀ ਸਥਿਤੀ ਹੈ, ਉਸ 'ਚ ਮੰਨਿਆ ਜਾ ਸਕਦਾ ਹੈ ਕਿ ਜੇਕਰ ਲੋਕ ਸਭਾ ਚੋਣਾਂ ਵਿੱਚ ਦੋਵੇਂ ਦਲ ਵਧੀਆ ਕਾਰਗੁਜ਼ਾਰੀ ਦਿਖਾਉਂਦੇ ਹਨ ਤਾਂ ਇਹ ਦੋਸਤੀ ਯੂਪੀ ਦੀਆਂ ਅਗਲੀਆਂ ਵਿਧਾਨ ਸਭਾ ਚੋਣਾਂ ਤੱਕ ਹੋਰ ਵੀ ਅੱਗੇ ਰਹਿ ਸਕਦੀ ਹੈ ਤੇ ਦਲਿਤਾਂ ਤੇ ਪੱਛੜਿਆਂ ਦੀ ਸਿਆਸਤ 'ਚ ਮਜ਼ਬੂਤੀ ਦੀਆਂ ਨੀਹਾਂ ਨੂੰ ਹੋਰ ਪੱਕਿਆਂ ਕਰੇਗੀ।

Comments

Leave a Reply