Wed,Mar 27,2019 | 12:46:11am
HEADLINES:

editorial

ਨਰਿੰਦਰ ਮੋਦੀ ਖਿਲਾਫ ਕੁਮਾਰੀ ਮਾਇਆਵਤੀ ਵਿਰੋਧੀ ਧਿਰ ਦਾ ਸਭ ਤੋਂ ਵੱਡਾ ਚੇਹਰਾ

ਨਰਿੰਦਰ ਮੋਦੀ ਖਿਲਾਫ ਕੁਮਾਰੀ ਮਾਇਆਵਤੀ ਵਿਰੋਧੀ ਧਿਰ ਦਾ ਸਭ ਤੋਂ ਵੱਡਾ ਚੇਹਰਾ

ਲੋਕਸਭਾ ਚੋਣਾਂ 2019 ਨੂੰ ਹੁਣ ਕੁਝ ਕੁ ਮਹੀਨੇ ਦਾ ਸਮਾਂ ਹੀ ਬਾਕੀ ਰਹਿ ਗਿਆ ਹੈ। ਕੇਂਦਰ ਦੀ ਸੱਤਾ 'ਤੇ ਮੁੜ ਕਬਜ਼ਾ ਕਰਨ ਲਈ ਭਾਜਪਾ ਨੇ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ, ਜਦਕਿ ਦੂਜੇ ਪਾਸੇ ਵਿਰੋਧੀ ਧਿਰ ਵੀ ਸਰਗਰਮ ਹੋ ਚੁੱਕੀ ਹੈ। ਭਾਜਪਾ ਵੱਲੋਂ ਨਰਿੰਦਰ ਮੋਦੀ ਨੂੰ ਇਸ ਵਾਰ ਵੀ ਚੋਣਾਂ 'ਚ ਪ੍ਰਧਾਨ ਮੰਤਰੀ ਅਹੁਦੇ ਦਾ ਚੇਹਰਾ ਬਣਾਉਣ ਦੀ ਸੰਭਾਵਨਾ ਹੈ।
 
ਭਾਜਪਾ ਆਗੂਆਂ ਵੱਲੋਂ ਦਾਅਵੇ ਕੀਤੇ ਜਾ ਰਹੇ ਹਨ ਕਿ 2019 ਦੀਆਂ ਲੋਕਸਭਾ ਚੋਣਾਂ ਵਿੱਚ ਇੱਕ ਵਾਰ ਫਿਰ ਜਿੱਤ ਕੇ ਉਹ ਕੇਂਦਰ ਵਿੱਚ ਸਰਕਾਰ ਬਣਾਏਗੀ। ਹਾਲਾਂਕਿ ਜ਼ਮੀਨੀ ਹਾਲਾਤ ਇਨ੍ਹਾਂ ਦਾਅਵਿਆਂ ਦੇ ਨਾਲ ਖੜੇ ਹੁੰਦੇ ਦਿਖਾਈ ਨਹੀਂ ਦਿੰਦੇ। ਮਹਿੰਗਾਈ, ਭ੍ਰਿਸ਼ਟਾਚਾਰ, ਐੱਸਸੀ-ਐਸਟੀ ਐਕਟ, ਬੇਰੁਜ਼ਗਾਰੀ, ਰਾਖਵੇਂਕਰਨ, ਕਾਲਾ ਧਨ, ਹਿੰਸਾ ਵਰਗੇ ਮੁੱਦਿਆਂ 'ਤੇ ਭਾਜਪਾ ਬੁਰੀ ਤਰ੍ਹਾਂ ਘਿਰੀ ਹੋਈ ਹੈ। ਅਜਿਹੇ ਵਿੱਚ ਭਾਜਪਾ ਆਪਣੇ ਦਮ 'ਤੇ ਕੇਂਦਰ ਵਿੱਚ ਸਰਕਾਰ ਬਣਾ ਲਵੇਗੀ, ਇਹ ਸੰਭਵ ਨਜ਼ਰ ਨਹੀਂ ਆ ਰਿਹਾ।
 
ਮੇਨਸਟ੍ਰੀਮ ਮੀਡੀਆ ਵੱਲੋਂ ਪ੍ਰਧਾਨ ਮੰਤਰੀ ਅਹੁਦੇ ਲਈ ਉਨ੍ਹਾਂ ਦੇ ਮੁਕਾਬਲੇ ਵਿਰੋਧੀ ਧਿਰ ਦਾ ਕੋਈ ਵੀ ਚੇਹਰਾ ਨਾ ਹੋਣ ਦਾ ਪ੍ਰਚਾਰ ਜ਼ੋਰਾਂ 'ਤੇ ਕੀਤਾ ਜਾ ਰਿਹਾ ਹੈ। ਭਾਜਪਾ ਨਾਲ ਮੁਕਾਬਲੇ ਵਿੱਚ ਮੀਡੀਆ ਵੱਲੋਂ ਆਮ ਤੌਰ 'ਤੇ ਕਾਂਗਰਸ ਨੂੰ ਖੜਾ ਕੀਤਾ ਜਾਂਦਾ ਹੈ। ਹਾਲਾਂਕਿ ਇਸ ਸਮੇਂ ਕਾਂਗਰਸ ਪਹਿਲਾਂ ਦੇ ਮੁਕਾਬਲੇ ਉਨੀ ਮਜ਼ਬੂਤ ਨਹੀਂ ਰਹੀ ਹੈ ਕਿ ਉਹ ਇਕੱਲਿਆਂ ਭਾਜਪਾ ਨੂੰ ਸੱਤਾ ਤੋਂ ਲਾਹ ਕੇ ਖੁਦ ਕੇਂਦਰ ਵਿੱਚ ਸਰਕਾਰ ਬਣਾ ਸਕੇ।
 
ਰਾਜਸਥਾਨ, ਮੱਧ ਪ੍ਰਦੇਸ਼, ਛੱਤੀਗਸੜ, ਹਿਮਾਚਲ, ਗੁਜਰਾਤ, ਹਰਿਆਣਾ, ਉੱਤਰਾਖੰਡ, ਜੰਮੂ-ਕਸ਼ਮੀਰ ਆਦਿ ਸੂਬਿਆਂ ਵਿੱਚ ਹਾਰ ਤੋਂ ਬਾਅਦ ਉਸਦੀ ਸਥਿਤੀ ਕਮਜ਼ੋਰ ਹੋ ਚੁੱਕੀ ਹੈ। ਕਾਂਗਰਸ ਲਈ ਇਸ ਤੋਂ ਵੀ ਵੱਡੀ ਚਿੰਤਾ ਦੀ ਗੱਲ ਇਹ ਹੈ ਕਿ ਪ੍ਰਧਾਨ ਮੰਤਰੀ ਅਹੁਦੇ ਦੇ ਚੇਹਰੇ ਦੇ ਤੌਰ 'ਤੇ ਉਸਦੇ ਵੱਲੋਂ ਅੱਗੇ ਵਧਾਏ ਜਾ ਰਹੇ ਰਾਹੁਲ ਗਾਂਧੀ ਹੁਣ ਵੀ ਆਪਣਾ ਪ੍ਰਭਾਵ ਨਹੀਂ ਦਿਖਾ ਪਾ ਰਹੇ ਹਨ। ਵਿਰੋਧੀ ਪਾਰਟੀਆਂ ਵੀ ਇਸ ਸਮੇਂ ਕਾਂਗਰਸ ਦੇ ਯੂਪੀਏ ਬੈਨਰ ਹੇਠ ਇੱਕਮੁੱਠ ਨਜ਼ਰ ਨਹੀਂ ਆ ਰਹੀਆਂ ਹਨ। 
 
ਵਿਰੋਧੀ ਧਿਰ ਦੀਆਂ ਹੋਰ ਪਾਰਟੀਆਂ ਦੇ ਮੁੱਖ ਚੇਹਰਿਆਂ ਦੀ ਗੱਲ ਕਰੀਏ ਤਾਂ ਪੱਛਮ ਬੰਗਾਲ ਦੇ ਮੁੱਖ ਮੰਤਰੀ ਮਮਤਾ ਬੈਨਰਜ਼ੀ ਨੂੰ ਉਨ੍ਹਾਂ ਦੇ ਸਮਰਥਕਾਂ ਵੱਲੋਂ ਪ੍ਰਧਾਨ ਮੰਤਰੀ ਅਹੁਦੇ ਲਈ ਪ੍ਰਾਜੈਕਟ ਕੀਤਾ ਜਾ ਰਿਹਾ ਹੈ। ਹਾਲਾਂਕਿ ਮਮਤਾ ਬੈਨਰਜ਼ੀ ਦਾ ਪ੍ਰਭਾਵ ਸਿਰਫ ਬੰਗਾਲ ਤੱਕ ਸੀਮਤ ਹੋਣ ਕਰਕੇ ਉਨ੍ਹਾਂ ਦਾ ਦਾਅਵਾ ਕਮਜ਼ੋਰ ਪੈ ਜਾਂਦਾ ਹੈ। ਆਮ ਆਦਮੀ ਪਾਰਟੀ ਨੇਤਾ ਅਰਵਿੰਦ ਕੇਜਰੀਵਾਲ ਦੀ ਸਥਿਤੀ ਵੀ ਅਜਿਹੀ ਹੀ ਹੈ। ਪਾਰਟੀ ਦਾ ਪ੍ਰਭਾਵ ਸਿਰਫ ਦਿੱਲੀ ਤੱਕ ਸੀਮਤ ਹੋ ਕੇ ਰਹਿ ਗਿਆ ਹੈ। ਇਸ ਕਰਕੇ ਕੇਜਰੀਵਾਲ ਪੀਐੱਮ ਅਹੁਦੇ ਦੀ ਰੇਸ ਵਿੱਚ ਕਿਤੇ ਨਜ਼ਰ ਨਹੀਂ ਆਉਂਦੇ।
 
ਜਨਤਾ ਦਲ ਯੂਨਾਈਟੇਡ (ਜੇਡੀਐੱਸ) ਨੇਤਾ ਦੇਵਗੌੜਾ 1996 ਦੇ ਦੌਰ ਵਿੱਚ ਪ੍ਰਧਾਨ ਮੰਤਰੀ ਰਹਿ ਚੁੱਕੇ ਹਨ। ਹਾਲਾਂਕਿ ਮੌਜੂਦਾ ਸਮੇਂ ਵਿੱਚ ਉਨ੍ਹਾਂ ਦਾ ਮੁੜ ਇਸ ਅਹੁਦੇ ਤੱਕ ਪਹੁੰਚ ਪਾਉਣਾ ਹੁਣ ਲਗਭਗ ਅਸੰਭਵ ਹੋ ਗਿਆ ਹੈ। ਇਸੇ ਤਰ੍ਹਾਂ ਹੋਰ ਚੇਹਰਿਆਂ ਵਿੱਚ ਆਂਧਰ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰ ਬਾਬੂ ਨਾਇਡੂ, ਯੂਪੀ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਅਤੇ ਰਾਸ਼ਟਰੀ ਜਨਤਾ ਦਲ ਦੇ ਆਗੂ ਤੇਜਸਵੀ ਯਾਦਵ ਸ਼ਾਮਲ ਹਨ, ਪਰ ਆਪਣੇ ਖੇਤਰ ਤੱਕ ਸੀਮਤ ਹੋਣ ਅਤੇ ਘੱਟ ਵੋਟ ਬੈਂਕ ਕਰਕੇ ਉਨ੍ਹਾਂ ਦਾ ਰਾਸ਼ਟਰੀ ਪੱਧਰ 'ਤੇ ਪ੍ਰਭਾਵ ਨਜ਼ਰ ਨਹੀਂ ਆਉਂਦਾ।
 
ਰਾਸ਼ਟਰੀ ਜਨਤਾ ਦਲ ਨੇਤਾ ਲਾਲੂ ਪ੍ਰਸਾਦ ਯਾਦਵ ਜੇਲ ਜਾਣ ਤੋਂ ਬਾਅਦ ਤੇ ਸਪਾ ਆਗੂ ਮੁਲਾਇਮ ਸਿੰਘ ਯਾਦਵ ਆਪਣੀ ਹੀ ਪਾਰਟੀ ਵਿੱਚ ਹਾਸ਼ੀਏ 'ਤੇ ਚਲੇ ਜਾਣ ਕਾਰਨ ਹੁਣ ਪੀਐੱਮ ਦੌੜ ਵਿੱਚ ਕਿਤੇ ਵੀ ਨਹੀਂ ਹਨ। 
 
ਵਿਰੋਧੀ ਧਿਰ ਦੇ ਇਨ੍ਹਾਂ ਸਾਰੇ ਚੇਹਰਿਆਂ ਵਿਚਕਾਰ ਇੱਕ ਅਜਿਹਾ ਚੇਹਰਾ ਹੈ, ਜੋ ਕਿ ਰਾਸ਼ਟਰੀ ਪੱਧਰ 'ਤੇ ਪ੍ਰਭਾਵ ਵੀ ਰੱਖਦਾ ਹੈ ਅਤੇ ਉਹ ਭਾਜਪਾ ਲਈ ਵੱਡੀ ਚੁਣੌਤੀ ਵੀ ਹੈ। ਉਹ ਹੈ ਬਸਪਾ ਮੁਖੀ ਕੁਮਾਰੀ ਮਾਇਆਵਤੀ। ਅਸਲ ਵਿੱਚ ਬ੍ਰਾਹਮਣਵਾਦੀ ਹਿੰਦੁਤਵ ਲਈ ਬਹੁਜਨ ਅੰਦੋਲਨ ਸਭ ਤੋਂ ਵੱਡੀ ਰਾਜਨੀਤਕ ਚੁਣੌਤੀ ਰਿਹਾ ਹੈ। ਕੁਮਾਰੀ ਮਾਇਆਵਤੀ ਉਸੇ ਬਹੁਜਨ ਰਾਜਨੀਤੀ ਦੀ ਨੁਮਾਇੰਦਗੀ ਕਰਦੇ ਹਨ, ਜੋ ਕਿ ਭਾਜਪਾ ਦੇ ਹਿੰਦੁਤਵ ਏਜੰਡੇ ਖਿਲਾਫ ਸਭ ਤੋਂ ਜ਼ਿਆਦਾ ਹਮਲਾਵਰ ਹਨ।
 
ਮਾਇਆਵਤੀ ਨੂੰ ਸੂਝਵਾਨ ਤੇ ਜੁਝਾਰੂ ਨੇਤਾ ਦੇ ਤੌਰ 'ਤੇ ਜਾਇਣਾ ਜਾਂਦਾ ਹੈ। ਹੈਦਰਾਬਾਦ ਯੂਨੀਵਰਸਿਟੀ ਦੇ ਪੀਐੱਚਡੀ ਸਕਾਲਰ ਰੋਹਿਤ ਵੇਮੂਲਾ ਦੀ ਮੌਤ, ਗੁਜਰਾਤ ਦੇ ਊਨਾ ਕਾਂਡ, ਧਾਰਮਿਕ ਘੱਟ ਗਿਣਤੀਆਂ 'ਤੇ ਹਮਲੇ, ਸਹਾਰਨਪੁਰ ਕਾਂਡ, ਰਾਜਸਭਾ ਤੋਂ ਅਸਤੀਫਾ, ਈਵੀਐੱਮ ਤੇ ਨੋਟਬੰਦੀ ਵਰਗੇ ਰਾਸ਼ਟਰੀ ਮੁੱਦੇ ਜੋਰਦਾਰ ਢੰਗ ਨਾਲ ਚੁੱਕ ਕੇ ਮਾਇਆਵਤੀ ਕਈ ਵਾਰ ਭਾਜਪਾ ਨੂੰ ਬੁਰੀ ਤਰ੍ਹਾਂ ਘੇਰ ਚੁੱਕੇ ਹਨ। ਭਾਜਪਾ ਅਤੇ ਮੋਦੀ ਨੂੰ ਘੇਰਨ ਵਿੱਚ ਉਹ ਕਾਂਗਰਸ ਦੇ ਯੁਵਰਾਜ ਰਾਹੁਲ ਗਾਂਧੀ ਤੋਂ ਕਿਤੇ ਅੱਗੇ ਨਜ਼ਰ ਆਉਂਦੇ ਹਨ।
 
ਕੁਮਾਰੀ ਮਾਇਆਵਤੀ ਦੇ ਪੱਖ ਵਿੱਚ ਇੱਕ ਹੋਰ ਗੱਲ ਇਹ ਵੀ ਜਾਂਦੀ ਹੈ ਕਿ ਉਨ੍ਹਾਂ ਦਾ ਵੋਟ ਬੈਂਕ ਯੂਪੀ ਤੱਕ ਸੀਮਤ ਨਹੀਂ ਹੈ, ਸਗੋਂ ਰਾਜਸਥਾਨ, ਮੱਧ ਪ੍ਰਦੇਸ਼, ਹਰਿਆਣਾ, ਛੱਤੀਸਗੜ, ਉੱਤਰਾਖੰਡ, ਕਰਨਾਟਕ, ਪੰਜਾਬ ਸਮੇਤ ਹੋਰ ਸੂਬਿਆਂ ਵਿੱਚ ਵੀ ਹੈ। ਬਸਪਾ ਮੁਖੀ ਮਾਇਆਵਤੀ ਨੂੰ ਮੀਡੀਆ ਵੱਲੋਂ ਆਮ ਤੌਰ 'ਤੇ ਦਲਿਤ ਦੀ ਬੇਟੀ ਕਹਿ ਕੇ ਪ੍ਰਚਾਰਿਆ ਜਾਂਦਾ ਹੈ। ਦੇਸ਼ ਦਾ ਲਗਭਗ ਹਰ ਚੌਥਾ ਵਿਅਕਤੀ ਇਸੇ ਸਮਾਜ ਵਿੱਚੋਂ ਆਉਂਦਾ ਹੈ। ਇਸ ਵੱਡੇ ਵੋਟ ਬੈਂਕ ਵਿੱਚ ਮਾਇਆਵਤੀ ਦਾ ਕਾਫੀ ਪ੍ਰਭਾਵ ਨਜ਼ਰ ਆਉਂਦਾ ਹੈ।
 
ਹਾਲ ਹੀ ਹੋਏ ਅੰਬੇਡਕਰਵਾਦੀ ਅੰਦੋਲਨਾਂ ਨੇ ਵੀ ਉਨ੍ਹਾਂ ਦੇ ਪੱਖ ਵਿੱਚ ਮਾਹੌਲ ਤਿਆਰ ਕੀਤਾ ਹੈ। ਭਾਜਪਾ ਖਿਲਾਫ ਜ਼ੋਰਦਾਰ ਹਮਲੇ ਕਰਨ ਕਾਰਨ ਧਾਰਮਿਕ ਘੱਟ ਗਿਣਤੀਆਂ ਦਾ ਵੀ ਉਨ੍ਹਾਂ ਦੇ ਪੱਖ ਵਿੱਚ ਝੁਕਾਅ ਹੋ ਰਿਹਾ ਹੈ। 2019 ਦੇ ਚੋਣ ਨਤੀਜਿਆਂ ਵਿੱਚ ਭਾਜਪਾ ਤੇ ਕਾਂਗਰਸ ਨੂੰ ਬਹੁਮਤ ਨਾਲ ਮਿਲਣ ਦੀ ਸਥਿਤੀ 'ਚ ਕੁਮਾਰੀ ਮਾਇਆਵਤੀ ਤੀਸਰੇ ਮੋਰਚੇ ਵੱਲੋਂ ਪ੍ਰਧਾਨ ਮੰਤਰੀ ਅਹੁਦੇ ਦੇ ਮੁੱਖ ਦਾਅਵੇਦਾਰ ਹੋ ਸਕਦੇ ਹਨ। 2019 ਦੀਆਂ ਲੋਕਸਭਾ ਚੋਣਾਂ ਦਾ ਯੁੱਧ ਮੋਦੀ ਬਨਾਮ ਮਾਇਆਵਤੀ ਹੋਣ ਦੀਆਂ ਸੰਭਾਵਨਾਵਾਂ ਮਜ਼ਬੂਤ ਹੋ ਰਹੀਆਂ ਹਨ। ਜੇਕਰ ਸਭ ਕੁਝ ਠੀਕ ਠਾਕ ਰਿਹਾ ਤਾਂ ਮਾਇਆਵਤੀ ਦੇਸ਼ ਦੇ ਪਹਿਲੇ ਦਲਿਤ ਪੀਐੱਮ ਦਾ ਤਾਜ ਪਾਉਣ 'ਚ ਸਫਲ ਹੋ ਸਕਦੇ ਹਨ।

ਮਾਇਆਵਤੀ ਨੂੰ ਕਈ ਪਾਰਟੀਆਂ ਦਾ ਸਮਰਥਨ
ਬਸਪਾ ਮੁਖੀ ਮਾਇਆਵਤੀ ਲਈ ਚੰਗੇ ਸੰਕੇਤ ਇਹ ਵੀ ਹਨ ਕਿ ਤੀਜੇ ਮੋਰਚੇ ਦੀਆਂ ਕੋਸ਼ਿਸ਼ਾਂ ਵਿੱਚ ਲੱਗੀਆਂ ਕਈ ਰਾਜਨੀਤਕ ਪਾਰਟੀਆਂ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਅਹੁਦੇ ਦਾ ਉਮੀਦਵਾਰ ਬਣਾਏ ਜਾਣ 'ਤੇ ਸਹਿਮਤੀ ਪ੍ਰਗਟ ਕਰ ਚੁੱਕੀਆਂ ਹਨ। ਇਸ ਬਾਰੇ ਸਪਾ ਮੁਖੀ ਅਖਿਲੇਸ਼ ਯਾਦਵ ਦਾ ਹਾਲ ਹੀ 'ਚ ਬਿਆਨ ਧਿਆਨ ਦੇਣ ਯੋਗ ਹੈ। ਉਨ੍ਹਾਂ ਕਿਹਾ ਕਿ ਉਹ ਖੁਦ ਪ੍ਰਧਾਨ ਮੰਤਰੀ ਦੀ ਦੌੜ ਵਿੱਚ ਨਹੀਂ ਹਨ, ਪਰ ਉਹ ਚਾਹੁੰਦੇ ਹਨ ਕਿ ਦੇਸ਼ ਦਾ ਅਗਲਾ ਪ੍ਰਧਾਨ ਮੰਤਰੀ ਯੂਪੀ ਤੋਂ ਹੋਵੇ।
 
ਉਨ੍ਹਾਂ ਦੇ ਇਸ ਬਿਆਨ ਦਾ ਅਰਥ ਮਾਇਆਵਤੀ ਨੂੰ ਪ੍ਰਧਾਨ ਮੰਤਰੀ ਬਣਾਉਣ ਦੇ ਸਬੰਧ ਵਿੱਚ ਕੱਢਿਆ ਜਾ ਰਿਹਾ ਹੈ। ਇਸੇ ਤਰ੍ਹਾਂ ਹਰਿਆਣਾ ਵਿੱਚ ਬਸਪਾ ਨਾਲ ਗੱਠਜੋੜ ਕਰਕੇ ਵਿਧਾਨਸਭਾ ਚੋਣਾਂ ਵਿੱਚ ਉਤਰਨ ਜਾ ਰਹੀ ਇਨੈਲੋ ਦੇ ਨੇਤਾ ਅਜੈ ਚੌਟਾਲਾ ਵੀ ਐਲਾਨ ਕਰ ਚੁੱਕੇ ਹਨ ਕਿ ਉਹ ਮਾਇਆਵਤੀ ਨੂੰ ਪ੍ਰਧਾਨ ਮੰਤਰੀ ਬਣਦੇ ਹੋਏ ਦੇਖਣਾ ਚਾਹੁੰਦੇ ਹਨ।
 
ਕਰਨਾਟਕ ਦੇ ਜੇਡੀਐੱਸ ਨੇਤਾ ਦਾਨਿਸ਼ ਅਲੀ ਵੀ ਬਸਪਾ ਦਾ ਖੁੱਲ ਕੇ ਸਮਰਥਨ ਕਰ ਚੁੱਕੇ ਹਨ। ਇਸੇ ਤਰ੍ਹਾਂ ਰਾਸ਼ਟਰੀ ਜਨਤਾ ਦਲ, ਰਾਸ਼ਟਰੀ ਲੋਕ ਦਲ ਸਮੇਤ ਕਈ ਹੋਰ ਪਾਰਟੀਆਂ ਦੇ ਵੀ ਮਾਇਆਵਤੀ ਦੇ ਪੱਖ 'ਚ ਖੜੇ ਹੋਣ ਦੀਆਂ ਪੂਰੀਆਂ ਸੰਭਾਵਨਾਵਾਂ ਬਣ ਰਹੀਆਂ ਹਨ।

Comments

Leave a Reply