Fri,Sep 17,2021 | 12:11:53pm
HEADLINES:

editorial

ਪਿੰਡਾਂ ਤੋਂ ਵਾਪਸ ਸ਼ਹਿਰਾਂ ਵੱਲ ਮੁੜਨ ਵਾਲੇ ਮਜ਼ਦੂਰ ਬੇਹਾਲ

ਪਿੰਡਾਂ ਤੋਂ ਵਾਪਸ ਸ਼ਹਿਰਾਂ ਵੱਲ ਮੁੜਨ ਵਾਲੇ ਮਜ਼ਦੂਰ ਬੇਹਾਲ

ਦੇਸ਼ 'ਚ ਲਾਕਡਾਊਨ ਦੇ ਐਲਾਨ ਤੋਂ ਬਾਅਦ ਆਉਣ ਵਾਲੀਆਂ ਚੁਣੌਤੀਆਂ ਦਾ ਅੰਦਾਜ਼ਾ ਲਗਾ ਕੇ ਪਿੰਡ ਮੁੜਨ ਵਾਲੇ ਮਜ਼ਦੂਰ ਕੰਮ ਦੀ ਤਲਾਸ਼ 'ਚ ਫਿਰ ਤੋਂ ਸ਼ਹਿਰਾਂ 'ਚ ਆਉਣ ਲੱਗੇ ਹਨ। ਇਹ ਖਬਰ ਅਰਥਵਿਵਸਥਾ ਦੀ ਚਿੰਤਾ ਕਰਨ ਵਾਲਿਆਂ ਨੂੰ ਰਾਹਤ ਦੇ ਸਕਦੀ ਹੈ, ਪਰ ਚੁਣੌਤੀਆਂ ਉਨ੍ਹਾਂ ਮਜ਼ਦੂਰਾਂ ਦਾ ਪਿੱਛਾ ਨਹੀਂ ਛੱਡ ਰਹੀਆਂ ਹਨ। ਜਿਸ ਤਰ੍ਹਾਂ ਨਾਲ ਉਹ ਖਾਲੀ ਹੱਥ ਗਏ ਸਨ, ਉਸੇ ਤਰ੍ਹਾਂ ਹੀ ਖਾਲੀ ਹੱਥ ਵਾਪਸ ਮੁੜ ਰਹੇ ਹਨ। ਉਦੋਂ ਉਨ੍ਹਾਂ ਕੋਲ ਪਿੰਡ ਮੁੜਨ ਤੋਂ ਇਲਾਵਾ ਕੋਈ ਹੋਰ ਰਾਹ ਨਹੀਂ ਬਚਿਆ ਸੀ। ਅੱਜ ਜਦੋਂ ਉਹ ਵਾਪਸ ਆ ਰਹੇ ਹਨ ਤਾਂ ਸ਼ਹਿਰ 'ਚ ਟਿਕਣ ਲਈ ਉਨ੍ਹਾਂ ਕੋਲ ਕੋਈ ਸਾਧਨ ਨਹੀਂ ਹੈ ਅਤੇ ਉਨ੍ਹਾਂ ਨੂੰ ਰੁਜ਼ਗਾਰ ਮਿਲ ਨਹੀਂ ਪਾ ਰਿਹਾ ਹੈ।

ਮਹਾਮਾਰੀ-ਲਾਕਡਾਊਨ ਤੋਂ ਬਾਅਦ ਆਪਣੀ ਜਾਨ ਬਚਾਉਣ ਲਈ ਜਦੋਂ ਮਜ਼ਦੂਰ ਪਿੰਡ ਜਾਣ ਲਈ ਨਿੱਕਲੇ ਸਨ ਤਾਂ ਉਨ੍ਹਾਂ ਨੂੰ ਹਫਤਿਆਂ ਪੈਦਲ ਚੱਲਣਾ ਪਿਆ। ਉਦੋਂ ਅਨੁਮਾਨ ਲਗਾਉਣ ਦਾ ਦੌਰ ਚੱਲਿਆ ਕਿ ਭਾਰਤ 'ਚ ਕਿੰਨੇ ਪ੍ਰਵਾਸੀ ਮਜ਼ਦੂਰ ਹਨ। ਇਹ ਅਨੁਮਾਨ 4.50 ਕਰੋੜ ਤੋਂ ਲੈ ਕੇ 11 ਕਰੋੜ ਤੱਕ ਸੀ। ਇਨ੍ਹਾਂ ਮਜ਼ਦੂਰਾਂ 'ਚੋਂ ਕੁਝ ਖੇਤੀ ਤੋਂ ਬਚੇ ਸਮੇਂ 'ਚੋਂ ਕੰਮ ਲਈ ਸ਼ਹਿਰ ਭੱਜਦੇ ਹਨ ਅਤੇ ਜ਼ਿਆਦਾਤਰ ਸਾਲ ਭਰ ਕੰਮ ਕਰਦੇ ਹਨ।

ਉਨ੍ਹਾਂ ਦਾ ਟੀਚਾ ਰਹਿੰਦਾ ਘਰੇਲੂ ਕੰਮ ਲਈ ਜਿਹੜਾ ਕਰਜ਼ਾ ਲਿਆ ਗਿਆ ਸੀ, ਉਸਦਾ ਭੁਗਤਾਨ ਹੋ ਸਕੇ, ਵਿਆਹ 'ਚ ਮਦਦ ਮਿਲ ਸਕੇ, ਟੁੱਟਿਆ ਹੋਇਆ ਘਰ ਬਣ ਜਾਵੇ। ਅਜਿਹੇ 'ਚ ਇਹ ਮਜ਼ਦੂਰ ਆਪਣੀ ਬਚਤ ਨੂੰ ਦੂਜਿਆਂ ਨੂੰ ਭੁਗਤਾਨ ਕਰਨ, ਖੇਤੀ ਘਰੇਲੂ ਖਰਚਿਆਂ ਨੂੰ ਪੂਰਾ ਕਰਨ 'ਚ ਲਗਾ ਦਿੰਦੇ ਹਨ। ਇਨ੍ਹਾਂ ਮਜ਼ਦੂਰਾਂ ਦਾ ਰੁਜ਼ਗਾਰ ਪੱਕਾ ਨਹੀਂ ਹੁੰਦਾ ਤੇ ਤਨਖਾਹ ਵੀ ਹਮੇਸ਼ਾ ਤੈਅ ਨਹੀਂ ਹੁੰਦੀ। ਦੇਸ਼ 'ਚ ਇਨ੍ਹਾਂ ਮਜ਼ਦੂਰਾਂ ਦੀ ਕੁੱਲ ਸੰਖਿਆ 45 ਤੋਂ 50 ਕਰੋੜ ਵਿਚਕਾਰ ਮੰਨੀ ਜਾਂਦੀ ਹੈ।

ਲਾਕਡਾਊਨ ਦੌਰਾਨ ਸ਼ਹਿਰਾਂ 'ਚ ਫਸੇ ਇਨ੍ਹਾਂ ਮਜ਼ਦੂਰਾਂ ਲਈ ਉਹ ਦਿਨ ਸਜ਼ਾ ਹੋ ਗਏ ਸਨ। ਸਰਕਾਰਾਂ ਵੱਲੋਂ ਰੌਲਾ ਤਾਂ ਪਾਇਆ ਗਿਆ, ਪਰ ਮਜ਼ਦੂਰਾਂ ਦੀ ਰੋਜ਼ਾਨਾ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਜ਼ਰੂਰੀ ਰਾਹਤ ਨਹੀਂ ਮਿਲ ਸਕੀ। ਇਸਦਾ ਨਤੀਜਾ ਪੂਰੇ ਦੇਸ਼ ਦੇ ਪੱਧਰ 'ਤੇ ਭਾਰਤੀ ਅਰਥਵਿਵਸਥਾ 'ਚ ਮਜ਼ਦੂਰ ਦੀ ਹੈਸੀਅਤ ਡਿਗਣ ਦੇ ਰੂਪ 'ਚ ਹੋਇਆ। ਲਾਕਡਾਊਨ ਦੌਰਾਨ ਜੀਵਨ ਪੱਧਰ ਡਿਗਣ ਦਾ ਨਤੀਜਾ ਮਜ਼ਦੂਰਾਂ ਦੀਆਂ ਤਨਖਾਹਾਂ, ਸੰਗਠਨ, ਹੜਤਾਲ ਤੇ ਕੰਮ ਨਾਲ ਜੁੜੇ ਪੁਰਾਣੇ ਕਾਨੂੰਨਾਂ ਦੀ ਜਗ੍ਹਾ ਨਵੇਂ ਕਾਨੂੰਨ-ਆਰਡੀਨੈਂਸ ਨੂੰ ਲਿਆਉਣ ਦੇ ਰੂਪ 'ਚ ਵੀ ਦਿਖ ਰਿਹਾ ਹੈ।

ਉੱਤਰ ਪ੍ਰਦੇਸ਼, ਪੰਜਾਬ, ਮੱਧ ਪ੍ਰਦੇਸ਼, ਗੁਜਰਾਤ, ਰਾਜਸਥਾਨ ਵਰਗੇ ਸੂਬਿਆਂ ਨੇ ਹੜਤਾਲ 'ਤੇ ਪਾਬੰਦੀ ਲਗਾ ਦਿੱਤੀ ਹੈ। ਕੰਮ ਦੇ ਘੰਟਿਆਂ 'ਚ ਮਨਮਾਨੀ ਕਰਨ ਦੀ ਛੋਟ ਦਿੱਤੀ ਗਈ ਹੈ। ਅਜਿਹਾ ਕਿਉਂ? ਇਸ ਲਈ ਕਿਉਂਕਿ ਮਜ਼ਦੂਰਾਂ ਦੇ ਰੋਜ਼ਾਨਾ ਦੇ ਜੀਵਨ ਦਾ ਮੁੱਲ ਸਰਕਾਰਾਂ ਨੇ ਇਸ ਹੱਦ ਤੱਕ ਹੇਠਾਂ ਸੁੱਟ ਦਿੱਤਾ ਕਿ ਉਨ੍ਹਾਂ ਦੇ ਕਿਰਤ ਦਾ ਬਜ਼ਾਰ ਮੁੱਲ ਵੀ ਡਿਗ ਗਿਆ।

ਅੱਜ ਜਦੋਂ ਮਜ਼ਦੂਰਾਂ ਸ਼ਹਿਰਾਂ ਵੱਲ ਵਾਪਸ ਆ ਰਹੇ ਹਨ ਤਾਂ ਸਰਕਾਰ ਉਨ੍ਹਾਂ 'ਤੇ ਘੱਟੋ ਘੱਟ ਖਰਚ ਵੀ ਨਹੀਂ ਕਰ ਰਹੀ ਹੈ। ਹੁਣ ਕੰਮ ਦੀ ਘਾਟ 'ਚ ਮਜ਼ਦੂਰਾਂ ਦੀ ਆਮਦਣੀ 'ਚ ਕਮੀ ਤਾਂ ਹੋਵੇਗੀ ਹੀ, ਕੰਮ ਦੇ ਹਾਲਾਤ ਵੀ ਮਾੜੇ ਹੋਣ ਵਾਲੇ ਹਨ। ਕਰੋੜਾਂ ਦੀ ਆਬਾਦੀ ਫਿਰ ਪਿੰਡ ਤੋਂ ਸ਼ਹਿਰ ਆ ਰਹੀ ਹੈ, ਆਫਤ ਦਾ ਪ੍ਰਭਾਵ ਵੀ ਦੋਹਰਾ ਹੋਵੇਗਾ। ਮਜ਼ਦੂਰਾਂ ਦੀ ਅਣਦੇਖੀ ਅਰਥ ਵਿਵਸਥਾ ਅਤੇ ਸਮਾਜ ਲਈ ਖਤਰਨਾਕ ਸਾਬਿਤ ਹੋਵੇਗੀ। ਇਸਦਾ ਅਸਰ ਦੂਰ ਵਾਲੇ ਸਮੇਂ 'ਚ ਹੋਰ ਡੂੰਘਾ ਹੋਵੇਗਾ। ਉਮੀਦ ਕੀਤੀ ਜਾਣੀ ਚਾਹੀਦੀ ਹੈ ਕਿ ਲਾਕਡਾਊਨ ਤੋਂ ਬਾਅਦ ਸ਼ਹਿਰਾਂ ਵੱਲ ਮੁੜ ਰਹੇ ਮਜ਼ਦੂਰਾਂ ਨੂੰ ਲੈ ਕੇ ਜਿੰਨੀ ਜਲਦੀ ਸੰਭਵ ਹੋਵੇ, ਇੱਕ ਯੋਗ ਨੀਤੀ ਅਪਣਾਈ ਜਾਵੇਗੀ।
-ਅੰਜਨੀ ਕੁਮਾਰ

Comments

Leave a Reply