Wed,Dec 19,2018 | 09:51:59am
HEADLINES:

editorial

ਕੇਜਰੀਵਾਲ ਵਲੋਂ ਐਲਾਨੀ ਲਾਈਨ 'ਤੇ ਚੱਲ ਰਹੇ ਵਿਸ਼ਵਾਸ

ਕੇਜਰੀਵਾਲ ਵਲੋਂ ਐਲਾਨੀ ਲਾਈਨ 'ਤੇ ਚੱਲ ਰਹੇ ਵਿਸ਼ਵਾਸ

ਬਾਬਾ ਸਾਹਿਬ ਅੰਬੇਡਕਰ ਅਤੇ ਸਾਬਕਾ ਪ੍ਰਧਾਨ ਮੰਤਰੀ ਵੀਪੀ ਸਿੰਘ 'ਤੇ ਕਥਿਤ ਇਤਰਾਜ਼ਯੋਗ ਟਿੱਪਣੀ ਕਰਦੇ ਹੋਏ ਕੁਮਾਰ ਵਿਸ਼ਵਾਸ ਨੇ ਜੋ ਕੁਝ ਵੀ ਕਿਹਾ ਹੈ, ਅਸਲ ਵਿੱਚ ਉਹ ਆਮ ਆਦਮੀ ਪਾਰਟੀ ਅਤੇ ਅਰਵਿੰਦ ਕੇਜਰੀਵਾਲ-ਮਨੀਸ਼ ਸਿਸੋਦੀਆ ਦੀ ਐਲਾਨੀ ਲਾਈਨ ਹੈ। ਕੁਮਾਰ ਵਿਸ਼ਵਾਸ ਕਵੀ ਦੀ ਭੱਦੀ ਟਿੱਪਣੀ ਇੰਡੀਆ ਅਗੇਂਸਟ ਕੁਰੱਪਸ਼ਨ (ਆਈਏਸੀ) ਨਾਂ ਦੀ ਸੰਸਥਾ ਦਾ ਮੁੱਢਲਾ ਉਦੇਸ਼ ਹੈ, ਜਿਸਦੀ ਸ਼ੁਰੂਆਤ ਯੂਥ ਫਾਰ ਇਕਵੈਲਿਟੀ ਨੂੰ ਫੰਡ ਅਤੇ ਅਗਵਾਈ ਉਪਲੱਬਧ ਕਰਾਉਣ ਨਾਲ ਹੋਈ ਸੀ। 
 
ਤੁਹਾਨੂੰ ਯਾਦ ਹੋਵੇਗਾ ਜੇਐੱਨਯੂ ਵਰਗੀਆਂ ਯੂਨੀਵਰਸਿਟੀਆਂ ਅਤੇ ਕਈ ਮੈਡੀਕਲ ਕਾਲਜਾਂ ਵਿੱਚ ਮੁਹਿੰਮ ਚਲਾਉਣ ਤੋਂ ਬਾਅਦ ਸੰਵਿਧਾਨਕ ਰਾਖਵੇਂਕਰਨ ਦੇ ਵਿਰੋਧ ਵਿੱਚ ਜੰਤਰ-ਮੰਤਰ 'ਤੇ ਯੂਥ ਫਾਰ ਇਕਵੈਲਿਟੀ ਦਾ ਪ੍ਰਦਰਸ਼ਨ ਕੀਤਾ ਗਿਆ ਸੀ। ਇਸ ਲਈ ਕੁਮਾਰ ਵਿਸ਼ਵਾਸ ਨੇ ਜੋ ਕਿਹਾ, ਉਹ ਅਚਾਨਕ ਆਇਆ ਹੋਇਆ ਬਿਆਨ ਨਹੀਂ ਹੈ, ਸਗੋਂ ਸਮੇਂ-ਸਮੇਂ 'ਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਅੰਨਾ ਹਜ਼ਾਰੇ ਦੀ ਕੋਰ ਟੀਮ ਦੇ ਲੋਕ ਇਸ ਤਰ੍ਹਾਂ ਦੀ ਬਿਆਨਬਾਜੀ ਕਰਦੇ ਰਹਿੰਦੇ ਹਨ।
 
ਜ਼ਿਕਰਯੋਗ ਹੈ ਕਿ ਅੰਨਾ ਹਜ਼ਾਰੇ ਨੇ ਭ੍ਰਿਸ਼ਟਾਚਾਰ ਵਿਰੋਧੀ ਮੰਚ ਤੋਂ ਵੀ ਕਈ ਵਾਰ ਰਾਖਵੇਂਕਰਨ ਦੇ ਵਿਰੋਧ ਵਿੱਚ ਬਿਆਨਬਾਜੀ ਕੀਤੀ ਹੈ। ਇਹ ਲੋਕ ਰਾਜਨੀਤੀ ਵਿੱਚ ਕਿਸੇ ਵੀ ਤਰ੍ਹਾਂ ਦੀ ਵਿਚਾਰਧਾਰਾ ਦਾ ਵਿਰੋਧ ਕਰਦੇ ਹਨ, ਜਦਕਿ ਭਾਰਤ ਦਾ ਸੰਵਿਧਾਨ, ਜਿਸ ਤਰ੍ਹਾਂ ਦਾ ਵੀ ਹੈ, ਇੱਕ ਵਿਚਾਰਧਾਰਾ ਦਾ ਨਾਂ ਹੈ। 
 
ਅਖੌਤੀ ਭ੍ਰਿਸ਼ਟਾਚਾਰ ਵਿਰੋਧੀ ਅੰਦੋਲਨ ਤੋਂ ਬਾਅਦ ਜਦੋਂ ਆਮ ਆਦਮੀ ਪਾਰਟੀ ਦਾ ਗਠਨ ਕੀਤਾ ਜਾ ਰਿਹਾ ਸੀ, ਉਸੇ ਸਮੇਂ ਡਾ. ਪ੍ਰੇਮ ਸਿੰਘ ਨੇ ਆਪਣੇ ਲੇਖਾਂ ਤੇ ਬਿਆਨਾਂ ਰਾਹੀਂ ਵਾਰ-ਵਾਰ ਕਿਹਾ ਸੀ ਕਿ ਨਵੇਂ ਉਦਾਰਵਾਦ ਦੀ ਕੁੱਖ ਵਿੱਚੋਂ ਨਿੱਕਲੀ ਇਹ ਪਾਰਟੀ ਨਾ ਸਿਰਫ ਸਮਾਜਿਕ ਨਿਆਂ, ਧਰਮ ਨਿਰਪੱਖ ਅਤੇ ਲੋਕਤੰਤਰਿਕ ਰਾਜਨੀਤਕ ਕੀਮਤਾਂ ਨੂੰ ਕਮਜ਼ੋਰ ਕਰੇਗੀ, ਸਗੋਂ ਨਵੇਂ ਉਦਾਰਵਾਦ ਖਿਲਾਫ ਸੰਘਰਸ਼ਾਂ ਨੂੰ ਵੀ ਨੁਕਸਾਨ ਪਹੁੰਚਾਵੇਗੀ।
 
ਇਹੀ ਕਾਰਨ ਹੈ ਕਿ ਜਦੋਂ ਦੇਸ਼ ਵਿੱਚ ਕੋਈ ਵੀ ਪਾਰਟੀ ਬਾਬਾ ਸਾਹਿਬ ਅੰਬੇਡਕਰ ਅਤੇ ਰਾਖਵੇਂਕਰਨ ਦਾ ਖੁੱਲ ਕੇ ਵਿਰੋਧ ਨਹੀਂ ਕਰ ਪਾਉਂਦੀ, ਤਾਂ ਆਮ ਆਦਮੀ ਪਾਰਟੀ ਦੇ ਬੈਨਰ ਹੇਠ ਇੱਕ ਕਵੀ ਦੇਸ਼ ਦੇ ਸਾਰੇ ਵੱਡੇ ਨੇਤਾਵਾਂ 'ਤੇ ਜਾਤੀਵਾਦ ਦੀ ਰਾਜਨੀਤੀ ਕਰਨ ਦਾ ਦੋਸ਼ ਲਗਾ ਰਿਹਾ ਹੈ।
 
ਆਮ ਆਦਮੀ ਪਾਰਟੀ ਦੇ ਨੇਤਾ ਕੁਮਾਰ ਵਿਸ਼ਵਾਸ ਦਾ ਜ਼ਹਿਰ ਫੈਲਾਉਣ ਦਾ ਦੋਸ਼ ਉਨ੍ਹਾਂ ਨੇਤਾਵਾਂ 'ਤੇ ਲਗਾ ਰਹੇ ਹਨ, ਜਿਨ੍ਹਾਂ ਨੇ ਜਾਤੀਵਾਦ ਦੀ ਬਿਮਾਰੀ ਨੂੰ ਖਤਮ ਕਰਨ ਦੇ ਸੰਘਰਸ਼ ਵਿੱਚ ਸਭ ਤੋਂ ਵੱਡਾ ਯੋਗਦਾਨ ਦਿੱਤਾ ਸੀ। ਕੁਮਾਰ ਵਿਸ਼ਵਾਸ ਅਤੇ ਉਨ੍ਹਾਂ ਦੇ ਮੈਂਟਰ ਅਰਵਿੰਦ ਕੇਜਰੀਵਾਲ ਅਸਲ ਵਿੱਚ ਸੋਸ਼ਲ ਜਸਟਿਸ ਵਿਰੋਧੀ ਰਾਜਨੀਤੀ ਦੇ ਵਿਸਤਾਰ ਦੀ ਨੁਮਾਇੰਦਗੀ ਕਰਦੇ ਹਨ, ਜੋ ਕਿ ਕਾਰਪੋਰੇਟ ਦੇ ਹੱਥ ਦਾ ਖਿਡੌਣਾ ਹੈ।
 
ਵਿਵਾਦਤ ਵੀਡੀਓ ਵਿੱਚ ਕੁਮਾਰ ਵਿਸ਼ਵਾਸ ਨਾ ਸਿਰਫ ਵਰਣਵਾਦੀ ਵਿਵਸਥਾ ਦਾ ਸਮਰਥਨ ਕਰ ਰਹੇ ਹਨ, ਸਗੋਂ ਖੁੱਲ ਕੇ ਮਹਿਲਾ ਵਿਰੋਧੀ ਗੱਲਾਂ ਵੀ ਕਰ ਰਹੇ ਹਨ। ਇਸ ਤਰ੍ਹਾਂ ਦਾ ਬਿਆਨ ਕੁਮਾਰ ਵਿਸ਼ਵਾਸ ਨੇ ਕੋਈ ਪਹਿਲਾਂ ਨਹੀਂ ਦਿੱਤਾ ਹੈ। ਕਵੀ ਕੁਮਾਰ ਵੱਲੋਂ ਨਰਿੰਦਰ ਮੋਦੀ ਦੀ ਸ਼ਲਾਘਾ ਅਤੇ ਰੰਗ ਭੇਦ ਦੇ ਬਿਆਨ ਵਾਲਾ ਵੀਡੀਓ ਪਹਿਲਾਂ ਵੀ ਸਾਹਮਣੇ ਆ ਚੁੱਕਾ ਹੈ, ਪਰ ਇਸਦੇ ਬਾਵਜੂਦ ਉਹ ਨਾ ਸਿਰਫ ਆਮ ਆਦਮੀ ਪਾਰਟੀ ਵਿੱਚ ਬਣੇ ਰਹੇ, ਸਗੋਂ ਉਨ੍ਹਾਂ ਨੂੰ ਪਾਰਟੀ ਨੇ ਵੱਡੀ ਜ਼ਿੰਮੇਵਾਰੀ ਵੀ ਦਿੱਤੀ।
 
ਆਪ ਦੇ ਸੰਸਥਾਪਕ ਮੈਂਬਰ ਕੁਮਾਰ ਵਿਸ਼ਵਾਸ ਦਾ ਬਿਆਨ ਬੇਸ਼ੱਕ ਹੀ ਕੁਝ ਲੋਕਾਂ ਨੂੰ ਹੈਰਾਨ ਕਰਨ ਵਾਲਾ ਲੱਗ ਸਕਦਾ ਹੈ, ਪਰ ਸਮਾਜਿਕ ਨਿਆਂ ਦੇ ਸੰਘਰਸ਼ਾਂ ਨੂੰ ਖੁੰਡਾ ਕਰਨ ਦੀ ਕੋਸ਼ਿਸ਼ ਆਮ ਆਦਮੀ ਪਾਰਟੀ ਪਹਿਲੇ ਦਿਨ ਤੋਂ ਕਰ ਰਹੀ ਹੈ ਅਤੇ ਕੁਮਾਰ ਵਿਸ਼ਵਾਸ ਵਰਗੇ ਲੋਕ ਆਪਣੀ ਭੂਮਿਕਾ ਚੰਗੀ ਤਰ੍ਹਾਂ ਨਿਭਾ ਵੀ ਰਹੇ ਹਨ। ਆਮ ਆਦਮੀ ਪਾਰਟੀ ਦੀ 'ਕ੍ਰਾਂਤੀ' ਨੂੰ ਲੈ ਕੇ ਬੁੱਧੀਜੀਵੀਆਂ ਦੇ ਅੱਗੇ ਧੁੰਦ ਬੇਸ਼ੱਕ ਅਜੇ ਤੱਕ ਸਾਫ ਨਹੀਂ ਹੋ ਸਕੀ ਹੈ, ਪਰ ਭ੍ਰਿਸ਼ਟਾਚਾਰ ਵਿਰੋਧੀ ਅੰਦੋਲਨ ਦੇ ਓਹਲੇ ਕਾਰਪੋਰੇਟ ਰਾਜਨੀਤੀ ਨੂੰ ਵਧਾਉਂਦੇ ਇਨ੍ਹਾਂ ਖਿਡਾਰੀਆਂ ਦੀ ਅਸਲੀਅਤ ਹੁਣ ਜਨਤਾ ਦੇ ਸਾਹਮਣੇ ਆ ਚੁੱਕੀ ਹੈ।
 
ਗੱਲ ਕੁਮਾਰ ਵਿਸ਼ਵਾਸ ਵੱਲੋਂ ਦਿੱਤੀ ਗਈ ਸਫਾਈ ਦੀ ਕਰੀਏ ਤਾਂ ਉਨ੍ਹਾਂ ਦੀ ਸਫਾਈ ਪਹਿਲਾਂ ਦੇ ਬਿਆਨ ਤੋਂ ਵੀ ਜ਼ਿਆਦਾ ਇਤਰਾਜ਼ਯੋਗ ਹੈ। ਪਹਿਲੇ ਵੀਡੀਓ ਵਿੱਚ ਉਨ੍ਹਾਂ ਨੇ ਕਿਸੇ ਦਾ ਨਾਂ ਨਹੀਂ ਲਿਆ ਸੀ, ਪਰ ਦੂਜੇ ਵੀਡੀਓ ਵਿੱਚ ਉਹ ਬੇਸ਼ਰਮੀ ਨਾਲ ਵਿਸ਼ਵ ਨਾਥ ਪ੍ਰਤਾਪ ਸਿੰਘ ਦਾ ਨਾਂ ਲੈ ਰਹੇ ਹਨ। ਜਿਸ ਵੀਪੀ ਸਿੰਘ ਨੇ ਇੱਕ ਵੱਡੇ ਵਰਗ ਨੂੰ ਰਾਖਵੇਂਕਰਨ ਨਾਲ ਜੋੜ ਕੇ ਪੱਛੜੀ ਜਾਤੀਆਂ ਨੂੰ ਸਿੱਖਿਆ ਤੇ ਰੁਜ਼ਗਾਰ ਨਾਲ ਜੋੜਨ ਦੀ ਕੋਸ਼ਿਸ਼ ਕੀਤੀ, ਉਨ੍ਹਾਂ ਦਾ ਨਾਂ ਲੈ ਕੇ ਆਮ ਆਦਮੀ ਪਾਰਟੀ ਬੁਲਾਰੇ ਦਾ ਇੰਨੀ ਬੇਸ਼ਰਮੀ ਦਿਖਾਉਣਾ ਵਗੈਰ ਕੇਜਰੀਵਾਲ ਦੀ ਸ਼ਹਿ ਦੇ ਨਹੀਂ ਹੋ ਸਕਦਾ।
-ਰਾਜੇਸ਼ ਕੁਮਾਰ (ਲੇਖਕ ਟੀਵੀ ਪੱਤਰਕਾਰ ਹਨ)

 

 

 

 

Comments

Leave a Reply