Thu,Nov 15,2018 | 08:21:04am
HEADLINES:

editorial

ਉੱਚ ਸਿੱਖਿਆ ਪ੍ਰਾਪਤ ਨੌਜਵਾਨ ਵਧ ਗਏ, ਪਰ ਨੌਕਰੀਆਂ ਨਹੀਂ ਵਧੀਆਂ

ਉੱਚ ਸਿੱਖਿਆ ਪ੍ਰਾਪਤ ਨੌਜਵਾਨ ਵਧ ਗਏ, ਪਰ ਨੌਕਰੀਆਂ ਨਹੀਂ ਵਧੀਆਂ

ਦੇਸ਼ ਵਿੱਚ ਵਧਦੀ ਬੇਰੁਜ਼ਗਾਰੀ ਗੰਭੀਰ ਚਿੰਤਾ ਦਾ ਵਿਸ਼ਾ ਹੈ। ਹਾਲਾਤ ਇਸ ਲਈ ਵੀ ਭਿਆਨਕ ਹਨ, ਕਿਉਂਕਿ ਉੱਚ ਸਿੱਖਿਆ ਪ੍ਰਾਪਤ ਨੌਜਵਾਨਾਂ ਦੀ ਗਿਣਤੀ ਵਿੱਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ, ਪਰ ਨੌਕਰੀਆਂ ਨਹੀਂ ਹਨ। ਹਾਲਾਂਕਿ ਇਸਦਾ ਇੱਕ ਵੱਡਾ ਕਾਰਨ ਇਹ ਹੈ ਕਿ ਬਿਨਾਂ ਗੁਣਵੱਤਾ ਵਾਲੀ ਉੱਚ ਸਿੱਖਿਆ ਨੇ ਡਿਗਰੀ ਹੋਲਡਰਾਂ ਦੀ ਗਿਣਤੀ ਤੇਜ਼ੀ ਨਾਲ ਵਧਾਈ ਹੈ।

ਅਜਿਹੇ ਵਿੱਚ ਉਹ ਸਿੱਖਿਅਤ ਤਾਂ ਹਨ, ਪਰ ਉਨ੍ਹਾਂ ਦੀ ਸਿੱਖਿਆ ਤੈਅ ਪੈਮਾਨਿਆਂ 'ਤੇ ਠੀਕ ਨਹੀਂ ਬੈਠ ਰਹੀ। ਨਤੀਜਾ ਇਹ ਹੁੰਦਾ ਹੈ ਕਿ ਰੁਜ਼ਗਾਰ ਨਹੀਂ ਮਿਲ ਪਾਉਂਦਾ। ਦੂਜੇ ਪਾਸੇ ਜਿਨ੍ਹਾਂ ਦੀ ਸਿੱਖਿਆ ਰੁਜ਼ਗਾਰ ਪਾਉਣ ਦੇ ਪੈਮਾਨਿਆਂ 'ਤੇ ਠੀਕ ਹੈ, ਉਹ ਵੀ ਅੱਜ ਦੇ ਸਮੇਂ ਵਿੱਚ ਬੇਰੁਜ਼ਗਾਰ ਹਨ। ਮੌਜੂਦਾ ਸਮੇਂ ਵਿੱਚ ਸਰਕਾਰੀ ਨੌਕਰੀਆਂ ਦੀ ਗਿਣਤੀ ਵਿੱਚ ਵੀ ਕਮੀ ਆਈ ਹੈ, ਜਿਸ ਕਾਰਨ ਵੀ ਇੱਕ ਵੱਡਾ ਵਰਗ ਨਿਰਾਸ਼ ਹੈ। ਦੇਸ਼ 'ਚ ਸੂਬਿਆਂ ਤੇ ਕੇਂਦਰ ਸਰਕਾਰ ਤਹਿਤ ਆਉਂਦੇ ਵਿਭਾਗਾਂ ਵਿੱਚ ਸਰਕਾਰੀ ਨੌਕਰੀਆਂ ਘਟੀਆਂ ਹਨ।

ਇੰਟਰਨੈਸ਼ਨਲ ਲੇਬਰ ਆਰਗਨਾਈਜੇਸ਼ਨ (ਆਈਐੱਲਓ) ਨੇ ਆਪਣੀ ਰਿਪੋਰਟ ਵਰਲਡ 'ਇੰਪਲਾਇਮੈਂਟ ਐਂਡ ਸੋਸ਼ਲ ਆਊਟਲੁੱਕ ਟ੍ਰੈਂਡਸ 2018' ਵਿੱਚ ਦੱਸਿਆ ਹੈ ਕਿ ਦੇਸ਼ ਵਿੱਚ ਬੇਰੁਜ਼ਗਾਰੀ ਦਰ ਸਾਲ 2018 ਤੇ 2019 ਵਿੱਚ ਸਾਢੇ ਤਿੰਨ ਫੀਸਦੀ ਰਹੇਗੀ। ਸਾਲ 2018 ਵਿੱਚ ਦੇਸ਼ ਵਿੱਚ ਬੇਰੁਜ਼ਗਾਰੀ ਦਰ ਘਟਨ ਦੀ ਜਗ੍ਹਾ ਵਧਣ ਦੇ ਆਸਾਰ ਹਨ। ਸਾਲ 2017 ਤੇ 2016 ਵਿੱਚ ਵੀ ਬੇਰੁਜ਼ਗਾਰੀ ਦੀ ਇਹੀ ਸਥਿਤੀ ਦੇਖੀ ਗਈ ਸੀ।

ਆਈਐੱਲਓ ਨੇ ਕਿਹਾ ਹੈ ਕਿ ਸੰਸਾਰਕ ਪੱਧਰ 'ਤੇ ਬੇਰੁਜ਼ਗਾਰਾਂ ਦੀ ਗਿਣਤੀ ਸਾਲ 2018 'ਚ 83.6 ਕਰੋੜ ਅਤੇ ਸਾਲ 2019 ਵਿੱਚ 84.6 ਕਰੋੜ ਰਹਿਣ ਦਾ ਅਨੁਮਾਨ ਹੈ। ਸਾਲ 2017 ਵਿੱਚ ਇਹ 82.9 ਕਰੋੜ ਸੀ। ਸੰਸਾਰਕ ਪੱਧਰ 'ਤੇ ਸਾਲ 2018 ਵਿੱਚ ਬੇਰੁਜ਼ਗਾਰਾਂ ਦੀ ਗਿਣਤੀ 192.3 ਕਰੋੜ ਹੋ ਜਾਵੇਗੀ, ਜਦਕਿ 2017 ਵਿੱਚ ਇਹ 192.7 ਕਰੋੜ ਸੀ।

ਰਿਪੋਰਟ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਮਜ਼ਬੂਤ ਆਰਥਿਕ ਵਾਧੇ ਦੇ ਬਾਵਜੂਦ ਘੱਟ ਗੁਣਵੱਤਾ ਵਾਲੀਆਂ ਨੌਕਰੀਆਂ ਪੈਦਾ ਹੋ ਰਹੀਆਂ ਹਨ ਅਤੇ ਸਾਲ 2019 ਤੱਕ ਦੱਖਣ ਏਸ਼ੀਆ ਦੇ 72 ਫੀਸਦੀ ਕਾਮਿਆਂ ਦੇ ਰੁਜ਼ਗਾਰ ਅਸੰਵੇਦਨਸ਼ੀਲ ਸਥਿਤੀ ਵਿੱਚ ਰਹਿਣਗੇ।

ਬੇਰੁਜ਼ਗਾਰੀ ਦਾ ਇੱਕ ਵੱਡਾ ਕਾਰਨ ਗੁਣਵੱਤਾ ਤੋਂ ਬਿਨਾਂ ਉੱਚ ਸਿੱਖਿਆ ਹੈ। ਦੇਸ਼ ਵਿੱਚ ਤੇਜ਼ੀ ਨਾਲ ਉੱਚ ਸਿੱਖਿਆ ਸੰਸਥਾਨ ਖੁੱਲਦੇ ਜਾ ਰਹੇ ਹਨ, ਪਰ ਉੱਥੇ ਯੋਗ ਸਿੱਖਿਆ ਸੁਵਿਧਾਵਾਂ ਦੀ ਕਮੀ ਹੈ। ਇਸੇ ਕਾਰਨ ਇੰਜੀਨਿਅਰਿੰਗ ਪਾਸ ਕਰਨ ਵਾਲੇ 15 ਲੱਖ ਵਿਦਿਆਰਥੀਆਂ 'ਚੋਂ ਸਿਰਫ ਸਾਢੇ 3 ਲੱਖ ਵਿਦਿਆਰਥੀਆਂ ਨੂੰ ਹੀ ਸਲਾਨਾ ਨੌਕਰੀ ਮਿਲ ਪਾਉਂਦੀ ਹੈ।

ਕੁਝ ਸਮਾਂ ਪਹਿਲਾਂ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ (ਯੂਜੀਸੀ) ਨੇ 80 ਹਜ਼ਾਰ ਟੀਚਰਾਂ ਨੂੰ ਨੌਕਰੀ ਤੋਂ ਹਟਾਉਣ ਦੇ ਨਿਰਦੇਸ਼ ਦਿੱਤੇ ਸਨ, ਕਿਉਂਕਿ ਉਹ ਇੱਕ ਤੋਂ ਜ਼ਿਆਦਾ ਸਿੱਖਿਆ ਸੰਸਥਾਨਾਂ ਵਿੱਚ ਪੜ੍ਹਾਉਣ ਦਾ ਕੰਮ ਕਰ ਰਹੇ ਸਨ ਅਤੇ ਇਸ ਤਰ੍ਹਾਂ ਦੋ ਸਥਾਨਾਂ ਤੋਂ ਤਨਖਾਹ ਲੈ ਰਹੇ ਸਨ। ਕਈ ਸਥਾਨਾਂ 'ਤੇ ਤਾਂ ਉੱਚ ਸਿੱਖਿਆ ਦੇ ਨਿਯਮਾਂ 'ਤੇ ਆਧਾਰਿਤ ਯੋਗ ਫੈਕਲਟੀ ਹੀ ਨਹੀਂ ਹੈ। ਜਦੋਂ ਯੋਗ ਟੀਚਰਾਂ ਦੀ ਕਮੀ ਹੋਵੇਗੀ ਤਾਂ ਵਿਦਿਆਰਥੀ ਕੀ ਤੇ ਕਿਵੇਂ ਸਿੱਖ ਪਾਉਣਗੇ?

ਇਸ ਲਈ ਜੇਕਰ ਅਸੀਂ ਬੇਰੁਜ਼ਗਾਰੀ ਤੇ ਗੁਣਵੱਤਾਹੀਣ ਸਿੱਖਿਆ ਦੀ ਸਮੱਸਿਆ ਤੋਂ ਮੁਕਤੀ ਪਾਉਣੀ ਹੈ ਤਾਂ ਸਭ ਤੋਂ ਪਹਿਲਾਂ ਦੇਸ਼ ਦੀ ਸਿੱਖਿਆ ਨੀਤੀ ਨੂੰ ਸੁਧਾਰਨ ਵੱਲ ਧਿਆਨ ਦੇਣਾ ਹੋਵੇਗਾ। ਸਿੱਖਿਆ ਨੂੰ ਗੁਣਵੱਤਾ ਵਾਲੀ ਤੇ ਰੁਜ਼ਗਾਰ ਦੇ ਮੁਤਾਬਕ ਬਣਾਉਣਾ ਹੋਵੇਗਾ। ਕਮਜ਼ੋਰ ਤੇ ਪੱਛੜੇ ਵਰਗਾਂ ਦੇ ਵਿਕਾਸ ਲਈ ਮੁੱਢਲੇ ਤੋਂ ਲੈ ਕੇ ਉੱਚ ਸਿੱਖਿਆ ਪੱਧਰ ਤੱਕ ਵਿੱਚ ਸੁਧਾਰ ਦੀਆਂ ਕੋਸ਼ਿਸ਼ਾਂ ਕਰਨੀਆਂ ਪੈਣਗੀਆਂ।

ਸਰਕਾਰ ਨੂੰ ਵੀ ਚਾਹੀਦਾ ਹੈ ਕਿ ਉਹ ਸਿੱਖਿਆ ਸੰਸਥਾਵਾਂ ਵਿੱਚ ਯੋਗ ਟੀਚਰਾਂ ਦੀ ਨਿਯੁਕਤੀ ਕਰੇ। ਜੇਕਰ ਨੌਜਵਾਨਾਂ ਨੂੰ ਆਪਣੀ ਯੋਗਤਾ ਮੁਤਾਬਕ ਕੰਮ ਕਰਨ ਦੇ ਖੇਤਰ ਹੀ ਨਹੀਂ ਮਿਲਣਗੇ ਤਾਂ ਉਹ ਆਪਣੇ ਰਾਹ ਤੋਂ ਭਟਕ ਜਾਣਗੇ। ਇਸ ਲਈ ਜ਼ਰੂਰੀ ਹੈ ਕਿ ਇਸ ਸਮੱਸਿਆ ਪ੍ਰਤੀ ਗੰਭੀਰਤਾ ਨਾਲ ਵਿਚਾਰ ਕੀਤਾ ਜਾਵੇ ਅਤੇ ਉੱਚ ਸਿੱਖਿਆ ਵਿਵਸਥਾ 'ਚ ਸੁਧਾਰ ਦੇ ਨਾਲ-ਨਾਲ ਰੁਜ਼ਗਾਰ ਪੈਦਾ ਕਰਨ 'ਤੇ ਵੀ ਜ਼ੋਰ ਦਿੱਤਾ ਜਾਵੇ।  
-ਸੌਰਭ

Comments

Leave a Reply