Sun,Jul 05,2020 | 05:14:33am
HEADLINES:

editorial

ਇੱਕ ਕਰਜ਼ੇ ਦਾ ਬੋਝ, ਦੂਜਾ ਰੁਜ਼ਗਾਰ ਖੋਹ ਹੋਇਆ, ਉਪਰੋਂ ਕੁਆਰੰਟਾਈਨ ਦੇ ਨਾਂ 'ਤੇ ਵਸੂਲੇ ਜਾ ਰਹੇ ਪੈਸੇ

ਇੱਕ ਕਰਜ਼ੇ ਦਾ ਬੋਝ, ਦੂਜਾ ਰੁਜ਼ਗਾਰ ਖੋਹ ਹੋਇਆ, ਉਪਰੋਂ ਕੁਆਰੰਟਾਈਨ ਦੇ ਨਾਂ 'ਤੇ ਵਸੂਲੇ ਜਾ ਰਹੇ ਪੈਸੇ

ਦੇਸ਼ ਦੇ ਦੂਜੇ ਸੂਬਿਆਂ ਵਾਂਗ ਪੰਜਾਬ 'ਚ ਵੀ ਬੇਰੁਜ਼ਗਾਰੀ ਇੱਕ ਵੱਡੀ ਸਮੱਸਿਆ ਰਹੀ ਹੈ। ਬੇਰੁਜ਼ਗਾਰੀ ਦੇ ਸਤਾਏ ਲੋਕਾਂ ਲਈ ਆਪਣਾ ਤੇ ਪਰਿਵਾਰ ਦਾ ਢਿੱਡ ਭਰਨਾ, ਉਨ੍ਹਾਂ ਦੇ ਇਲਾਜ ਦਾ ਪ੍ਰਬੰਧ ਕਰਨਾ, ਘਰ ਚਲਾਉਣਾ ਅਤੇ ਆਪਣੇ ਬੱਚਿਆਂ ਦੀ ਪੜ੍ਹਾਈ ਦਾ ਖਰਚਾ ਚੁੱਕ ਪਾਉਣਾ ਮੁਸ਼ਕਿਲ ਹੋ ਜਾਂਦਾ ਹੈ। ਅਜਿਹੇ ਹਾਲਾਤ ਇਨ੍ਹਾਂ ਪੰਜਾਬੀਆਂ ਨੂੰ ਆਪਣਾ ਘਰ-ਪਰਿਵਾਰ ਛੱਡ ਕੇ ਪਰਦੇਸਾਂ ਦਾ ਰੁਖ਼ ਕਰਨ ਲਈ ਮਜ਼ਬੂਰ ਕਰਦੇ ਹਨ। ਸੂਬੇ 'ਚ ਜਿਨ੍ਹਾਂ ਕੋਲ ਕੁਝ ਪੈਸਾ ਹੈ, ਉਹ ਜ਼ਮੀਨ ਵੇਚ ਕੇ ਜਾਂ ਜਮ੍ਹਾਂ ਪੂੰਜੀ ਇਕੱਠੀ ਕਰਕੇ 20-25 ਲੱਖ ਰੁਪਏ ਲਗਾ ਕੇ ਅਮਰੀਕਾ, ਯੂਕੇ, ਆਸਟ੍ਰੇਲੀਆ, ਯੂਰੋਪ ਵਰਗੇ ਦੇਸ਼ਾਂ 'ਚ ਸਿੱਧੇ ਜਾਂ ਅਸਿੱਧੇ ਢੰਗ ਨਾਲ ਚਲੇ ਜਾਂਦੇ ਹਨ।

ਦੂਜੇ ਪਾਸੇ ਬੇਰੁਜ਼ਗਾਰੀ ਦੇ ਸਤਾਏ ਵੱਡੀ ਗਿਣਤੀ ਵਾਲੇ ਲੋਕ, ਖਾਸ ਤੌਰ 'ਤੇ ਦਲਿਤ-ਪੱਛੜੇ, ਆਰਥਿਕ ਪੱਖੋਂ ਕਮਜ਼ੋਰ ਵਰਗਾਂ ਲਈ ਇਨ੍ਹਾਂ ਵੱਡੇ ਮੁਲਕਾਂ 'ਚ ਜਾਣ ਲਈ ਇੰਨੇ ਪੈਸੇ ਦਾ ਪ੍ਰਬੰਧ ਨਹੀਂ ਹੋ ਪਾਉਂਦਾ। ਅਜਿਹੇ 'ਚ ਉਹ ਅਰਬ ਦੇਸ਼ਾਂ ਦਾ ਰੁਖ਼ ਕਰਦੇ ਹਨ, ਜਿੱਥੇ ਵਰਕ ਪਰਮਿਟ 'ਤੇ ਜਾਣ ਲਈ ਲੱਖ-ਡੇਢ ਲੱਖ ਦਾ ਖਰਚਾ ਆਉਂਦਾ ਹੈ।  ਹਾਲਾਂਕਿ ਇੰਨੀ ਰਕਮ ਦਾ ਪ੍ਰਬੰਧ ਕਰਨਾ ਵੀ ਉਨ੍ਹਾਂ ਲਈ ਮੁਸ਼ਕਿਲ ਹੁੰਦਾ ਹੈ।

ਫਿਰ ਵੀ ਉਹ ਕਿਸੇ ਤਰ੍ਹਾਂ ਕਰਜ਼ਾ ਚੁੱਕ ਕੇ ਜਾਂ ਦੋਸਤਾਂ-ਰਿਸ਼ਤੇਦਾਰਾਂ ਤੋਂ ਪੈਸੇ ਉਧਾਰ ਲੈ ਕੇ ਅਰਬ ਦੇਸ਼ਾਂ ਵੱਲ ਰੁਜ਼ਗਾਰ ਦੀ ਤਲਾਸ਼ 'ਚ ਚਲੇ ਜਾਂਦੇ ਹਨ। ਅਜਿਹੇ ਸਮੇਂ 'ਚ ਜਦੋਂ ਸਾਡੇ ਦੇਸ਼ ਦੀ ਸਰਕਾਰੀ ਵਿਵਸਥਾ ਇਨ੍ਹਾਂ ਨੂੰ ਰੁਜ਼ਗਾਰ, ਰੋਟੀ, ਕੱਪੜਾ, ਮਕਾਨ ਦੇਣ 'ਚ ਫੇਲ੍ਹ ਸਾਬਿਤ ਹੋਈ ਹੈ, ਉਦੋਂ ਅਰਬ ਦੇਸ਼ ਇਨ੍ਹਾਂ ਲੋਕਾਂ ਤੇ ਇਨ੍ਹਾਂ ਦੇ ਪਰਿਵਾਰਾਂ ਲਈ ਸਹਾਰਾ ਬਣ ਰਹੇ ਹਨ।

ਇੱਥੇ ਦੁੱਖਦਾਇਕ ਪੱਖ ਇਹ ਹੈ ਕਿ ਹੁਣ ਇਨ੍ਹਾਂ ਦੇਸ਼ਾਂ 'ਚ ਵੀ ਆਰਥਿਕ ਮੰਦੀ ਤੇ ਕੋਰੋਨਾ ਵਾਇਰਸ ਕਰਕੇ ਕੰਮਕਾਜ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ। ਇਸ ਕਰਕੇ ਕਈ ਕੰਪਨੀਆਂ ਦਾ ਕੰਮਕਾਜ ਠੱਪ ਹੋਣ, ਪੰਜਾਬੀਆਂ ਸਮੇਤ ਭਾਰਤ ਦੇ ਹੋਰ ਸੂਬਿਆਂ ਦੇ ਕਾਮਿਆਂ ਨੂੰ ਕੰਮ ਤੋਂ ਜਵਾਬ ਦੇਣ ਦੀਆਂ ਰੋਜ਼ਾਨਾ ਖਬਰਾਂ ਆ ਰਹੀਆਂ ਹਨ। ਆਰਥਿਕ ਤੌਰ 'ਤੇ ਤੰਗਹਾਲੀ ਦੇ ਸ਼ਿਕਾਰ ਹੋ ਚੁੱਕੇ ਇਹ ਲੋਕ ਆਪਣੇ ਦੇਸ਼ 'ਚ ਵਾਪਸੀ ਲਈ ਕੇਂਦਰ ਤੇ ਸੂਬਾ ਸਰਕਾਰਾਂ ਅੱਗੇ ਫਰਿਆਦਾਂ ਕਰ ਰਹੇ ਹਨ। ਕਈ ਲੋਕਾਂ ਵੱਲੋਂ ਸਰਕਾਰਾਂ 'ਤੇ ਉਨ੍ਹਾਂ ਦੀ ਅਣਦੇਖੀ ਕਰਨ ਦੇ ਦੋਸ਼ ਲਗਾਏ ਜਾ ਰਹੇ ਹਨ।

ਇੰਡੀਅਨ ਐਕਸਪ੍ਰੈੱਸ ਦੀ ਇੱਕ ਰਿਪੋਰਟ ਮੁਤਾਬਕ ਸਾਊਦੀ ਅਰਬ 'ਚ ਗਏ ਹਜ਼ਾਰਾਂ ਭਾਰਤੀ ਮਜ਼ਦੂਰ ਹੁਣ ਆਪਣੇ ਦੇਸ਼ ਮੁੜਨ ਲਈ ਕੋਸ਼ਿਸ਼ਾਂ ਕਰ ਰਹੇ ਹਨ। ਇਨ੍ਹਾਂ 'ਚੋਂ ਕਈ ਮਜ਼ਦੂਰਾਂ ਦੀ ਰੋਜ਼ੀ-ਰੋਟੀ ਖੋਹ ਹੋ ਗਈ ਹੈ, ਜਦਕਿ ਕਈ ਪੈਸਿਆਂ ਦੀ ਤੰਗੀ ਦਾ ਸਾਹਮਣਾ ਕਰ ਰਹੇ ਹਨ। ਤਮਿਲਨਾਡੂ ਦੇ ਰਹਿਣ ਵਾਲੇ ਈਝੀਲਵੇਂਡਨ (35) ਸਾਊਦੀ ਅਰਬ 'ਚ ਰਿਫਾਈਨਰੀ ਕੰਪਨੀ 'ਚ ਕੰਮ ਕਰਦੇ ਸਨ। ਉਨ੍ਹਾਂ ਕਿਹਾ ਕਿ ਸਾਊਦੀ ਅਰਬ ਦੇ ਵੱਖ-ਵੱਖ ਇਲਾਕਿਆਂ ਜਿਵੇਂ ਜੇਦਾ, ਦੰਮਾਮ ਤੇ ਰਿਆਦ 'ਚ ਵੱਡੀ ਗਿਣਤੀ 'ਚ ਭਾਰਤੀ ਕੰਮ ਕਰਦੇ ਸਨ, ਜੋ ਕਿ ਉੱਥੇ ਫਸੇ ਹੋਏ ਹਨ।

13 ਮਈ ਨੂੰ ਤਮਿਲਨਾਡੂ ਦੇ ਸਾਂਸਦ ਐੱਸ ਨਨਤੀਰਾਵਿਅਸ ਨੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੂੰ 140 ਭਾਰਤੀ ਮਜ਼ਦੂਰਾਂ ਦੀ ਬਦਹਾਲੀ ਦੇ ਸਬੰਧ 'ਚ ਇੱਕ ਪੱਤਰ ਲਿਖਿਆ ਸੀ, ਜਿਨ੍ਹਾਂ 'ਚੋਂ 110 ਮਜ਼ਦੂਰ ਉਨ੍ਹਾਂ ਦੇ ਖੁਦ ਦੇ ਚੋਣ ਖੇਤਰ ਤਿਰੁਨੇਲਵੇਲੀ ਤੋਂ ਹਨ, ਜੋ ਕਿ ਸਾਊਦੀ ਅਰਬ 'ਚ ਫਸੇ ਹੋਏ ਹਨ। ਈਝੀਲਵੇਂਡਨ ਮੁਤਾਬਕ ਕਈ ਫੋਨ ਤੇ ਈਮੇਲ ਕਰਨ ਦੇ ਬਾਅਦ ਵੀ ਰਿਆਦ 'ਚ ਭਾਰਤੀ ਦੂਤਾਵਾਸ ਫਸੇ ਹੋਏ ਮਜ਼ਦੂਰਾਂ ਦੀਆਂ ਅਪੀਲਾਂ 'ਤੇ ਧਿਆਨ ਦੇਣ 'ਚ ਅਸਫਲ ਰਿਹਾ ਹੈ।

ਉਨ੍ਹਾਂ ਕਿਹਾ ਕਿ ''ਅਸੀਂ ਰਿਆਦ 'ਚ ਭਾਰਤੀ ਦੂਤਾਵਾਸ, ਭਾਰਤ ਸਰਕਾਰ ਤੇ ਸੂਬਾ ਸਰਕਾਰ ਨੂੰ ਵੀ ਪੱਤਰ ਭੇਜੇ, ਪਰ ਕੋਈ ਜਵਾਬ ਨਹੀਂ ਮਿਲਿਆ।'' ਅਰਬ ਦੇਸ਼ਾਂ 'ਚੋਂ ਖਾਲੀ ਜੇਬਾਂ ਸਮੇਤ ਜਿਹੜੇ ਲੋਕ ਮੁੜ ਰਹੇ ਹਨ, ਉਨ੍ਹਾਂ ਦੀ ਭਾਰਤੀ ਏਅਰਪੋਰਟਾਂ 'ਤੇ ਪਹੁੰਚਦੇ ਹੀ ਹਾਲਤ ਹੋਰ ਖਰਾਬ ਹੋ ਰਹੀ ਹੈ। ਕਈ ਲੋਕਾਂ, ਖਾਸ ਤੌਰ 'ਤੇ ਪੰਜਾਬ ਨਾਲ ਸਬੰਧਤ ਲੋਕਾਂ ਵੱਲੋਂ ਦੋਸ਼ ਲਗਾਏ ਜਾ ਰਹੇ ਹਨ ਕਿ ਉਨ੍ਹਾਂ ਨੂੰ ਦਿੱਲੀ ਦੇ ਹੋਟਲਾਂ ਜਾਂ ਆਪਣੇ-ਆਪਣੇ ਜ਼ਿਲ੍ਹੇ ਦੇ ਨਿੱਜੀ ਕੁਆਰੰਟਾਈਨ ਸੈਂਟਰਾਂ 'ਚ ਰੱਖਿਆ ਜਾ ਰਿਹਾ ਹੈ, ਜਿੱਥੇ ਉਨ੍ਹਾਂ ਤੋਂ ਮੋਟੇ ਪੈਸੇ ਦੀ ਵਸੂਲੀ ਕੀਤੀ ਜਾ ਰਹੀ ਹੈ।

ਕਪੂਰਥਲਾ ਦੇ ਪਿੰਡ ਚਾਕੋਕੀ ਦੇ ਰਹਿਣ ਵਾਲੇ ਮਨਪ੍ਰੀਤ ਸਿੰਘ ਨੇ ਇੱਕ ਅੰਗ੍ਰੇਜ਼ੀ ਅਖਬਾਰ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਹ ਦੁਬਈ ਦੀ ਇੱਕ ਕੰਪਨੀ 'ਚ ਡ੍ਰਾਈਵਰ ਸਨ। ਕੰਮਕਾਜ ਠੱਪ ਹੋ ਜਾਣ ਕਰਕੇ ਉਨ੍ਹਾਂ ਨੂੰ ਤੇ ਉਨ੍ਹਾਂ ਦੇ 80 ਸਾਥੀਆਂ ਨੂੰ ਨੌਕਰੀ ਤੋਂ ਜਵਾਬ ਮਿਲ ਗਿਆ ਤੇ ਉਨ੍ਹਾਂ ਨੂੰ ਵਾਪਸ ਆਪਣੇ ਦੇਸ਼ ਜਾਣ ਲਈ ਕਹਿ ਦਿੱਤਾ ਗਿਆ। ਮਨਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਕੋਲ ਵਾਪਸ ਆਉਣ ਲਈ ਪੈਸੇ ਨਹੀਂ ਸਨ। ਮਜ਼ਬੂਰੀ 'ਚ ਉਨ੍ਹਾਂ ਨੇ ਕਪੂਰਥਲਾ ਰਹਿੰਦੇ ਆਪਣੇ ਪਰਿਵਾਰ ਤੋਂ ਉਧਾਰ ਪੈਸੇ ਮੰਗਵਾਏ, ਜਿਸ ਕਰਕੇ ਉਨ੍ਹਾਂ ਦੀ ਵਾਪਸੀ ਸੰਭਵ ਹੋ ਸਕੀ।

ਮਨਪ੍ਰੀਤ ਨੇ ਕਿਹਾ ਕਿ ਉਨ੍ਹਾਂ ਲਈ ਇਸ ਤੋਂ ਵੱਡੀ ਪਰੇਸ਼ਾਨੀ ਇਹ ਰਹੀ ਕਿ ਕੁਆਰੰਟਾਈਨ ਦੇ ਨਾਂ 'ਤੇ ਕਪੂਰਥਲਾ ਦੇ ਪ੍ਰਾਈਵੇਟ ਸੈਂਟਰ 'ਚ ਉਨ੍ਹਾਂ ਤੋਂ ਰੋਜ਼ਾਨਾ 800 ਰੁਪਏ ਵਸੂਲੇ ਜਾ ਰਹੇ ਹਨ। ਇੱਥੇ ਦੁਬਾਈ ਤੋਂ ਪਰਤੇ 10 ਹੋਰ ਲੋਕਾਂ ਤੋਂ ਵੀ ਇਸੇ ਤਰ੍ਹਾਂ ਪੈਸਿਆਂ ਦੀ ਮੰਗ ਕੀਤੀ ਜਾ ਰਹੀ ਹੈ, ਜਦਕਿ ਉਨ੍ਹਾਂ ਕੋਲ ਪੈਸੇ ਨਹੀਂ ਹਨ।

ਮਨਪ੍ਰੀਤ ਦਾ ਕਹਿਣਾ ਹੈ ਕਿ ਉਹ ਰੋਜ਼ਾਨਾ ਦੇ 800 ਰੁਪਏ ਦਾ ਭੁਗਤਾਨ ਕਰਨ 'ਚ ਅਸਮਰੱਥ ਹਨ। ਉਨ੍ਹਾਂ ਦਾ ਪਰਿਵਾਰ ਉਨ੍ਹਾਂ 'ਤੇ ਨਿਰਭਰ ਹੈ। ਮਨਪ੍ਰੀਤ ਸਿੰਘ ਨੇ ਕਿਹਾ ''ਮੇਰੇ ਅੱਗੇ ਰੁਜ਼ਗਾਰ ਦਾ ਸੰਕਟ ਖੜਾ ਹੋ ਗਿਆ ਹੈ, ਉਪਰੋਂ ਸਰਕਾਰ ਮੈਨੂੰ ਕਹਿ ਰਹੀ ਹੈ ਕਿ ਕੁਆਰੰਟਾਈਨ ਸੈਂਟਰ ਦੇ ਪੈਸੇ ਦਾ ਭੁਗਤਾਨ ਕਰੋ।'' ਵਿਦੇਸ਼ ਤੋਂ ਆਉਣ ਵਾਲੇ ਇਨ੍ਹਾਂ ਪੰਜਾਬੀਆਂ ਨੂੰ ਪੇਸ਼ ਆ ਰਹੀਆਂ ਪਰੇਸ਼ਾਨੀਆਂ ਦਾ ਮੁੱਦਾ ਬਸਪਾ ਸੂਬਾ ਪ੍ਰਧਾਨ ਸ. ਜਸਵੀਰ ਸਿੰਘ ਗੜ੍ਹੀ ਨੇ ਪੰਜਾਬ ਦੀ ਕਾਂਗਰਸ ਸਰਕਾਰ ਅੱਗੇ ਚੁੱਕਿਆ ਹੈ। ਉਨ੍ਹਾਂ ਨੇ ਸਰਕਾਰ ਨੂੰ ਇਸ ਪਾਸੇ ਧਿਆਨ ਦੇਣ ਲਈ ਕਿਹਾ ਹੈ, ਤਾਂਕਿ ਲੋਕ ਬਿਨਾਂ ਤੰਗ ਹੋਏ ਆਪਣੇ ਘਰਾਂ ਤੱਕ ਸੁਰੱਖਿਅਤ ਪਹੁੰਚ ਸਕਣ।


'ਅਰਬ ਦੇਸ਼ਾਂ ਤੋਂ ਵਾਪਸ ਭਾਰਤ ਆ ਰਹੇ ਲੋਕ ਖਾਲੀ ਹੱਥ, ਰੋਟੀ ਪੱਖੋਂ ਵੀ ਤੰਗ, ਉਨ੍ਹਾਂ ਤੋਂ ਨਾ ਵਸੂਲਿਆ ਜਾਵੇ ਪੈਸਾ'
ਡਾ. ਬੀ.ਆਰ. ਅੰਬੇਡਕਰ ਮਿਸ਼ਨਰੀ ਸਭਾ ਕੁਵੈਤ ਦੇ ਅਹੁਦੇਦਾਰ ਜਗਵੀਰ ਸਿੰਘ ਦਿਹਾਣਾ ਨੇ ਉੱਥੇ ਦੇ ਹਾਲਾਤ ਤੇ ਪੰਜਾਬ ਆ ਰਹੇ ਪੰਜਾਬੀਆਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਨੂੰ ਲੈ ਕੇ 'ਲੋਕ ਲੀਡਰ' ਨਾਲ ਫੋਨ ਤੇ ਗੱਲਬਾਤ ਸਾਂਝੀ ਕੀਤੀ। ਜਗਵੀਰ ਸਿੰਘ ਦਿਹਾਣਾ ਨੇ ਕਿਹਾ ਕਿ ਕੁਵੈਤ ਤੇ ਹੋਰ ਅਰਬ ਦੇਸ਼ਾਂ ਤੋਂ ਪੰਜਾਬ ਆਉਣ ਵਾਲੇ ਪੰਜਾਬੀਆਂ ਦੀ ਆਰਥਿਕ ਹਾਲਤ ਠੀਕ ਨਹੀਂ ਹੈ।

ਇਹ ਜਦੋਂ ਭਾਰਤ ਪਹੁੰਚਦੇ ਹਨ ਤਾਂ ਇਨ੍ਹਾਂ ਨੂੰ ਕੇਂਦਰ ਦੀ ਭਾਜਪਾ ਤੇ ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ ਪ੍ਰਾਈਵੇਟ ਕੁਆਰੰਟਾਈਨ ਸੈਂਟਰਾਂ 'ਚ ਰੱਖਿਆ ਜਾਂਦਾ ਹੈ, ਜਿੱਥੇ ਦਾ ਖਰਚਾ ਸਰਕਾਰਾਂ ਵੱਲੋਂ ਖੁਦ ਨਾ ਚੁੱਕ ਕੇ ਇਨ੍ਹਾਂ ਦੇ ਪੱਲੇ ਹੀ ਪਾਇਆ ਜਾ ਰਿਹਾ ਹੈ। ਇਹ ਖਰਚਾ 20 ਤੋਂ 30 ਹਜ਼ਾਰ ਰੁਪਏ ਦਾ ਹੈ। ਜਗਵੀਰ ਸਿੰਘ ਦਿਹਾਣਾ ਨੇ ਕਿਹਾ ਕਿ ਅਰਬ ਦੇਸ਼ਾਂ ਤੋਂ ਮਜਬੂਰੀ 'ਚ ਵਾਪਸ ਭਾਰਤ ਜਾਣ ਵਾਲੇ ਲੋਕ ਇੱਕ ਤਾਂ ਪਹਿਲਾਂ ਹੀ ਆਰਥਿਕ ਪੱਖੋਂ ਕਮਜ਼ੋਰ ਹਨ, ਰੋਟੀ ਪੱਖੋਂ ਤੰਗ ਹਨ, ਉਪਰੋਂ ਆਪਣੇ ਦੇਸ਼ ਭਾਰਤ ਪਹੁੰਚਦੇ ਹੀ ਇਨ੍ਹਾਂ ਤੋਂ ਪੈਸੇ ਵਸੂਲੇ ਜਾ ਰਹੇ ਹਨ।

ਉਨ੍ਹਾਂ ਦੀ ਸਥਿਤੀ ਪੈਸੇ ਦਾ ਭੁਗਤਾਨ ਕਰਨ ਦੀ ਨਹੀਂ ਹੈ। ਇਹ ਖਾਲੀ ਹੱਥੋਂ ਅਰਬ ਦੇਸ਼ਾਂ ਤੋਂ ਭਾਰਤ ਜਾ ਰਹੇ ਹਨ। ਇਨ੍ਹਾਂ ਦੇ ਪਰਿਵਾਰ, ਜੋ ਕਿ ਇਨ੍ਹਾਂ ਲੋਕਾਂ 'ਤੇ ਹੀ ਨਿਰਭਰ ਹਨ, ਉਹ ਵੀ ਪਹਿਲਾਂ ਹੀ ਆਰਥਿਕ ਤੰਗੀ ਦਾ ਸੰਤਾਪ ਝੱਲ ਰਹੇ ਹਨ। ਇਸ ਕਰਕੇ ਦਿੱਲੀ ਤੋਂ ਪੰਜਾਬ ਤੱਕ ਆਉਣ ਤੇ ਉਨ੍ਹਾਂ ਦੇ ਕੁਆਰੰਟਾਈਨ ਸੈਂਟਰਾਂ ਦਾ ਖਰਚ ਸਰਕਾਰਾਂ ਵੱਲੋਂ ਕੀਤਾ ਜਾਣਾ ਚਾਹੀਦਾ ਹੈ।

ਸਰਕਾਰ ਅੱਗੇ ਅਪੀਲ ਹੈ ਕਿ ਇਨ੍ਹਾਂ ਨੌਜਵਾਨਾਂ ਦੇ ਨਾਲ ਚੰਗਾ ਸਲੂਕ ਕੀਤਾ ਜਾਵੇ। ਇਨ੍ਹਾਂ ਨੌਜਵਾਨਾਂ ਨੂੰ ਕੰਮ ਦੀ ਘਾਟ ਕਾਰਨ ਕੁਵੈਤ 'ਚ ਰਹਿੰਦਿਆਂ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਹੈ। ਜਗਵੀਰ ਸਿੰਘ ਦਿਹਾਣਾ ਨੇ ਕਿਹਾ ਕਿ ਦਿੱਲੀ ਏਅਰਪੋਰਟ 'ਤੇ ਉਤਰਨ ਵਾਲੇ ਕਈ ਪੰਜਾਬੀਆਂ ਵੱਲੋਂ ਇਹ ਸ਼ਿਕਾਇਤ ਕੀਤੀ ਜਾ ਰਹੀ ਹੈ ਕਿ ਉਨ੍ਹਾਂ ਨੂੰ ਕੁਆਰੰਟਾਈਨ ਦੇ ਨਾਂ 'ਤੇ ਦਿੱਲੀ ਦੇ ਹੋਟਲਾਂ 'ਚ ਰੱਖਿਆ ਜਾ ਰਿਹਾ ਹੈ, ਜਿਸਦਾ ਹਜ਼ਾਰਾਂ ਰੁਪਏ ਦਾ ਖਰਚਾ ਉਨ੍ਹਾਂ ਤੋਂ ਵਸੂਲਿਆ ਜਾ ਰਿਹਾ ਹੈ, ਜਦਕਿ ਇਹ ਲੋਕ ਪਹਿਲਾਂ ਹੀ ਆਰਥਿਕ ਪੱਖੋਂ ਤੰਗਹਾਲ ਹਨ।

ਉਨ੍ਹਾਂ ਨੇ ਡਾ. ਬੀ.ਆਰ. ਅੰਬੇਡਕਰ ਮਿਸ਼ਨਰੀ ਸਭਾ ਕੁਵੈਤ ਵੱਲੋਂ ਕੁਵੈਤ ਦੀ ਹਕੂਮਤ ਦਾ ਧੰਨਵਾਦ ਕੀਤਾ। ਦਿਹਾਣਾ ਨੇ ਕਿਹਾ ਕਿ ਕੁਵੈਤ ਹਕੂਮਤ ਨੇ ਆਪਣੇ ਵਲੋਂ ਇਨ੍ਹਾਂ ਪ੍ਰਵਾਸੀ ਭਾਰਤੀਆਂ ਲਈ ਬਹੁਤ ਵੱਡੇ ਸ਼ਲਾਘਾਯੋਗ ਕਦਮ ਚੁੱਕੇ ਹਨ। ਉਨ੍ਹਾਂ ਨੂੰ ਵਿਸ਼ੇਸ਼ ਕੈਂਪ ਮੁਹੱਈਆ ਕਰਵਾ ਕੇ ਮੁਫਤ ਦਿੱਤੇ ਹਨ, ਲੋਕਾਂ ਦੀ ਭੋਜਨ ਸਬੰਧੀ ਸਮੱਸਿਆ ਨੂੰ ਮੁੱਖ ਰੱਖਦਿਆਂ ਪੂਰੇ ਕੁਵੈਤ 'ਚ ਇੱਕ ਆਨਲਾਈਨ ਸਰਵਿਸ ਵੀ ਦਿੱਤੀ ਹੈ, ਜਿਸ ਨਾਲ ਘਰ ਬੈਠੇ ਵੀ ਅਸੀਂ ਭੋਜਨ ਮੰਗਵਾ ਸਕਦੇ ਹਾਂ ਤੇ ਉਹ ਵੀ ਬਿਨਾਂ ਕਿਸੇ ਪੈਸੇ ਦੇ। ਜਗਵੀਰ ਸਿੰਘ ਦਿਹਾਣਾ ਨੇ ਕਿਹਾ ਕਿ ਜੇਕਰ ਸਰਕਾਰਾਂ ਦੀਆਂ ਨੀਤੀਆਂ ਤੇ ਕਾਰਗੁਜਾਰੀ ਚੰਗੀ ਹੁੰਦੀ ਤਾਂ ਪੰਜਾਬ ਦੇ ਲੋਕਾਂ ਨੂੰ ਆਪਣੇ ਘਰ-ਪਰਿਵਾਰ ਛੱਡ ਕੇ ਕੰਮ ਦੀ ਤਲਾਸ਼ 'ਚ ਵਿਦੇਸ਼ਾਂ ਦਾ ਰੁਖ਼ ਨਾ ਕਰਨਾ ਪੈਂਦਾ।

Comments

Leave a Reply