Wed,Mar 27,2019 | 12:43:30am
HEADLINES:

editorial

ਕਚਰਾ-ਕਚਰਾ ਪਿੰਡ ਸ਼ਹਿਰ, ਤਾਰ-ਤਾਰ ਦੇਸ਼ ਦੀ ਸਿਆਸਤ

ਕਚਰਾ-ਕਚਰਾ ਪਿੰਡ ਸ਼ਹਿਰ, ਤਾਰ-ਤਾਰ ਦੇਸ਼ ਦੀ ਸਿਆਸਤ

ਅੱਜ ਕਿਸ ਕੋਲ ਮੋਬਾਇਲ ਨਹੀਂ ਹੈ? ਲੈਪਟੌਪ, ਸੀਡੀ, ਪਿੰਨ ਡਰਾਈਵ, ਫਰਿੱਜ, ਟੈਲੀਵਿਜ਼ਨ, ਫੈਕਸ ਮਸੀਨਾਂ, ਫੋਟੋਕੌਪੀਅਰ ਦੇ ਮਾਡਲ ਨਿੱਤ ਬਜ਼ਾਰ ਦਾ ਸ਼ਿੰਗਾਰ ਬਣ ਰਹੇ ਹਨ ਅਤੇ ਧੜਾਧੜ ਵਿੱਕ ਰਹੇ ਹਨ। ਬਲਬ, ਟਿਊਬਲਾਈਟਾਂ, ਪਲਾਸਟਿਕ ਜਾਂ ਬੈਟਰੀਆਂ ਘਰ 'ਚ ਵਰਤੀਆਂ ਜਾ ਰਹੀਆਂ ਹਨ। ਜਦੋਂ ਇਹ ਚੀਜ਼ਾਂ-ਵਸਤਾਂ ਵਰਤਣ ਯੋਗ ਨਹੀਂ ਰਹਿੰਦੀਆਂ, ਕਚਰਾ ਬਣ ਜਾਂਦੀਆਂ ਹਨ, ਇਸ ਕਚਰੇ ਵਿੱਚ ਕਲੋਰੀਨੇਟਿਡ ਅਤੇ ਬਰੋਮੀਨੇਟਿਡ ਗੈਸਾਂ ਪੈਦਾ ਹੁੰਦੀਆਂ ਹਨ। ਇਸ ਵਿੱਚ ਪਾਰਾ, ਸ਼ੀਸ਼ਾ, ਕਰੋਮਿਅਮ, ਬੇਰੀਅਮ, ਬੇਰਿਲਿਅਮ, ਕੈਡਮਿਅਮ ਜਿਹੇ ਤੱਤ ਹੁੰਦੇ ਹਨ, ਜੋ ਸਿਹਤ ਲਈ ਖਤਰਨਾਕ ਹਨ।
 
ਅੱਜ ਇਲੈਕਟ੍ਰੋਨਿਕ, ਪਲਾਸਟਿਕ ਅਤੇ ਹਸਪਤਾਲਾਂ ਦਾ ਕਚਰਾ ਵਾਤਾਵਰਨ ਅਤੇ ਪਸ਼ੂ, ਪੰਛੀਆਂ ਤੇ ਮਨੁੱਖਾਂ ਦੀ ਸਿਹਤ ਲਈ ਖਤਰਾ ਬਣਦਾ ਜਾ ਰਿਹਾ ਹੈ। ਬਿਲਕੁਲ ਉਵੇਂ ਹੀ ਜਿਵੇਂ ਅੱਜ ਦਾ ਦੇਸ਼ ਦਾ ਬੇਈਮਾਨ, ਬੇ-ਅਸੂਲਾ ਸਿਆਸਤਦਾਨ ਦੇਸ਼ ਦੇ ਨਾਗਰਿਕਾਂ ਲਈ ਉਹਨਾ ਦੀ ਜਾਨ ਦਾ ਖੌਅ ਬਣਿਆ ਦਿਸਦਾ ਹੈ! ਦੂਰ ਕੀ ਜਾਣਾ। ਗੁਰਦਾਸਪੁਰ ਪਾਰਲੀਮਾਨੀ ਹਲਕੇ ਦੀ ਉਪ-ਚੋਣ ਦੀ ਗੱਲ ਹੀ ਕਰ ਲੈਂਦੇ ਹਾਂ ਅਤੇ ਸਿਆਸਤਦਾਨਾਂ ਦਾ ਕਿਰਦਾਰ ਪਰਖ ਲੈਂਦੇ ਹਾਂ। ਕਿਹੜੇ ਮੁਦਿਆਂ ਤੇ ਸਿਆਸਤਦਾਨਾਂ ਨੇ ਚੋਣ ਲੜੀ ਹੈ?
 
ਇਸ ਚੋਣ ਸਮੇਂ ਬਲਾਤਕਾਰ ਦੇ ਮਾਮਲੇ, ਲੋਕਾਂ ਦੇ ਮਸਲਿਆਂ ਨਾਲੋਂ ਅਹਿਮ ਰਹੇ। ਨਿੱਜੀ ਕਿੜ, ਨਿੱਜੀ ਦੁਸ਼ਮਣੀ ਦਾ ਬੋਲਬਾਲਾ ਅਤੇ ਜਿੱਤ ਲਈ ਭੱਦੀ ਭਾਸ਼ਾ, ਚੋਣ-ਦੰਗਲ ਦਾ ਸ਼ਿੰਗਾਰ ਬਣੀ! ਕਿੱਥੇ ਗਈ ਵਿਕਾਸ ਦੀ ਗੱਲ? ਕਿੱਥੇ ਗਏ ਕਿਸਾਨਾਂ ਨਾਲ ਸਬੰਧਤ ਮਸਲੇ? ਕਿੱਥੇ ਰਹਿ ਗਈ ਨਸ਼ਿਆਂ ਦੇ ਦਲਦਲ 'ਚ ਫਸੀ ਅਜੋਕੀ ਪੀੜ੍ਹੀ ਦੀ ਗੱਲ, ਜਿਸ ਤੋਂ ਫਿਕਰਮੰਦ ਹੋ ਕੇ ਸਿਆਸਤਦਾਨ ਮਗਰਮੱਛ ਦੇ ਹੰਝੂ ਵਹਾਉਂਦੇ ਨਜ਼ਰ ਆਉਂਦੇ ਸਨ? ਕਿੱਥੇ ਗੁਆਚ ਗਏ ਪੰਜਾਬ ਦੇ ਮਸਲੇ? ਕਿੱਥੇ ਗਈ ਨੌਜਵਾਨਾਂ ਦੀਆਂ ਨੌਕਰੀਆਂ ਦੀ ਫਿਕਰ? ਬਜ਼ੁਰਗਾਂ ਦੀਆਂ ਪੈਨਸ਼ਨਾਂ, ਕਿਸਾਨਾਂ ਦੇ ਕਰਜ਼ੇ, ਮੁਲਾਜ਼ਮਾਂ ਦੇ ਮਸਲੇ ਅਤੇ ਪਤਾ ਨਹੀਂ ਹੋਰ ਕਿੰਨਾ ਕੁਝ ਚੋਣਾਂ ਦੇ ਰੌਲੇ 'ਚ ਗੁਆਚ ਗਿਆ। ਕੀ ਇੰਜ ਕਚਰਾ-ਕਚਰਾ ਨਹੀਂ ਹੋ ਗਿਆ ਸਿਆਸਤਦਾਨਾਂ ਦਾ ਅਕਸ?
 
ਸਥਾਨਕ ਤੌਰ 'ਤੇ ਪਿੰਡਾਂ ਸ਼ਹਿਰਾਂ 'ਚ ਇਲੈਕਟ੍ਰੋਨਿਕ, ਪਲਾਸਟਿਕ ਕਚਰੇ ਨੂੰ ਨਦੀਆਂ, ਨਾਲਿਆਂ ਜਾਂ ਸੜਕਾਂ ਦੇ ਕਿਨਾਰਿਆਂ ਉਤੇ ਸੁੱਟ ਦੇਂਦੇ ਹਾਂ। ਇਸ ਨਾਲ ਨਦੀਆਂ ਦਾ ਪਾਣੀ ਖਰਾਬ ਹੋ ਰਿਹਾ ਹੈ, ਨਦੀਆਂ ਦੀ ਸਿਹਤ ਵਿਗੜ ਰਹੀ ਹੈ। ਇਸ ਨਾਲ ਨਦੀਆਂ 'ਚ ਰਹਿੰਦੀਆਂ ਮੱਛਲੀਆਂ ਦੀ ਸਿਹਤ ਤਾਂ ਖਰਾਬ ਹੋਣੀ ਹੀ ਹੋਈ ਅਤੇ ਫਿਰ ਜਦੋਂ ਮਨੁੱਖ ਇਨ੍ਹਾਂ ਮੱਛਲੀਆਂ ਨੂੰ ਖਾਏਗਾ ਤਾਂ ਉਹਦੀ ਸਿਹਤ 'ਚ ਵਿਗਾੜ ਹੋਣਾ ਲਾਜ਼ਮੀ ਹੈ। ਥਾਂ-ਥਾਂ ਫੈਲੇ ਕਚਰੇ ਨੂੰ ਅੱਗ ਲਗਾਉਣ ਨਾਲ ਜ਼ਹਿਰੀਲੀ ਹਵਾ ਪੈਦਾ ਹੁੰਦੀ ਹੈ, ਕਚਰੇ ਦੀ ਮਿੱਟੀ ਧਰਤੀ ਦੀ ਜ਼ਰਖੇਜ਼ ਮਿੱਟੀ ਨਾਲ ਰਲਦੀ ਹੈ, ਹਵਾ ਵੀ ਪ੍ਰਦੂਸ਼ਿਤ ਹੁੰਦੀ ਹੈ ਅਤੇ ਧਰਤੀ ਵੀ ਪ੍ਰਦੂਸ਼ਣ ਦਾ ਸ਼ਿਕਾਰ ਹੁੰਦੀ ਹੈ। 
 
ਖੇਤੀ ਦੀ ਰਹਿੰਦੀ-ਖੂੰਹਦ ਦਾ ਕਚਰਾ ਤਾਂ ਅਸਾਨੀ ਨਾਲ ਗਲ ਸੜ ਜਾਂਦਾ ਹੈ, ਪਰ ਪਿੰਡਾਂ ਸ਼ਹਿਰਾਂ 'ਚ ਪੈਦਾ ਹੁੰਦਾ ਪਲਾਸਟਿਕ ਦਾ ਕਚਰਾ ਜਿਸ ਮਿੱਟੀ ਦੇ ਵਰਤਨਾਂ ਅਤੇ ਪਤਲਾਂ ਦੀ ਥਾਂ ਲਈ ਹੈ, ਗਲਦਾ-ਸੜਦਾ ਹੀ ਨਹੀਂ। ਪਲਾਸਟਿਕ ਦੀ ਪੈਕਿੰਗ, ਪਲਾਸਟਿਕ ਦੇ ਭਾਂਡੇ ਤੱਕ ਵਰਤਣਾ ਅਸੀਂ ਫਖਰ ਸਮਝਣ ਲੱਗ ਪਏ ਹਨ, ਜਿਸ ਤੋਂ ਦੇਸ਼ ਵਿੱਚ ਹਰ ਰੋਜ਼ ਪੰਦਰਾਂ ਹਜ਼ਾਰ ਟਨ ਕਚਰਾ ਪੈਦਾ ਹੁੰਦਾ ਹੈ, ਜਿਸ ਵਿੱਚ ਮਸਾਂ ਨੌਂ ਟਨ ਕਚਰਾ ਹੀ ਰੀਸਾਈਕਲ ਹੁੰਦਾ ਹੈ। ਕਚਰੇ ਨੇ ਸਾਡੀ ਨਿੱਤ ਦੀ ਜ਼ਿੰਦਗੀ ਉਵੇਂ ਹੀ ਅਸੰਤੁਲਿਤ ਕਰ ਦਿੱਤੀ ਹੈ, ਜਿਵੇਂ ਕਿ ਦੇਸ਼ ਦੇ ਨਾਗਰਿਕ ਦੀ ਜ਼ਿੰਦਗੀ ਦੇਸ਼ ਦੇ ਸਵਾਰਥੀ, ਲਾਲਚੀ, ਸਿਆਸਤਦਾਨ ਨੇ ਸੰਤੁਲਿਤ ਨਹੀਂ ਰਹਿਣ ਦਿੱਤੀ।
 
ਭਾਰਤੀ ਸਿਆਸਤਦਾਨ ਸਮਾਜ ਸੇਵਾ ਛੱਡ ਚੁੱਕੇ ਹਨ। ਉਨ੍ਹਾਂ ਦੀ ਰਾਜਨੀਤੀ 'ਚ ਪਹਿਲ ਪੈਸਾ ਅਤੇ ਕੁਰਸੀ ਬਣ ਚੁੱਕੀ ਹੈ! ਦੇਸ਼ ਦਾ ਵਿਰਲਾ-ਟਾਵਾਂ ਨੇਤਾ ਹੀ ਇਸ ਦੋਸ਼ ਤੋਂ ਮੁਕਤ ਹੈ। ਸਿਆਸਤ 'ਚ ਤਾਂ ਕੀ ਧਾਰਮਿਕ, ਸਮਾਜਿਕ, ਸਮਾਜ ਸੇਵੀ ਸੰਸਥਾਵਾਂ ਉਤੇ ਜਿਹੜਾ ਬੰਦਾ ਇੱਕ ਵੇਰ ਕਾਬਜ਼ ਹੋ ਜਾਂਦਾ ਹੈ, ਉਹ ਕੁਰਸੀ ਦੀ ਟੰਗ ਨਹੀਂ ਛੱਡਦਾ। ਦਿਨਾਂ 'ਚ ਹੀ ਅਮੀਰ ਬਣ ਜਾਂਦਾ ਹੈ। ਪਿਛਲੇ ਦਿਨਾਂ 'ਚ ਛਪੀ ਇੱਕ ਰਿਪੋਰਟ ਦੇਖੋ, ਦੇਸ਼ ਦਾ ਇੱਕ ਬਾਬਾ ਬਲਾਤਕਾਰ 'ਚ ਫਸਿਆ, ਤਿੰਨ-ਚਾਰ ਰਾਜਾਂ ਦੀ ਸਿਆਸਤ ਨੂੰ ਪ੍ਰਭਾਵਤ ਕਰਦਾ ਰਿਹਾ, ਇਨ੍ਹਾਂ ਰਾਜਾਂ ਦੇ ਸਿਆਸਤਦਾਨ ਉਸ ਨੂੰ ਨਤਮਸਤਕ ਹੁੰਦੇ ਰਹੇ, ਅਰਬਾਂ ਦੀ ਲੋਕਾਂ ਦੀ ਜਾਇਦਾਦ ਉਹ ਹੜੱਪ ਕੇ ਬੈਠ ਗਿਆ।
 
ਦਿੱਲੀ ਦੁਨੀਆ ਦੇ ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ 'ਚ ਗਿਣਿਆ ਜਾਂਦਾ ਹੈ, ਭਾਵੇਂ ਕਿ ਦੁਨੀਆ ਦੇ ਅੱਠ ਸਭ ਤੋਂ ਵੱਧ ਪ੍ਰਦੂਸ਼ਿਤ ਦੇਸ਼ਾਂ ਵਿੱਚ ਭਾਰਤ ਦਾ ਨਾਂ ਅੱਠਵੇਂ ਨੰਬਰ ਉਤੇ ਵੱਜਦਾ ਹੈ। ਦੇਸ਼ ਦਾ ਹਾਕਮ, ਅਸੀਂ ਉਸ ਧਿਰ ਨੂੰ ਚੁਣਿਆ, ਜਿਹੜਾ ਦੇਸ਼ 'ਚ ਸਿਆਸੀ ਪ੍ਰਦੂਸ਼ਣ ਪੈਦਾ ਕਰਨ ਦਾ ਜ਼ਿੰਮੇਵਾਰ ਹੈ। ਜਿਸ ਨੇ ਵਿਚਾਰਾਂ ਦੀ ਆਜ਼ਾਦੀ ਨੂੰ ਢਾਅ ਲਾਈ ਹੈ, ਜਿਸਨੇ ਨੋਟਬੰਦੀ, ਜੀਐਸਟੀ ਨਾਲ ਦੇਸ਼ ਦੀ ਆਰਥਿਕਤਾ ਨੂੰ ਤਹਿਸ਼-ਨਹਿਸ਼ ਕਰ ਸੁਟਿਆ ਹੈ। ਜਿਸ ਨੇ ਦੇਸ਼ ਦੇ ਰਿਵਾਇਤੀ ਬਜ਼ਾਰ ਨੂੰ ਮਧੋਲਕੇ ਆਮ ਲੋਕਾਂ ਦਾ ਜੀਊਣਾ ਦੁੱਭਰ ਕਰ ਦਿੱਤਾ ਹੈ। ਬਾਜ਼ਾਰ ਸੁੰਨੇ ਪਏ ਹਨ।
 
ਬਾਜ਼ਾਰ 'ਚ ਤਰਲਤਾ ਗਾਇਬ ਹੋ ਗਈ ਹੈ। ਨੋਟਬੰਦੀ ਦੌਰਾਨ ਕਾਰੋਬਾਰੀਆਂ-ਵਪਾਰੀਆਂ ਨੇ ਆਪਣੇ ਵਾਧੂ ਧਨ ਜੋ ਉਨ੍ਹਾਂ ਦੇ ਕਾਰੋਬਾਰ 'ਚ ਕੰਮ ਆਉਂਦਾ ਸੀ, ਬੈਂਕਾਂ 'ਚ ਸੁੱਟ ਦਿੱਤਾ, ਬਾਜ਼ਾਰ 'ਚ ਪੈਸੇ ਦੀ ਕਮੀ ਆ ਗਈ। ਵਿਚਕਾਰਲੇ ਉਦਯੋਗਾਂ ਨੂੰ ਧੱਕਾ ਲੱਗਿਆ, ਲੱਖਾਂ ਲੋਕ ਬੇਰੁਜ਼ਗਾਰ ਹੋ ਗਏ। ਲੋਕ ਮੰਦੀ ਦਾ ਸ਼ਿਕਾਰ ਹੋ ਗਏ, ਪਰ ਦੇਸ਼ ਦਾ ਹਾਕਮ ਫੜਾਂ ਮਾਰਦਾ ਰਿਹਾ! ਜਿਸਦੀ ਚਕਾਚੋਂਦ 'ਚ ਦੇਸ਼ ਦੀ ਜਨਤਾ 2014 'ਚ ਫਸ ਗਈ ਸੀ, ਬਿਲਕੁਲ ਉਸੇ ਤਰ੍ਹਾਂ ਜਿਵੇਂ ਦੇਸ਼ ਦੀ ਜਨਤਾ ਇਲੈਕਟ੍ਰੋਨਿਕ ਮੋਬਾਇਲ ਇੰਟਰਨੈਟ ਦੇ ਚੱਕਰ 'ਚ ਫਸ ਗਈ ਹੋਈ ਹੈ।
 
ਜਿਵੇਂ ਇਲੈਕਟ੍ਰੋਨਿਕ, ਪਲਾਸਟਿਕ ਦੇ ਕਚਰੇ ਤੋਂ ਨਿਜ਼ਾਤ ਪਾਉਣ ਲਈ ਹਾਨੀਕਾਰਕ ਚੀਜ਼ਾਂ ਨੂੰ ਖੁਲ੍ਹੇ ਛੱਡਣ ਦੀ ਵਿਜਾਏ ਇਸਦੀਆਂ ਰੀਸਾਈਕਲ ਹੋਣ ਯੋਗ ਚੀਜਾਂ ਨੂੰ ਚੁਣਕੇ ਵਿਗਿਆਨਕ ਵਿਧੀ ਅਪਨਾਉਣ ਦੀ ਲੋੜ ਹੈ, ਉਵੇਂ ਹੀ ਕਚਰਾ-ਕਚਰਾ ਹੋ ਚੁੱਕੇ, ਪ੍ਰਦੂਸ਼ਤ ਸਿਆਸੀ ਢਾਂਚੇ ਤੋਂ ਨਿਜ਼ਾਤ ਪਾਉਣ ਲਈ ਆਮ ਲੋਕਾਂ ਨੂੰ ਸਿੱਖਿਅਤ ਅਤੇ ਜਾਗਰੂਕ ਕਰਨ ਦੀ ਲੋੜ ਹੈ। ਜਿਵੇਂ ਲੋੜ ਇਸ ਗੱਲ ਦੀ ਹੈ ਕਿ ਕਚਰੇ ਨੂੰ ਉਸਦੇ ਉਤਪਾਦਨ ਸਰੋਤ ਤੋਂ ਹੀ ਘੱਟ-ਘੱਟ ਹਾਨੀ ਰਹਿਤ ਕਰਨ ਦਾ ਪ੍ਰਬੰਧ ਹੋਵੇ ਉਵੇਂ ਹੀ ਦੇਸ਼ ਦੀ ਤਾਰ-ਤਾਰ ਹੋ ਚੁੱਕੀ ਸਿਆਸਤ ਵਿਚੋਂ ਨੁਕਸਾਨ ਪਹੁੰਚਾਉਣ ਵਾਲੀਆਂ ਧਿਰਾਂ ਨੂੰ ਚੋਣਾਂ ਵੇਲੇ ਹੀ ਤਾਕਤ 'ਚ ਆਉਣ ਤੋਂ ਰੋਕ ਦਿੱਤਾ ਜਾਏ।
 
ਜਿਵੇਂ ਕਚਰੇ ਨੂੰ ਖੁਲ੍ਹਾ ਛੱਡਣ ਨਾਲ ਦੁਰਗੰਧ ਫੈਲਦੀ ਹੈ, ਬਿਮਾਰੀ ਫੈਲਦੀ ਹੈ, ਇਵੇਂ ਹੀ ਗੰਦੀ ਸਿਆਸਤ ਪੂਰੇ ਸਮਾਜ ਨੂੰ ਗੰਧਲਾ ਕਰਦੀ ਹੈ। ਜਨਤਾ ਦੀ ਸਿਹਤ ਲਈ ਬੇਹਤਰ ਕਚਰਾ ਪ੍ਰਬੰਧਨ ਜ਼ਰੂਰੀ ਹੈ, ਭਾਵੇਂ ਉਹ ਇਲੈਕਟ੍ਰੋਨਿਕ ਪਲਾਸਟਿਕ ਕਚਰਾ ਪ੍ਰਬੰਧਨ ਹੋਵੇ ਜਾਂ ਸਿਆਸੀ ਤੌਰ ਤੇ ਕੂੜਾ-ਕਰਕਟ ਕਚਰਾ ਪ੍ਰਬੰਧਨ ਦਾ ਕਾਰਜ਼ ਹੋਵੇ।
-ਗੁਰਮੀਤ ਪਲਾਹੀ,
(ਸੰਪਰਕ : 9815802070) 

Comments

Leave a Reply