Sun,Jul 05,2020 | 06:23:59am
HEADLINES:

editorial

ਸਿਹਤ ਸੁਵਿਧਾਵਾਂ 'ਚ ਪਿੱਛੇ ਭਾਰਤ, ਹੈਲਥ ਬਜਟ ਬਹੁਤ ਘੱਟ

ਸਿਹਤ ਸੁਵਿਧਾਵਾਂ 'ਚ ਪਿੱਛੇ ਭਾਰਤ, ਹੈਲਥ ਬਜਟ ਬਹੁਤ ਘੱਟ

ਭਾਰਤ 'ਚ ਸਿਹਤ ਸੁਵਿਧਾਵਾਂ ਸਰਕਾਰਾਂ ਦੇ ਮੁੱਖ ਏਜੰਡੇ 'ਚ ਨਹੀਂ ਰਹੀਆਂ ਹਨ। ਦਹਾਕਿਆਂ ਤੋਂ ਦੇਸ਼ ਸਿਹਤ ਸੁਵਿਧਾਵਾਂ ਦੀ ਬਦਹਾਲੀ ਦਾ ਸਾਹਮਣਾ ਕਰ ਰਿਹਾ ਹੈ। ਦੇਸ਼ ਦੇ ਜ਼ਿਆਦਾਤਰ ਹਿੱਸਿਆਂ 'ਚ ਹਸਪਤਾਲਾਂ ਤੇ ਸਿਹਤ ਕੇਂਦਰਾਂ ਦੀ ਕਮੀ ਹੈ ਅਤੇ ਜਿਹੜੇ ਹਸਪਤਾਲ ਜਾਂ ਸਿਹਤ ਕੇਂਦਰ ਹੈ ਵੀ, ਉਹ ਵੀ ਬਦਹਾਲ ਹਨ। ਉਦਾਹਰਨ ਵੱਜੋਂ ਸਾਲ 2017 'ਚ ਉੱਤਰ ਪ੍ਰਦੇਸ਼ ਦੇ ਗੋਰਖਪੁਰ ਦੇ ਬੀਆਰਡੀ ਮੈਡੀਕਲ ਕਾਲਜ 'ਚ ਆਕਸੀਜਨ ਦੀ ਕਮੀ ਕਰਕੇ 60 ਤੋਂ ਜ਼ਿਆਦਾ ਬੱਚਿਆਂ ਦੀ ਮੌਤ ਹੋ ਗਈ ਸੀ।

ਸਾਲ 2019 'ਚ ਬਿਹਾਰ ਦੇ ਮੁਜ਼ੱਫਰਨਗਰ 'ਚ ਚਮਕੀ ਬੁਖਾਰ ਕਰਕੇ 200 ਤੋਂ ਜ਼ਿਆਦਾ ਬੱਚੇ ਮਾਰੇ ਗਏ ਸਨ। ਤਪੇਦਿਕ, ਮਲੇਰੀਆ, ਡਾਇਰੀਆ, ਡੇਂਗੂ, ਚਿਕਨਗੁਨੀਆ ਤੇ ਹੈਜ਼ਾ ਵਰਗੀਆਂ ਪਾਣੀ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਭਾਰਤ 'ਚ ਸਿਹਤ ਦੀਆਂ ਵੱਡੀਆਂ ਸਮੱਸਿਆਵਾਂ ਬਣੀਆਂ ਹੋਈਆਂ ਹਨ।

ਭਾਰਤ 'ਚ ਸੰਕ੍ਰਾਮਕ ਤੇ ਗੈਰ ਸੰਕ੍ਰਾਮਕ ਬਿਮਾਰੀਆਂ ਨਾਲ ਵੱਡੀ ਗਿਣਤੀ 'ਚ ਹੋਣ ਵਾਲੀਆਂ ਮੌਤਾਂ ਦਾ ਕਾਰਨ ਸਿਹਤ ਖੇਤਰ ਦੇ ਬੁਨਿਆਦੀ ਢਾਂਚੇ ਦੀ ਕਮੀ ਹੈ। ਦੇਸ਼ 'ਚ ਸਿਹਤ ਖੇਤਰ 'ਤੇ ਬਹੁਤ ਘੱਟ ਕੀਤਾ ਜਾਣ ਵਾਲਾ ਨਿਵੇਸ਼ ਇਸਦੇ ਪਿੱਛੇ ਵੱਡਾ ਕਾਰਨ ਹੈ। ਭਾਰਤ ਦੁਨੀਆ ਦੇ ਉਨ੍ਹਾਂ ਦੇਸ਼ਾਂ 'ਚੋਂ ਹੈ, ਜੋ ਕਿ ਸਿਹਤ ਸੇਵਾਵਾਂ 'ਤੇ ਆਪਣੀ ਜੀਡੀਪੀ ਦਾ ਸਭ ਤੋਂ ਘੱਟ ਖਰਚ ਕਰਦੇ ਹਨ।

ਭਾਰਤ ਸਿਹਤ ਸੇਵਾਵਾਂ 'ਚ ਜੀਡੀਪੀ ਦਾ ਸਿਰਫ 1.3 ਫੀਸਦੀ ਖਰਚ ਕਰਦਾ ਹੈ, ਜਦਕਿ ਇਸੇ ਖੇਤਰ 'ਚ ਬ੍ਰਾਜ਼ੀਲ ਕਰੀਬ 8.3 ਫੀਸਦੀ, ਰੂਸ 7.1 ਫੀਸਦੀ ਅਤੇ ਦੱਖਣ ਅਫਰੀਕਾ 8.8 ਫੀਸਦੀ ਖਰਚ ਕਰਦਾ ਹੈ। ਅਫਗਾਨਿਸਤਾਨ 8.2 ਫੀਸਦੀ, ਮਾਲਦੀਵ 13.7 ਫੀਸਦੀ ਅਤੇ ਨੇਪਾਲ 5.8 ਫੀਸਦੀ ਖਰਚ ਕਰਦਾ ਹੈ। ਦੂਜੇ ਗੁਆਂਢੀ ਦੇਸ਼ ਚੀਨ, ਬੰਗਲਾਦੇਸ਼ ਤੇ ਪਾਕਿਸਤਾਨ ਵੀ ਸਿਹਤ ਖੇਤਰ 'ਤੇ ਭਾਰਤ ਤੋਂ ਕਿਤੇ ਜ਼ਿਆਦਾ ਖਰਚ ਕਰਦੇ ਹਨ।

ਸਿਹਤ ਖੇਤਰ 'ਚ ਘੱਟ ਖਰਚ ਕੀਤੇ ਜਾਣ ਕਰਕੇ ਹੀ ਭਾਰਤ 'ਚ ਮੈਡੀਕਲ ਸਟਾਫ ਤੇ ਸਿਹਤ ਸੁਵਿਧਾਵਾਂ ਦੀ ਭਾਰੀ ਕਮੀ ਹੈ। ਵਿਸ਼ਵ ਸਿਹਤ ਸੰਗਠਨ ਦੇ ਪੈਮਾਨਿਆਂ ਦੇ ਆਧਾਰ 'ਤੇ ਪ੍ਰਤੀ ਇੱਕ ਹਜ਼ਾਰ ਆਬਾਦੀ 'ਤੇ ਇੱਕ ਡਾਕਟਰ ਹੋਣਾ ਚਾਹੀਦਾ ਹੈ, ਪਰ ਭਾਰਤ 'ਚ 7 ਹਜ਼ਾਰ ਦੀ ਆਬਾਦੀ 'ਤੇ ਇੱਕ ਡਾਕਟਰ ਹੈ। ਦੇਸ਼ 'ਚ 14 ਲੱਖ ਡਾਕਟਰਾਂ ਦੀ ਕਮੀ ਹੈ। ਪੇਂਡੂ ਇਲਾਕਿਆਂ 'ਚ ਤਾਂ ਇਹ ਸਥਿਤੀ ਹੋਰ ਖਰਾਬ ਹੈ।

ਦੇਸ਼ 'ਚ ਸਿਹਤ ਖੇਤਰ ਦਾ ਬੁਨਿਆਦੀ ਢਾਂਚਾ ਕਿਹੋ ਜਿਹਾ ਹੋਵੇ, ਸਿਹਤ ਸੁਵਿਧਾਵਾਂ ਦੀ ਕੁਆਲਿਟੀ ਕਿਹੋ ਜਿਹੀ ਹੋਵੇ, ਇਸਦਾ ਪਤਾ ਅੱਜ ਚੱਲ ਰਿਹਾ ਹੈ, ਜਦੋਂ ਅਸੀਂ ਇੱਕ ਮਹਾਮਾਰੀ ਦਾ ਸਾਹਮਣਾ ਕਰ ਰਹੇ ਹਾਂ। ਕੋਵਿਡ-19 ਦਾ ਹਮਲਾ ਸਾਨੂੰ ਇਹ ਸੋਚਣ ਲਈ ਮਜਬੂਰ ਕਰਦਾ ਹੈ ਕਿ ਦੇਸ਼ 'ਚ ਸਿਹਤ ਖੇਤਰ ਦੀ ਸਿਹਤ 'ਤੇ ਜੇਕਰ ਹੁਣ ਵੀ ਧਿਆਨ ਨਹੀਂ ਦਿੱਤਾ ਗਿਆ ਤਾਂ ਆਉਣ ਵਾਲੇ ਸਮੇਂ 'ਚ ਭਿਆਨਕ ਬਿਮਾਰੀਆਂ ਦੇ ਹਮਲੇ ਤੋਂ ਸਾਨੂੰ ਕੋਈ ਨਹੀਂ ਬਚਾ ਸਕੇਗਾ। ਭਾਰਤ 'ਚ ਕੋਵਿਡ-19 ਦੇ ਮਾਮਲਿਆਂ ਦਾ ਹੁਣ ਜਿਸ ਤੇਜ਼ੀ ਨਾਲ ਪਸਾਰ ਹੋ ਰਿਹਾ ਹੈ, ਉਸ ਨਾਲ ਲੋਕਾਂ ਦੀ ਸਿਹਤ ਨੂੰ ਗੰਭੀਰ ਖਤਰਾ ਪੈਦਾ ਹੋ ਸਕਦਾ ਹੈ।

ਭਾਰਤ ਦੀ ਸੰਘਣੀ ਆਬਾਦੀ, ਬਿਮਾਰੀਆਂ ਪ੍ਰਤੀ ਲੋਕਾਂ 'ਚ ਲਾਪਰਵਾਹੀ, ਜਾਗਰੂਕਤਾ ਦੀ ਕਮੀ ਅਤੇ ਕੋਵਿਡ-19 ਦੀ ਜਾਂਚ ਦੀਆਂ ਸੀਮਾਵਾਂ ਨੂੰ ਦੇਖਦੇ ਹੋਏ ਇਸ ਗੱਲ ਦਾ ਖਦਸ਼ਾ ਹੈ ਕਿ ਭਾਰਤ 'ਚ ਕੋਰੋਨਾ ਸੰਕ੍ਰਮਿਤਾਂ ਦੀ ਗਿਣਤੀ ਇਸ ਮਹਾਮਾਰੀ ਤੋਂ ਪ੍ਰਭਾਵਿਤ ਦੁਨੀਆ ਦੇ ਕਿਸੇ ਵੀ ਦੇਸ਼ ਦੇ ਮੁਕਾਬਲੇ ਜ਼ਿਆਦਾ ਹੋ ਸਕਦੀ ਹੈ।

ਕੋਰੋਨਾ ਮਹਾਮਾਰੀ ਨੇ ਸਿਹਤ ਨੂੰ ਸਾਡੀਆਂ ਤਰਜੀਹਾਂ 'ਚ ਸ਼ਾਮਲ ਕੀਤੇ ਜਾਣ ਦੀ ਜ਼ਰੂਰਤ ਨੂੰ ਉਜਾਗਰ ਕੀਤਾ ਹੈ। ਕੋਵਿਡ-19 ਕਰਕੇ ਪਹਿਲਾਂ ਤੋਂ ਵਿਗੜੀ ਸਿਹਤ ਵਿਵਸਥਾ 'ਤੇ ਬਹੁਤ ਜ਼ਿਆਦਾ ਬੋਝ ਪਿਆ ਹੈ ਤੇ ਆਰਥਿਕ ਮੰਦੀ ਤੇ ਬੇਰੁਜ਼ਗਾਰੀ ਕਾਰਨ ਸਮਾਜ ਦੇ ਕਮਜ਼ੋਰ ਵਰਗਾਂ 'ਚ ਕੁਪੋਸ਼ਣ ਦਾ ਖਤਰਾ ਵਧਿਆ ਹੈ।     -ਵਿਨੋਦ ਕੁਮਾਰ

Comments

Leave a Reply