Sun,Jul 21,2019 | 07:12:08pm
HEADLINES:

editorial

ਦਲਿਤਾਂ-ਮੁਸਲਮਾਨਾਂ ਖਿਲਾਫ ਸਭ ਤੋਂ ਵੱਧ ਹੇਟ ਕ੍ਰਾਈਮ

ਦਲਿਤਾਂ-ਮੁਸਲਮਾਨਾਂ ਖਿਲਾਫ ਸਭ ਤੋਂ ਵੱਧ ਹੇਟ ਕ੍ਰਾਈਮ

ਮਨੁੱਖੀ ਅਧਿਕਾਰਾਂ ਦੀ ਵਕਾਲਤ ਕਰਨ ਵਾਲੇ ਸੰਗਠਨ ਐਮਨੇਸਟੀ ਇੰਟਰਨੈਸ਼ਨਲ ਇੰਡੀਆ ਦੀ ਤਾਜ਼ਾ ਰਿਪੋਰਟ 'ਤੇ ਨਜ਼ਰ ਮਾਰੀਏ ਤਾਂ ਸਾਲ 2018 ਦੇ ਬੀਤੇ 6 ਮਹੀਨਿਆਂ ਵਿੱਚ ਹੁਣ ਤੱਕ ਦੇਸ਼ਭਰ ਵਿੱਚ ਨਫਰਤ ਦੀ ਅੱਗ (ਹੇਟ ਕ੍ਰਾਈਮ) ਕਰਕੇ 100 ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ। ਇਸ ਹੇਟ ਕ੍ਰਾਈਮ ਦਾ ਸ਼ਿਕਾਰ ਦਲਿਤ, ਆਦੀਵਾਸੀ, ਜਾਤੀ ਤੇ ਧਾਰਮਿਕ ਤੌਰ 'ਤੇ ਘੱਟ ਗਿਣਤੀ ਸਮਾਜ ਦੇ ਲੋਕ ਅਤੇ ਟ੍ਰਾਂਸਜੈਂਡਰ ਆਦਿ ਬਣੇ ਹਨ।
 
ਹੇਟ ਕ੍ਰਾਈਮ ਵਿੱਚ ਹੁਣ ਤੱਕ ਕੁੱਲ 18 ਘਟਨਾਵਾਂ ਦੇ ਨਾਲ ਉੱਤਰ ਪ੍ਰਦੇਸ਼ ਸਭ ਤੋਂ ਅੱਗੇ ਹੈ। ਇਸ ਤੋਂ ਬਾਅਦ ਗੁਜਰਾਤ (13 ਘਟਨਾਵਾਂ), ਰਾਜਸਥਾਨ (8 ਘਟਨਾਵਾਂ) ਅਤੇ ਤਮਿਲਨਾਡੂ ਤੇ ਬਿਹਾਰ (ਦੋਨਾਂ 'ਚ 7 ਘਟਨਾਵਾਂ) ਦਾ ਨੰਬਰ ਆਉਂਦਾ ਹੈ। ਇਹ ਰਿਪੋਰਟ ਉਦੋਂ ਸਾਹਮਣੇ ਆਈ ਹੈ, ਜਦੋਂ ਹਾਪੁੜ ਵਿੱਚ ਲਿੰਚਿੰਗ ਨਾਲ ਜੁੜੇ ਇੱਕ ਮਾਮਲੇ ਦੀ ਜਾਂਚ ਅਜੇ ਚੱਲ ਹੀ ਰਹੀ ਹੈ।
 
ਹਾਪੁੜ ਵਿੱਚ ਜੂਨ ਮਹੀਨੇ 'ਚ ਮੁਹੰਮਦ ਕਾਸਿਮ ਨਾਂ ਦੇ ਸਥਾਨਕ ਵਿਅਕਤੀ ਨੂੰ ਲੋਕਾਂ ਦੀ ਭੀੜ ਨੇ ਗਊ ਹੱਤਿਆ ਦੇ ਸ਼ੱਕ ਵਿੱਚ ਕੁੱਟ-ਕੁੱਟ ਕੇ ਮਾਰ ਦਿੱਤਾ ਸੀ। ਮਨੁੱਖੀ ਅਧਿਕਾਰਾਂ ਦੀ ਰੱਖਿਆ ਨਾਲ ਜੁੜੇ ਇਸ ਸੰਗਠਨ ਨੇ ਦੇਸ਼ ਵਿੱਚ ਹੋ ਰਹੇ ਹੇਟ ਕ੍ਰਾਈਮ ਨਾਲ ਜੁੜੇ ਮਾਮਲਿਆਂ ਦਾ ਡਾਟਾ ਤਿਆਰ ਕਰਨ ਦਾ ਕੰਮ ਦਾਦਰੀ ਵਿੱਚ ਹੋਈ ਮੁਹੰਮਦ ਅਖਲਾਖ ਦੀ ਹੱਤਿਆ ਤੋਂ ਬਾਅਦ ਸ਼ੁਰੂ ਕੀਤਾ ਹੈ।
 
ਸਤੰਬਰ 2015 ਵਿੱਚ ਦਾਦਰੀ ਵਿੱਚ ਰਹਿਣ ਵਾਲੇ ਮੁਹੰਮਦ ਅਖਲਾਖ ਦੀ ਸਥਾਨਕ ਲੋਕਾਂ ਦੀ ਭੀੜ ਨੇ ਘਰ ਵਿੱਚ ਬੀਫ ਰੱਖਣ ਦੇ ਸ਼ੱਕ ਵਿੱਚ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ ਸੀ। ਇਸ ਘਟਨਾ ਤੋਂ ਬਾਅਦ ਦੇਸ਼ ਭਰ ਵਿੱਚ ਹੇਟ ਕ੍ਰਾਈਮ ਦੇ 603 ਮਾਮਲੇ ਸਾਹਮਣੇ ਆ ਚੁੱਕੇ ਹਨ। ਐਮਨੇਸਟੀ ਨੇ ਆਪਣੀ ਵੈੱਬਸਾਈਟ 'ਹਾਲਟ ਦਾ ਹੇਟ' 'ਤੇ ਇਨ੍ਹਾਂ ਮਾਮਲਿਆਂ ਨੂੰ ਦਰਜ ਕੀਤਾ ਹੈ।
 
ਐਮਨੇਸਟੀ ਦੀ ਇਹ ਰਿਪੋਰਟ ਸਾਲ 2018 ਦੇ ਬੀਤੇ 6 ਮਹੀਨਿਆਂ ਵਿੱਚ ਹੋਈਆਂ ਘਟਨਾਵਾਂ ਤੋਂ ਸ਼ੁਰੂ ਹੁੰਦੀ ਹੈ। ਇਸਦੇ ਮੁਤਾਬਕ, ਦੇਸ਼ ਭਰ ਵਿੱਚ ਹੁਣ ਤੱਕ ਦਲਿਤਾਂ ਖਿਲਾਫ ਅਜਿਹੇ 67 ਅਤੇ ਮੁਸਲਮਾਨਾਂ ਖਿਲਾਫ 22 ਮਾਮਲੇ ਸਾਹਮਣੇ ਆਏ ਹਨ। ਐਮਨੇਸਟੀ ਵੱਲੋਂ ਰਿਕਾਰਡ ਕੀਤੇ ਗਏ ਇਨ੍ਹਾਂ ਅਪਰਾਧਾਂ ਵਿੱਚ ਸਭ ਤੋਂ ਜ਼ਿਆਦਾ ਮਾਮਲੇ ਗਾਂ (ਗਊ ਹੱਤਿਆ ਦਾ ਸ਼ੱਕ) ਨਾਲ ਜੁੜੀ ਹਿੰਸਾ ਤੇ ਆਨਰ ਕਿਲਿੰਗ ਨਾਲ ਜੁੜੇ ਹਨ।
 
ਉੱਤਰ ਪ੍ਰਦੇਸ਼ ਦੀ ਗੱਲ ਕਰੀਏ ਤਾਂ ਇਸ ਸੂਬੇ ਦਾ ਪੱਛਮੀ ਹਿੱਸਾ ਅਜਿਹੇ ਮਾਮਲਿਆਂ 'ਚ ਜ਼ਿਆਦਾ ਸੰਵੇਦਨਸ਼ੀਲ ਹੈ। ਇੱਥੇ ਜਾਤੀ ਤੇ ਧਰਮ ਦੇ ਆਧਾਰ 'ਤੇ ਕਈ ਵਾਰ ਹਿੰਸਾ ਭੜਕੀ ਹੈ।
 
2018 ਵਿੱਚ ਟਾਈਮਸ ਆਫ ਇੰਡੀਆ ਨੇ ਵੀ ਸਮੇਂ-ਸਮੇਂ 'ਤੇ ਦਲਿਤਾਂ ਖਿਲਾਫ ਹੋਈਆਂ ਅਜਿਹੀਆਂ 6 ਹੇਟ ਕ੍ਰਾਈਮ ਦੀ ਰਿਪੋਰਟ ਦਿੱਤੀ ਹੈ। ਦਲਿਤਾਂ ਖਿਲਾਫ ਇਹ ਘਟਨਾਵਾਂ ਮੇਰਠ, ਮੁਜ਼ੱਫਰਨਗਰ, ਸਹਾਰਨਪੁਰ ਤੇ ਬੁਲੰਦਸ਼ਹਿਰ ਵਿੱਚ ਹੋਈਆਂ। ਮੇਰਠ ਦੇ ਸ਼ੋਭਾਪੁਰ ਪਿੰਡ ਵਿੱਚ ਜਦੋਂ 2 ਅਪ੍ਰੈਲ ਨੂੰ ਦਲਿਤ ਅੰਦੋਲਨ ਕਰ ਰਹੇ ਸਨ, ਤਾਂ ਦੂਜੇ ਸਮਾਜ ਦੇ ਲੋਕਾਂ ਨੇ ਇੱਕ ਦਲਿਤ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ।
 
ਇਸ ਘਟਨਾ ਤੋਂ ਬਾਅਦ ਦੋਵੇਂ ਵਰਗਾਂ ਵਿੱਚ ਕਈ ਦਿਨਾਂ ਤੱਕ ਤਣਾਅ ਬਣਿਆ ਰਿਹਾ ਸੀ। ਬਾਗਪਤ 'ਚ ਦਲਿਤ ਨੌਜਵਾਨ ਨੂੰ ਇਸ ਲਈ ਬੁਰੀ ਤਰ੍ਹਾਂ ਕੁੱਟਿਆ ਗਿਆ ਸੀ, ਕਿਉਂਕਿ ਉੱਚ ਜਾਤੀ ਦੀ ਇੱਕ ਲੜਕੀ ਉਸਦੇ ਨਾਲ ਚਲੀ ਗਈ ਸੀ। ਬਾਅਦ 'ਚ ਇਸ ਨੌਜਵਾਨ ਦੀ ਮੇਰਠ ਦੇ ਹਸਪਤਾਲ ਵਿੱਚ ਮੌਤ ਹੋ ਗਈ ਸੀ। ਹਾਲ ਹੀ 'ਚ 44 ਸਾਲ ਦੇ ਵਿਅਕਤੀ ਨੂੰ ਬੁਲੰਦਸ਼ਹਿਰ ਦੇ ਸੋਂਡਾ ਹਬੀਬਪੁਰ ਪਿੰਡ ਦੀ ਪੰਚਾਇਤ ਨੇ ਪੇਸ਼ ਹੋਣ ਦਾ ਹੁਕਮ ਸੁਣਾਇਆ ਸੀ, ਕਿਉਂਕਿ ਉਸਦੇ ਬੇਟੇ ਨੇ ਅਲੱਗ ਸਮਾਜ ਦੀ ਲੜਕੀ ਨਾਲ ਵਿਆਹ ਕਰ ਲਿਆ ਸੀ।

 

Comments

Leave a Reply