Wed,Mar 27,2019 | 12:41:51am
HEADLINES:

editorial

ਦੇਸ਼-ਦੁਨੀਆ ਵਿੱਚ #ਹੈਸ਼ਟੈਗ ਦੇ ਰਹੇ ਅੰਦੋਲਨਾਂ ਨੂੰ ਜਨਮ

ਦੇਸ਼-ਦੁਨੀਆ ਵਿੱਚ #ਹੈਸ਼ਟੈਗ ਦੇ ਰਹੇ ਅੰਦੋਲਨਾਂ ਨੂੰ ਜਨਮ

ਕੁਝ ਸਵਾਲ ਹਮੇਸ਼ਾ ਮੌਜੂਦ ਸਨ, ਪਰ ਉਨ੍ਹਾਂ 'ਤੇ ਪਬਲਿਕ ਵਿੱਚ ਚਰਚਾ ਘੱਟ ਹੁੰਦੀ ਸੀ ਅਤੇ ਉਨ੍ਹਾਂ ਸਵਾਲਾਂ 'ਤੇ ਸੜਕਾਂ 'ਤੇ ਉਤਰਨਾ ਤਾਂ ਹੋਰ ਵੀ ਘੱਟ ਸੀ। ਮਤਲਬ, ਕੀ ਲੜਕੀਆਂ ਨੂੰ ਦੇਰ ਰਾਤ ਤੱਕ ਸੜਕਾਂ ਜਾਂ ਜਨਤੱਕ ਸਥਾਨਾਂ 'ਤੇ ਹੋਣਾ ਚਾਹੀਦਾ ਹੈ ਜਾਂ ਕੀ ਮਹਿਲਾਵਾਂ ਲਈ ਸੱਜ-ਧੱਜ ਕੇ ਰਹਿਣਾ ਹੀ ਉਨ੍ਹਾਂ ਦੇ ਔਰਤ ਹੋਣ ਦੀ ਨਿਸ਼ਾਨੀ ਹੈ? ਕੀ ਮਹਿਲਾਵਾਂ ਨੂੰ ਬਿਨਾਂ ਮੇਕਅਪ ਦੇ ਵੀ ਰਹਿਣਾ ਚਾਹੀਦਾ ਹੈ ਅਤੇ ਅਜਿਹੀਆਂ ਤਸਵੀਰਾਂ ਨੂੰ ਸ਼ੇਅਰ ਕਰਨਾ ਚਾਹੀਦਾ ਹੈ?
 
ਕੀ ਸੈਨੇਟਰੀ ਪੈਡ ਅਤੇ ਮਾਹਵਾਹੀ 'ਤੇ ਸਾਰਿਆਂ ਵਿਚਕਾਰ ਗੱਲਬਾਤ ਹੋ ਸਕਦੀ ਹੈ? ਕੀ ਆਪਣੇ ਖੂਨ ਲੱਗੇ ਸੈਨੇਟਰੀ ਪੈਡ ਨੂੰ ਸਾਰਿਆਂ ਨੂੰ ਦਿਖਾਇਆ ਜਾ ਸਕਦਾ ਹੈ? ਜਾਂ ਕਿਸੇ ਨੇ ਜੇਕਰ ਕਿਸੇ ਦੌਰ ਵਿੱਚ ਅੱਗੇ ਵਧਣ ਦੀ ਲੜੀ ਵਿੱਚ ਯੌਨ ਸ਼ੋਸ਼ਣ ਦਾ ਸਾਹਮਣਾ ਕੀਤਾ ਹੋਵੇ ਤਾਂ ਕੀ ਸਾਲਾਂ ਬਾਅਦ ਉਨ੍ਹਾਂ ਘਟਨਾਵਾਂ ਨੂੰ ਸਾਰਿਆਂ ਸਾਹਮਣੇ ਲਿਆਇਆ ਜਾ ਸਕਦਾ ਹੈ? ਜਾਂ ਕੀ ਅਨੁਸੂਚਿਤ ਜਾਤੀ ਅਤੇ ਜਨਜਾਤੀ ਦੇ ਲੋਕਾਂ ਨੂੰ ਐੱਸਸੀ-ਐੱਸਟੀ ਐਕਟ ਵਿੱਚ ਬਦਲਾਅ ਖਿਲਾਫ ਸੜਕਾਂ 'ਤੇ ਆ ਕੇ ਅੰਦੋਲਨ ਕਰਨਾ ਚਾਹੀਦਾ ਹੈ?
 
ਕੁਝ ਸਾਲ ਪਹਿਲਾਂ ਤੱਕ ਇਨ੍ਹਾਂ ਸਵਾਲਾਂ ਦਾ ਜਵਾਬ ਹੁੰਦਾ-ਨਹੀਂ, ਇਹ ਸੰਭਵ ਨਹੀਂ ਸੀ। ਇਨ੍ਹਾਂ 'ਤੇ ਚਰਚਾ ਹੋਣਾ ਅਤੇ ਉਹ ਵੀ ਜਨਤੱਕ ਸਪੇਸ ਵਿੱਚ, ਬਹੁਤ ਘੱਟ ਘਟਨਾ ਹੁੰਦੀ ਸੀ ਅਤੇ ਇਨ੍ਹਾਂ ਸਵਾਲਾਂ 'ਤੇ ਮਹਿਲਾਵਾਂ ਜਾਂ ਵਾਂਝੇ ਵਰਗਾਂ ਦੇ ਲੋਕਾਂ ਦਾ ਸੜਕਾਂ 'ਤੇ ਆਉਣ ਬਾਰੇ ਤਾਂ ਸੋਚਣਾ ਵੀ ਮੁਸ਼ਕਿਲ ਸੀ, ਪਰ ਹੁਣ ਇਹ ਹੋਣ ਲੱਗਾ ਹੈ।
 
ਉਦਾਹਰਨ ਦੇ ਤੌਰ 'ਤੇ ਗੁੜਗਾਂਵ ਦੀ ਇੱਕ ਮਹਿਲਾ ਗੀਤਾ ਯਥਾਰਥ ਸੋਸ਼ਲ ਮੀਡੀਆ ਦੇ ਕੁਝ ਦੋਸਤਾਂ ਨਾਲ ਗੱਲਬਾਤ ਤੋਂ ਬਾਅਦ ਤੈਅ ਕਰਦੀ ਹੈ ਕਿ ਮੇਰੀ ਰਾਤ ਮੇਰੀ ਸੜਕ ਨਾਂ ਦਾ ਹੈਸ਼ਟੈਗ ਸ਼ੁਰੂ ਕੀਤਾ ਜਾਵੇ ਅਤੇ ਉਸ ਹੈਸ਼ਟੈਗ ਤਹਿਤ ਦੋਸਤਾਂ ਦੇ ਨਾਲ ਰਾਤ ਵਿੱਚ ਸੜਕਾਂ 'ਤੇ ਉਤਰਿਆ ਜਾਵੇ। ਫੇਸਬੁੱਕ 'ਤੇ ਇੱਕ ਪੇਜ਼ ਬਣਾਇਆ ਜਾਂਦਾ ਹੈ ਅਤੇ ਉਸ ਪੇਜ਼ ਨੂੰ ਦੇਸ਼ਭਰ ਵਿੱਚ ਸਮਰਥਨ ਮਿਲਣ ਲਗਦਾ ਹੈ। ਫਿਰ ਇੱਕ ਹੀ ਰਾਤ ਨੂੰ ਦਰਜਨਾਂ ਸ਼ਹਿਰਾਂ ਵਿੱਚ ਮਹਿਲਾਵਾਂ ਸੜਕਾਂ 'ਤੇ ਆਉਂਦੀਆਂ ਹਨ। ਘੁੰਮਦੀਆਂ-ਫਿਰਦੀਆਂ ਹਨ ਤੇ ਆਪਣੇ ਵੀਡੀਓ ਤੇ ਫੋਟੋਆਂ ਸ਼ੇਅਰ ਕਰਦੀਆਂ ਹਨ।
 
ਇਨ੍ਹਾਂ ਦਾ ਉਦੇਸ਼ ਇਹ ਦਿਖਾਉਣਾ ਹੁੰਦਾ ਹੈ ਕਿ ਸ਼ਹਿਰਾਂ ਦੇ ਜਨਤੱਕ ਸਥਾਨਾਂ 'ਤੇ ਰਾਤ ਵਿੱਚ ਸਿਰਫ ਪੁਰਸ਼ਾਂ ਦਾ ਕਬਜ਼ਾ ਨਹੀਂ ਹੋਣਾ ਚਾਹੀਦਾ। ਮਹਿਲਾਵਾਂ ਦਾ ਵੀ ਉਨ੍ਹਾਂ 'ਤੇ ਉਨਾਂ ਹੀ ਹੱਕ ਹੈ, ਜਿਨਾਂ ਪੁਰਸ਼ਾਂ ਦਾ। ਉਹ ਮੰਗ ਕਰਦੀਆਂ ਹਨ ਕਿ ਸਰਕਾਰ ਜਨਤੱਕ ਸਥਾਨਾਂ ਨੂੰ ਸੁਰੱਖਿਅਤ ਬਣਾਏ ਤੇ ਰਾਤ ਨੂੰ ਅਜਿਹੇ ਸਥਾਨਾਂ 'ਤੇ ਰੌਸ਼ਨੀ ਦਾ ਪ੍ਰਬੰਧ ਕਰੇ।
 
ਗੀਤਾ ਯਥਾਰਤ ਦਾ ਹੀ ਸ਼ੁਰੂ ਕੀਤਾ ਗਿਆ ਇੱਕ ਹੋਰ ਹੈਸ਼ਟੈਗ ਫਾਈਟ ਅਗੇਂਸਟ ਰੇਪ ਦੇ ਲੋਕਪ੍ਰਿਅ ਹੋਣ ਤੋਂ ਬਾਅਦ ਕਈ ਸ਼ਹਿਰਾਂ ਵਿੱਚ ਇਸਦੇ ਬੈਨਰ ਹੇਠ ਪ੍ਰਦਰਸ਼ਨ ਹੋਏ ਅਤੇ ਮਹਿਲਾਵਾਂ ਸੜਕਾਂ 'ਤੇ ਆਈਆਂ। ਇਹ ਹੈਸ਼ਟੈਗ ਕਠੂਆ ਵਿੱਚ ਇੱਕ ਬੱਚੀ ਦੀ ਬਲਾਤਕਾਰ ਤੋਂ ਬਾਅਦ ਹੱਤਿਆ ਅਤੇ ਉਨਾਂਵ ਵਿੱਚ ਇੱਕ ਲੜਕੀ ਦੇ ਬਲਾਤਕਾਰ ਅਤੇ ਵਿਰੋਧ ਕਰਨ ਵਾਲੇ ਪਿਤਾ ਦੀ ਜੇਲ੍ਹ ਵਿੱਚ ਸ਼ੱਕੀ ਹਾਲਾਤ ਵਿੱਚ ਮੌਤ ਦੇ ਖਿਲਾਫ ਸ਼ੁਰੂ ਕੀਤਾ ਗਿਆ ਸੀ।
 
ਅਜਿਹੇ ਵਿੱਚ ਇੱਕ ਮੁਹਿੰਮ 'ਮੀ ਟੂ' ਹੈਸ਼ਟੈਗ ਦੀ ਹੈ। ਇਸ ਮੁਹਿੰਮ ਨੂੰ ਅਮਰੀਕੀ ਸੋਸ਼ਲ ਐਕਟੀਵਿਸਟ ਟਾਰਾਨਾ ਬਰਕ ਨੇ ਸ਼ੁਰੂ ਕੀਤਾ ਸੀ, ਜਿਸਨੂੰ ਅਲੀਸ਼ਾ ਮਿਲਾਨੋ ਨਾਂ ਦੀ ਹੀਰੋਇਨ ਨੇ ਹੈਸ਼ਟੈਗ ਰਾਹੀਂ ਅੱਗੇ ਵਧਾਇਆ। ਇਸਦਾ ਮਕਸਦ ਇਹ ਸੀ ਕਿ ਲੜਕੀਆਂ ਖਾਸ ਤੌਰ 'ਤੇ ਕੰਮਕਾਜ ਵਾਲੇ ਸਥਾਨਾਂ ਵਿੱਚ ਹੋਣ ਵਾਲੇ ਯੌਨ ਸ਼ੋਸ਼ਣ ਨੂੰ ਚੁੱਪਚਾਪ ਨਾ ਬਰਦਾਸ਼ਤ ਕਰਨ ਅਤੇ ਦੋਸ਼ੀਆਂ ਦੇ ਚੇਹਰਿਆਂ ਤੋਂ ਨਕਾਬ ਉਤਾਰਨ। 
 
ਦੇਖਦੇ ਹੀ ਦੇਖਦੇ ਇਹ ਹੈਸ਼ਟੈਗ ਅੱਗ ਵਾਂਗ ਫੈਲ ਗਿਆ ਅਤੇ ਹਾਲੀਵੁੱਡ ਦੇ ਇੱਕ ਮੁੱਖ ਫਿਲਮ ਨਿਰਮਾਤਾ ਦੇ ਯੌਨ ਸ਼ੋਸ਼ਣ ਦੀ ਸ਼ਿਕਾਰ ਹੀਰੋਇਨਾਂ ਨੇ ਉਸਦੇ ਕਾਰਨਾਮਿਆਂ ਨੂੰ ਜਨਤੱਕ ਕਰ ਦਿੱਤਾ। ਅਜਿਹਾ ਕਰਨ ਵਾਲਿਆਂ ਵਿੱਚ ਗਵੇਨੇਥ ਪੇਲਟ੍ਰਾ, ਐਸ਼ਲੇ ਜੂਡ, ਜੇਨੇਫਰ ਲਾਰੈਂਸ ਅਤੇ ਉਮਾ ਥਰਮਨ ਦੇ ਨਾਂ ਮੁੱਖ ਹਨ। ਇਨ੍ਹਾਂ ਹੀਰੋਇਨਾਂ ਨੇ ਦੱਸਿਆ ਕਿ ਕੈਰੀਅਰ ਦੇ ਸ਼ੁਰੂਆਤੀ ਦੌਰ ਵਿੱਚ ਉਨ੍ਹਾਂ ਨੇ ਫਿਲਮ ਇੰਡਸਟਰੀ ਵਿੱਚ ਯੌਨ ਸ਼ੋਸ਼ਕਾਂ ਦੇ ਹੱਥੀਂ ਕੀ ਬਰਦਾਸ਼ਤ ਕੀਤਾ। ਦੇਖਦੇ ਹੀ ਦੇਖਦੇ ਵੱਡੀ ਗਿਣਤੀ ਵਿੱਚ ਲੜਕੀਆਂ ਨੇ ਆਪਣੇ ਨਾਲ ਹੋਈਆਂ ਘਟਨਾਵਾਂ ਨੂੰ ਜਨਤੱਕ ਕਰ ਦਿੱਤਾ।
 
ਮੀ ਟੂ ਮੁਹਿੰਮ ਸੰਸਾਰਕ ਹੋ ਗਈ ਅਤੇ ਇਸਦੀ ਗੂੰਜ ਭਾਰਤ ਵਿੱਚ ਵੀ ਸੁਣਾਈ ਦਿੱਤੀ। ਅਮਰੀਕਾ ਵਿੱਚ ਰਹਿ ਰਹੀ ਭਾਰਤੀ ਮਹਿਲਾ ਵਕੀਲ ਅਤੇ ਐਕਟੀਵਿਸਟ ਨੇ ਇਸ ਹੈਸ਼ਟੈਗ ਤਹਿਤ ਭਾਰਤੀ ਯੂਨੀਵਰਸਿਟੀਆਂ ਵਿੱਚ ਯੌਨ ਸ਼ੋਸ਼ਣ ਕਰਨ ਵਾਲੇ ਟੀਚਰਾਂ ਦੀ ਇੱਕ ਲਿਸਟ ਜਨਤੱਕ ਕੀਤੀ ਅਤੇ ਲੋਕਾਂ ਨੂੰ ਕਿਹਾ ਕਿ ਇਸਨੂੰ ਅੱਗੇ ਵਧਾਓ। ਦੇਖਦੇ ਹੀ ਦੇਖਦੇ ਇਹ ਲਿਸਟ ਲੰਮੀ ਹੁੰਦੀ ਹੈ। ਇਸਨੇ ਭਾਰਤੀ ਸਿੱਖਿਆ ਜਗਤ ਵਿੱਚ ਕਾਫੀ ਤੂਫਾਨ ਮਚਾਇਆ।
 
ਅਮਰੀਕਾ ਵਿੱਚ ਜਦੋਂ ਇੱਕ ਕਾਲੇ ਬੱਚੇ ਨੂੰ ਮਾਰਨ ਦੇ ਜੁਰਮ ਵਿੱਚ ਫੜੇ ਗਏ ਜਾਰਜ ਜਿਮਰਮੈਨ ਨੂੰ ਗੋਰੇ ਜੱਜ ਨੇ ਜੁਲਾਈ 2013 ਵਿੱਚ ਛੱਡ ਦਿੱਤਾ ਤਾਂ ਉਸ ਬੱਚੇ ਦੇ ਦੋਸਤਾਂ ਨੇ 'ਬਲੈਕ ਲਾਈਵ ਮੈਟਰਸ' ਨਾਂ ਦਾ ਹੈਸ਼ਟੈਗ ਸ਼ੁਰੂ ਕੀਤਾ। ਇਹ ਹੈਸ਼ਟੈਗ ਬਹੁਤ ਤੇਜ਼ੀ ਨਾਲ ਲੋਕਪ੍ਰਿਅ ਹੋਇਆ ਅਤੇ ਲੋਕ ਇਸ ਮਾਮਲੇ 'ਤੇ ਸੜਕਾਂ 'ਤੇ ਵੀ ਆਏ। ਇਹ ਅੰਦੋਲਨ ਕਈ ਸ਼ਹਿਰਾਂ ਵਿੱਚ ਫੈਲ ਗਿਆ ਅਤੇ ਰਾਸ਼ਟਰਪਤੀ ਚੋਣਾਂ ਵਿੱਚ ਵੀ ਇਸਦੀ ਕਾਫੀ ਚਰਚਾ ਰਹੀ। ਇਹ ਹੈਸ਼ਟੈਗ ਤੋਂ ਅੱਗੇ ਵਧ ਕੇ ਜ਼ਮੀਨੀ ਅੰਦੋਲਨ ਦੀ ਸ਼ਕਲ ਲੈ ਚੁੱਕਾ ਹੈ ਅਤੇ ਸੰਭਾਵਨਾ ਹੈ ਕਿ ਇਸ ਨਾਲ ਇੱਕ ਰਾਜਨੀਤਕ ਪਾਰਟੀ ਦੀ ਸ਼ੁਰੂਆਤ ਹੋਵੇ।
 
ਦਿੱਲੀ ਵਿੱਚ ਵਿਦਿਆਰਥਣਾਂ ਦੇ ਹਾਸਟਲ ਵਿੱਚ ਲਗਾਈਆਂ ਗਈਆਂ ਪਾਬੰਦੀਆਂ ਖਿਲਾਫ 'ਪਿੰਜਰਾਤੋੜ' ਅੰਦੋਲਨ ਦੇ ਵਿਸਤਾਰ ਵਿੱਚ ਵੀ ਸੋਸ਼ਲ ਮੀਡੀਆ ਨੇ ਭੂਮਿਕਾ ਨਿਭਾਈ। ਅਜਿਹਾ ਹੀ ਇੱਕ ਅੰਦੋਲਨ ਆਪਣੀ ਸੈਨੇਟਰੀ ਪੈਡ 'ਤੇ ਮੈਸੇਜ ਲਿਖਣ ਅਤੇ ਉਸ 'ਤੇ ਜੀਐੱਸਟੀ ਲਗਾਏ ਜਾਣ ਖਿਲਾਫ ਵੀ ਚੱਲਿਆ। ਸੈਲਫੀ ਵਿਦਾਉਟ ਮੇਕਅਪ ਅਤੇ ਨੈਚੂਰਲ ਸੈਲਫੀ ਵਰਗੇ ਹੈਸ਼ਟੈਕ ਵੀ ਕਾਫੀ ਚੱਲੇ। ਐੱਸਸੀ-ਐੱਸਟੀ ਐਕਟ ਵਿੱਚ ਬਦਲਾਅ ਖਿਲਾਫ 'ਭਾਰਤ ਬੰਦ' ਹੈਸ਼ਟੈਗ ਵੀ ਕਾਫੀ ਲੋਕਪ੍ਰਿਅ ਹੋਇਆ ਅਤੇ 2 ਅਪ੍ਰੈਲ 2018 ਨੂੰ ਤਾਂ ਟਵਿੱਟਰ ਦੇ ਇੰਡੀਆ ਟ੍ਰੈਂਡ ਵਿੱਚ ਇਹ ਲਗਭਗ ਪੂਰੇ ਦਿਨ ਟਾਪ 'ਤੇ ਰਿਹਾ। 
 
ਮੀਡੀਆ ਰਿਪੋਰਟ ਮੁਤਾਬਕ ਇਹ ਅੰਦੋਲਨ ਕਿਸੇ ਰਾਜਨੀਤਕ ਪਾਰਟੀ ਜਾਂ ਸੰਸਥਾ ਨੇ ਸ਼ੁਰੂ ਨਹੀਂ ਕੀਤਾ, ਸਗੋਂ ਕੁਝ ਸੋਸ਼ਲ ਮੀਡੀਆ ਐਕਟੀਵਿਸਟ ਨੇ ਇਹ ਹੈਸ਼ਟੈਗ ਸ਼ੁਰੂ ਕੀਤਾ। ਕਿਉਂਕਿ ਦਲਿਤਾਂ ਅਤੇ ਆਦੀਵਾਸੀਆਂ ਦਾ ਗੁੱਸਾ ਪਹਿਲਾਂ ਤੋਂ ਮੌਜੂਦ ਸੀ, ਇਸ ਲਈ ਇਸਦਾ ਜ਼ਮੀਨ 'ਤੇ ਵੀ ਕਾਫੀ ਅਸਰ ਦਿਖਾਈ ਦਿੱਤਾ। ਦੇਸ਼-ਦੁਨੀਆ ਦੇ ਅਲੱਗ-ਅਲੱਗ ਹਿੱਸਿਆਂ ਵਿੱਚ ਚੱਲੇ ਹੈਸ਼ਟੈਗ ਅੰਦੋਲਨਾਂ ਦੀ ਇੱਕ ਸਮਾਨ ਵਿਸ਼ੇਸ਼ਤਾ ਹੈ। ਇਹ ਅੰਦੋਲਨ ਲੋਕਪ੍ਰਿਅ ਰਾਜਨੀਤਕ-ਸਮਾਜਿਕ ਵਿਚਾਰ ਦਾ ਹਿੱਸਾ ਨਹੀਂ ਹਨ।
 
ਨਾ ਹੀ ਇਨ੍ਹਾਂ ਨੂੰ ਚਲਾਉਣ ਵਿੱਚ ਕਿਸੇ ਰਾਜਨੀਤਕ ਪਾਰਟੀ ਦਾ ਕੋਈ ਯੋਗਦਾਨ ਹੁੰਦਾ ਹੈ, ਪਰ ਇਨ੍ਹਾਂ ਅੰਦੋਲਨਾਂ ਪਿੱਛੇ ਸਾਫ ਤੌਰ 'ਤੇ ਕੋਈ ਨਾ ਕੋਈ ਵਿਚਾਰਧਾਰਾ ਹੁੰਦੀ ਹੈ, ਜਿਵੇਂ ਕਿ ਉੱਪਰ ਜਿਨ੍ਹਾਂ ਅੰਦੋਲਨਾਂ ਦਾ ਜ਼ਿਕਰ ਹੈ, ਉਹ ਨਾਰੀਵਾਦੀ ਵਿਚਾਰਾਂ ਤੋਂ ਪ੍ਰੇਰਿਤ ਹਨ। ਇਨ੍ਹਾਂ ਅੰਦੋਲਨਾਂ ਨੂੰ ਚਲਾਉਣ ਪਿੱਛੇ ਸੰਸਾਧਨਾਂ ਦੀ ਖਾਸ ਮਹੱਤਤਾ ਨਹੀਂ ਹੁੰਦੀ। ਇਨ੍ਹਾਂ 'ਚੋਂ ਕੁਝ ਹੈਸ਼ਟੈਗ ਵਰਚੂਅਲ ਤੋਂ ਰੀਅਲ ਦੀ ਯਾਤਰਾ ਕਰ ਪਾਉਂਦੇ ਹਨ ਅਤੇ ਜ਼ਮੀਨੀ ਅੰਦੋਲਨਾਂ ਦਾ ਹਿੱਸਾ ਬਣਦੇ ਹਨ। ਕਈ ਹੈਸ਼ਟੈਗ ਸੋਸ਼ਲ ਮੀਡੀਆ ਤੱਕ ਹੀ ਸੀਮਿਤ ਹੋ ਕੇ ਰਹਿ ਜਾਂਦੇ ਹਨ।
 
ਹੈਸ਼ਟੈਗ ਦੀ ਇੱਕ ਖਾਸੀਅਤ ਇਹ ਹੈ ਕਿ ਇਹ ਸਮੇਂ ਦੇ ਮੁਤਾਬਕ ਹੁੰਦੇ ਹਨ ਅਤੇ ਮੁੱਦੇ ਦੇ ਬਣੇ ਰਹਿਣ ਤੱਕ ਹੀ ਇਨ੍ਹਾਂ ਦਾ ਵਜੂਦ ਹੁੰਦਾ ਹੈ। ਹਾਲਾਂਕਿ ਕੁਝ ਹੈਸ਼ਟੈਗ ਵਾਰ-ਵਾਰ ਮੁੜ ਕੇ ਆਉਂਦੇ ਹਨ ਅਤੇ ਬਣੇ ਰਹਿੰਦੇ ਹਨ। ਹੈਸ਼ਟੈਗ ਦੇ ਅੰਦੋਲਨ ਆਮ ਤੌਰ 'ਤੇ ਹਾਸ਼ੀਏ ਤੋਂ ਸ਼ੁਰੂ ਹੁੰਦੇ ਹਨ ਅਤੇ ਮੁੱਖ ਧਾਰਾ ਵਿੱਚ ਕੁਝ ਸਮਾਂ ਤੱਕ ਜਗ੍ਹਾ ਘੇਰਨ ਤੋਂ ਬਾਅਦ ਫਿਰ ਸ਼ਾਂਤ ਹੋ ਜਾਂਦੇ ਹਨ। ਘੱਟ ਤੋਂ ਘੱਟ ਭਾਰਤ ਵਿੱਚ ਤਾਂ ਇਹੀ ਟ੍ਰੈਂਡ ਦੇਖਿਆ ਜਾ ਰਿਹਾ ਹੈ। ਇਹ ਅੰਦੋਲਨ ਕਿਉਂਕਿ ਸੰਗਠਿਤ ਰੂਪ ਨਾਲ ਨਹੀਂ ਚਲਾਏ ਜਾ ਰਹੇ, ਇਸ ਲਈ ਇਨ੍ਹਾਂ ਨੂੰ ਕੰਟਰੋਲ ਕਰਨਾ ਵੀ ਮੁਸ਼ਕਿਲ ਹੁੰਦਾ ਹੈ।
 
ਸੰਗਠਿਤ ਨਾ ਹੋਣ ਕਾਰਨ ਹੀ ਇਨ੍ਹਾਂ ਵਿੱਚ ਆਮ ਤੌਰ ਤੇ ਇੱਕਸਾਰਤਾ ਨਹੀਂ ਹੁੰਦੀ, ਪਰ ਇਹ ਬਹੁਤ ਤੇਜ਼ੀ ਨਾਲ ਬਦਲਦੀ ਦੁਨੀਆ ਹਨ। ਹੈਸ਼ਟੈਗ ਅਜੇ-ਅਜੇ ਆਏ ਹਨ। ਇਹ ਅਖੀਰ ਵਿੱਚ ਕਿਸ-ਕਿਸ ਤਰ੍ਹਾਂ ਦੀਆਂ ਸ਼ਕਲਾਂ ਲੈਣਗੇ, ਇਸ ਬਾਰੇ ਭਵਿੱਖਬਾਣੀ ਕਰਨਾ ਦਾ ਖਤਰਾ ਲੈਣਾ ਠੀਕ ਨਹੀਂ ਹੈ। ਮੀਡੀਆ ਤੋਂ ਸ਼ਿਕਾਇਤ ਆਮ ਤੌਰ 'ਤੇ ਸਹੀ ਵੀ ਹੁੰਦੀ ਹੈ। ਜਦੋਂ ਤੱਕ ਖਬਰਾਂ ਤਾ ਖਰਚਾ ਤੁਸੀਂ ਨਹੀਂ ਚੁੱਕੋਗੇ, ਖਬਰਾਂ ਕਾਰਪੋਰੇਟ ਅਤੇ ਰਾਜਨੀਤੀ ਦੇ ਦਬਾਅ ਵਿੱਚ ਤੁਹਾਡੇ ਹਿੱਤਾਂ ਨਾਲ ਸਮਝੌਤਾ ਕਰਦੀਆਂ ਰਹਿਣਗੀਆਂ।
-ਦਲੀਪ ਮੰਡਲ
(ਲੇਖਕ ਸੀਨੀਅਰ ਪੱਤਰਕਾਰ ਹਨ)

Comments

Leave a Reply