Sun,Jul 05,2020 | 05:12:13am
HEADLINES:

editorial

ਦਲਿਤਾਂ 'ਤੇ ਜ਼ੁਲਮ ਦੇ ਮਾਮਲੇ 'ਚ ਅੱਗੇ ਹਰਿਆਣਾ

ਦਲਿਤਾਂ 'ਤੇ ਜ਼ੁਲਮ ਦੇ ਮਾਮਲੇ 'ਚ ਅੱਗੇ ਹਰਿਆਣਾ

ਦਲਿਤਾਂ 'ਤੇ ਅੱਤਿਆਚਾਰਾਂ ਦੇ ਮਾਮਲੇ 'ਚ ਹਰਿਆਣਾ ਸੂਬਾ ਪਿੱਛੇ ਨਹੀਂ ਹੈ। ਇੱਥੇ ਦਲਿਤਾਂ ਖਿਲਾਫ ਮਿਰਚਪੁਰ ਤੇ ਭਗਾਨਾ ਕਾਂਡ ਵਰਗੀਆਂ ਵੱਡੀਆਂ ਘਟਨਾਵਾਂ ਹੋ ਚੁੱਕੀਆਂ ਹਨ। ਪਿਛਲੇ 5 ਸਾਲਾਂ ਦੀ ਗੱਲ ਕਰੀਏ ਤਾਂ ਦਲਿਤਾਂ 'ਤੇ ਜ਼ੁਲਮ ਦੇ ਮਾਮਲੇ 'ਚ ਇਸ ਸੂਬੇ ਦਾ ਭਿਵਾਨੀ ਜ਼ਿਲ੍ਹਾ ਸਭ ਤੋਂ ਅੱਗੇ ਹੈ, ਜਿੱਥੇ ਸਭ ਤੋਂ ਜ਼ਿਆਦਾ ਮਾਮਲੇ ਰਿਪੋਰਟ ਕੀਤੇ ਗਏ ਹਨ। ਫਰੀਦਾਬਾਦ ਤੇ ਹਿਸਾਰ 'ਚ ਵੀ ਸਥਿਤੀ ਚਿੰਤਾਜਨਕ ਹੈ। ਹਾਲਾਂਕਿ ਪੰਚਕੂਲਾ, ਅੰਬਾਲਾ ਤੇ ਸੋਨੀਪਤ 'ਚ ਇਹ ਮਾਮਲੇ ਘੱਟ ਹਨ। ਪੂਰੇ ਸੂਬੇ 'ਚ ਇਸ ਦੌਰਾਨ ਦਲਿਤ ਅੱਤਿਆਚਾਰ ਦੇ 3,695 ਮਾਮਲੇ ਰਿਪੋਰਟ ਕੀਤੇ ਗਏ।

ਇੱਕ ਮੀਡੀਆ ਰਿਪੋਰਟ ਮੁਤਾਬਕ ਵਿਧਾਨਸਭਾ 'ਚ ਹਰਿਆਣਾ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਬਿੱਲ ਪਾਸ ਹੋਣ ਦੇ ਡੇਢ ਸਾਲ ਬਾਅਦ ਵੀ ਕਮਿਸ਼ਨ ਦਾ ਗਠਨ ਨਹੀਂ ਹੋ ਸਕਿਆ ਹੈ। ਸਤੰਬਰ 2018 'ਚ ਪਾਸ ਬਿੱਲ 'ਤੇ ਉਸ ਸਮੇਂ ਦੇ ਰਾਜਪਾਲ ਕਪਤਾਨ ਸਿੰਘ ਸੋਲੰਕੀ ਨੇ 5 ਨਵੰਬਰ 2018 ਨੂੰ ਮੋਹਰ ਲਗਾ ਦਿੱਤੀ ਸੀ, ਜਦਕਿ 30 ਨਵੰਬਰ 2018 ਨੂੰ ਇਸਨੂੰ ਸੂਬਾ ਸਰਕਾਰ ਦੇ ਗਜਟ 'ਚ ਵੀ ਪ੍ਰਕਾਸ਼ਿਤ ਕਰ ਦਿੱਤਾ ਗਿਆ।

15 ਫਰਵਰੀ 2019 ਨੂੰ ਅਨੁਸੂਚਿਤ ਜਾਤੀ ਤੇ ਪੱਛੜਾ ਵਰਗ ਭਲਾਈ ਵਿਭਾਗ ਦੇ ਉਸ ਸਮੇਂ ਦੇ ਵਧੀਕ ਮੁੱਖ ਸਕੱਤਰ ਧਨਪਤ ਸਿੰਘ ਨੇ ਨੋਟੀਫਿਕੇਸ਼ਨ ਜਾਰੀ ਕਰਕੇ ਉਸੇ ਤਾਰੀਖ ਤੋਂ ਇਹ ਕਾਨੂੰਨ ਲਾਗੂ ਕਰਾ ਦਿੱਤਾ। ਇਸਦੇ ਬਾਵਜੂਦ ਕਮਿਸ਼ਨ ਗਠਿਤ ਨਹੀਂ ਕੀਤਾ ਗਿਆ ਹੈ।

ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਐਡਵੋਕੇਟ ਹੇਮੰਤ ਕੁਮਾਰ ਕਹਿੰਦੇ ਹਨ ਕਿ ਸਾਬਕਾ ਮੁੱਖ ਮੰਤਰੀ ਭੂਪਿੰਦਰ ਸਿੰਘ ਹੁੱਡਾ ਦੀ ਸਰਕਾਰ 'ਚ ਵੀ 10 ਅਕਤੂਬਰ 2013 ਨੂੰ ਸਰਕਾਰੀ ਨੋਟੀਫਿਕੇਸ਼ਨ ਰਾਹੀਂ ਹਰਿਆਣਾ ਅਨੁਸੂਚਿਤ ਜਾਤੀ ਕਮਿਸ਼ਨ ਦੀ ਸਥਾਪਨਾ ਕੀਤੀ ਗਈ ਸੀ। 10 ਮਹੀਨੇ  ਬਾਅਦ ਜਦੋਂ ਵਿਧਾਨਸਭਾ ਚੋਣਾਂ ਨਜ਼ਦੀਕ ਆਈਆਂ ਤਾਂ ਅਗਸਤ 2014 'ਚ ਹਰਿਆਣਾ ਕਾਂਗਰਸ ਦੇ ਸਾਬਕਾ ਸੂਬਾ ਪ੍ਰਧਾਨ ਫੂਲ ਚੰਦ ਮੁਲਾਨਾ ਸਮੇਤ ਹੋਰ ਮੈਂਬਰਾਂ ਦੀ ਨਿਯੁਕਤੀ ਕਰ ਦਿੱਤੀ ਗਈ।

ਜਦੋਂ ਅਕਤੂਬਰ 2014 ਦੀਆਂ ਵਿਧਾਨਸਭਾ ਚੋਣਾਂ 'ਚ ਭਾਜਪਾ ਦੀ ਸਰਕਾਰ ਬਣੀ ਤਾਂ 2 ਮਹੀਨੇ ਬਾਅਦ ਹੀ ਇਸ ਕਮਿਸ਼ਨ ਨੂੰ ਭੰਗ ਕਰ ਦਿੱਤਾ ਗਿਆ। ਫੂਲ ਚੰਦ ਮੁਲਾਨਾ ਨੇ ਇਸਨੂੰ ਪੰਜਾਬ ਤੇ ਹਰਿਆਣਾ ਹਾਈਕੋਰਟ 'ਚ ਪਟੀਸ਼ਨ ਪਾ ਕੇ ਚੁਣੌਤੀ ਵੀ ਦਿੱਤੀ ਸੀ, ਜਿਸਨੂੰ ਰੱਦ ਕਰ ਦਿੱਤਾ ਗਿਆ।

ਜ਼ਿਕਰਯੋਗ ਹੈ ਕਿ ਹਰਿਆਣਾ ਦੇ ਮਿਰਚਪੁਰ 'ਚ ਸਾਲ 2010 'ਚ ਪ੍ਰਭਾਵਸ਼ਾਲੀ ਜਾਤ ਦੇ ਲੋਕਾਂ ਵੱਲੋਂ ਦਲਿਤਾਂ ਦੇ ਘਰਾਂ ਦੇ ਫੂਕਣ ਦੀ ਘਟਨਾ ਨੂੰ ਲੈ ਕੇ ਇਹ ਸੂਬਾ ਕਾਫੀ ਚਰਚਾ 'ਚ ਰਿਹਾ ਸੀ। ਇਸੇ ਤਰ੍ਹਾਂ ਸਾਲ 2012 'ਚ ਹਿਸਾਰ ਦੇ ਭਗਾਨਾ ਪਿੰਡ 'ਚ ਦਲਿਤਾਂ ਦੇ ਸਮਾਜਿਕ ਬਾਇਕਾਟ, ਦਲਿਤ ਲੜਕੀਆਂ ਨਾਲ ਜਬਰ ਜਿਨਾਹ ਦੀ ਘਟਨਾ ਨੇ ਵੀ ਦੇਸ਼ਭਰ ਦੇ ਲੋਕਾਂ ਦਾ ਧਿਆਨ ਇਸ ਸੂਬੇ ਵੱਲ ਖਿੱਚਿਆ ਸੀ। ਹਾਲਾਂਕਿ ਇਹ ਗੱਲ ਵੱਖਰੀ ਹੈ ਕਿ ਭਗਾਨਾ ਕਾਂਡ ਦੇ ਪੀੜਤ ਅਜੇ ਵੀ ਇਨਸਾਫ ਲਈ ਭਟਕ ਰਹੇ ਹਨ।

Comments

Leave a Reply