Wed,Mar 27,2019 | 12:43:52am
HEADLINES:

editorial

ਝੂਠੇ ਵਾਅਦੇ : ਵਿਗਿਆਪਨ ਤੇ ਭਾਸ਼ਣ ਨਾਲ ਰਾਸ਼ਨ ਨਹੀਂ ਮਿਲਦਾ

ਝੂਠੇ ਵਾਅਦੇ : ਵਿਗਿਆਪਨ ਤੇ ਭਾਸ਼ਣ ਨਾਲ ਰਾਸ਼ਨ ਨਹੀਂ ਮਿਲਦਾ

ਇੰਡੀਅਨ ਐਕਸਪ੍ਰੈੱਸ ਦੇ ਹਰੀਸ਼ ਦਾਮੋਦਰਨ ਦੀ ਰਿਪੋਰਟ ਪੜ੍ਹੋ। 2017-18 ਦਾ ਗੰਨਾ ਸੀਜ਼ਨ ਚੱਲ ਰਿਹਾ ਹੈ। ਕਿਸਾਨਾਂ ਨੂੰ 14 ਦਿਨਾਂ ਵਿੱਚ ਭੁਗਤਾਨ ਦਾ ਵਾਅਦਾ ਕੀਤਾ ਗਿਆ ਸੀ, ਪਰ ਬਕਾਇਆ ਰਕਮ 6,500 ਕਰੋੜ ਪਹੁੰਚ ਗਈ। ਇਸਦੇ ਅਜੇ ਹੋਰ ਵਧਨ ਦੀ ਸੰਭਾਵਨਾ ਹੈ। ਇਹ ਅਧਿਕਾਰਕ ਅੰਕੜਾ ਹੈ। 16 ਮਾਰਚ ਤੱਕ ਯੂਪੀ ਵਿੱਚ 25,349 ਕਰੋੜ ਦੀ ਗੰਨਾ ਖਰੀਦ ਹੋਈ।
 
ਇਸ ਵਿੱਚੋਂ 22,349 ਕਰੋੜ 14 ਦਿਨਾਂ ਵਿੱਚ ਹੀ ਦਿੱਤੇ ਜਾਣੇ ਸਨ, ਪਰ 16,380 ਕਰੋੜ ਦਾ ਹੀ ਭੁਗਤਾਨ ਹੋ ਸਕਿਆ। 2016-17 ਵਿੱਚ ਗੰਨਾ ਬਕਾਇਆ 4,175 ਕਰੋੜ ਸੀ। ਇਸ ਸਾਲ ਉਸ ਤੋਂ ਵੀ ਜ਼ਿਆਦਾ ਹੋ ਗਿਆ ਹੈ। ਸਰਕਾਰੀ ਹੋਵੇ ਜਾਂ ਪ੍ਰਾਈਵੇਟ, ਦੋਨਾਂ 'ਤੇ 30 ਫੀਸਦੀ ਦੀ ਰਕਮ ਦਾ ਬਕਾਇਆ ਹੋ ਗਿਆ ਹੈ। ਖੰਡ ਮਿੱਲ ਵਾਲਿਆਂ ਦਾ ਕਹਿਣਾ ਹੈ ਕਿ ਖੰਡ ਦੀਆਂ ਕੀਮਤਾਂ ਹੇਠਾਂ ਆ ਗਈਆਂ ਹਨ। ਖੰਡ 30-31 ਰੁਪਏ ਕਿੱਲੋ ਮਿਲ ਰਹੀ ਹੈ, ਜਦਕਿ ਉਤਪਾਦਨ ਲਾਗਤ 36-36.50 ਰੁਪਏ ਪ੍ਰਤੀ ਕਿੱਲੋ ਹੈ।
 
ਇਸ ਤਰ੍ਹਾਂ ਨਾਲ ਉਨ੍ਹਾਂ ਨੂੰ ਹਰ ਇੱਕ ਕਿੱਲੋ ਖੰਡ 'ਤੇ 6 ਰੁਪਏ ਦਾ ਘਾਟਾ ਹੋ ਰਿਹਾ ਹੈ। ਖੰਡ ਦਾ ਉਤਪਾਦਨ ਵੀ ਜ਼ਿਆਦਾ ਹੋਣ ਦੀ ਸੰਭਾਵਨਾ ਹੈ। ਇਸ ਲਈ ਖੰਡ ਦੀਆਂ ਕੀਮਤਾਂ ਹੋਰ ਹੇਠਾਂ ਆ ਸਕਦੀਆਂ ਹਨ। ਇਸ ਨਾਲ ਮਿੱਲਾਂ ਦੀ ਸਮਰੱਥਾ 'ਤੇ ਅਸਰ ਪਵੇਗਾ। ਕਹਿੰਦੇ ਹਨ ਕਿ ਕੀਮਤਾਂ ਡਿਗਣ ਨਾਲ ਉਨ੍ਹਾਂ ਦੇ ਸਟਾਕ ਦੀ ਵੈਲਯੂ ਘੱਟ ਹੁੰਦੀ ਹੈ ਅਤੇ ਉਸ ਹਿਸਾਬ ਨਾਲ ਭੁਗਤਾਨ ਲਈ ਬੈਂਕ ਤੋਂ ਜਿਹੜਾ ਕਰਜ਼ਾ ਲੈਂਦੇ ਹਨ, ਉਹ ਘੱਟ ਹੋ ਜਾਂਦਾ ਹੈ। ਇਹ ਉਨ੍ਹਾਂ ਦਾ ਪੱਖ ਹੈ। 
 
ਹਰੀਸ਼ ਦਾਮੋਦਰਨ ਦੇ ਲੇਖ ਤੋਂ ਸਾਫ ਨਹੀਂ ਹੈ ਕਿ ਪੈਸਾ ਕਿਸਾਨਾਂ ਦੇ ਖਾਤੇ ਵਿੱਚ ਗਿਆ ਹੈ ਜਾਂ ਸਿਰਫ ਕਿਤਾਬ ਵਿੱਚ ਦਿਖਾਇਆ ਜਾ ਰਿਹਾ ਹੈ। ਇਹ ਗੱਲ ਕਿਸਾਨ ਹੀ ਦੱਸ ਸਕਦੇ ਹਨ ਕਿ 14 ਦਿਨਾਂ ਵਿੱਚ ਭੁਗਤਾਨ ਹੋ ਰਿਹਾ ਹੈ ਜਾਂ ਨਹੀਂ। ਕੁਝ ਗੰਨਾ ਕਿਸਾਨ ਕਹਿੰਦੇ ਹਨ ਕਿ ਪਰਚੀ ਮਿਲ ਜਾਂਦੀ ਹੈ, ਪਰ ਪੈਸੇ ਲਈ ਭੱਜਦੇ ਰਹਿੰਦੇ ਹਾਂ, ਪਰ ਕੀ ਸਾਰਿਆਂ ਦੇ ਇਹੀ ਅਨੁਭਵ ਹਨ? ਜਦੋਂ ਤੱਕ ਕਿਸਾਨਾਂ ਦੀ ਪਰਚੀ ਦੇਖ ਨਹੀਂ ਲੈਂਦਾ, ਕਈ ਲੋਕਾਂ ਨਾਲ ਗੱਲ ਨਹੀਂ ਕਰ ਲੈਂਦਾ, ਇਸ 'ਤੇ ਟਿੱਪਣੀ ਠੀਕ ਨਹੀਂ ਹੈ।
 
ਅਸੀਂ ਇੱਕ ਗੰਨਾ ਕਿਸਾਨ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ ਦੂਜਾ ਸਵਾਲ ਚੁੱਕਿਆ। ਤੁਸੀਂ ਗੰਨਾ ਬੈਲਟ ਵਿੱਚ ਪ੍ਰਧਾਨ ਮੰਤਰੀ ਦੇ ਭਾਸ਼ਣਾਂ ਨੂੰ ਯਾਦ ਕਰੋ। ਪੰਜਾਬ, ਪੱਛਮੀ ਉੱਤਰ ਪ੍ਰਦੇਸ਼ ਅਤੇ ਪੂਰਵੀ ਉੱਤਰ ਪ੍ਰਦੇਸ਼ ਵਿੱਚ ਜਿਹੜੇ ਭਾਸ਼ਣ ਦਿੱਤੇ, ਉਨ੍ਹਾਂ ਵਿੱਚ ਇਸ ਗੱਲ 'ਤੇ ਜ਼ੋਰ ਸੀ ਕਿ ਗੰਨੇ ਦੇ ਸ਼ੀਰੇ ਨਾਲ ਜਿਹੜਾ ਇਥਨਾਲ ਬਣਦਾ ਹੈ, ਉਹ ਅਸੀਂ ਖਰੀਦ ਕੇ ਡੀਜ਼ਲ ਬਣਾਵਾਂਗੇ। ਡੀਜ਼ਲ ਵੇਚ ਕੇ ਜਿਹੜੀ ਕਮਾਈ ਹੋਵੇਗੀ, ਉਸਦਾ ਕੁਝ ਹਿੱਸਾ ਕਿਸਾਨਾਂ ਨੂੰ ਦੇਵਾਂਗੇ। ਨਿਤਿਨ ਗਡਕਰੀ ਵੀ ਇਹ ਸੁਪਨਾ ਬਹੁਤੀ ਵਾਰ ਵੇਚਦੇ ਸਨ। 
 
ਕਰਨਲ ਪ੍ਰਮੋਦ ਜੋ ਗੰਨਾ ਕਿਸਾਨ ਹਨ, ਉਨ੍ਹਾਂ ਨੇ ਆਰਟੀਆਈ ਤੋਂ ਸਵਾਲ ਪੁੱਛਿਆ ਹੈ ਕਿ ਗੰਨੇ ਦੇ ਸ਼ੀਰੇ ਨਾਲ ਬਣੇ ਇਥਨੋਲ ਦੀ ਖਰੀਦ ਹੋ ਰਹੀ ਹੈ? ਪ੍ਰਮੋਦ ਨੇ ਸਮਝਾਇਆ ਕਿ ਪਬਲਿਕ ਵਿੱਚ ਪ੍ਰਚਾਰ ਹੋਇਆ ਕਿ ਗੰਨੇ ਦੇ ਸ਼ੀਰੇ ਨਾਲ ਬਣੇ ਇਥਨੋਲ ਦੀ ਖਰੀਦ ਹੋਵੇਗੀ, ਪਰ ਜਵਾਬ ਦਿੱਤਾ ਗਿਆ ਕਿ ਸੈਲਯੂਲੋਜ਼ ਨਾਲ ਬਣੇ ਇਥਨੋਲ ਨੂੰ ਵੀ ਖਰੀਦਿਆ ਗਿਆ ਹੈ। ਸੈਲਯੂਲੋਜ਼ ਖਰਪਤਵਾਰ, ਝੋਨੇ ਦੀ ਪਰਾਲੀ ਤੇ ਗੰਨੇ ਦੇ ਪੱਤੇ ਤੋਂ ਬਣਦਾ ਹੈ। ਪ੍ਰਮੋਦ ਦਾ ਕਹਿਣਾ ਹੈ ਕਿ ਭਾਰਤ ਵਿੱਚ ਖਰਪਤਵਾਰ ਨੂੰ ਸੈਲਯੂਲੋਜ਼ ਵਿੱਚ ਬਦਲਣ ਵਾਲੀ ਸੈਕੰਡ ਜੈਨਰੇਸ਼ਨ ਦੀ ਫੈਕਟਰੀ ਉਨ੍ਹਾਂ ਗਿਣਤੀ ਵਿੱਚ ਤਾਂ ਨਹੀਂ ਹੈ ਕਿ ਇੰਨੇ ਵੱਡੇ ਪੱਧਰ 'ਤੇ ਸੈਲਯੂਲੋਜ਼ ਬਣਾ ਸਕੀਏ।
 
ਇਸ ਲਈ ਸਵਾਲ ਬਣਦਾ ਹੈ ਕਿ ਸੈਲਯੂਲੋਜ਼ ਦੇ ਬਣੇ ਇਥਨੋਲ ਕਿੱਥੋਂ ਖਰੀਦੇ ਗਏ। ਸ਼ੀਰੇ ਦੇ ਇਥਨੋਲ ਦਾ ਫੀਸਦੀ ਕਿੰਨਾ ਸੀ ਅਤੇ ਸੈਲਯੂਲੋਜ਼ ਦਾ ਕਿੰਨਾ। ਕਿਤੇ ਬਾਹਰ ਤੋਂ ਇੰਪੋਰਟ ਤਾਂ ਨਹੀਂ ਹੋਇਆ, ਜਿਸਦਾ ਲਾਭ ਕੁਝ ਲੋਕਾਂ ਨੂੰ ਹੋਇਆ ਅਤੇ ਲਾਭ ਦਾ ਸੁਪਨਾ ਕਿਸਾਨਾਂ ਨੂੰ ਵੇਚਿਆ ਗਿਆ।
 
ਇਹ ਇਹ ਵੀ ਜਾਨਣਾ ਚਾਹੁੰਦੇ ਹਨ ਕਿ 39,000 ਕਰੋੜ ਦਾ ਟੈਂਡਰ ਨਿੱਕਲਿਆ ਤਾਂ ਉਹ ਕਿਹੜੀ ਕੰਪਨੀ ਸੀ, ਜਿਸਨੂੰ ਇਹ ਪੈਸਾ ਮਿਲਿਆ। ਉਨ੍ਹਾਂ ਕਿੱਥੋਂ ਗੰਨੇ ਦੇ ਸ਼ੀਰੇ ਤੋਂ ਬਣੇ ਇਥਨੋਲ ਖਰੀਦ ਕੇ ਸਪਲਾਈ ਕੀਤਾ ਅਤੇ ਫਿਰ ਉਸ ਵਿੱਚੋਂ ਕਿਸਾਨਾਂ ਦਾ ਹਿੱਸਾ ਕਦੋਂ ਮਿਲੇਗਾ, ਕਿਸਨੂੰ ਮਿਲਿਆ ਹੈ? ਉਨ੍ਹਾਂ ਨੂੰ ਡਰ ਹੈ ਕਿ ਇਨ੍ਹਾਂ ਸਵਾਲਾਂ ਦੇ ਜਵਾਬ ਕਿਸੇ ਵੱਡੇ ਗੇਮ ਜਾਂ ਘੁਟਾਲੇ ਵੱਲ ਨਾ ਜਾਂਦੇ ਹੋਣ। ਪ੍ਰਮੋਦ ਨੇ ਦੱਸਿਆ ਕਿ ਭਾਰਤ ਸਰਕਾਰ ਨੇ 2015, 2016 ਅਤੇ 2017 ਵਿੱਚ ਹਰ ਸਾਲ ਕਰੀਬ 14,000 ਕਰੋੜ ਇਥਨੋਲ ਦੀ ਖਰੀਦ ਦਾ ਟੈਂਡਰ ਕੱਢਿਆ। ਪੈਟ੍ਰੋਲੀਅਮ ਤੇ ਤੇਲ ਮੰਤਰਾਲੇ ਨੇ ਟੈਂਡਰ ਕੱਢੇ ਤਾਂ ਇਸ ਤਰ੍ਹਾਂ ਕਰੀਬ 39,000 ਕਰੋੜ ਦਾ ਟੈਂਡਰ ਨਿੱਕਲਿਆ।
 
3 ਸਾਲ ਬੀਤਣ ਦੇ ਬਾਅਦ ਵੀ ਅਜੇ ਤੱਕ ਇਹ ਸਾਫ ਨਹੀਂ ਹੋ ਸਕਿਆ ਹੈ ਕਿ ਕਿਸਾਨਾਂ ਤੱਕ ਉਹ ਪੈਸਾ ਕਦੋਂ ਪਹੁੰਚੇਗਾ। ਕਿਤੇ ਅਜਿਹਾ ਤਾਂ ਨਹੀਂ ਕਿ ਕੋਈ ਹੋਰ ਲੈ ਕੇ ਉਡ ਗਿਆ। ਉਨ੍ਹਾਂ ਕੋਲ ਇਸਦੀ ਕੋਈ ਪੱਕੀ ਜਾਣਕਾਰੀ ਨਹੀਂ ਹੈ। ਭਾਰਤ ਦੀ ਰਾਜਨੀਤੀ ਝੂਠ ਨਾਲ ਘਿਰ ਗਈ ਹੈ। ਝੂਠ ਦੇ ਹਮਲੇ ਤੋਂ ਬਚਣਾ ਮੁਸ਼ਕਿਲ ਹੈ। ਇਸ ਲਈ ਸਵਾਲ ਕਰਦੇ ਰਹੋ, ਨਹੀਂ ਤਾਂ ਸਿਰਫ ਲਾਰਿਆਂ ਵਿੱਚ ਹੀ ਫਸੇ ਰਹਿ ਜਾਓਗੇ। ਸਲੋਗਨ ਵਿੱਚ ਸਵਰਗ ਨਹੀਂ ਹੁੰਦਾ। ਵਿਗਿਆਪਨ ਅਤੇ ਭਾਸ਼ਣ ਨਾਲ ਰਾਸ਼ਨ ਨਹੀਂ ਮਿਲਦਾ ਹੈ।
(ਧੰਨਵਾਦ ਸਮੇਤ ਰਵੀਸ਼ ਕੁਮਾਰ)

 

Comments

Leave a Reply