Tue,Aug 03,2021 | 05:35:48am
HEADLINES:

editorial

ਬੇਰੁਜ਼ਗਾਰੀ ਦੇ ਦੌਰ 'ਚ ਸਰਕਾਰਾਂ ਖਤਮ ਕਰ ਰਹੀਆਂ ਨੌਕਰੀਆਂ

ਬੇਰੁਜ਼ਗਾਰੀ ਦੇ ਦੌਰ 'ਚ ਸਰਕਾਰਾਂ ਖਤਮ ਕਰ ਰਹੀਆਂ ਨੌਕਰੀਆਂ

ਇੱਕ ਚੰਗੀ ਨੌਕਰੀ ਕਿਸੇ ਵੀ ਨੌਜਵਾਨ ਦਾ ਸਭ ਤੋਂ ਵੱਡਾ ਸੁਪਨਾ ਹੁੰਦੀ ਹੈ, ਪਰ ਮੌਜ਼ੂਦਾ ਸਮੇਂ 'ਚ ਦੇਸ਼ ਦਾ ਨੌਜਵਾਨ ਆਜ਼ਾਦ ਭਾਰਤ ਦੇ ਸਭ ਤੋਂ ਵੱਡੇ ਰੁਜ਼ਗਾਰ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਮਈ 2019 'ਚ ਲੇਬਰ ਮਿਨੀਸਟਰੀ ਨੇ ਮੰਨਿਆ ਸੀ ਕਿ 2017-18 'ਚ ਦੇਸ਼ 'ਚ ਬੇਰੁਜ਼ਗਾਰੀ ਦਰ 6.1 ਫੀਸਦੀ ਰਹੀ, ਜੋ ਕਿ ਪਿਛਲੇ 45 ਸਾਲ 'ਚ ਸਭ ਤੋਂ ਜ਼ਿਆਦਾ ਸੀ। ਇਹ ਹੈਰਾਨੀਜਨਕ ਹੈ ਕਿ ਹੁਣ ਜਦੋਂ ਬੀਤੇ ਜੁਲਾਈ ਮਹੀਨੇ 'ਚ ਇਹ ਦਰ 8 ਫੀਸਦੀ ਦੇ ਆਲੇ-ਦੁਆਲੇ ਹੋ ਗਈ, ਉਦੋਂ ਸਰਕਾਰ ਨੇ ਰੇਲਵੇ ਵਰਗੇ ਵੱਡੇ ਖੇਤਰ ਦੀਆਂ ਨੌਕਰੀਆਂ 'ਤੇ ਕੈਂਚੀ ਚਲਾਉਣ ਦਾ ਐਲਾਨ ਕਰ ਦਿੱਤਾ ਹੈ।

ਸਰਕਾਰ ਦੇ ਇਸ ਕਦਮ ਨਾਲ ਜਿੱਥੇ ਇੱਕ ਪਾਸੇ ਖਾਲੀ ਪਈਆਂ 50 ਫੀਸਦੀ ਗੈਰ ਸੁਰੱਖਿਆ ਸ਼੍ਰੇਣੀ ਦੀਆਂ ਪੋਸਟਾਂ ਖਤਮ ਹੋ ਜਾਣਗੀਆਂ, ਉੱਥੇ ਗੈਰ ਸੁਰੱਖਿਆ ਸ਼੍ਰੇਣੀ 'ਚ ਫਿਲਹਾਲ ਨਵੀਆਂ ਨੌਕਰੀਆਂ ਪੈਦਾ ਹੋਣ 'ਤੇ ਵੀ ਰੋਕ ਲੱਗੀ ਰਹੇਗੀ। ਮਤਲਬ ਇਹ ਹੈ ਕਿ ਸਾਫ-ਸਾਫ ਕਿਹਾ ਜਾਵੇ ਤਾਂ ਨੌਜਵਾਨ ਵਰਗ ਅਗਲੇ ਕੁਝ ਸਾਲ ਰੇਲਵੇ 'ਚ ਨੌਕਰੀ ਦੇ ਸੁਪਨੇ ਦੇਖਣਾ ਛੱਡ ਹੀ ਦੇਣ। ਇਹ ਸਭ ਕੁਝ ਉਦੋਂ ਹੋ ਰਿਹਾ ਹੈ, ਜਦੋਂ ਕੋਰੋਨਾ ਸਮੇਂ 'ਚ 12 ਕਰੋੜ ਤੋਂ ਜ਼ਿਆਦਾ ਨੌਕਰੀਆਂ ਖੋਹ ਹੋਣ ਦੀ ਖਬਰ ਹੈ।

ਕਈ ਸੂਬਿਆਂ ਦੇ ਲੋਕ ਸੇਵਾ ਆਯੋਗ ਨੇ ਨਵੀਆਂ ਭਰਤੀਆਂ ਲਈ ਲਈਆਂ ਜਾਣ ਵਾਲੀਆਂ ਪ੍ਰੀਖਿਆਵਾਂ ਮੁਲਤਵੀ ਕਰ ਦਿੱਤੀਆਂ ਹਨ। ਦੂਜੇ ਸ਼ਬਦਾਂ 'ਚ ਅਸੀਂ ਕਹਿ ਸਕਦੇ ਹਾਂ ਕਿ ਅਗਲੇ ਕੁਝ ਸਾਲਾਂ 'ਚ ਵਿਦਿਆਰਥੀਆਂ ਨੂੰ ਉਨ੍ਹਾਂ ਪ੍ਰੀਖਿਆਵਾਂ ਦੇ ਮੌਕੇ ਘੱਟ ਮਿਲਣਗੇ, ਜਿਨ੍ਹਾਂ ਦੀਆਂ ਪ੍ਰੀਖਿਆਵਾਂ  ਲਗਾਤਾਰ ਹੁੰਦੀਆਂ ਰਹੀਆਂ ਹਨ। ਇਸ ਕੋਰੋਨਾ ਸਮੇਂ 'ਚ ਨਿੱਜੀ ਖੇਤਰ 'ਚ ਰੁਜ਼ਗਾਰ ਦੀ ਰਫਤਾਰ ਰੁਕ ਜਾਣ ਤੋਂ ਬਾਅਦ ਜਨਤੱਕ ਖੇਤਰ ਤੋਂ ਹੀ ਇੱਕੋ ਇੱਕ ਉਮੀਦ ਸੀ, ਪਰ ਹੁਣ ਉੱਥੇ ਵੀ ਨੌਜਵਾਨਾਂ ਨੂੰ ਨਮੋਸ਼ੀ ਹੱਥੀ ਲੱਗ ਰਹੀ ਹੈ।

ਫਿਕਰਾਂ ਇੱਥੇ ਖਤਮ ਨਹੀਂ ਹੁੰਦੀਆਂ। ਨੌਕਰੀਆਂ ਦੇ ਖਾਤਮੇ ਨਾਲ ਇਨ੍ਹਾਂ ਪ੍ਰੀਖਿਆਵਾਂ ਦੀ ਤਿਆਰੀ ਕਰਨ ਵਾਲੇ ਵਿਦਿਆਰਥੀਆਂ ਕਰਕੇ ਚੱਲਣ ਵਾਲੀ ਅਰਥ ਵਿਵਸਥਾ ਦਾ ਚੱਕਰ ਵੀ ਰੁਕ ਗਿਆ ਹੈ। ਦਿੱਲੀ ਦਾ ਮੁਖਰਜੀ ਨਗਰ ਇਲਾਕਾ ਪ੍ਰਤੀਯੋਗੀ ਪ੍ਰੀਖਿਆਵਾਂ ਦੀ ਤਿਆਰੀ ਕਰਨ ਵਾਲੇ ਵਿਦਿਆਰਥੀਆਂ ਦਾ ਗੜ੍ਹ ਮੰਨਿਆ ਜਾਂਦਾ ਹੈ, ਪਰ ਦੂਰ-ਦੂਰ ਤੱਕ ਪ੍ਰੀਖਿਆਵਾਂ ਦੇ ਆਸਾਰ ਨਜ਼ਰ ਨਹੀਂ ਆਉਣ ਕਰਕੇ ਅੱਧੇ ਤੋਂ ਜ਼ਿਆਦਾ ਵਿਦਿਆਰਥੀ ਆਪਣੇ-ਆਪਣੇ ਪਿੰਡ ਮੁੜ ਚੁੱਕੇ ਹਨ।

ਇਸ ਨਾਲ ਨਾ ਸਿਰਫ ਕਿਰਾਏ 'ਤੇ ਘਰ ਦੇਣ ਵਾਲੇ ਮਕਾਨ ਮਾਲਕਾਂ ਦੀ ਹਾਲਤ ਖਰਾਬ ਹੋ ਗਈ ਹੈ, ਸਗੋਂ ਕਿਤਾਬਾਂ ਦੀਆਂ ਦੁਕਾਨਾਂ ਤੋਂ ਲੈ ਕੇ ਰੇਹੜੀ ਲਗਾਉਣ ਵਾਲਿਆਂ ਤੱਕ ਦਾ ਕੰਮ ਖਤਮ ਹੋ ਗਿਆ ਹੈ। ਇਸ ਤੋਂ ਇਲਾਵਾ ਕੋਚਿੰਗ ਸੰਸਥਾਨਾਂ ਨੂੰ ਹਜ਼ਾਰਾਂ ਕਰੋੜ ਰੁਪਏ ਦੇ ਘਾਟੇ ਦਾ ਖਦਸ਼ਾ ਹੈ। ਇਨ੍ਹਾਂ ਸਾਰੀਆਂ ਚਿੰਤਾਵਾਂ ਕਰਕੇ ਵਿਦਿਆਰਥੀਆਂ ਦੇ ਭਵਿੱਖ ਦੀਆਂ ਚਿੰਤਾਵਾਂ ਜ਼ਿਆਦਾ ਡੂੰਘੀਆਂ ਹਨ। ਪਹਿਲਾਂ ਤੋਂ ਇਨ੍ਹਾਂ ਪ੍ਰੀਖਿਆਵਾਂ ਦੀ ਤਿਆਰੀ 'ਚ ਲੱਗੇ ਵਿਦਿਆਰਥੀ ਨਿਰਾਸ਼ਾ ਦੇ ਦੌਰ 'ਚੋਂ ਲੰਘ ਹੀ ਰਹੇ ਸਨ, ਹੁਣ ਉਨ੍ਹਾਂ ਸਾਹਮਣੇ ਭਵਿੱਖ ਹਨੇਰੇ 'ਚ ਗੁਆਚਦਾ ਨਜ਼ਰ ਆ ਰਿਹਾ ਹੈ।

ਵੱਡਾ ਨੁਕਸਾਨ ਤਾਂ ਉਨ੍ਹਾਂ ਦਾ ਹੋਇਆ ਹੈ, ਜੋ ਕਿ ਗ੍ਰੈਜੂਏਸ਼ਨ ਦੇ ਆਖਰੀ ਸਾਲ 'ਚ ਹਨ ਅਤੇ ਪਹਿਲਾਂ ਤੋਂ ਹੀ ਇਨ੍ਹਾਂ ਪ੍ਰੀਖਿਆਵਾਂ 'ਚ ਬੈਠਣ ਦਾ ਮਨ ਬਣਾ ਚੁੱਕੇ ਸਨ। ਹਾਲਾਂਕਿ ਸਾਲਾਂ ਤੋਂ ਬੇਰੁਜ਼ਗਾਰੀ ਦੇ ਹਾਲਾਤ ਕਿਸੇ ਤੋਂ ਲੁਕੇ ਹੋਏ ਨਹੀਂ ਹਨ, ਪਰ ਰਹਿੰਦੀਆਂ ਖੁੰਦੀਆਂ ਨੌਕਰੀਆਂ ਨੂੰ ਵੀ ਜੇਕਰ ਸਰਕਾਰ ਇਸੇ ਤਰ੍ਹਾਂ ਖਤਮ ਕਰਦੀ ਜਾਵੇਗੀ ਤਾਂ ਨੌਜਵਾਨਾਂ ਦਾ ਭਵਿੱਖ ਖਰਾਬ ਹੋਣਾ ਤੈਅ ਹੈ। ਰੁਜ਼ਗਾਰ ਹਾਸਲ ਕਰਨਾ ਕਿਸੇ ਵੀ ਦੇਸ਼ ਦੇ ਨੌਜਵਾਨਾਂ ਦਾ ਅਧਿਕਾਰ ਹੁੰਦਾ ਹੈ ਅਤੇ ਸਰਕਾਰ ਨੂੰ ਇਹ ਹੱਕ ਨਹੀਂ ਕਿ ਉਹ ਇਸਨੂੰ ਖੋਹ ਲਵੇ।
-ਰਿਜ਼ਵਾਨ ਅੰਸਾਰੀ

Comments

Leave a Reply