Tue,Jul 16,2019 | 12:37:52pm
HEADLINES:

editorial

ਲੋਕਾਂ ਨਾਲ ਵਾਅਦੇ ਕਰਕੇ ਵੀ ਰੁਜ਼ਗਾਰ ਨਹੀਂ ਦੇ ਸਕੀ ਸਰਕਾਰ

ਲੋਕਾਂ ਨਾਲ ਵਾਅਦੇ ਕਰਕੇ ਵੀ ਰੁਜ਼ਗਾਰ ਨਹੀਂ ਦੇ ਸਕੀ ਸਰਕਾਰ

ਆਮ ਗੱਲ ਤਾਂ ਇਹੀ ਹੈ ਕਿ 3 ਸੂਬਿਆਂ ਵਿੱਚ ਭਾਜਪਾ ਦੀਆਂ ਸਰਕਾਰਾਂ ਜਿਨ੍ਹਾਂ ਆਰਥਿਕ ਮਾਮਲਿਆਂ ਕਾਰਨ ਚੋਣਾਂ ਹਾਰ ਗਈਆਂ, ਉਹ ਸਨ-ਕਿਸਾਨਾਂ ਦਾ ਰੋਸ ਤੇ ਬੇਰੁਜ਼ਗਾਰੀ। ਬੇਸ਼ੱਕ ਦੋਵੇਂ ਮੁੱਦੇ ਆਪਸ ਵਿੱਚ ਜੁੜੇ ਹਨ। ਜੇਕਰ ਨੌਜਵਾਨਾਂ ਨੂੰ ਦਫਤਰਾਂ ਤੇ ਫੈਕਟਰੀਆਂ ਵਿੱਚ ਨੌਕਰੀ ਮਿਲ ਜਾਵੇ ਤਾਂ ਉਨ੍ਹਾਂ ਨੂੰ ਆਪਣਾ ਪਰਿਵਾਰ ਚਲਾਉਣ ਲਈ ਆਮਦਣੀ ਹੋਣ ਲੱਗੇਗੀ ਤੇ ਗੈਰਫਾਇਦੇਮੰਦ ਖੇਤੀਬਾੜੀ ਕਰਨ ਘੱਟ ਹੀ ਲੋਕ ਜਾਣਗੇ, ਪਰ ਫੈਕਟਰੀਆਂ ਵਿੱਚ ਨੌਕਰੀ ਮੁਸ਼ਕਿਲ ਨਾਲ ਹੀ ਮਿਲਦੀ ਹੈ ਅਤੇ ਦਫਤਰਾਂ ਵਿੱਚ ਅੰਗ੍ਰੇਜ਼ੀ ਭਾਸ਼ਾ ਵਾਲੇ ਉੱਚੀਆਂ ਜਾਤਾਂ ਦਾ ਦਬਦਬਾ ਹੈ।

ਜੇਕਰ ਤੁਸੀਂ ਪਿੰਡ ਛੱਡ ਕੇ ਸ਼ਹਿਰ ਜਾਓ ਤਾਂ ਉੱਥੇ ਦਾ ਜੀਵਨ ਹੋਰ ਮੁਸ਼ਕਿਲ ਹੈ। ਸ਼ਹਿਰ ਵਿੱਚ ਆ ਕੇ ਪਿੰਡ ਵਾਲੇ ਨਿਰਮਾਣ ਵਾਲੇ ਸਥਾਨਾਂ 'ਤੇ ਮਜ਼ਦੂਰੀ ਕਰਨ ਲੱਗਦੇ ਹਨ। ਉਨ੍ਹਾਂ ਵਿੱਚੋਂ ਹੁਨਰਮੰਦ ਲੋਕ ਰਾਜ ਮਿਸਤਰੀ, ਫਿਟਰ, ਇਲੈਕਟ੍ਰੀਸ਼ਨ ਦਾ ਕੰਮ ਕਰਨ ਲੱਗਦੇ ਹਨ। ਕਈ ਤਾਂ ਬਹੁਤ ਘੱਟ ਤਨਖਾਹ 'ਤੇ ਪਹਿਰੇਦਾਰ ਜਾਂ ਡ੍ਰਾਈਵਰ ਦਾ ਕੰਮ ਕਰਨ ਲੱਗਦੇ ਹਨ। ਉਨ੍ਹਾਂ ਦੀਆਂ ਪਤਨੀਆਂ ਪਿੰਡ ਵਿੱਚ ਰਹਿ ਜਾਂਦੀਆਂ ਹਨ ਜਾਂ ਸ਼ਹਿਰ ਵਿੱਚ ਘਰਾਂ 'ਚ ਸਾਫ-ਸਫਾਈ, ਭਾਂਡੇ ਮਾਂਜਣ ਦਾ ਕੰਮ ਕਰਨ ਲਗਦੀਆਂ ਹਨ।

ਪੁਰਸ਼ ਇੱਕ ਕਮਰੇ ਵਾਲੇ ਛੋਟੇ ਘਰ ਵਿੱਚ ਰਹਿਣ ਲੱਗਦੇ ਹਨ। ਪਰਿਵਾਰ ਨੂੰ ਪੈਸੇ ਭੇਜਣ ਲਈ ਆਪਣੇ ਉੱਪਰ ਬਹੁਤ ਘੱਟ ਖਰਚ ਕਰਦੇ ਹਨ। ਇਨ੍ਹਾਂ ਵਿੱਚੋਂ ਕੁਝ ਕੁ ਲੋਕ ਹੀ ਆਪਣੇ ਬੱਚਿਆਂ ਨੂੰ ਅਜਿਹੀ ਸਿੱਖਿਆ ਜਾਂ ਹੁਨਰ ਸਿਖਾ ਪਾਉਂਦੇ ਹਨ, ਜਿਸ ਨਾਲ ਉਹ ਇੱਕ-ਦੋ ਪੌੜੀ ਉੱਪਰ ਦੇ ਰੁਜ਼ਗਾਰ ਦੀ ਤਲਾਸ਼ ਕਰ ਸਕਣ। ਮਤਲਬ, ਕਾਰ ਮੈਕੇਨਿਕ, ਹੋਟਲ ਦੇ ਹਾਊਸਕੀਪਿੰਗ ਸਟਾਫ ਜਾਂ ਡਿਲੀਵਰੀ ਬਵਾਯ।

ਲੜਕੀਆਂ ਦੁਕਾਨ ਦੇ ਕਾਉਂਟਰ ਪਿੱਛੇ ਖੜੀਆਂ ਹੋ ਕੇ ਕੰਮ ਕਰਦੀਆਂ ਹਨ ਜਾਂ ਬੂਟੀਕ ਆਦਿ ਵਿੱਚ। ਉਹ ਆਪਣੇ ਮਾਲਕਾਂ ਦੇ ਤਰਸ 'ਤੇ ਨਿਰਭਰ ਕਰਦੇ ਹਨ। ਨਾ ਤਾਂ ਉਨ੍ਹਾਂ ਨੂੰ ਰੁਜ਼ਗਾਰ ਦੀ ਸੁਰੱਖਿਆ ਹਾਸਲ ਹੁੰਦੀ ਹੈ, ਨਾ ਮੈਡੀਕਲ ਸੁਰੱਖਿਆ। ਸਰਕਾਰ ਨੇ ਜੋ ਘੱਟੋ ਘੱਟ ਤਨਖਾਹ ਤੈਅ ਕੀਤੀ ਹੈ, ਉਹ ਆਮ ਤੌਰ 'ਤੇ ਸੁਪਨਾ ਹੀ ਬਣਿਆ ਰਹਿੰਦਾ ਹੈ। ਉਨ੍ਹਾਂ ਦਾ ਜੀਵਨ ਬਦਹਾਲ ਤੇ ਛੋਟਾ ਹੁੰਦਾ ਹੈ।

ਇਸ ਲਈ ਕੋਈ ਵੀ ਸਰਕਾਰੀ ਨੌਕਰੀ ਕਿਸੇ ਖੁੱਲੇ ਬਾਜ਼ਾਰ ਦੇ ਰੁਜ਼ਗਾਰ ਤੋਂ ਬੇਹਤਰ ਹੈ, ਕਿਉਂਕਿ ਉਸ ਵਿੱਚ ਤਨਖਾਹ ਚੰਗੀ ਹੈ, ਤੁਸੀਂ ਤੰਤਰ ਦੇ ਹਿੱਸੇ ਹੋ ਅਤੇ ਤੁਹਾਡੇ ਲਈ ਪੈਨਸ਼ਨ ਵੀ ਹੈ, ਪਰ ਸਰਕਾਰ ਨੇ ਵੀ ਗੜਬੜ ਸ਼ੁਰੂ ਕਰ ਦਿੱਤੀ ਹੈ। ਉਹ ਠੇਕੇ 'ਤੇ ਕੰਮ ਕਰਵਾਉਣ ਲੱਗੀ ਹੈ ਜਾਂ ਕੱਚੇ ਕਰਮਚਾਰੀ ਰੱਖ ਰਹੀ ਹੈ, ਜੋ ਕਿ ਸਾਲਾਂ ਤੱਕ ਪੱਕੇ ਨਹੀਂ ਹੋ ਪਾਉਂਦੇ। ਇਸ ਕੌੜੇ ਸੱਚ ਵਿੱਚ ਫਸ ਕੇ ਤੁਸੀਂ ਉਮੀਦ ਨਾਲ ਭਰ ਕੇ ਉਸ ਨੇਤਾ ਦਾ ਮੂੰਹ ਤੱਕਣ ਲਗਦੇ ਹੋ, ਜੋ ਕਿ ਸਭ ਕੁਝ ਬਦਲਣ ਦੇ ਵਾਅਦੇ ਕਰਦਾ ਹੈ।

ਹਰ ਸਾਲ 1 ਕਰੋੜ ਨਵੀਆਂ ਨੌਕਰੀਆਂ ਦੇਣ ਦਾ, ਪਰ 5 ਸਾਲ ਬਾਅਦ ਉਹ ਕੌੜਾ ਸੱਚ ਲਗਭਗ ਉਸੇ ਤਰ੍ਹਾਂ ਕਾਇਮ ਹੈ। ਹੁਣ ਜੇਕਰ ਕੋਈ ਨੌਕਰੀ ਵਿੱਚ ਰਾਖਵਾਂਕਰਨ, ਖਾਸ ਤੌਰ 'ਤੇ ਜਾਤੀ ਦੇ ਆਧਾਰ 'ਤੇ, ਲਈ ਅੰਦੋਲਨ ਸ਼ੁਰੂ ਕਰਦਾ ਹੈ ਤਾਂ ਤੁਸੀਂ ਇਸ ਉਮੀਦ ਵਿੱਚ ਰੈਲੀ ਜਾਂ ਜਲੂਸ ਵਿੱਚ ਸ਼ਾਮਲ ਹੁੰਦੇ ਹੋ ਕਿ ਕੁਝ ਤਾਂ ਬਦਲਾਅ ਆਵੇਗਾ।

ਜੇਕਰ ਕੋਈ ਪਾਰਟੀ ਤੁਹਾਡਾ ਕਰਜ਼ਾ ਮਾਫ ਕਰਨ ਦਾ ਵਾਅਦਾ ਕਰਦੀ ਹੈ ਤਾਂ ਉਸਨੂੰ ਤੁਹਾਡਾ ਵੋਟ ਮਿਲਦਾ ਹੈ, ਪਰ ਤੁਹਾਡੇ ਕੋਲ ਅਜੇ ਵੀ ਗੈਰ ਫਾਇਦੇਮੰਦ ਖੇਤ ਹਨ ਅਤੇ ਇਸ ਗੱਲ ਦੀ ਕੋਈ ਗਾਰੰਟੀ ਨਹੀਂ ਹੈ ਕਿ ਫਸਲ ਦੀ ਚੰਗੀ ਕੀਮਤ ਮਿਲੇਗੀ ਅਤੇ ਰਾਖਵੇਂਕਰਨ ਦੇ ਬਾਵਜੂਦ ਨੌਕਰੀਆਂ ਮਿਲਣਗੀਆਂ। ਕੌੜਾ ਸੱਚ ਇਹੀ ਹੈ ਕਿ ਭਾਰਤ ਦੀ ਰਾਜਨੀਤਕ ਅਰਥ ਨੀਤੀ ਕੋਲ ਦਰਦ ਨਿਵਾਰਕ ਗੋਲੀਆਂ ਤਾਂ ਹਨ, ਸਹੀ ਇਲਾਜ ਨਹੀਂ।
-ਟੀਐੱਨ ਨਾਇਨਨ

Comments

Leave a Reply