Mon,Oct 22,2018 | 12:04:07pm
HEADLINES:

editorial

ਗੋਦੀ ਮੀਡੀਆ : ਟੀਵੀ ਨਿਊਜ਼ ਚੈਨਲ 'ਕੂੜਾ' ਹੋ ਗਏ ਤੇ ਹਿੰਦੀ ਅਖਬਾਰ 'ਰੱਦੀ'

ਗੋਦੀ ਮੀਡੀਆ : ਟੀਵੀ ਨਿਊਜ਼ ਚੈਨਲ 'ਕੂੜਾ' ਹੋ ਗਏ ਤੇ ਹਿੰਦੀ ਅਖਬਾਰ 'ਰੱਦੀ'

ਅੱਜ ਦੀ ਰਾਜਨੀਤੀ ਤੁਹਾਨੂੰ ਚੁੱਪ-ਚੁਪੀਤੇ ਇੱਕ ਨਾਅਰਾ ਦੇ ਰਹੀ ਹੈ। ਤੁਸੀਂ ਸਾਨੂੰ ਵੋਟ ਦਿਓ, ਅਸੀਂ ਤੁਹਾਨੂੰ ਹਿੰਦੂ-ਮੁਸਲਮਾਨ ਡਿਬੇਟ ਦੇਵਾਂਗੇ। ਇਸ ਡਿਬੇਟ ਵਿੱਚ ਤੁਹਾਡੇ ਜੀਵਨ ਦੇ 10-20 ਸਾਲ ਟੀਵੀ ਦੇ ਸਾਹਮਣੇ ਅਤੇ ਚਾਹ ਦੀਆਂ ਦੁਕਾਨਾਂ 'ਤੇ ਆਰਾਮ ਨਾਲ ਕੱਟ ਜਾਣਗੇ। ਨਾ ਨੌਕਰੀ ਦੀ ਜ਼ਰੂਰਤ ਹੋਵੇਗੀ, ਨਾ ਦਫਤਰ ਜਾਣ ਵਿੱਚ ਪੈਰਾਂ 'ਚ ਦਰਦ ਹੋਵੇਗਾ। ਕਈ ਵਾਰ 'ਗੋਦੀ ਮੀਡੀਆ' ਦੇ ਅਖਬਾਰ ਤੇ ਚੈਨਲ ਦੇਖਣ ਤੋਂ ਲਗਦਾ ਹੈ ਕਿ ਇਸ ਦੌਰ ਵਿੱਚ ਮੁਸਲਮਾਨਾਂ ਨਾਲ ਨਫਰਤ ਕਰਨਾ ਹੀ ਰੁਜ਼ਗਾਰ ਹੈ। 
 
ਮੰਤਰੀ ਅਤੇ ਨੇਤਾ ਨੌਜਵਾਨਾਂ ਦੇ ਸਾਹਮਣੇ ਨਹੀਂ ਆਉਂਦੇ। ਆਉਂਦੇ ਵੀ ਹਨ ਤਾਂ ਕਿਸੇ ਮਹਾਨ ਵਿਅਕਤੀ ਦੀ ਮਹਾਨਤਾ ਦੀ ਵਡਿਆਈ ਕਰਦੇ ਹੋਏ ਆਉਂਦੇ ਹਨ, ਤਾਂਕਿ ਦੇਸ਼ ਪ੍ਰੇਮ ਦੇ ਓਹਲੇ ਦੇਸ਼ ਦਾ ਨੌਜਵਾਨ ਆਪਣੀ ਭੁੱਖ ਬਾਰੇ ਗੱਲ ਨਾ ਕਰੇ। ਇਹੀ ਇਸ ਦੌਰ ਦਾ ਖੂਬਸੂਰਤ ਸੱਚ ਹੈ। ਬੇਰੁਜ਼ਗਾਰ ਰੁਜ਼ਗਾਰ ਨਹੀਂ ਮੰਗ ਰਿਹਾ ਹੈ।
 
ਉਹ ਇਤਿਹਾਸ ਦਾ ਹਿਸਾਬ ਕਰ ਰਿਹਾ ਹੈ। ਉਸਨੂੰ ਨੌਕਰੀ ਨਹੀਂ, ਝੂਠਾ ਇਤਿਹਾਸ ਚਾਹੀਦਾ ਹੈ। ਕੀ ਤੁਹਾਨੂੰ ਪਤਾ ਹੈ ਕਿ 2014-15 ਅਤੇ 2015-16 ਵਿੱਚ ਪ੍ਰਾਈਵੇਟ ਅਤੇ ਸਰਕਾਰੀ ਕੰਪਨੀਆਂ ਨੇ ਕਿੰਨੀਆਂ ਨੌਕਰੀਆਂ ਘੱਟ ਕੀਤੀਆਂ ਹਨ? ਜਨਤੱਕ ਖੇਤਰ ਦੀ ਕੰਪਨੀ ਨੂੰ ਵੀ ਮੈਂ ਸਰਕਾਰੀ ਹੀ ਕਹਿੰਦਾ ਹਾਂ। 
 
ਸੈਂਟਰ ਫਾਰ ਮਾਨੀਟਰਿੰਗ ਇੰਡੀਅਨ ਇਕੋਨਾਮੀ ਦੇ ਡਾਇਰੈਕਟਰ ਮਹੇਸ਼ ਹਰ ਮੰਗਲਵਾਰ ਨੂੰ ਬਿਜ਼ਨੈੱਸ ਸਟੈਂਡਰਡ ਵਿੱਚ ਰੁਜ਼ਗਾਰ ਨੂੰ ਲੈ ਕੇ ਲੇਖ ਲਿਖਦੇ ਹਨ। ਹਿੰਦੀ ਦੇ ਅਖਬਾਰਾਂ ਵਿੱਚ ਅਜਿਹੇ ਲੇਖ ਨਹੀਂ ਮਿਲਣਗੇ। ਉੱਥੇ ਤੁਹਾਨੂੰ ਸਿਰਫ ਘਟੀਆ ਪੱਤਰਕਾਰਾਂ ਦੇ ਨੇਤਾਵਾਂ ਸਬੰਧੀ ਲੇਖ ਹੀ ਮਿਲਣਗੇ।
 
ਮਹੇਸ਼ ਨੇ ਜੋ ਲਿਖਿਆ ਹੈ, ਉਹ ਮੈਂ ਤੁਹਾਡੇ ਲਈ ਹਿੰਦੀ ਵਿੱਚ ਪੇਸ਼ ਕਰ ਰਿਹਾ ਹਾਂ। 2014-15 ਵਿੱਚ 8 ਅਜਿਹੀਆਂ ਕੰਪਨੀਆਂ ਸਨ, ਜਿਨ੍ਹਾਂ ਵਿੱਚੋਂ ਹਰ ਕਿਸੇ ਨੇ ਔਸਤ 10,000 ਲੋਕਾਂ ਨੂੰ ਕੰਮ ਤੋਂ ਕੱਢਿਆ। ਇਨ੍ਹਾਂ ਵਿੱਚ ਪ੍ਰਾਈਵੇਟ ਕੰਪਨੀਆਂ ਵੀ ਹਨ ਅਤੇ ਸਰਕਾਰੀ ਵੀ। ਵੇਦਾਂਤਾ ਨੇ 49,741 ਲੋਕਾਂ ਨੂੰ ਨੌਕਰੀ ਵਿੱਚੋਂ ਕੱਢਿਆ। 
 
ਫਿਊਚਰ ਐਂਟਰਪ੍ਰਾਈਜ਼ ਨੇ 10,539 ਲੋਕਾਂ ਨੂੰ ਘੱਟ ਕੀਤਾ। ਫੋਰਟਿਸ ਹੈਲਥਕੇਅਰ ਨੇ 18,000 ਲੋਕਾਂ ਨੂੰ ਘੱਟ ਕੀਤਾ। ਟੇਕ ਮਹਿੰਦਰਾ ਨੇ 10,470 ਕਰਮਚਾਰੀ ਘੱਟ ਕੀਤੇ। ਸੇਲ ਜਨਤੱਕ ਖੇਤਰ ਦੀ ਕੰਪਨੀ ਹੈ, ਇਸਨੇ 30,413 ਲੋਕਾਂ ਦੀ ਕਮੀ ਕੀਤੀ। ਬੀਐੱਸਐੱਨਐੱਲ ਨੇ 12,765 ਲੋਕਾਂ ਨੂੰ ਕੰਮ ਤੋਂ ਕੱਢਿਆ। ਇੰਡੀਅਨ ਆਇਲ ਕਾਰਪੋਰੇਸ਼ਨ ਨੇ 11,924 ਲੋਕਾਂ ਨੂੰ ਘਟਾਇਆ, ਸਿਰਫ 3 ਸਰਕਾਰੀ ਕੰਪਨੀਆਂ ਨੇ 55,000 ਨੌਕਰੀਆਂ ਘੱਟ ਕੀਤੀਆਂ ਹਨ। ਕੀ ਪ੍ਰਧਾਨ ਮੰਤਰੀ ਨੇ ਇਸਦਾ ਡੇਟਾ ਦਿੱਤਾ ਸੀ ਲੋਕਸਭਾ ਵਿੱਚ? ਕੀ ਤੁਸੀਂ ਮੰਗਿਆ ਸੀ?
 
2015-16 ਵਿੱਚ ਲਾਰਸਨ ਐਂਡ ਟਰੂਬੋ ਨੇ 1,11,020 ਨੌਕਰੀਆਂ ਘੱਟ ਕੀਤੀਆਂ। ਫਿਊਚਰ ਐਂਟਰਪ੍ਰਾਈਜ਼ ਨੇ 23,449 ਲੋਕਾਂ ਨੂੰ ਨੌਕਰੀ ਤੋਂ ਕੱਢਿਆ। ਇਸ ਸਾਲ ਸੇਲ ਨੇ 18,603 ਲੋਕਾਂ ਨੂੰ ਨੌਕਰੀ ਤੋਂ ਕੱਢਿਆ ਜਾਂ ਨੌਕਰੀਆਂ ਘੱਟ ਕਰ ਦਿੱਤੀਆਂ। ਇਸ ਤੋਂ ਬਾਅਦ ਵੀ ਇਸ ਸਾਲ ਰੁਜ਼ਗਾਰ ਵਾਧੇ ਦੀ ਦਰ 0.4 ਫੀਸਦੀ ਰਹੀ।
 
ਜ਼ਰਾ ਪਤਾ ਕਰੋ ਫਿਊਚਰ ਐਂਟਰਪ੍ਰਾਈਜ਼ ਕਿਸਦੀ ਕੰਪਨੀ ਹੈ, ਜਿਸਨੇ 2 ਸਾਲ ਵਿੱਚ 34,000 ਲੋਕਾਂ ਨੂੰ ਨੌਕਰੀ ਤੋਂ ਕੱਢਿਆ ਜਾਂ ਘਟਾਇਆ। 2016-17 ਵਿੱਚ ਕਾਰਪੋਰੇਟ ਸੈਕਟਰ ਵਿੱਚ ਨੌਕਰੀਆਂ ਦੀ ਹਾਲਤ ਸੁਧਰੀ ਹੈ। ਰੁਜ਼ਗਾਰ ਵਿੱਚ ਵਾਧਾ ਦਰ 2.7 ਫੀਸਦੀ ਰਹੀ ਹੈ। ਪਿਛਲੇ ਕਈ ਸਾਲਾਂ ਦੇ ਮੁਕਾਬਲੇ ਇਹ ਚੰਗਾ ਸੰਕੇਤ ਹੈ, ਪਰ 4 ਫੀਸਦੀ ਰੁਜ਼ਗਾਰ ਵਾਧੇ ਸਾਹਮਣੇ ਛੋਟਾ ਜਿਹਾ ਹੈ।
 
ਮਹੇਸ਼ ਦੱਸਦੇ ਹਨ ਕਿ 2003-04, 2004-05 ਵਿੱਚ ਰੁਜ਼ਗਾਰ ਦੀ ਵਾਧਾ ਦਰ ਕਾਫੀ ਖਰਾਬ ਸੀ, ਪਰ ਉਸ ਤੋਂ ਬਾਅਦ 2011-12 ਤੱਕ 4 ਫੀਸਦੀ ਦੀ ਦਰ ਨਾਲ ਵਧਦੀ ਹੈ, ਜੋ ਕਿ ਕਾਫੀ ਚੰਗੀ ਮੰਨੀ ਜਾਂਦੀ ਹੈ। 2012-13 ਵਿੱਚ ਇਸ ਵਿੱਚ ਕਮੀ ਆਉਣ ਲਗਦੀ ਹੈ। ਇਸ ਸਾਲ 4 ਫੀਸਦੀ ਤੋਂ ਹੇਠਾਂ ਆ ਕੇ 0.9 ਫੀਸਦੀ 'ਤੇ ਆ ਜਾਂਦੀ ਹੈ। 2013-14 ਵਿੱਚ 3.3 ਫੀਸਦੀ ਹੋ ਜਾਂਦੀ ਹੈ, ਪਰ 2014-15 ਵਿੱਚ ਫਿਰ ਤੇਜ਼ੀ ਨਾਲ ਕਮੀ ਆਉਂਦੀ ਹੈ। 2015-16, 2016-17 ਵਿੱਚ ਵੀ ਕਮੀ ਇਸੇ ਤਰ੍ਹਾਂ ਰਹਿੰਦੀ ਹੈ। ਇਨ੍ਹਾਂ ਸਾਲਾਂ ਵਿੱਚ ਰੁਜ਼ਗਾਰ ਵਾਧੇ ਦਾ ਔਸਤ ਸਿਰਫ 0.75 ਫੀਸਦੀ ਰਿਹਾ। 2015-16 ਵਿੱਚ ਤਾਂ ਰੁਜ਼ਗਾਰ ਵਾਧਾ ਦਰ 0.4 ਫੀਸਦੀ ਸੀ।
 
ਮਹੇਸ਼ ਰੁਜ਼ਗਾਰ ਦੇ ਅੰਕੜਿਆਂ 'ਤੇ ਲਗਾਤਾਰ ਲਿਖਦੇ ਰਹਿੰਦੇ ਹਨ। ਇਸ ਵਾਰ ਲਿਖਿਆ ਹੈ ਕਿ ਭਾਰਤੀ ਕੰਪਨੀਆਂ ਬਹੁਤ ਸਾਰਾ ਡੇਟਾ ਲੁਕਾਉਂਦੀਆਂ ਹਨ। ਜ਼ਰੂਰਤ ਹੈ ਕਿ ਉਹ ਹੋਰ ਵੀ ਜਾਣਕਾਰੀ ਦੇਣ। ਮਹੇਸ਼ ਲਿਖਦੇ ਹਨ ਕਿ ਅਸੀਂ ਕੰਪਨੀਆਂ ਨੂੰ ਮਜਬੂਰ ਕਰਨ ਵਿੱਚ ਨਾਕਾਮ ਰਹੇ ਹਨ ਕਿ ਉਹ ਰੁਜ਼ਗਾਰ ਦੇ ਸਹੀ ਅੰਕੜੇ ਦੇਣ। ਕਾਨੂੰਨ ਹੈ ਕਿ ਕੰਪਨੀਆਂ ਪੱਕੇ ਅਤੇ ਕੱਚੇ ਕਿਸਮ ਦੇ ਅਲੱਗ-ਅਲੱਗ ਰੁਜ਼ਾਗਰ ਦੇ ਅੰਕੜੇ ਦੇਣਗੀਆਂ।
 
ਮਹੇਸ਼ ਦੀ ਸੰਸਥਾ ਸੈਂਟਰ ਫਾਰ ਮਾਨੀਟਰਿੰਗ ਇੰਡੀਅਨ ਇਕੋਨਾਮੀ 3,441 ਕੰਪਨੀਆਂ ਦੇ ਡੇਟਾ ਦੀ ਪੜਤਾਲ ਕਰਦੀ ਹੈ। 2016-17 ਲਈ ਉਸਦੇ ਕੋਲ 3,000 ਤੋਂ ਜ਼ਿਆਦਾ ਕੰਪਨੀਆਂ ਦਾ ਡੇਟਾ ਹੈ, ਜਦਕਿ 2013-14 ਵਿੱਚ ਉਨ੍ਹਾਂ ਕੋਲ 1,443 ਕੰਪਨੀਆਂ ਦਾ ਹੀ ਡੇਟਾ ਸੀ। 
 
2016-17 ਵਿੱਚ 3,441 ਕੰਪਨੀਆਂ ਨੇ 84 ਲੱਖ ਰੁਜ਼ਗਾਰ ਦੇਣ ਦਾ ਡੇਟਾ ਦਿੱਤਾ ਹੈ। 2013-14 ਵਿੱਚ 1,443 ਕੰਪਨੀਆਂ ਨੇ 67 ਲੱਖ ਰੁਜ਼ਗਾਰ ਦੇਣ ਦਾ ਡੇਟਾ ਦਿੱਤਾ ਸੀ। ਇਸ ਤਰ੍ਹਾਂ ਦੇਖੀਏ ਤਾਂ ਕੰਪਨੀਆਂ ਦੀ ਗਿਣਤੀ ਡਬਲ ਤੋਂ ਜ਼ਿਆਦਾ ਹੋਣ ਦੇ ਬਾਅਦ ਵੀ ਰੁਜ਼ਗਾਰ ਵਿੱਚ ਖਾਸ ਵਾਧਾ ਨਹੀਂ ਹੋਇਆ। 
 
ਪ੍ਰਧਾਨ ਮੰਤਰੀ ਨੇ ਲੋਕਸਭਾ ਵਿੱਚ ਅਵਿਸ਼ਵਾਸ ਪ੍ਰਸਤਾਵ 'ਤੇ ਜਵਾਬ ਦਿੰਦੇ ਹੋਏ ਰੁਜ਼ਗਾਰ ਦੇ ਕਈ ਅੰਕੜੇ ਦਿੱਤੇ ਸਨ। ਤੁਸੀਂ ਉਸ ਭਾਸ਼ਣ ਨੂੰ ਫਿਰ ਤੋਂ ਸੁਣੋ। ਉਂਜ ਰੁਜ਼ਗਾਰ ਨੂੰ ਲੈ ਕੇ ਸੋਧ ਕਰਨ ਅਤੇ ਲਗਾਤਾਰ ਲਿਖਣ ਵਾਲੇ ਮਹੇਸ਼ ਨੇ 24 ਜੁਲਾਈ ਦੇ ਬਿਜ਼ਨੈੱਸ ਸਟੈਂਡਰਡ ਵਿੱਚ ਉਨ੍ਹਾਂ ਦੇ ਭਾਸ਼ਣ ਦੀ ਆਲੋਚਨਾ ਪੇਸ਼ ਕੀਤੀ ਸੀ।
 
ਪ੍ਰਧਾਨ ਮੰਤਰੀ ਅੰਕੜੇ ਦੇ ਰਹੇ ਹਨ ਕਿ ਸਤੰਬਰ 2017 ਤੋਂ ਮਈ 2018 ਵਿਚਕਾਰ ਈਪੀਐੱਫਓ ਨਾਲ 45 ਲੱਖ ਲੋਕ ਜੁੜੇ ਹਨ। ਇਸੇ ਦੌਰਾਨ ਨੈਸ਼ਨਲ ਪੈਨਸ਼ਨ ਸਕੀਮ ਵਿੱਚ ਕਰੀਬ ਸਾਢੇ 5 ਲੱਖ ਲੋਕ ਜੁੜੇ ਹਨ। ਹੁਣ ਮਹੇਸ਼ ਕਹਿੰਦੇ ਹਨ ਕਿ ਇਹ ਗਿਣਤੀ ਹੁੰਦੀ ਹੈ 50 ਲੱਖ, ਪਰ ਪ੍ਰਧਾਨ ਮੰਤਰੀ ਸੌਖਿਆਂ ਹੀ 70 ਲੱਖ ਕਰ ਦਿੰਦੇ ਹਨ। ਰਾਉਂਡ ਫਿੱਗਰ ਦੇ ਚੱਕਰ ਵਿੱਚ 20 ਲੱਖ ਵਧਾ ਦਿੰਦੇ ਹਨ।
 
50 ਤੋਂ 70 ਲੱਖ ਕਰਨ ਦਾ ਜਾਦੂ ਸਾਡੇ ਪ੍ਰਧਾਨ ਮੰਤਰੀ ਹੀ ਕਰ ਸਕਦੇ ਹਨ। ਇਸ ਲਈ ਉਹ ਈ-ਮੇਲ ਨਾਲ ਇੰਟਰਵਿਊ ਦਿੰਦੇ ਹਨ, ਤਾਂਕਿ ਐਂਕਰ ਵੀ ਬਦਨਾਮ ਨਾ ਹੋਵੇ ਕਿ ਉਸਨੇ ਨੌਕਰੀ ਨੂੰ ਲੈ ਕੇ ਸਹੀ ਸਵਾਲ ਨਹੀਂ ਕੀਤਾ। ਪ੍ਰਧਾਨ ਮੰਤਰੀ ਨੇ ਹਾਲ ਹੀ ਵਿੱਚ ਈ-ਮੇਲ ਨਾਲ ਇੰਟਰਵਿਊ ਦੇ ਕੇ 'ਗੋਦੀ ਮੀਡੀਆ' ਦੇ ਐਂਕਰਾਂ ਨੂੰ ਬਦਨਾਮ ਹੋਣ ਤੋਂ ਬਚਾ ਲਿਆ। ਮੀਡੀਆ ਦੀ ਇਮੇਜ਼ ਡਿਗਦੀ ਹੈ ਤਾਂ ਉਸਦਾ ਜ਼ਿੰਮਾ ਉਨ੍ਹਾਂ 'ਤੇ ਆ ਜਾਂਦਾ ਹੈ।
 
ਇਸੇ ਲਈ ਕਹਿੰਦਾ ਹਾਂ ਕਿ ਤੁਸੀਂ ਰੀਡਰ ਤੇ ਦਰਸ਼ਕ ਦੇ ਰੂਪ ਵਿੱਚ ਆਪਣਾ ਵਿਵਹਾਰ ਬਦਲੋ। ਥੋੜਾ ਸਖਤ ਰਹੋ। ਦੇਖੋ ਕਿ ਕਿੱਥੇ ਸਵਾਲ ਉੱਠ ਰਹੇ ਹਨ ਅਤੇ ਕਿੱਥੇ ਨਹੀਂ। ਸਵਾਲਾਂ ਨਾਲ ਹੀ ਤੱਥਾਂ ਤੋਂ ਬਾਹਰ ਆਉਣ ਦਾ ਰਾਹ ਖੁੱਲਦਾ ਹੈ। ਹਿੰਦੀ ਦੇ ਅਖਬਾਰ ਤੁਹਾਨੂੰ ਕੂੜਾ ਦੇ ਰਹੇ ਹਨ ਅਤੇ ਤੁਹਾਡੀ ਜਵਾਨੀ ਦੀਆਂ ਉਮੀਦਾਂ-ਸੁਪਨਿਆਂ ਨੂੰ ਕੂੜੇ ਨਾਲ ਢਕ ਰਹੇ ਹਨ। ਅਖਬਾਰ ਖਰੀਦ ਲੈਣ ਤੇ ਖੋਲ ਕੇ ਪੜ੍ਹ ਲੈਣ ਨਾਲ ਰੀਡਰ ਨਹੀਂ ਹੋ ਜਾਂਦੇ।
 
'ਗੋਦੀ ਮੀਡੀਆ' ਦੇ ਦੌਰ 'ਚ ਹੇਰਾਫੇਰੀ ਨੂੰ ਫੜਨਾ ਹੀ ਤੁਹਾਡਾ ਕੰਮ ਹੈ। ਨਹੀਂ ਤਾਂ ਤੁਹਾਨੂੰ ਹਨੇਰੇ ਵਿੱਚ ਬੱਸ ਜੈਕਾਰੇ ਲਗਾਉਣ ਵਾਲੇ ਬਣਾ ਦਿੱਤਾ ਜਾਵੇਗਾ। ਮੈਂ 20 ਸਾਲ ਦੇ ਪੱਤਰਕਾਰੀਤਾ ਜੀਵਨ ਵਿੱਚ ਇਹੀ ਜਾਣਿਆ ਹੈ ਕਿ ਚੈਨਲ ਤਾਂ ਕੂੜਾ ਹੀ ਹੋ ਗਏ ਹਨ, ਹਿੰਦੀ ਦੇ ਅਖਬਾਰ ਵੀ ਰੱਦੀ ਹਨ।

9 ਮਹੀਨਿਆਂ 'ਚ ਈਪੀਐੱਫਓ ਨਾਲ 39 ਲੱਖ ਜੁੜੇ
ਇੰਪਲਾਈਜ਼ ਪ੍ਰੋਵੀਡੈਂਟ ਫੰਡ ਆਰਗਨਾਈਜ਼ੇਸ਼ਨ (ਈਪੀਐੱਫਓ) ਦਾ ਨਵਾਂ ਅੰਕੜਾ ਆਇਆ ਹੈ। ਪਿਛਲੇ ਸਾਲ ਸਤੰਬਰ ਤੋਂ ਇਸ ਸਾਲ ਮਈ ਵਿਚਕਾਰ ਕਿੰਨੇ ਕਰਮਚਾਰੀ ਇਸ ਨਾਲ ਜੁੜੇ ਹਨ, ਇਸਦੀ ਸਮੀਖਿਆ ਕੀਤੀ ਗਈ ਹੈ। ਪਹਿਲਾਂ ਅਨੁਮਾਨ ਦੱਸਿਆ ਗਿਆ ਸੀ ਕਿ ਇਸ ਦੌਰਾਨ 45 ਲੱਖ ਕਰਮਚਾਰੀ ਜੁੜੇ। ਸਮੀਖਿਆ ਤੋਂ ਬਾਅਦ ਇਸ ਵਿੱਚ 12.4 ਫੀਸਦੀ ਦੀ ਕਮੀ ਆਈ ਹੈ। ਮਤਲਬ, ਹੁਣ ਇਹ ਗਿਣਤੀ 39 ਲੱਖ ਹੋ ਗਈ ਹੈ।
 
ਈਪੀਐੱਫਓ ਦੇ ਅੰਕੜੇ ਘਟਦੇ-ਵਧਦੇ ਰਹਿੰਦੇ ਹਨ। ਕਾਰਨ ਦੱਸਿਆ ਗਿਆ ਹੈ ਕਿ ਕੰਪਨੀਆਂ ਆਪਣਾ ਰਿਟਰਨ ਲੇਟ ਫਾਈਲ ਕਰਦੀਆਂ ਹਨ। ਜਿਹੜੇ ਕਰਮਚਾਰੀ ਕੱਢੇ ਜਾਂਦੇ ਹਨ ਜਾਂ ਛੱਡ ਜਾਂਦੇ ਹਨ, ਉਨ੍ਹਾਂ ਦੀ ਸੂਚਨਾ ਵੀ ਦੇਰ ਨਾਲ ਦਿੰਦੀਆਂ ਹਨ। ਸਤੰਬਰ 2017 ਤੋਂ ਲੈ ਕੇ ਮਈ 2018 ਦੇ ਹਰ ਮਹੀਨੇ ਦੇ ਈਪੀਐੱਫਓ ਪੇ-ਰੋਲ ਦੀ ਸਮੀਖਿਆ ਕੀਤੀ ਗਈ ਹੈ। ਕਿਸੇ ਮਹੀਨੇ ਵਿੱਚ 5 ਫੀਸਦੀ ਦੀ ਕਮੀ ਆਈ ਹੈ ਤਾਂ ਕਿਸੇ ਮਹੀਨੇ ਵਿੱਚ 27 ਫੀਸਦੀ ਦੀ।
 
ਇਸ ਸਾਲ ਵਿੱਚ ਮਈ ਵਿੱਚ 10 ਫੀਸਦੀ ਦੀ ਕਮੀ ਹੈ, ਜਦਕਿ ਉਸਦੇ ਅਗਲੇ ਮਹੀਨੇ ਜੂਨ ਵਿੱਚ 24 ਫੀਸਦੀ ਦਾ ਵਾਧਾ ਹੋਇਆ ਹੈ। ਕੁੱਲ ਮਿਲਾ ਕੇ ਨਵੀਂ ਸਮੀਖਿਆ ਮੁਤਾਬਕ, 9 ਮਹੀਨਿਆਂ ਵਿੱਚ ਈਪੀਐੱਫਓ ਨਾਲ ਜੁੜਨ ਵਾਲੇ ਕਰਮਚਾਰੀਆਂ ਦੀ ਗਿਣਤੀ ਕਰੀਬ 39 ਲੱਖ ਹੋ ਜਾਂਦੀ ਹੈ।
-ਰਵੀਸ਼ ਕੁਮਾਰ
(ਇਹ ਲੇਖ ਰਵੀਸ਼ ਕੁਮਾਰ ਦੇ ਬਲਾਗ ਕਸਬਾ 'ਤੇ ਪ੍ਰਕਾਸ਼ਿਤ ਹੋਇਆ ਹੈ)

Comments

Leave a Reply