13th
November
ਕੋਰੋਨਾ ਸੰਕਟ : ਗਰੀਬ ਤੜਫਦੇ ਰਹੇ ਤੇ ਅਮੀਰ ਕਮਾਈ ਕਰਦੇ ਰਹੇ
ਇਸ ਸਾਲ (2020) ਦੀ ਗਲੋਬਲ ਹੰਗਰ ਇੰਡੈਕਸ ਰਿਪੋਰਟ ਭਾਰਤੀਆਂ ਲਈ ਅੱਖਾਂ ਖੋਲਣ ਵਾਲੀ ਹੈ। ਇਹ ਗੱਲ ਹੈਰਾਨ ਨਹੀਂ ਕਰਦੀ ਕਿ ਭਾਰਤ 107 ਦੇਸ਼ਾਂ 'ਚੋਂ 94 ਨੰਬਰ 'ਤੇ ਹੈ, ਕਿਉਂਕਿ 2019 'ਚ ਭਾਰਤ ਦੀ ਰੈਂਕਿੰਗ 119 ਦੇਸ਼ਾਂ ਵਿਚਕਾਰ 103 ਅਤੇ 2018 'ਚ 117 ਦੇਸ਼ਾਂ ਵਿਚਕਾਰ 102 ਰਹੀ ਸੀ। ਹੈਰਾਨੀ ਦੀ ਗੱਲ ਇਹ ਹੈ ਕਿ ਅਫਗਾਨਿਸਤਾਨ ਨੂੰ ਛੱਡ ਕੇ ਭਾਰਤ ਆਪਣੇ ਸਾਰੇ ਗੁਆਂਢੀ ਦੇਸ਼ਾਂ ਤੋਂ ਗਲੋਬਲ ਹੰਗਰ ਇੰਡੈਕਸ 'ਚ ਪਿੱਛੇ ਹੈ। ਤੇਜ਼ ਰਫਤਾਰ ਵਿਕਾਸ ਦਰ ਤੋਂ ਲੈ ਕੇ 5 ਟ੍ਰਿਲੀਅਨ ਡਾਲਰ ਦੀ ਇਕੋਨਮੀ ਦੇ ਦਾਅਵਿਆਂ ਦੀ ਇਹ ਇੰਡੈਕਸ ਰਿਪੋਰਟ ਹਵਾ ਕੱਢਦੀ ਦਿਖਾਈ ਦਿੰਦੀ ਹੈ।
ਜੇਕਰ ਗੁਆਂਢੀ ਦੇਸ਼ਾਂ ਦੀ ਚਰਚਾ ਕਰ ਲਈਏ ਤਾਂ ਸ੍ਰੀਲੰਕਾ ਦਾ ਗਲੋਬਲ ਹੰਗਰ ਇੰਡੈਕਸ ਮਤਲਬ ਜੀਐੱਚਆਈ 16.3 ਹੈ ਅਤੇ ਇਹ 64ਵੇਂ ਨੰਬਰ 'ਤੇ ਹੈ, ਜਦਕਿ ਨੇਪਾਲ 19.5 ਜੀਐੱਚਆਈ ਦੇ ਨਾਲ 73ਵੇਂ ਨੰਬਰ 'ਤੇ ਹੈ। ਬੰਗਲਾਦੇਸ਼, ਮਿਆਂਮਾਰ ਤੇ ਪਾਕਿਸਤਾਨ ਲੜੀਵਾਰ 75, 78 ਤੇ 88ਵੇਂ ਨੰਬਰ 'ਤੇ ਹਨ। ਤਾਜ਼ਾ ਅੰਕੜਿਆਂ 'ਚ ਅਜੇ ਕੋਰੋਨਾ ਦੀ ਐਂਟਰੀ ਨਹੀਂ ਹੋਈ ਹੈ। ਇਹ ਅੰਕੜਾ ਤਾਂ 2021 'ਚ ਆਵੇਗਾ। ਉਦੋਂ ਕਿਹੋ ਜਿਹੀ ਭਿਆਨਕ ਤਸਵੀਰ ਰਹਿਣ ਵਾਲੀ ਹੈ, ਇਸਦਾ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ।
ਵਿਸ਼ਵ ਬੈਂਕ ਨੇ ਖਦਸ਼ਾ ਪ੍ਰਗਟ ਕੀਤਾ ਹੈ ਕਿ 'ਬਹੁਤ ਗਰੀਬ' ਲੋਕਾਂ ਦੀ ਗਿਣਤੀ ਬੀਤੇ 2 ਦਹਾਕਿਆਂ 'ਚ ਸਭ ਤੋਂ ਜ਼ਿਆਦਾ ਰਹਿਣ ਵਾਲੀ ਹੈ। ਵਿਸ਼ਵ ਬੈਂਕ ਦੇ ਪੈਮਾਨੇ 'ਤੇ 'ਬਹੁਤ ਗਰੀਬ' ਉਹ ਲੋਕ ਹਨ, ਜਿਨ੍ਹਾਂ ਦੀ ਰੋਜ਼ਾਨਾ ਦੀ ਆਮਦਣੀ 1.9 ਅਮਰੀਕੀ ਡਾਲਰ (139.53 ਰੁਪਏ) ਹੈ। ਵਿਸ਼ਵ ਬੈਂਕ ਮੁਤਾਬਕ ਅਜੇ 115 ਕਰੋੜ ਲੋਕ 'ਬਹੁਤ ਗਰੀਬ' ਦੀ ਸ਼੍ਰੇਣੀ 'ਚ ਆਉਣ ਵਾਲੇ ਹਨ ਅਤੇ 2021 ਤੱਕ ਇਨ੍ਹਾਂ ਦੀ ਗਿਣਤੀ ਵਧ ਕੇ 150 ਕਰੋੜ ਹੋ ਜਾਵੇਗੀ।
ਸਵਿਟਜ਼ਰਲੈਂਡ 'ਚ ਯੂਬੀਐੱਸ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਅਪ੍ਰੈਲ ਤੋਂ ਜੁਲਾਈ ਵਿਚਕਾਰ ਕੋਰੋਨਾ ਸਮੇਂ 'ਚ ਭਾਰਤੀ ਅਰਬਪਤੀਆਂ ਦੀ ਦੌਲਤ 'ਚ 35 ਫੀਸਦੀ ਦਾ ਵਾਧਾ ਹੋਇਆ ਹੈ ਅਤੇ ਇਹ ਵਧ ਕੇ 423 ਬਿਲੀਅਨ ਡਾਲਰ ਪਹੁੰਚ ਗਿਆ ਹੈ। ਸਾਫ ਹੈ ਕਿ ਕੋਰੋਨਾ ਸਮੇਂ 'ਚ ਭਾਰਤ 'ਚ ਅਮੀਰਾਂ ਦੀ ਦੌਲਤ ਵਧਣ ਦੀ ਰਫਤਾਰ ਕਿਤੇ ਜ਼ਿਆਦਾ ਤੇਜ਼ ਹੈ। ਭਾਰਤ 'ਚ 9 ਅਰਬਪਤੀਆਂ ਨੇ ਕੋਵਿਡ-19 ਨਾਲ ਲੜਨ ਲਈ 541 ਮਿਲੀਅਨ ਡਾਲਰ ਦਾਨ ਦਿੱਤਾ। ਇੰਡੀਆ ਸਪੈਂਡ ਦੀ 20 ਮਈ ਦੀ ਰਿਪੋਰਟ ਮੁਤਾਬਕ ਪੀਐੱਮ ਕੇਅਰਸ ਫੰਡ 'ਚ 9677 ਕਰੋੜ ਦੀ ਰਕਮ ਦਾਨ ਵੱਜੋਂ ਆਈ ਸੀ।
ਇਸ 'ਚ ਸਰਕਾਰੀ ਵਿਭਾਗਾਂ ਦੇ ਕਰਮਚਾਰੀਆਂ ਦੀ ਤਨਖਾਹ ਸਮੇਤ ਹਰ ਵਰਗ ਦਾ ਯੋਗਦਾਨ ਸੀ। ਫਿਰ ਵੀ ਦਾਨ ਵੱਜੋਂ ਅਮੀਰ ਵਰਗ ਨੂੰ ਜਿਹੜਾ ਖੁੱਲਾ ਦਿਲ ਦਿਖਾਉਣਾ ਚਾਹੀਦਾ ਸੀ, ਉਹ ਦਿਖਾਇਆ ਨਹੀਂ।
ਹੁਰੂਨ ਇੰਡੀਆ ਲਿਸਟ 'ਚ ਸ਼ਾਮਲ 828 ਭਾਰਤੀ ਅਮੀਰਾਂ ਕੋਲ 821 ਅਰਬ ਡਾਲਰ (60.59 ਲੱਖ ਕਰੋੜ) ਦੀ ਦੌਲਤ ਹੈ। ਜੇਕਰ ਇਨ੍ਹਾਂ ਅਮੀਰਾਂ ਨੇ ਆਪਣੀ ਦੌਲਤ ਦਾ 1 ਫੀਸਦੀ ਵੀ ਕੋਵਿਡ-19 ਨਾਲ ਸੰਘਰਸ਼ 'ਚ ਦਿੱਤਾ ਹੁੰਦਾ ਤਾਂ ਇਹ ਰਕਮ 8210 ਮਿਲੀਅਨ ਡਾਲਰ ਹੁੰਦੀ। ਫੋਰਬਸ ਦੀ ਰਿਪੋਰਟ ਮੁਤਾਬਕ ਭਾਰਤ ਦੀ 1 ਫੀਸਦੀ ਅਮੀਰ ਆਬਾਦੀ ਕੋਲ 42.5 ਫੀਸਦੀ ਦੌਲਤ ਹੈ, ਜਦਕਿ ਦੂਜੇ ਪਾਸੇ ਖੜੀ ਅੱਧੀ ਆਬਾਦੀ ਕੋਲ ਬਹੁਤ ਮੁਸ਼ਕਿਲ ਨਾਲ 2.8 ਫੀਸਦੀ ਦੌਲਤ ਹੈ।
ਭਾਰਤ ਦੀ 10 ਫੀਸਦੀ ਅਮੀਰ ਆਬਾਦੀ ਕੋਲ 74.3 ਫੀਸਦੀ ਦੌਲਤ ਹੈ, ਜਦਕਿ ਬਾਕੀ 90 ਫੀਸਦੀ ਦੇ ਕੋਲ 25.7 ਫੀਸਦੀ। ਸਵਾਲ ਇਹ ਹੈ ਕਿ ਇਨ੍ਹਾਂ ਦੌਲਤਮੰਦਾਂ ਤੋਂ ਇਸ ਸਮੇਂ ਉਮੀਦ ਨਾ ਕੀਤੀ ਜਾਵੇ ਤਾਂ ਕਦੋਂ ਕੀਤੀ ਜਾਵੇਗੀ? ਅਜਿਹਾ ਕਿਉਂ ਹੋਵੇ ਕਿ ਦੁਨੀਆ ਦੀ ਵੱਡੀ ਆਬਾਦੀ ਭੁੱਖਮਰੀ ਤੇ ਬਦਹਾਲੀ ਦੀ ਚਪੇਟ 'ਚ ਆਵੇ ਅਤੇ ਇੱਕ ਵਰਗ ਆਫਤ 'ਚ ਵੀ ਮੌਕਾ ਦੇਖੇ ਅਤੇ ਉਸਦੀ ਦੌਲਤ ਵੱਧਦੀ ਰਹੇ?
-ਪ੍ਰੇਮ ਕੁਮਾਰ