Sat,Jun 23,2018 | 07:14:36pm
HEADLINES:

editorial

ਆਦੀਵਾਸੀਆਂ ਲਈ ਆਜ਼ਾਦੀ ਅਜੇ ਨਹੀਂ ਆਈ

ਆਦੀਵਾਸੀਆਂ ਲਈ ਆਜ਼ਾਦੀ ਅਜੇ ਨਹੀਂ ਆਈ

ਇਕ ਵਾਰ ਮੇਰੇ ਕੋਲ ਡਾਊਨ ਟੂ ਅਰਥ ਪੱਤਰਿਕਾ ਦੀ ਇਕ ਪੱਤਰਕਾਰ ਆਈ। ਉਸ ਨੇ ਮੈਨੂੰ ਕਿਹਾ ਕਿ ਉਸਨੇ ਆਦੀਵਾਸੀ ਤੇ ਸੁਤੰਤਰਤਾ ਦਿਵਸ 'ਤੇ ਇਕ ਫੀਚਰ ਕਰਨਾ ਹੈ। ਮੈਂ ਕਿਹਾ ਕਿ ਆਓ ਤੁਹਾਨੂੰ ਆਦੀਵਾਸੀਆਂ ਦੇ ਪਿੰਡ ਲੈ ਚਲਦਾ ਹਾਂ। ਮੈਂ ਉਸ ਪੱਤਰਕਾਰ ਨੂੰ ਸੁਕਮਾ ਜ਼ਿਲ੍ਹੇ ਦੇ ਨੇਨਡ੍ਰਾ ਪਿੰਡ 'ਚ ਲੈ ਗਿਆ, ਨੇਨਡ੍ਰਾ ਪਿੰਡ ਨੂੰ ਸਰਕਾਰ ਨੇ ਤਿੰਨ ਵਾਰ ਸਾੜਿਆ ਸੀ, ਕਿਉਂਕਿ ਸਰਕਾਰ ਚਾਹੁੰਦੀ ਸੀ ਕਿ ਆਦਿਵਾਸੀ ਪਿੰਡ ਖਾਲੀ ਕਰ ਦੇਣ। 

ਸਰਕਾਰ ਜ਼ਮੀਨ ਕੰਪਨੀਆਂ ਨੂੰ ਦੇਣਾ ਚਾਹੁੰਦੀ ਸੀ। ਸਾਡੇ ਸਾਥੀਆਂ ਨੇ ਉਸ ਪਿੰਡ ਨੂੰ ਦੁਬਾਰਾ ਵਸਾਇਆ ਤੇ ਅਸੀਂ ਲੋਕ ਪਿੰਡ ਵਾਲਿਆਂ ਨੂੰ ਸੁਰੱਖਿਆ ਬਲਾਂ ਦੇ ਹਮਲਿਆਂ ਤੋਂ ਬਚਾਉਣ ਲਈ ਮਨੁੱਖੀ ਸੁਰੱਖਿਆ ਕਵਚ ਵਜੋਂ ਉਥੇ ਰਹਿ ਰਹੇ ਸਾਂ। ਉਸ ਮਹਿਲਾ ਪੱਤਰਕਾਰ ਨੇ ਪਿੰਡ ਦੇ ਬਜ਼ੁਰਗ ਭੀਮਾ ਪਟੇਲ ਦੇ ਮੂੰਹ ਦੇ ਸਾਹਮਣੇ ਮਾਈਕ ਲਗਾ ਕੇ ਪੁੱਛਿਆ ਕਿ ਤੁਹਾਡੇ ਲਈ ਆਜ਼ਾਦੀ ਦਾ ਕੀ ਮਹੱਤਵ  ਹੈ?

ਭੀਮਾ ਨੇ ਹੈਰਾਨੀ ਨਾਲ ਉਸ ਮਹਿਲਾ ਵੱਲ ਦੇਖਿਆ ਤੇ ਪੁੱਛਿਆ ਆਜ਼ਾਦੀ? ਇਹ ਕੀ ਹੁੰਦੀ ਹੈ? ਭੀਮਾ ਨੇ ਮੇਰੇ ਵੱਲ ਮਦਦ ਲਈ ਵੇਖਿਆ। ਮੈਂ ਹੱਸਦੇ ਹੋਏ ਉਸ ਪੱਤਰਕਾਰ ਨੂੰ ਕਿਹਾ ਕਿ ਆਜ਼ਾਦੀ ਸਮਝਣ ਲਈ ਪਹਿਲਾਂ ਗੁਲਾਮੀ ਨੂੰ ਸਮਝਣਾ ਜ਼ਰੂਰੀ ਹੈ। ਜਿਸਨੇ ਕਦੇ ਗੁਲਾਮੀ ਨਾ ਦੇਖੀ ਹੋਵੇ, ਉਹ ਆਜ਼ਾਦੀ ਵੀ ਨਹੀਂ ਸਮਝ ਸਕਦਾ। ਮੈਂ ਕਹਿਣਾ ਜਾਰੀ ਰੱਖਿਆ। ਮੈਂ ਕਿਹਾ ਕਿ ਇਹ ਆਦੀਵਾਸੀ ਤਾਂ ਦੁਨੀਆਂ ਬਣਨ ਤੋਂ ਲੈ ਕੇ ਆਜ਼ਾਦ ਹੀ ਹਨ। ਬਸਤਰ ਦੇ ਇਨ੍ਹਾਂ ਜੰਗਲਾਂ 'ਚ ਤਾਂ ਅੰਗਰੇਜ਼ ਵੀ ਨਹੀਂ ਆਏ। ਇਸ ਲਈ ਇਨ੍ਹਾਂ ਆਦੀਵਾਸੀ ਲੋਕਾਂ ਨੇ ਨਾ ਗੁਲਾਮੀ ਦੇਖੀ ਹੈ ਤੇ ਨਾ ਹੀ ਕਦੇ ਗੁਲਾਮੀ ਬਾਰੇ ਸੁਣਿਆ ਹੈ।

ਇਹ ਤਾਂ ਜਦੋਂ ਤੋਂ ਪੈਦਾ ਹੋਏ ਹਨ, ਆਜ਼ਾਦ ਹੀ ਹਨ। ਆਦੀਵਾਸੀਆਂ ਨੇ ਆਪਣੇ ਆਲੇ-ਦੁਆਲੇ ਦੇ ਹਾਟ ਬਾਜ਼ਾਰ ਤੋਂ ਅੱਗੇ ਨਹੀਂ ਦੇਖਿਆ। ਅਖ਼ਬਾਰ ਉਹ ਪੜ੍ਹਦੇ ਨਹੀਂ। ਰੇਡੀਓ ਉਨ੍ਹਾਂ ਕੋਲ ਹੈ ਨਹੀਂ ਸੀ। ਅੰਗਰੇਜ਼ ਆਏ ਤੇ ਚਲੇ ਵੀ ਗਏ। ਬਸਤਰ ਪਿੰਡ ਦੇ ਲੋਕਾਂ ਤੱਕ ਨੂੰ ਉਨ੍ਹਾਂ ਦੀ ਖ਼ਬਰ ਤੱਕ ਵੀ ਨਹੀਂ ਪੁੱਜੀ।

ਭਾਰਤ ਸੁਤੰਤਰ ਰਾਸ਼ਟਰ ਬਣ ਗਿਆ, ਆਦੀਵਾਸੀਆਂ ਨੂੰ ਪਤਾ ਵੀ ਨਹੀਂ ਲੱਗਾ। ਆਜ਼ਾਦੀ ਦੇ 70 ਸਾਲ ਲੰਘ ਗਏ, ਸਰਕਾਰ ਆਦੀਵਾਸੀਆਂ ਦੇ ਕੋਲ ਨਹੀਂ ਆਈ, ਪਰ ਫਿਰ ਵਿਸ਼ਵੀਕਰਨ ਸ਼ੁਰੂ ਹੋਇਆ ਤੇ ਪੂਰੀ ਦੁਨੀਆ ਦੀਆਂ ਕੰਪਨੀਆਂ ਸਾਧਨਾਂ ਦੀ ਭਰਮਾਰ ਵਾਲੇ ਇਲਾਕਿਆਂ 'ਤੇ ਟੁੱਟ ਪਈਆਂ। ਇਨ੍ਹਾਂ ਕੰਪਨੀਆ ਦੇ ਸਾਹਮਣੇ ਸਰਕਾਰਾਂ ਬਹੁਤ ਕਮਜ਼ੋਰ ਸਾਬਿਤ ਹੋਈਆਂ। ਸੱਤਾਧਾਰੀ ਨੇਤਾ, ਅਫਸਰ ਤੇ ਪੁਲਿਸ ਮਿਲ ਕੇ ਆਦੀਵਾਸੀਆਂ ਦੀਆਂ ਜ਼ਮੀਨਾਂ ਖੋਹਣ ਲੱਗੇ। ਜਿਨ੍ਹਾਂ ਨੂੰ ਕਾਨੂੰਨ ਦੀ ਰੱਖਿਆ ਕਰਨ ਦੀ ਜ਼ਿੰਮੇਵਾਰੀ ਦਿੱਤੀ ਗਈ, ਉਹੀ ਹੀ ਦੇਸ਼ ਦੇ ਵਿਕਾਸ ਦੇ ਨਾਂ 'ਤੇ ਕਾਨੂੰਨ ਤੋੜਨ 'ਚ ਲੱਗੇ ਹੋਏ ਸਨ।

ਜਿਥੇ ਜਿਥੇ ਵੀ ਵਿਕਾਸ ਦੇ ਪ੍ਰਾਜੈਕਟ ਲਿਆਂਦੇ ਗਏ, ਉਨ੍ਹਾਂ 'ਚ ਆਦੀਵਾਸੀਆਂ ਨੂੰ ਬਹੁਤ ਭਾਰੀ ਕੀਮਤ ਚੁਕਾਉਣੀ ਪਈ। ਆਦੀਵਾਸੀਆਂ ਵਲੋਂ ਚੁਕਾਈ ਗਈ ਕੀਮਤ ਦੇ ਬਦਲੇ 'ਚ ਆਦੀਵਾਸੀਆਂ ਨੂੰ ਵਿਕਾਸ ਦਾ ਕੋਈ ਫਾਇਦਾ ਨਹੀਂ ਮਿਲਿਆ। ਵਿਕਾਸ ਯੋਜਨਾਵਾਂ ਨੂੰ ਬਣਾਉਣ 'ਚ ਆਦਿਵਾਸੀਆਂ ਦੀ ਕੋਈ ਰਾਏ ਵੀ ਨਹੀਂ ਲਈ ਗਈ। ਤਾਂ ਹੋਇਆ  ਇਹ ਕਿ ਇਸ ਵਿਕਾਸ ਦਾ ਫਾਇਦਾ ਤਾਂ ਸ਼ਹਿਰਾਂ ਨੂੰ ਮਿਲਿਆ ਤੇ ਉਸਦੀ ਕੀਮਤ ਆਦੀਵਾਸੀਆਂ ਨੇ ਚੁਕਾਈ। ਅੱਜ ਵਿਕਾਸ ਇਕ ਵੱਡਾ ਸਿਆਸੀ ਮੁੱਦਾ ਹੈ, ਪਰ ਪੂੰਜੀਪਤੀਆਂ ਨੂੰ ਵਿਕਾਸ ਨਾਇਕ ਬਣਾ ਦਿੱਤਾ ਗਿਆ ਹੈ।
ਪੂੰਜੀਪਤੀ ਤਾਂ ਮੁਨਾਫੇ ਲਈ ਕੰਮ ਕਰੇਗਾ। ਉਹ ਰੁਜ਼ਗਾਰ ਪੈਦਾ ਕਰਨ ਦੀ ਥਾਂ ਮਸ਼ੀਨਾਂ ਲਗਾਉਂਦਾ ਹੈ, ਪਰ ਲੋਕ ਤਾਂ ਸਰਕਾਰ ਤੋਂ ਲਗਾਤਾਰ ਕੰਮ ਮੰਗਦੇ ਹਨ ਤਾਂ ਸਰਕਾਰ ਜ਼ਿਆਦਾ ਇਲਾਕਿਆਂ 'ਚ ਉਦਯੋਗਾਂ ਦਾ ਵਿਕਾਸ ਕਰਦੀ ਹੈ। ਇਸਦਾ ਦਬਾਅ ਆਦੀਵਾਸੀ ਇਲਾਕਿਆਂ 'ਤੇ ਪੈਂਦਾ ਹੈ। ਕਿਉਂਕਿ ਜ਼ਿਆਦਾਤਰ ਕੁਦਰਤੀ ਸਾਧਨ ਆਦੀਵਾਸੀ ਇਲਾਕਿਆਂ 'ਚ ਹਨ। ਸਾਰੀ ਦੁਨੀਆਂ ਦੇ ਆਦੀਵਾਸੀ ਇਸ ਨਵੇਂ ਵਿਕਾਸ ਦੇ ਕਾਰਨ ਹਮਲਿਆਂ ਦੇ ਨਿਸ਼ਾਨੇ 'ਤੇ ਹਨ।

ਚਾਹੇ ਉਹ ਭਾਰਤ ਹੋਵੇ, ਲੈਟਿਨ ਅਮਰੀਕਾ ਜਾਂ ਅਫਰੀਕਾ, ਹਰ ਪਾਸੇ ਆਦੀਵਾਸੀਆਂ 'ਤੇ ਹਮਲੇ ਹੋ ਰਹੇ ਹਨ। ਜੇਕਰ ਤੁਸੀਂ ਅੰਕੜੇ ਦੇਖੋ ਤਾਂ ਇਸ ਸਮੇਂ ਜੇਲ੍ਹਾਂ 'ਚ ਜ਼ਮੀਨਾਂ ਬਚਾਉਣ ਦੇ ਅੰਦੋਲਨਾਂ ਦੇ ਵਰਕਰ ਵੱਡੀ ਗਿਣਤੀ 'ਚ ਬੰਦ ਹਨ। ਸਭ ਤੋਂ ਜ਼ਿਆਦਾ ਹੱਤਿਆਵਾਂ ਉਨ੍ਹਾਂ ਆਦੀਵਾਸੀ ਵਰਕਰਾਂ ਦੀਆਂ ਹੋ ਰਹੀਆਂ ਹਨ, ਜੋ ਜ਼ਮੀਨਾਂ ਬਚਾਉਣ ਦੇ ਅੰਦੋਲਨਾਂ 'ਚ ਸਰਗਰਮ ਹਨ। ਆਜ਼ਾਦੀ ਦੀ ਜੋ ਪਹਿਲੀ ਸ਼ਰਤ ਸੀ, ਉਹ ਸੀ ਕਿ ਸਾਰਿਆਂ ਨੂੰ ਬਰਾਬਰ ਦਾ ਮੰਨਿਆ ਜਾਵੇਗਾ।

ਉਸ ਵਾਅਦੇ ਨੂੰ ਤੋੜ ਦਿੱਤਾ ਗਿਆ ਹੈ। ਹੁਣ ਵਿਕਾਸ ਦੇ ਨਾਂ 'ਤੇ ਮੁੱਠੀ ਭਰ ਲੋਕਾਂ ਨੂੰ ਅਮੀਰ ਬÎਣਾਉਣ ਦਾ ਖੇਡ ਜਿੰਨਾ ਜ਼ੋਰ ਫੜੇਗਾ, ਆਦੀਵਾਸੀਆਂ 'ਤੇ ਹਮਲੇ ਉਨੇ ਜ਼ਿਆਦਾ ਵਧਣਗੇ। ਵਿਕਾਸ ਦੇ ਲਾਲਚ 'ਚ ਅਸੀਂ ਆਪਣੀਆਂ ਅੱਖਾਂ ਬੰਦ ਕਰ ਲੈਂਦੇ ਹਾਂ, ਫਿਰ ਭਾਵੇਂ ਕਿੰਨੇ ਵੀ ਨਿਰਦੋਸ਼ ਆਦੀਵਾਸੀ ਮਾਰੇ ਜਾਣ,  ਕਿੰਨੀਆਂ ਵੀ ਆਦੀਵਾਸੀ ਮਹਿਲਾਵਾਂ ਨਾਲ ਸੁਰੱਖਿਆ ਬਲਾਂ ਵਲੋਂ ਬਲਾਤਕਾਰ ਕੀਤੇ ਜਾਣ, ਆਪ ਉਸਦਾ ਵਿਰੋਧ ਕਰਨਾ ਦੀ ਹਿੰਮਤ ਹੀ ਨਹੀਂ ਕਰਦੇ। ਇਸ ਲਈ ਅੱਜ ਆਦੀਵਾਸੀ ਇਸ ਦੇਸ਼ 'ਚ ਆਪਣੇ ਆਪ ਨੂੰ ਇਕੱਲਾ ਮਹਿਸੂਸ ਕਰਦਾ ਹੈ। 

ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਇਸੇ ਸਾਲ ਜਾਰੀ ਆਪਣੀ ਰਿਪੋਰਟ 'ਚ ਮੰਨਿਆ ਹੈ ਕਿ ਘੱਟ ਤੋਂ ਘੱਟ 16 ਮਹਿਲਾਵਾਂ ਨਾਲ ਸੁਰੱਖਿਆ ਬਲਾਂ ਵਲੋਂ ਬਲਾਤਕਾਰ ਦੇ ਮੁੱਢਲੇ ਸਬੂਤ ਮੌਜੂਦ ਹਨ, ਪਰ ਸਰਕਾਰ ਨੇ ਕੋਈ ਕਾਰਵਾਈ ਨਹੀਂ ਕੀਤੀ। ਸੋਨੀ ਸੋਰੀ ਦੇ ਗੁਪਤ ਅੰਗਾਂ 'ਚ ਪੱਥਰ ਭਰਨ ਵਾਲੇ ਪੁਲਿਸ ਅਧਿਕਾਰੀ ਨੂੰ ਰਾਸ਼ਟਰਪਤੀ ਵੀਰਤਾ ਪੁਰਸਕਾਰ ਦਿੱਤਾ ਗਿਆ। ਜੇਕਰ ਆਜ਼ਾਦੀ ਦਾ ਮਤਲਬ ਬਰਾਬਰੀ ਹੈ, ਜਿਸ 'ਚ ਬਰਾਬਰ ਮੌਕੇ, ਬਰਾਬਰ ਅਧਿਕਾਰ ਤੇ ਬਰਾਬਰ ਸਨਮਾਨ ਸ਼ਾਮਲ ਹੈ, ਤਾਂ ਆਦੀਵਾਸੀਆਂ ਲਈ ਉਹ ਆਜ਼ਾਦੀ ਹਾਲੇ ਆਈ ਹੀ ਨਹੀਂ।
-ਹਿਮਾਂਸ਼ੂ ਕੁਮਾਰ

Comments

Leave a Reply