Fri,Feb 22,2019 | 10:50:30am
HEADLINES:

editorial

'ਕਾਲਾ' ਫਿਲਮ : ਸਥਾਪਿਤ ਵਿਚਾਰਧਾਰਾ ਨੂੰ ਵਾਂਝੇ ਵਰਗ ਦੀ ਚੁਣੌਤੀ

'ਕਾਲਾ' ਫਿਲਮ : ਸਥਾਪਿਤ ਵਿਚਾਰਧਾਰਾ ਨੂੰ ਵਾਂਝੇ ਵਰਗ ਦੀ ਚੁਣੌਤੀ

ਉਂਜ ਤਾਂ ਕੋਈ ਕਹਿ ਸਕਦਾ ਹੈ ਕਿ ਫਿਲਮਾਂ ਦਾ ਜਾਤ ਜਾਂ ਸਮਾਜ ਜਾਂ ਵਿਚਾਰ ਨਾਲ ਕੀ ਮਤਲਬ? ਟਿਕਟ ਖਰੀਦੀ, ਫਿਲਮ ਦੇਖੀ, ਮਸਤੀ ਕੀਤੀ, ਹਾਲ ਤੋਂ ਬਾਹਰ ਆ ਗਏ। ਫਿਲਮ ਖਤਮ, ਪੈਸਾ ਹਜ਼ਮ! ਪਰ ਕੀ ਫਿਲਮਾਂ ਸਾਡੇ ਲਈ ਸਿਰਫ ਇਹੀ ਮਤਲਬ ਰੱਖਦੀਆਂ ਹਨ? ਨਹੀਂ। ਫਿਲਮਾਂ ਅਸਲ ਵਿੱਚ ਸਾਨੂੰ ਬਣਾਉਂਦੀਆਂ ਹਨ। ਸਾਡੇ ਜਿਊਣ ਤੇ ਸੋਚਣ ਦੇ ਢੰਗ ਵਿੱਚ ਦਖਲ ਦਿੰਦੀਆਂ ਹਨ। ਫਿਲਮਾਂ ਡ੍ਰੈਸ ਸੈਂਸ ਦਿੰਦੀਆਂ ਹਨ। ਚੱਲਣ-ਬੋਲਣ ਦਾ ਢੰਗ ਸਿਖਾਉਂਦੀਆਂ ਹਨ। ਪਿਆਰ ਤੇ ਵਿਆਹ ਦੇ ਅਰਥ ਦੱਸਦੀਆਂ ਅਤੇ ਬਦਲਦੀਆਂ ਹਨ। ਘਰਾਂ ਦੀ ਸਜਾਵਟ ਤੱਕ 'ਤੇ ਫਿਲਮਾਂ ਦਾ ਅਸਰ ਹੁੰਦਾ ਹੈ।

ਫਿਲਮਾਂ ਪਾਪੂਲਰ ਕਲਚਰ ਦਾ ਨਿਰਮਾਣ ਕਰਦੀਆਂ ਹਨ ਅਤੇ ਕਈ ਵਾਰ ਰਾਜਨੀਤੀ ਤੋਂ ਪ੍ਰਭਾਵਿਤ ਹੁੰਦੀਆਂ ਹਨ ਅਤੇ ਰਾਜਨੀਤੀ ਨੂੰ ਪ੍ਰਭਾਵਿਤ ਕਰਦੀਆਂ ਹਨ। ਆਮ ਤੌਰ 'ਤੇ ਜਿਹੜਾ ਵਿਚਾਰ ਸਮਾਜ 'ਤੇ ਪ੍ਰਭਾਵ ਰੱਖਦਾ ਹੈ, ਪਾਪੂਲਰ ਫਿਲਮਾਂ ਉਸਨੂੰ ਮਜ਼ਬੂਤ ਕਰਦੀਆਂ ਹਨ ਅਤੇ ਹੋਰ ਜਾਂ ਵਿਰੋਧੀ ਤੇ ਵਿਦਰੋਹੀ ਵਿਚਾਰਾਂ ਨੂੰ ਕੰਢੇ ਲਗਾ ਦਿੰਦੀਆਂ ਹਨ। ਸੰਸਕ੍ਰਿਤਕ ਪ੍ਰਭਾਵ ਸਥਾਪਿਤ ਕਰਨ ਵਿੱਚ ਫਿਲਮਾਂ ਦੀ ਵੱਡੀ ਭੂਮਿਕਾ ਹੁੰਦੀ ਹੈ।

ਅਜਿਹੇ ਵੇਚ ਜੇਕਰ ਕੋਈ ਫਿਲਮ ਕਿਸੇ ਸਥਾਪਿਤ ਸੋਚ ਤੇ ਪ੍ਰਭਾਵਸ਼ਾਲੀ ਵਿਚਾਰਧਾਰਾ ਨੂੰ ਚੁਣੌਤੀ ਦੇਵੇ ਤਾਂ ਉਹ ਫਿਲਮ ਹੈਰਾਨ ਕਰਦੀ ਹੈ। ਇਹੀ ਕੰਮ ਪਾ. ਰਣਜੀਤ ਦੇ ਨਿਰਦੇਸ਼ਨ ਵਿੱਚ ਬਣੀ ਫਿਲਮ 'ਕਾਲਾ' ਨੇ ਕੀਤਾ ਹੈ। 

ਇਸ ਲਈ ਇਸ ਫਿਲਮ ਬਾਰੇ ਜੋ ਗੱਲ ਹੋ ਰਹੀ ਹੈ, ਉਸਦਾ ਦਾਇਰਾ ਮਨੋਰੰਜਨ ਤੋਂ ਵੱਡਾ ਹੈ। ਇਹ ਫਿਲਮ ਕਰੀਬ 400 ਕਰੋੜ ਦਾ ਬਿਜ਼ਨੈੱਸ ਕਰ ਚੁੱਕੀ ਹੈ। ਫਿਲਮ ਵਿੱਚ ਰਜਨੀਕਾਂਤ ਹਨ। ਉਨ੍ਹਾਂ ਦਾ ਸਟਾਈਲ ਹੈ, ਰੋਮਾਂਸ, ਨੱਚਣਾ-ਟੱਪਣਾ ਹੈ, ਪਰ ਜ਼ਿਆਦਾ ਗੱਲ ਇਸ 'ਤੇ ਹੋ ਰਹੀ ਹੈ ਕਿ 'ਕਾਲਾ' ਫਿਲਮ ਨੇ ਸਮਾਜ ਦੇ ਕਿਸ ਅਣਛੂਹੇ ਹੋਏ ਪੱਖ ਨੂੰ ਸਾਹਮਣੇ ਰੱਖ ਦਿੱਤਾ। 'ਕਾਲਾ' ਫਿਲਮ ਇਸ ਲਈ ਸਪੈਸ਼ਲ ਹੈ, ਕਿਉਂਕਿ ਇਸਨੇ ਭਾਰਤੀ ਸਮਾਜ ਦੇ ਸਭ ਤੋਂ ਵਿਵਾਦਤ ਪੱਖ 'ਜਾਤੀ' ਨੂੰ ਦਲਿਤ ਨਜ਼ਰੀਏ ਨਾਲ ਛੇੜ ਦਿੱਤਾ ਹੈ।

ਇਹ ਫਿਲਮ ਹੋਰ ਬਹੁਤ ਕੁਝ ਕਰਦੇ ਹੋਏ ਦਲਿਤ ਏਸਥੇਟਿਕਸ ਨੂੰ ਰਚਦੀ ਹੈ ਤੇ ਉਸਨੂੰ ਪ੍ਰਭਾਵਸ਼ਾਲੀ ਸੰਸਕ੍ਰਿਤੀ ਦੇ ਮੁਕਾਬਲੇ ਖੜਾ ਕਰ ਦਿੰਦੀ ਹੈ। ਇਸ ਲਈ ਇਹ ਇੱਕ ਯੂਨੀਕ ਫਿਲਮ ਹੈ। ਹਿੰਦੀ ਦੇ ਦਰਸ਼ਕਾਂ ਨੂੰ ਇਹ ਫਿਲਮ ਬੁਰੀ ਤਰ੍ਹਾਂ ਹੈਰਾਨ ਤੇ ਪਰੇਸ਼ਾਨ ਕਰੇਗੀ, ਕਿਉਂਕਿ ਅਜਿਹਾ ਜਾਂ ਮਿਲਦੀ-ਜੁਲਦੀ ਕੋਈ ਫਿਲਮ ਹਿੰਦੀ ਵਿੱਚ ਹੁਣ ਤੱਕ ਨਹੀਂ ਬਣੀ ਹੈ। ਇਸ ਫਿਲਮ ਦਾ ਸਬਜੈਕਟ ਮੈਟਰ ਵਾਂਝਾ ਸਮਾਜ ਹੈ।

ਦਲਿਤ ਤੇ ਆਦੀਵਾਸੀ, ਮਤਲਬ ਐੱਸਸੀ-ਐੱਸਟੀ ਇਸ ਦੇਸ਼ ਦੀ ਇੱਕ ਚੌਥਾਈ ਆਬਾਦੀ ਹਨ। ਮਤਲਬ, ਸਾਡੇ ਵਿੱਚੋਂ ਹਰ ਚੌਥਾ ਆਦਮੀ ਦਲਿਤ, ਜਿਨ੍ਹਾਂ ਨੂੰ ਅਛੂਤ ਕਿਹਾ ਜਾਂਦਾ ਸੀ ਜਾਂ ਆਦੀਵਾਸੀ ਹੈ। ਜਨਗਣਨਾ ਮੁਤਾਬਕ, ਇਹ ਕਰੀਬ 30 ਕਰੋੜ ਦੀ ਵੱਡੀ ਆਬਾਦੀ ਹੈ। ਭਾਰਤ ਵਿੱਚ ਕਿਸੇ ਸਿਨੇਮਾ ਹਾਲ ਦਾ ਭਰਨਾ ਜਾਂ ਨਾ ਭਰਨਾ ਇਨ੍ਹਾਂ 'ਤੇ ਨਿਰਭਰ ਹੈ।

ਇਹ ਲੋਕ ਵੀ ਟਿਕਟ ਖਰੀਦਦੇ ਹਨ। ਫਿਲਮਾਂ ਦੇਖਦੇ ਹਨ, ਪਰ ਇਹ ਲੋਕ ਫਿਲਮਾਂ ਵਿੱਚ ਆਮ ਤੌਰ 'ਤੇ ਦਿਖਾਈ ਨਹੀਂ ਦਿੰਦੇ। ਲੀਡ ਰੋਲ ਵਿੱਚ ਸ਼ਾਇਦ ਹੀ ਕਦੇ ਆਉਂਦੇ ਹਨ। ਇਹ ਲੋਕ ਫਿਲਮਾਂ ਬਣਾਉਂਦੇ ਵੀ ਨਹੀਂ ਹਨ। ਇਨ੍ਹਾਂ ਦੀਆਂ ਕਹਾਣੀਆਂ ਵੀ ਫਿਲਮਾਂ ਵਿੱਚ ਨਜ਼ਰ ਨਹੀਂ ਆਉਂਦੀਆਂ। ਖਾਸ ਤੌਰ 'ਤੇ ਹਿੰਦੀ ਫਿਲਮ ਉਦਯੋਗ ਵਿੱਚ ਤਾਂ ਅਜਿਹਾ ਹੀ ਹੁੰਦਾ ਹੈ।

ਹਿੰਦੀ ਫਿਲਮਾਂ ਦੀ ਮੁੱਖ ਧਾਰਾ ਤੋਂ ਦਲਿਤ ਲਾਪਤਾ
ਉਂਜ, ਹਿੰਦੀ ਫਿਲਮਾਂ ਵਿੱਚ ਦਲਿਤ ਕਦੇ-ਕਦਾਈੰ ਦਿਖਾਈ ਦੇ ਦਿੰਦੇ ਹਨ। ਅਛੂਤ ਕੰਨਿਆ ਤੇ ਸੁਜਾਤਾ ਵਰਗੀ 10 ਕੁ ਸਾਲ ਵਿੱਚ ਕਦੇ-ਕਦਾਈਂ ਕੋਈ ਫਿਲਮ ਆ ਜਾਂਦੀ ਹੈ, ਜਿਸ ਵਿੱਚ ਦਲਿਤ ਕਰੈਕਟਰ ਹੁੰਦਾ ਹੈ, ਜੋ ਕਿ ਆਮ ਤੌਰ 'ਤੇ ਬਹੁਤ ਬੇਵੱਸ ਹੁੰਦਾ ਹੈ ਅਤੇ ਜਿਸਦਾ ਭਲਾ ਕੋਈ ਗੈਰ ਦਲਿਤ ਹੀਰੋ ਕਰਦਾ ਹੈ। ਭਾਰਤ ਦੇ ਲੋਕਪ੍ਰਿਅ ਸਿਨੇਮਾ ਵਿੱਚ ਆਖਰੀ ਚਰਚਾ ਵਾਲਾ ਦਲਿਤ ਕਰੈਕਟਰ ਆਮਿਰ ਖਾਨ ਦੀ ਫਿਲਮ ਲਗਾਨ ਵਿੱਚ ਨਜ਼ਰ ਆਇਆ ਸੀ। ਉਸਦਾ ਨਾਂ ਸੀ ਕਚਰਾ। ਉਹ ਅਛੂਤ ਹੈ। ਉਸ ਵਿੱਚ ਆਪਣਾ ਕੋਈ ਗੁਣ ਨਹੀਂ ਹੈ। ਉਸਨੂੰ ਪੋਲੀਓ ਹੈ ਅਤੇ ਇਸੇ ਕਾਰਨ ਉਸਦੀਆਂ ਟੇਢੀਆਂ ਉਂਗਲੀਆਂ ਆਪਣੇ ਆਪ ਸਪਿਨ ਬਾਲਿੰਗ ਕਰ ਲੈਂਦੀਆਂ ਹਨ। ਉਸਦੇ ਹੁਨਰ ਨੂੰ ਇੱਕ ਗੈਰ ਦਲਿਤ ਭੁਵਨ ਪਛਾਣਦਾ ਹੈ ਅਤੇ ਉਸਨੂੰ ਮੌਕਾ ਦੇ ਕੇ ਉਸ 'ਤੇ ਅਹਿਸਾਨ ਕਰਦਾ ਹੈ।

ਇਸ ਤੋਂ ਇਲਾਵਾ 'ਆਰਕਸ਼ਣ' ਫਿਲਮ ਵਿੱਚ ਸੈਫ ਅਲੀ ਖਾਨ ਦਲਿਤ ਰੋਲ ਵਿੱਚ ਨਜ਼ਰ ਆਉਂਦਾ ਹੈ, ਪਰ ਉਸ 'ਤੇ ਅਹਿਸਾਨ ਕਰਨ ਲਈ ਅਮਿਤਾਭ ਬੱਚਨ ਦਾ ਕਿਰਦਾਰ ਫਿਲਮ ਵਿੱਚ ਹੈ। ਫਿਲਮ 'ਗੁੱਡੂ ਰੰਗੀਲਾ' ਵਿੱਚ ਅਰਸ਼ਦ ਵਾਰਸੀ ਨੂੰ ਦਲਿਤ ਚਰਿੱਤਰ ਦੇ ਰੂਪ ਵਿੱਚ ਦਿਖਾਇਆ ਗਿਆ ਹੈ, ਪਰ ਉਸਦੀ ਪਛਾਣ ਸਾਫ ਨਹੀਂ ਹੈ।

'ਮਾਂਝੀ' ਫਿਲਮ ਵਿੱਚ ਨਵਾਜ਼ੂਦੀਨ ਸਿੱਦੀਕੀ ਨੇ ਇੱਕ ਦਲਿਤ ਦਾ ਰੋਲ ਕੀਤਾ ਹੈ, ਪਰ ਦਲਿਤ ਪਛਾਣ ਨੂੰ ਫਿਲਮ ਵਿੱਚ ਲੁਕਾਇਆ ਗਿਆ ਹੈ। 'ਮਸਾਨ' ਵਰਗੀ ਆਫ ਬੀਟ ਫਿਲਮਾਂ ਵਿੱਚ ਦਲਿਤ ਹੀਰੋ ਬੇਸ਼ੱਕ ਕਦੇ-ਕਦਾਈਂ ਨਜ਼ਰ ਆ ਜਾਂਦਾ ਹੈ, ਪਰ ਮੁੱਖ ਧਾਰਾ ਵਿੱਚ ਉਨ੍ਹਾਂ ਦਾ ਅਕਾਲ ਹੀ ਹੈ।

ਅਜਿਹੇ ਸਮੇਂ ਤਮਿਲ ਵਿੱਚ ਬਣੀ ਅਤੇ ਹਿੰਦੀ ਵਿੱਚ ਡੱਬ ਹੋ ਕੇ ਉੱਤਰ ਭਾਰਤ ਵਿੱਚ ਆਈ ਪਾ. ਰਣਜੀਤ ਦੇ ਨਿਰਦੇਸ਼ਨ ਵਿੱਚ ਹੀਰੋ ਰਜਨੀਕਾਂਤ ਦੀ ਫਿਲਮ 'ਕਾਲਾ' ਅਲੱਗ ਤਰ੍ਹਾਂ ਦੀ ਦੁਨੀਆ ਦਿਖਾਉਂਦੀ ਹੈ। 'ਕਾਲਾ' ਪਹਿਲੀ ਨਜ਼ਰ ਵਿੱਚ ਇੱਕ ਮਸਾਲਾ ਫਿਲਮ ਲੱਗ ਸਕਦੀ ਹੈ। ਇਸ ਵਿੱਚ ਰਜਨੀਕਾਂਤ ਹਨ। ਗਲੈਮਰ ਲਈ ਹੁਮਾ ਕੁਰੈਸ਼ੀ ਹਨ। ਇਸ ਵਿੱਚ ਬੁਰਾਈ 'ਤੇ ਚੰਗਿਆਈ ਦੀ ਜਿੱਤ ਦਾ ਫਾਰਮੂਲਾ ਹੈ। ਨੱਚਣਾ-ਗਾਉਣਾ ਹੈ। ਐਕਸ਼ਨ ਹੈ, ਪਰ ਆਪਣੇ ਮਿਜਾਜ ਵਿੱਚ ਇਹ ਇੱਕ ਰਾਜਨੀਤਕ-ਸਾਮਾਜਿਕ ਸੰਦੇਸ਼ ਵੀ ਹੈ।

ਫਿਲਮ ਵਿੱਚ ਕਾਲਾ ਜਾਂ ਕਰਿਕਾਲਨ ਬਣੇ ਰਜਨੀਕਾਂਤ ਦੀ ਜਾਤ ਕਿਤੇ ਦੱਸੀ ਨਹੀਂ ਗਈ ਹੈ, ਪਰ ਉਸਨੂੰ ਲੁਕਾਇਆ ਵੀ ਨਹੀਂ ਗਿਆ ਹੈ। ਜਿਸ ਸੀਨ ਵਿੱਚ ਰਜਨੀਕਾਂਤ ਦੀ ਐਂਟਰੀ ਹੁੰਦੀ ਹੈ, ਉੱਥੇ ਗਲੀ ਕ੍ਰਿਕਟ ਦੀ ਖੇਡ ਚੱਲ ਰਹੀ ਹੁੰਦੀ ਹੈ ਅਤੇ ਬੈਕਗ੍ਰਾਉਂਡ ਵਿੱਚ ਮਹਾਤਮਾ ਬੁੱਧ, ਜਯੋਤੀਬਾ ਫੂਲੇ ਅਤੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ ਪੋਸਟਰ ਲੱਗੇ ਹੁੰਦੇ ਹਨ। ਕਾਲਾ ਦੇ ਘਰ ਵਿੱਚ ਬੁੱਧ ਦੀ ਮੂਰਤੀ ਨਜ਼ਰ ਆਉਂਦੀ ਹੈ।

ਕਾਲਾ ਆਪਣੀ ਮੀਟਿੰਗ ਬੁੱਧ ਵਿਹਾਰ ਵਿੱਚ ਕਰਦਾ ਹੈ। ਕਾਲਾ ਦਾ ਸਮਰਥਕ ਪੁਲਸ ਹੌਲਦਾਰ ਇੱਕ ਜਗ੍ਹਾ ਭਾਸ਼ਣ ਦਿੰਦਾ ਹੈ ਅਤੇ ਅੰਤ ਵਿੱਚ ਅੰਬੇਡਕਰਵਾਦੀਆਂ ਵਿੱਚ ਬੁਲਾਇਆ ਜਾਣ ਵਾਲਾ ਸ਼ਬਦ 'ਜੈ ਭੀਮ' ਬੋਲਦਾ ਹੈ। 

ਅਜਿਹੇ ਪ੍ਰਤੀਕ ਪੂਰੀ ਫਿਲਮ ਵਿੱਚ ਜਿਸ ਤਰ੍ਹਾਂ ਨਾਲ ਮੌਜੂਦ ਹਨ, ਉਸਨੂੰ ਦੇਖ ਕੇ ਇਹੀ ਲਗਦਾ ਹੈ ਕਿ ਨਿਰਦੇਸ਼ਕ ਪਾ. ਰਣਜੀਤ ਆਪਣੇ ਜੀਵਨ ਦੀ ਆਖਰੀ ਫਿਲਮ ਬਣਾ ਰਹੇ ਹੋਣ ਅਤੇ ਆਪਣੇ ਵਿਚਾਰ ਤੇ ਸੋਚ ਨੂੰ ਹਰ ਫ੍ਰੇਮ ਵਿੱਚ ਲਗਾ ਦੇਣਾ ਚਾਹੁੰਦੇ ਹੋਣ। ਫਿਲਮ ਦੇ ਅਖੀਰ ਵਿੱਚ ਪਰਦੇ 'ਤੇ ਜਿਹੜੇ ਰੰਗ ਦਿਖਾਈ ਦਿੰਦੇ ਹਨ, ਉਨ੍ਹਾਂ ਵਿੱਚ ਦਲਿਤ ਜਾਗ੍ਰਿਤੀ ਦਾ ਪ੍ਰਤੀਕ 'ਨੀਲਾ' ਰੰਗ ਮੁੱਖ ਤੌਰ 'ਤੇ ਆਉਂਦਾ ਹੈ।

ਫਿਲਮ ਦੇ ਡਾਇਲਾਗ ਵਿੱਚ ਵੀ ਲਗਾਤਾਰ ਇਹ ਗੱਲ ਨਜ਼ਰ ਆਉਂਦੀ ਹੈ। ਫਿਲਮ ਵਿੱਚ ਰੈਪਰਸ ਦਾ ਇੱਕ ਗਰੁੱਪ ਹੈ, ਜੋ ਕਿ ਵਿੱਚ-ਵਿੱਚ ਰੈਪ ਗਾਉਂਦਾ ਹੈ। ਇਹ ਅਮਰੀਕਾ ਦੇ ਬਲੈਕ ਰੈਪਰਸ ਦੀ ਯਾਦ ਤਾਜ਼ਾ ਕਰਾਉਂਦਾ ਹੈ।

ਫਿਲਮ ਵਿੱਚ ਜੋ ਵਿਲੇਨ ਪੱਖ ਹੈ, ਉੱਥੇ ਵੀ ਪਾ. ਰਣਜੀਤ ਆਪਣੇ ਪ੍ਰਤੀਕ ਸਾਵਧਾਨੀ ਨਾਲ ਚੁਣਦੇ ਹਨ। ਜਿਹੜਾ ਬਿਲਡਰ ਗਰੀਬਾਂ ਤੇ ਦਲਿਤਾਂ ਦੀ ਜ਼ਮੀਨ ਖੋਹ ਲੈਣਾ ਚਾਹੁੰਦਾ ਹੈ, ਉਸਦਾ ਨਾਂ ਮਨੂੰ ਬਿਲਡਰ ਰੱਖ ਕੇ ਰਣਜੀਤ ਬਾਰੀਕੀ ਨਾਲ ਆਪਣੀ ਗੱਲ ਕਹਿ ਜਾਂਦੇ ਹਨ। ਫਿਲਮ ਵਿੱਚ ਦੋ ਵਿਲੇਨ ਹਨ। ਮੁੱਖ ਵਿਲੇਨ ਨਾਨਾ ਪਾਟੇਕਰ ਦਾ ਨਾਂ ਹਰੀਨਾਥ ਅਭਯੰਕਰ ਹੈ, ਜਦਕਿ ਉਨ੍ਹਾਂ ਦੇ ਗੁਰਗੇ ਦਾ ਨਾਂ ਵਿਸ਼ਣੂ ਹੈ। ਦੋਨਾਂ ਨੂੰ ਗੋਰਾ ਦਿਖਾਇਆ ਗਿਆ ਹੈ। ਦੋਵੇਂ ਚਿੱਟੇ ਕੱਪੜੇ ਪਾਉਂਦੇ ਹਨ, ਜਦਕਿ ਕਾਲਾ ਤਾਂ ਕਾਲੀ ਡ੍ਰੈੱਸ ਹੀ ਪਾਉਂਦਾ ਹੈ।

ਅਭਯੰਕਰ ਜਦੋਂ ਕਾਲਾ ਦੇ ਘਰ ਆਉਂਦਾ ਹੈ ਤਾਂ ਉਸਦੇ ਘਰ ਦਾ ਪਾਣੀ ਪੀਣ ਤੋਂ ਇਨਕਾਰ ਕਰ ਦਿੰਦਾ ਹੈ, ਪਰ ਕਾਲਾ ਜਦੋਂ ਅਭਯੰਕਰ ਦੇ ਘਰ ਜਾਂਦਾ ਹੈ ਤਾਂ ਨਾ ਸਿਰਫ ਘਰ ਦਾ ਪਾਣੀ ਪੀਂਦਾ ਹੈ, ਸਗੋਂ ਅਭਯੰਕਰ ਦੀ ਪੋਤੀ ਨੂੰ ਪੈਰ ਛੂਹਣ ਤੋਂ ਰੋਕ ਦਿੰਦਾ ਹੈ। ਅਭਯੰਕਰ ਨੂੰ ਪੈਰ ਛੁਆਉਣ ਦਾ ਸ਼ੌਂਕ ਹੈ ਤੇ ਕਾਲਾ ਨੂੰ ਆਪਣੇ ਸਵੈਮਾਣ ਨੂੰ ਬਚਾਉਣ ਦਾ। ਪਾ. ਰਣਜੀਤ ਨੇ ਸਾਬਿਤ ਕਰ ਦਿੱਤਾ ਹੈ ਕਿ ਫਿਲਮ ਅਭਿਨੇਤਾ ਦਾ ਨਹੀਂ, ਨਿਰਦੇਸ਼ਕ ਦਾ ਜ਼ਰੀਆ ਹੈ।

'ਕਾਲਾ' ਫਿਲਮ ਅਸਲ ਵਿੱਚ ਭਾਰਤੀ ਸਮਾਜ ਦੇ ਇੱਕ ਸੱਚ ਜਾਤੀਵਾਦ ਨੂੰ ਸਾਹਮਣੇ ਲਿਆਉਂਦੀ ਹੈ ਅਤੇ ਵਾਂਝੇ ਵਰਗਾਂ ਦੇ ਪੱਖ ਵਿੱਚ ਖੜੀ ਹੁੰਦੀ ਹੈ। ਇਹੀ ਕੰਮ ਮਰਾਠੀ ਫਿਲਮਾਂ ਵਿੱਚ ਨਾਗਰਾਜ ਮੰਜੂਲੇ ਕਰ ਚੁੱਕੇ ਹਨ। ਉਨ੍ਹਾਂ ਦੀ ਫਿਲਮ ਫੰਡ੍ਰੀ ਤੇ ਸੈਰਾਟ ਵੀ ਜਾਤੀ ਦੇ ਸਵਾਲਾਂ ਨਾਲ ਟਕਰਾਉਂਦੀ ਹੈ ਅਤੇ ਜਾਤੀਵਾਦ ਖਿਲਾਫ ਖੜੀ ਹੁੰਦੀ ਹੈ। ਸੈਰਾਟ ਮਰਾਠੀ ਫਿਲਮ ਇਤਿਹਾਸ ਦੀ ਹੁਣ ਤੱਕ ਦੀ ਸਭ ਤੋਂ ਸਫਲ ਫਿਲਮ ਹੈ, ਜਿਸਨੇ 100 ਕਰੋੜ ਰੁਪਏ ਤੋਂ ਜ਼ਿਆਦਾ ਦਾ ਬਿਜ਼ਨੈੱਸ ਕੀਤਾ ਹੈ।

ਇਸ ਫਿਲਮ ਦੇ ਨਾ ਸਿਰਫ ਡਾਇਰੈਕਟਰ, ਸਗੋਂ ਲੀਡ ਐਕਟਰ ਤੇ ਐਕਟ੍ਰੈਸ ਵੀ ਦਲਿਤ ਹਨ। ਇਹ ਇੱਕ ਦਲਿਤ ਨੌਜਵਾਨ ਦੀ ਉੱਚ ਜਾਤੀ ਦੀ ਲੜਕੀ ਨਾਲ ਪਿਆਰ ਦੀ ਕਹਾਣੀ ਹੈ, ਜਿਸਦਾ ਅੰਤ ਆਨਰ ਕਿਲਿੰਗ ਵਿੱਚ ਹੁੰਦਾ ਹੈ। ਇਸ ਫਿਲਮ ਦਾ ਹਿੰਦੀ ਰੀਮੇਕ ਧੜਕ ਰਿਲੀਜ਼ ਲਈ ਤਿਆਰ ਹੈ। 
-ਦਲੀਪ ਮੰਡਲ
(ਲੇਖਕ ਸੀਨੀਅਰ ਪੱਤਰਕਾਰ ਹਨ) 

Comments

Leave a Reply