Sun,Jul 21,2019 | 07:13:39pm
HEADLINES:

editorial

ਦੱਬੇ-ਕੁਚਲੇ ਸਮਾਜ ਤੋਂ ਦੂਰ ਹੁੰਦੀ ਸਿੱਖਿਆ

ਦੱਬੇ-ਕੁਚਲੇ ਸਮਾਜ ਤੋਂ ਦੂਰ ਹੁੰਦੀ ਸਿੱਖਿਆ

ਆਧੁਨਿਕ ਭਾਰਤ ਦੇ ਨਿਰਮਾਤਾ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਸਿੱਖਿਆ ਦੀ ਮਹੱਤਤਾ ਬਾਰੇ ਚੰਗੀ ਤਰ੍ਹਾਂ ਜਾਣਦੇ ਸਨ। ਉਨ੍ਹਾਂ ਨੇ ਖੁਦ ਤਾਂ ਉੱਚ ਸਿੱਖਿਆ ਪ੍ਰਾਪਤ ਕੀਤੀ ਹੀ, ਨਾਲ ਹੀ ਦੱਬੇ-ਕੁਚਲੇ ਸਮਾਜ ਨੂੰ ਵੀ ਇਹੀ ਸੰਦੇਸ਼ ਦਿੱਤਾ ਕਿ ਉਹ ਪੜ੍ਹਾਈ ਜ਼ਰੂਰ ਕਰਨ।
 
ਬਾਬਾ ਸਾਹਿਬ ਦੇ ਇਸ ਸੰਦੇਸ਼ ਬਾਰੇ ਦੱਬੇ-ਕੁਚਲੇ ਸ਼ੋਸ਼ਿਤ ਸਮਾਜ ਦੇ ਲੋਕ ਚੰਗੀ ਤਰ੍ਹਾਂ ਜਾਣਦੇ ਹਨ ਤੇ ਉਹ ਵੀ ਆਪਣੇ ਬੱਚਿਆਂ ਨੂੰ ਚੰਗੀ ਸਿੱਖਿਆ ਦਿਵਾਉਣ ਲਈ ਯਤਨਸ਼ੀਲ ਹਨ, ਪਰ ਸਰਕਾਰੀ ਵਿਵਸਥਾ ਤਹਿਤ ਹਾਲਾਤ ਇਹੋ ਜਿਹੇ ਬਣਾ ਦਿੱਤੇ ਗਏ ਹਨ ਕਿ ਇਨ੍ਹਾਂ ਬੱਚਿਆਂ ਲਈ ਪੜ੍ਹਾਈ ਜਾਰੀ ਰੱਖ ਪਾਉਣਾ ਮੁਸ਼ਕਿਲ ਹੁੰਦਾ ਜਾ ਰਿਹਾ ਹੈ।
 
ਸ਼ੋਸ਼ਿਤ ਸਮਾਜ ਦੇ ਆਰਥਿਕ ਪੱਖੋਂ ਕਮਜ਼ੋਰ ਲੋਕਾਂ ਕੋਲ ਇੰਨੇ ਪੈਸੇ ਨਹੀਂ ਹਨ ਕਿ ਉਹ ਮਹਿੰਗੇ ਪ੍ਰਾਈਵੇਟ ਸਕੂਲਾਂ 'ਚ ਆਪਣੇ ਬੱਚਿਆਂ ਨੂੰ ਪੜ੍ਹਾ ਸਕਣ। ਦੂਜੇ ਪਾਸੇ ਸਰਕਾਰੀ ਸਿੱਖਿਆ ਵਿਵਸਥਾ ਦੀ ਬਦਹਾਲੀ ਕਿਸੇ ਤੋਂ ਲੁਕੀ ਹੋਈ ਨਹੀਂ ਹੈ। ਟੀਚਰਾਂ ਦੀ ਘਾਟ ਤੇ ਬੁਨਿਆਦੀ ਢਾਂਚੇ ਦੀ ਕਮੀ ਕਾਰਨ ਸਰਕਾਰੀ ਸਕੂਲਾਂ ਦੀ ਸਿੱਖਿਆ ਦਾ ਗ੍ਰਾਫ ਹੇਠਾਂ ਆ ਰਿਹਾ ਹੈ।
 
ਇਨ੍ਹਾਂ ਕਮਜ਼ੋਰ ਵਰਗਾਂ ਦੇ ਜਿਹੜੇ ਬੱਚੇ ਕਿਸੇ ਤਰ੍ਹਾਂ ਸਕੂਲੀ ਪੜ੍ਹਾਈ ਪੂਰੀ ਕਰ ਵੀ ਲੈਂਦੇ ਹਨ, ਉਨ੍ਹਾਂ ਲਈ ਅੱਗੇ ਪੜ੍ਹਾਈ ਜਾਰੀ ਰੱਖਣ ਦੇ ਰਾਹ 'ਚ ਹੋਰ ਮੁਸ਼ਕਿਲਾਂ ਖੜੀਆਂ ਹੋ ਜਾਂਦੀਆਂ ਹਨ। ਸੂਬੇ ਵਿੱਚ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦਾ ਲਾਭ ਨਾ ਮਿਲਣ ਕਾਰਨ ਸੜਕਾਂ 'ਤੇ ਭਟਕਦੇ ਅਨੁਸੂਚਿਤ ਜਾਤੀ ਵਰਗ ਦੇ ਵਿਦਿਆਰਥੀ ਇਸਦੀ ਉਦਾਹਰਨ ਹਨ।
 
ਸਰਕਾਰਾਂ ਵੱਲੋਂ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦੀ ਪੂਰੀ ਰਕਮ ਜਾਰੀ ਨਾ ਕੀਤੇ ਜਾਣ 'ਤੇ ਸਿੱਖਿਆ ਸੰਸਥਾਨਾਂ ਵੱਲੋਂ ਐੱਸਸੀ ਵਿਦਿਆਰਥੀਆਂ ਦੀ ਪੜ੍ਹਾਈ, ਪ੍ਰੀਖਿਆ ਤੇ ਡਿਗਰੀਆਂ ਰੋਕੀਆਂ ਜਾ ਰਹੀਆਂ ਹਨ। ਪਿਛਲੇ 5 ਸਾਲਾਂ ਤੋਂ ਇਹੀ ਸਮੱਸਿਆ ਚੱਲੀ ਆ ਰਹੀ ਹੈ, ਫਿਰ ਵੀ ਸਰਕਾਰਾਂ ਵੱਲੋਂ ਕੋਈ ਢੁਕਵਾਂ ਹੱਲ ਨਹੀਂ ਕੱਢਿਆ ਜਾ ਰਿਹਾ।
 
ਦੱਬੇ ਕੁਚਲੇ ਗਰੀਬ ਵਰਗਾਂ ਨੂੰ ਸਿੱਖਿਆ ਤੋਂ ਦੂਰ ਕਰਨ ਵਾਲੀ ਇਹੋ ਜਿਹੀ ਵਿਵਸਥਾ ਦਾ ਲਾਗੂ ਹੋਣਾ ਚਿੰਤਾ ਦਾ ਵਿਸ਼ਾ ਹੈ। ਕੇਂਦਰ ਤੇ ਸੂਬਾ ਸਰਕਾਰਾਂ ਨੂੰ ਚਾਹੀਦਾ ਹੈ ਕਿ ਉਹ ਸਿੱਖਿਆ ਸਬੰਧੀ ਇਨ੍ਹਾਂ ਮੁਸ਼ਕਿਲਾਂ ਦਾ ਹੱਲ ਛੇਤੀ ਕੱਢਣ।

 

Comments

Leave a Reply