Mon,Oct 22,2018 | 12:07:11pm
HEADLINES:

editorial

ਦੇਸ਼ ਦੀ 80 ਫੀਸਦੀ ਜਾਇਦਾਦ 'ਤੇ ਕਬਜ਼ਾ ਕਰਕੇ ਬੈਠੇ ਹਨ 10 ਫੀਸਦੀ ਲੋਕ 

ਦੇਸ਼ ਦੀ 80 ਫੀਸਦੀ ਜਾਇਦਾਦ 'ਤੇ ਕਬਜ਼ਾ ਕਰਕੇ ਬੈਠੇ ਹਨ 10 ਫੀਸਦੀ ਲੋਕ 

ਪੱਕੇ ਤੱਥਾਂ ਤੇ ਅੰਕੜਿਆਂ ਦੇ ਬਾਵਜੂਦ ਭਾਰਤ ਦੀ ਮੱਧ ਤੇ ਉੱਚ ਵਰਗ ਦੀ ਆਬਾਦੀ ਦਾ ਵੱਡਾ ਹਿੱਸਾ ਆਪਣੇ ਸਮਾਜ ਵਿਚ ਚਾਰੇ ਪਾਸੇ ਫੈਲੀ ਭੁੱਖ, ਬੇਹਾਲੀ ਤੇ ਲਾਚਾਰੀ ਨੂੰ ਅਣਦੇਖਾ ਕਰ ਦੇਣ ਵਿਚ ਹੀ ਆਪਣੀ ਭਲਾਈ ਸਮਝਦਾ ਹੈ। ਆਰਥਿਕ ਸੁਧਾਰਾਂ ਤੋਂ ਬਾਅਦ ਦੇ ਦੌਰ ਵਿਚ ਗ਼ਰੀਬ ਤੇ ਅਮੀਰ ਵਿਚਕਾਰ ਦੂਰੀ ਸਿਰਫ ਭੌਤਿਕ ਪੱਧਰ 'ਤੇ ਹੀ ਨਹੀਂ, ਮਾਨਸਿਕ ਪੱਧਰ 'ਤੇ ਵੀ ਵਧੀ ਹੈ।

ਅਸੀਂ ਲੋਕਾਂ ਦੀ ਜ਼ਿੰਦਗੀ ਵਿਚ ਹਨੇਰਾ ਨਹੀਂ ਦੇਖਣਾ ਚਾਹੁੰਦੇ। ਕਦੇ ਅਸੀਂ ਨਦੀ ਕੰਢੇ ਦੀਵੇ ਬਾਲ ਕੇ ਰਿਕਾਰਡ ਬਣਾਉਂਦੇ ਹਾਂ ਤੇ ਕਦੇ ਕਿਸੇ ਮੂਰਤੀ ਜਾਂ ਪੁਲ ਨੂੰ ਦੁਨੀਆ ਦੀ ਸਭ ਤੋਂ ਉੱਚੀ ਤੇ ਲੰਬੀ ਦੱਸ ਕੇ ਖੁਸ਼ ਹੋ ਜਾਂਦੇ ਹਾਂ। ਅਜਿਹੇ ਦਾਅਵੇ ਅਸਲ ਵਿਚ ਉਸ ਸੰਸਾਰਕ ਸੱਚ ਤੋਂ ਮੂੰਹ ਫੇਰਨ ਦੀ ਕੋਸ਼ਿਸ਼ ਹੁੰਦੇ ਹਨ, ਜੋ ਕਿ ਹਰੇਕ ਸਾਲ ਦੁਨੀਆਂ ਦੇ ਵਿਕਾਸ ਸਬੰਧੀ ਇੰਡੈਕਸ ਵਿਚ ਸਾਫ-ਸਾਫ ਦਿਖਾਈ ਦਿੰਦਾ ਹੈ। 

ਅਜੇ ਕੁਝ ਦਿਨ ਪਹਿਲਾਂ ਜਦੋਂ 'ਇੰਟਰਨੈਸ਼ਨਲ ਫੂਡ ਪਾਲਿਸੀ ਰਿਸਰਚ ਇੰਸਟੀਚਿਊਟ' ਤੋਂ 'ਗਲੋਬਲ ਹੰਗਰ ਇੰਡੈਕਸ' ਜਾਰੀ ਹੋਇਆ ਤਾਂ ਜ਼ਮੀਨੀ ਪੱਧਰ 'ਤੇ ਭਾਰਤ ਦੀ ਬਦਹਾਲੀ ਨੂੰ ਲੈ ਕੇ ਜਿਸ ਤਰ੍ਹਾਂ ਚਿੰਤਾ ਦਿਖਾਈ ਦੇਣੀ ਚਾਹੀਦੀ ਸੀ, ਉਹ ਸਾਡੇ ਸਮਾਜ, ਸਿਆਸਤ ਤੇ ਮੀਡੀਆ ਵਿਚ ਦਿਖਾਈ ਨਹੀਂ ਦਿੱਤੀ।

ਉਸ ਸਮੇਂ ਤਾਂ ਦੇਸ਼ ਦਾ ਜ਼ਿਆਦਾਤਰ ਮੀਡੀਆ ਕਿਸੇ ਹਨੀਪ੍ਰੀਤ ਦੀ ਤਲਾਸ਼ ਵਿਚ ਜਾਂ ਰਾਧੇ ਮਾਂ ਦੇ ਥਾਣੇਦਾਰ ਦੀ ਕੁਰਸੀ 'ਤੇ ਬੈਠਣ ਦੀ ਕਹਾਣੀ ਸੁਣਾਉਣ ਲੱਗਾ ਹੋਇਆ ਸੀ। 119 ਦੇਸ਼ਾਂ ਦੇ ਗਲੋਬਲ ਹੰਗਰ ਇੰਡੈਕਸ ਵਿਚ ਭਾਰਤ ਦੇ 100ਵੇਂ ਸਥਾਨ 'ਤੇ ਹੋਣ ਦਾ ਖੌਫਨਾਕ ਸੱਚ ਹੁਣ ਝਾਰਖੰਡ ਦੇ ਸਿਮਡੇਗਾ ਜ਼ਿਲ੍ਹੇ ਦੀ 11 ਸਾਲ ਦੀ ਬੱਚੀ ਸੰਤੋਸ਼ੀ ਦੀ ਮੌਤ ਦੇ ਰੂਪ ਵਿਚ ਸਾਹਮਣੇ ਆਇਆ ਹੈ।

ਭੁੱਖ ਨਾਲ ਮੌਤ ਸਾਡੇ ਦੇਸ਼ ਲਈ ਕੋਈ ਨਵੀਂ ਗੱਲ ਨਹੀਂ ਹੈ। ਦੇਸ਼ ਦੇ ਕਈ ਹਿੱਸਿਆਂ ਵਿਚ ਗ਼ਰੀਬ ਲੋਕ ਭੁੱਖ ਅਤੇ ਸਧਾਰਨ ਬਿਮਾਰੀਆਂ ਨਾਲ ਮਰਦੇ ਰਹਿੰਦੇ ਹਨ, ਪਰ ਉਹ ਖਬਰ ਨਹੀਂ ਬਣਦੇ। ਬਹੁਤ ਦਿਨਾਂ ਬਾਅਦ ਕਿਸੇ ਦੇ ਭੁੱਖ ਨਾਲ ਮਰਨ ਦੀ ਖਬਰ ਸਾਡੇ ਮੀਡੀਆ ਵਿਚ ਆਈ ਹੈ, ਪਰ ਇਸ 'ਤੇ ਚਰਚਾ ਨਹੀਂ ਹੋਈ। ਅਯੋਧਿਆ ਦੇ ਸਰਯੂ ਕੰਢੇ ਲੱਖ ਦੀਵੇ ਬਾਲਣ ਦੀ ਖਬਰ ਅਖਬਾਰ ਤੋਂ ਲੈ ਕੇ ਚੈਨਲਾਂ ਤੱਕ ਚਰਚਾ ਵਿਚ ਰਹੀ।

ਸਰਕਾਰੀ ਪੈਸੇ ਨਾਲ 1 ਲੱਖ 87 ਹਜ਼ਾਰ 213 ਦੀਵੇ ਬਾਲ਼ੇ ਗਏ, ਉਹ ਵੀ ਦੀਵਾਲੀ ਤੋਂ ਇਕ ਦਿਨ ਪਹਿਲਾਂ। ਸਰਕਾਰੀ ਹੈਲੀਕਾਪਟਰ ਨਾਲ ਫੁੱਲਾਂ ਦੀ ਬਰਸਾਤ ਕੀਤੀ ਗਈ। ਟੀਵੀ ਚੈਨਲ ਕਈ ਘੰਟੇ ਲਾਈਵ ਦਿਖਾਉਂਦੇ ਰਹੇ, ਪਰ ਇਨ੍ਹਾਂ ਸਕ੍ਰੀਨ 'ਤੇ ਕਿਤੇ ਵੀ ਝਾਰਖੰਡ ਦੀ 11 ਸਾਲ ਦੀ ਸੰਤੋਸ਼ੀ ਦੀ ਮੌਤ ਦੀ ਖਬਰ ਨਹੀਂ ਸੀ।

ਅਖਬਾਰਾਂ-ਵੈੱਬਸਾਈਟਾਂ ਵਿਚ ਵੀ ਇਹ ਖਬਰ 20 ਦਿਨਾਂ ਬਾਅਦ ਛਪੀ, ਪਰ ਇਸ ਨੇ ਸਾਡੇ ਵਿਕਾਸ ਦੇ ਮਾਡਲ, ਸੱਤਾ ਤੇ ਯੋਜਨਾਕਾਰਾਂ ਦੀ ਤਰਜੀਹ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ। ਝਾਰਖੰਡ ਵਿਚ ਜਿਸ ਦਿਨ ਇਹ ਮਾਮਲਾ ਸਾਹਮਣੇ ਆਇਆ, ਉਸੇ ਦਿਨ ਸੱਤਾਧਾਰੀਆਂ ਦਾ ਇਕ ਹਿੱਸਾ ਸੰਤੋਸ਼ੀ ਦੀ ਮੌਤ ਨੂੰ ਮਲੇਰੀਆ ਤੇ ਭੁੱਖ ਦੇ ਵਿਵਾਦ ਵਿਚ ਉਲਝਾਉਣ ਵਿਚ ਲੱਗਾ ਹੋਇਆ ਸੀ।

ਹਾਲਾਂਕਿ ਇਸ ਮਾਮਲੇ ਤੋਂ ਵੀ ਪਰਦਾ ਉੱਠ ਗਿਆ ਤੇ ਇਹ ਗੱਲ ਸਾਹਮਣੇ ਆਈ ਕਿ ਆਧਾਰ ਕਾਰਡ ਨੂੰ ਜ਼ਰੂਰੀ ਕੀਤੇ ਜਾਣ ਦੀ ਸ਼ਰਤ ਕਿਵੇਂ ਗ਼ਰੀਬਾਂ ਦੀ ਮੌਤ ਦਾ ਕਾਰਨ ਬਣ ਸਕਦੀ ਹੈ। ਸੰਤੋਸ਼ੀ ਦੇ ਘਰ ਵਾਲਿਆਂ ਦਾ ਰਾਸ਼ਨ ਕਾਰਡ ਆਧਾਰ ਨਾਲ ਲਿੰਕ ਨਹੀਂ ਹੋ ਸਕਿਆ ਤਾਂ ਸਰਕਾਰੀ ਵਿਭਾਗ ਨੇ ਉਨ੍ਹਾਂ ਦਾ ਰਾਸ਼ਨ ਕਾਰਡ ਹੀ ਰੱਦ ਕਰ ਦਿੱਤਾ। ਇਸ ਕਰਕੇ ਪਰਿਵਾਰ ਨੂੰ ਕਈ ਮਹੀਨਿਆਂ ਤੋਂ ਰਾਸ਼ਨ ਨਹੀਂ ਮਿਲ ਸਕਿਆ ਸੀ।

ਸੰਸਾਰਕ ਗ਼ੈਰਬਰਾਬਰੀ ਇੰਡੈਕਸ 'ਚ ਭਾਰਤ ਇਸ ਸਮੇਂ ਦੁਨੀਆ ਦੇ 180 ਦੇਸ਼ਾਂ ਵਿਚੋਂ 135ਵੇਂ ਸਥਾਨ 'ਤੇ ਹੈ। ਮਨੁੱਖੀ ਵਿਕਾਸ ਦੇ ਮਾਮਲੇ 'ਚ 180 ਦੇਸ਼ਾਂ 'ਚੋਂ ਭਾਰਤ ਦਾ ਸਥਾਨ 130ਵਾਂ ਹੈ। ਸਾਡੇ ਦੇਸ਼ 'ਚ ਕੁਝ ਲੋਕ ਬਹੁਤ ਜ਼ਿਆਦਾ ਤਰੱਕੀ ਕਰ ਰਹੇ ਹਨ, ਜਦਕਿ ਕਈ ਬੇਹਾਲ ਹੋ ਰਹੇ ਹਨ। ਦੁਨੀਆ ਦੇ ਸਭ ਤੋਂ ਖੁਸ਼ਹਾਲ ਇਲਾਕੇ ਯੂਰਪ 'ਚ ਅਜਿਹਾ ਕਿਹੜਾ ਦੇਸ਼ ਹੈ, ਜਿੱਥੇ ਭਾਰਤ ਵਾਂਗ ਸਿਰਫ 1 ਫੀਸਦੀ ਲੋਕ ਪੂਰੇ ਮੁਲਕ ਦੀ 58 ਫੀਸਦੀ ਜਾਇਦਾਦ ਦੇ ਮਾਲਕ ਹੋਣ?

ਸਾਡੇ ਦੇਸ਼ ਦੇ ਰਣਨੀਤੀਕਾਰ ਕਦੇ ਟੈਕਸ ਪ੍ਰਣਾਲੀ 'ਚ ਸੁਧਾਰ ਦਾ ਐਲਾਨ ਕਰਦੇ ਹਨ, ਕਦੇ ਮਨਰੇਗਾ ਵਰਗੀਆਂ ਯੋਜਨਾਵਾਂ ਦੀ ਸ਼ੁਰੂਆਤ ਕਰਦੇ ਹਨ। ਤਰੱਕੀ ਨੂੰ ਚਮਕੀਲਾ ਦਿਖਾਉਣ ਲਈ ਕਦੇ ਸਵਾ ਲੱਖ ਕਰੋੜ ਦੀ ਬੁਲੇਟ ਟ੍ਰੇਨ ਦਾ ਪ੍ਰਸਤਾਵ ਲਿਆਉਂਦੇ ਹਨ ਤੇ ਕਦੇ ਸੈਟੇਲਾਈਟ ਲਾਂਚ ਕਰਦੇ ਹਨ, ਪਰ ਮਨੁੱਖੀ ਵਿਕਾਸ ਦੀ ਸਥਿਤੀ ਸੁਧਾਰਨ ਤੇ ਗ਼ੈਰਬਰਾਬਰੀ ਦੀ ਸਮੱਸਿਆ ਨੂੰ ਦੂਰ ਕਰਨ ਲਈ ਕੋਈ ਠੋਸ ਕਦਮ ਨਹੀਂ ਚੁੱਕਦੇ। ਇਹ ਸਥਿਤੀ ਸਾਡੇ ਗਣਤੰਤਰ ਲਈ ਖਤਰਨਾਕ ਹੈ।

-ਉਰਮਿਲੇਸ਼

Comments

Leave a Reply