Wed,Mar 27,2019 | 12:42:38am
HEADLINES:

editorial

ਨਸ਼ਾ ਵੇਚਣ ਤੇ ਕਰਨ ਵਾਲਿਆਂ ਦੀ ਭੀੜ ਨੇ ਪੰਜਾਬ ਦੀ ਜਵਾਨੀ ਨੂੰ ਖੋਖਲਾ ਕਰ ਦਿੱਤਾ

ਨਸ਼ਾ ਵੇਚਣ ਤੇ ਕਰਨ ਵਾਲਿਆਂ ਦੀ ਭੀੜ ਨੇ ਪੰਜਾਬ ਦੀ ਜਵਾਨੀ ਨੂੰ ਖੋਖਲਾ ਕਰ ਦਿੱਤਾ

ਦੂਜੇ ਖੇਤਰਾਂ ਤੋਂ ਪੰਜਾਬ ਵਿੱਚ ਆਉਣ ਵਾਲਾ ਨਸ਼ਾ ਇੱਥੇ ਦੀ ਜਵਾਨੀ ਨੂੰ ਮੌਤ ਦੇ ਮੂੰਹ ਵੱਲ ਲੈ ਕੇ ਜਾ ਰਿਹਾ ਹੈ। ਕੁਝ ਸਮਾਂ ਪਹਿਲਾਂ ਏਮਸ ਤੇ ਨੈਸ਼ਨਲ ਡਰੱਗ ਡਿਪੈਂਡੈਂਸ ਟ੍ਰੀਟਮੈਂਟ ਸੈਂਟਰ ਦੇ ਸਰਵੇ 'ਚ ਸਮਗਲਿੰਗ ਬਾਰੇ ਵੱਡੇ ਤੱਥ ਨਿੱਕਲ ਕੇ ਸਾਹਮਣੇ ਆਏ ਸਨ। ਐਨਬੀਟੀ ਦੀ ਇੱਕ ਰਿਪੋਰਟ ਮੁਤਾਬਕ, ਸਰਵੇ 'ਚ ਕਿਹਾ ਗਿਆ ਸੀ ਕਿ ਪਾਕਿਸਤਾਨ ਤੋਂ ਪੰਜਾਬ 'ਚ ਹਰ ਸਾਲ ਲਗਭਗ 7500 ਕਰੋੜ ਰੁਪਏ ਦੀਆਂ ਨਸ਼ੀਲੀਆਂ ਦਵਾਈਆਂ ਸਮੱਗਲਿੰਗ ਰਾਹੀਂ ਆਉਂਦੀਆਂ ਹਨ। 
 
ਸਮੱਗਲਿੰਗ ਰਾਹੀਂ ਆਏ ਡਰੱਗਜ਼ 'ਚ ਲਗਭਗ 6500 ਕਰੋੜ ਦੀ ਹੈਰੋਇਨ ਵੀ ਹੁੰਦੀ ਹੈ, ਜਿਸਦੀ ਖਪਤ ਸਿਰਫ ਪੰਜਾਬ 'ਚ ਹੀ ਹੋ ਜਾਂਦੀ ਹੈ। ਅਸਲ 'ਚ ਇਸ ਸੂਬੇ 'ਚ ਹੈਰੋਇਨ ਲੈਣ ਵਾਲੇ ਲਗਭਗ 1.23 ਲੱਖ ਲੋਕ ਮੌਜੂਦ ਹਨ, ਜਿਨ੍ਹਾਂ ਨੂੰ ਆਮ, ਨਸ਼ਾ ਮੁਕਤ ਜ਼ਿੰਦਗੀ ਜਿਊਣ ਲਈ ਵਿਸ਼ੇਸ਼ ਇਲਾਜ ਦੀ ਜ਼ਰੂਰਤ ਪਵੇਗੀ।
 
ਸਰਵੇ 'ਚ ਕਿਹਾ ਗਿਆ ਕਿ ਪੰਜਾਬ ਦੇ ਬਾਰਡਰ ਤੋਂ ਇਹ ਕੰਮ ਇੰਨਾ ਆਸਾਨ ਇਸ ਲਈ ਹੋ ਗਿਆ ਹੈ ਕਿ ਇੱਥੇ ਦੀ ਆਬਾਦੀ 'ਚ ਨਸ਼ਾ ਕਰਨ ਵਾਲਿਆਂ ਦੀ ਫੀਸਦੀ 15 ਤੱਕ ਪਹੁੰਚ ਗਈ, ਜਦੋਂ ਕਿ 4 ਫੀਸਦੀ ਲੋਕ ਆਦੀ ਹੋ ਚੁੱਕੇ ਹਨ। ਕੁਝ ਸਾਲ ਪਹਿਲਾਂ ਯੂਐਨ ਆਫਿਸ ਆਨ ਡਰੱਗਜ਼ ਐਂਡ ਕਰਾਈਮ ਸਟੱਡੀਜ਼ ਨੇ ਵੀ ਅਜਿਹਾ ਹੀ ਸਿੱਟਾ ਕੱਢਿਆ ਸੀ, ਪਰ ਉਸ ਵੇਲੇ ਇਸ ਨੂੰ ਖਾਸ ਤਵੱਜੋਂ ਨਹੀਂ ਦਿੱਤੀ ਗਈ ਸੀ। 
 
ਸੀਨੀਅਰ ਪੱਤਰਕਾਰ ਮੋਹਨ ਆਪਣੇ ਲੇਖ ਵਿੱਚ ਸਿਆਸਤਦਾਨਾਂ 'ਤੇ ਵੀ ਨਸ਼ੇ ਨੂੰ ਹੱਲਾਸ਼ੇਰੀ ਦੇਣ 'ਤੇ ਸਵਾਲ ਖੜੇ ਕਰਦੇ ਹਨ। ਉਹ ਲਿਖਦੇ ਹਨ ਕਿ ਕਾਰਪੋਰੇਟ ਜਗਤ, ਤਸਕਰ ਅਤੇ ਕਾਲੇ ਧੰਦੇ ਨਾਲ ਜੁੜੇ ਕਾਰੋਬਾਰੀ ਚੋਣਾਂ ਵਿੱਚ ਰੇਸ ਦੇ ਘੋੜਿਆਂ ਵਾਂਗ ਸਿਆਸਤਦਾਨਾਂ 'ਤੇ ਖੁੱਲ੍ਹ ਕੇ ਪੈਸੇ ਖਰਚਦੇ ਹਨ ਅਤੇ ਫਿਰ ਤਾਕਤ ਵਿੱਚ ਆਉਣ ਤੇ ਉਨ੍ਹਾਂ ਦੇ ਅਹਿਸਾਨਾਂ ਦਾ ਬਦਲਾ ਤਸਕਰੀ ਵਿੱਚ ਖੁੱਲ੍ਹ ਦੇਣ ਦੇ ਨਾਲ ਨਾਲ ਭਾਈਵਾਲੀ ਕਾਇਮ ਕਰ ਕੇ, ਸਸਤੇ ਭਾਅ ਜ਼ਮੀਨਾਂ ਦਾ ਸੌਦਾ ਕਰਵਾ ਕੇ ਅਤੇ ਹੋਰ ਲਾਹੇਵੰਦ ਧੰਦਿਆਂ ਦੇ ਨਾਲ-ਨਾਲ ਅਹਿਮ ਸ਼ਖ਼ਸੀਅਤਾਂ ਦੀ ਸੂਚੀ ਵਿੱਚ ਸ਼ਾਮਲ ਕਰ ਕੇ ਸਰਕਾਰੀ ਗੰਨਮੈਨ ਵੀ ਉਨ੍ਹਾਂ ਦੀ ਸੇਵਾ ਵਿੱਚ ਲਾ ਦਿੱਤੇ ਜਾਂਦੇ ਹਨ। 
 
ਅਜਿਹੇ ਸ਼ਖ਼ਸ ਜਦੋਂ ਸਮਾਗਮਾਂ ਵਿੱਚ ਸਿਆਸੀ ਆਗੂਆਂ ਨਾਲ 'ਪਤਵੰਤੇ ਸੱਜਣ' ਵਜੋਂ ਬੈਠੇ ਹੁੰਦੇ ਹਨ ਤਾਂ ਲੋਕ, ਲੋਕਤੰਤਰ ਦੇ ਨਿੱਕਲ ਰਹੇ ਜਨਾਜ਼ੇ ਤੋਂ ਦੁਖੀ ਹੁੰਦੇ ਹਨ। ਹੁਣ ਸਿਆਸਤ ਨਿਰੋਲ ਵਪਾਰ ਅਤੇ ਵੋਟਰ ਇਸ ਦੀ ਮੰਡੀ ਬਣ ਗਏ ਹਨ। 'ਰਾਜ ਨਹੀਂ ਸੇਵਾ' ਲਈ ਪਿੜ ਵਿੱਚ ਕੁੱਦੇ ਸਿਆਸੀ ਆਗੂਆਂ ਨੂੰ ਕੋਈ ਚਿੰਤਾ ਨਹੀਂ ਕਿ ਮੁਲਕ ਦਾ ਅੰਨਦਾਤਾ ਖੁਦਕੁਸ਼ੀਆਂ ਦੇ ਰਾਹ ਪੈ ਗਿਆ ਹੈ, ਨਸ਼ਿਆਂ ਦੇ ਝੰਬੇ ਨੌਜਵਾਨਾਂ ਦਾ ਹਰ 8 ਮਿੰਟ ਬਾਅਦ ਸਿਵਾ ਬਲ ਰਿਹਾ ਹੈ ਅਤੇ ਕੈਂਸਰ ਜਿਹੀ ਨਾਮੁਰਾਦ ਬਿਮਾਰੀ ਨੇ ਕਈ ਪਿੰਡਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹੈ। 
 
ਇੱਕ ਪਾਸੇ ਨਸ਼ਾ ਵੇਚਣ ਵਾਲੇ ਅਤੇ ਦੂਜੇ ਪਾਸੇ ਖਪਤਕਾਰਾਂ ਦੀ ਵਧਦੀ ਭੀੜ ਨੇ ਪੰਜਾਬ ਦੀ ਜਵਾਨੀ ਨੂੰ ਜਿੱਥੇ ਜਿਸਮਾਨੀ ਅਤੇ ਰੂਹਾਨੀ ਪੱਖ ਤੋਂ ਖੋਖਲਾ ਕਰ ਦਿੱਤਾ ਹੈ, ਉੱਥੇ ਜਬਰ ਜਨਾਹ ਦੀਆਂ ਘਟਨਾਵਾਂ ਵਿੱਚ 33 ਫੀਸਦੀ, ਅਗਵਾ ਤੇ ਉਧਾਲਣ ਦੀਆਂ 14 ਫੀਸਦੀ, ਲੁੱਟਾਂ-ਖੋਹਾਂ ਵਿੱਚ 23 ਫੀਸਦੀ ਅਤੇ ਸੰਨ੍ਹ ਲਾਉਣ ਦੀਆਂ ਘਟਨਾਵਾਂ ਵਿੱਚ 130 ਫੀਸਦ ਵਾਧਾ ਹੋਇਆ ਹੈ।
 
ਸਿਆਸਤ ਨੇ ਇੱਕ ਵੱਡੇ ਵਰਗ ਨੂੰ ਰੁਜ਼ਗਾਰ, ਪੜ੍ਹਾਈ, ਚੰਗੀ ਸਿਹਤ, ਬਰਾਬਰੀ ਦਾ ਅਧਿਕਾਰ, ਜਮਹੂਰੀਅਤ ਵਿੱਚ ਫੈਸਲਾਕੁਨ ਤਾਕਤ ਵਿੱਚ ਹਿੱਸੇਦਾਰੀ, ਸਭ ਕੁਝ ਤੋਂ ਵਾਂਝਾ ਕਰ ਦਿੱਤਾ ਹੈ। ਪੰਜਾਬ ਵਿੱਚ ਜਿੱਥੇ ਪੜ੍ਹਿਆਂ-ਲਿਖਿਆਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ, ਉੱਥੇ ਮੁਨੱਖ਼ਤਾ ਦੀ ਦਰ ਗਿਰੀ ਹੈ। ਸੂਬੇ ਵਿੱਚ ਫੈਲੀ ਬੇਰੁਜ਼ਗਾਰੀ ਅਤੇ ਨਸ਼ਾਖੋਰੀ ਨੇ ਸਮਾਜਿਕ ਅਸਥਿਰਤਾ ਪੈਦਾ ਕਰ ਕੇ ਅਪਰਾਧ ਗ੍ਰਾਫ ਵਿੱਚ ਵਾਧਾ ਕੀਤਾ ਹੈ।

Comments

Leave a Reply