Tue,Aug 14,2018 | 07:31:10pm
HEADLINES:

editorial

ਮਾਲਵੇ ਦੇ 65%, ਮਾਝੇ-ਦੋਆਬੇ ਦੇ 68% ਪਰਿਵਾਰਾਂ 'ਚੋਂ ਘੱਟੋ-ਘੱਟ ਇੱਕ ਜੀਅ ਫਸਿਆ ਹੈ ਨਸ਼ਿਆਂ ਦੇ ਜਾਲ 'ਚ 

ਮਾਲਵੇ ਦੇ 65%, ਮਾਝੇ-ਦੋਆਬੇ ਦੇ 68% ਪਰਿਵਾਰਾਂ 'ਚੋਂ ਘੱਟੋ-ਘੱਟ ਇੱਕ ਜੀਅ ਫਸਿਆ ਹੈ ਨਸ਼ਿਆਂ ਦੇ ਜਾਲ 'ਚ 

ਨਸ਼ੀਲੇ ਪਦਾਰਥ ਤੋਂ ਭਾਵ ਹੈ ਕਿ ਕੁਦਰਤੀ ਤੌਰ 'ਤੇ ਪਾਇਆ ਜਾਂਦਾ ਜਾਂ ਇਨਸਾਨੀ ਹੱਥਾਂ ਦਾ ਬਣਿਆ ਹੋਇਆ ਕੋਈ ਵੀ ਰਸਾਇਣਕ ਪਦਾਰਥ, ਜਿਸਨੂੰ ਇਨਸਾਨ ਦੀ ਸੋਚਣ ਸ਼ਕਤੀ, ਮੂਡ ਜਾਂ ਮਾਨਸਿਕ ਅਵਸਥਾ ਨੂੰ ਬਦਲਣ ਲਈ ਵਰਤਿਆ ਜਾ ਸਕਦਾ ਹੈ। ਪੰਜਾਬ ਵਿੱਚ ਦਿਨ ਪ੍ਰਤੀਦਿਨ ਨਸ਼ੇ ਵੱਧਦੇ ਜਾ ਰਹੇ ਹਨ।
 
ਕਿਸੇ ਸਮੇਂ ਪੂਰੇ ਦੇਸ਼ ਵਿੱਚੋਂ ਪੰਜਾਬ ਖੁਸ਼ਹਾਲੀ ਪੱਖੋਂ ਨੰਬਰ ਇੱਕ ਸੂਬਾ ਹੁੰਦਾ ਸੀ। ਪੰਜਾਬ ਨੂੰ ਇਸ ਦੇ ਗੱਭਰੂਆਂ, ਪਹਿਲਵਾਨਾਂ, ਖਿਡਾਰੀਆਂ, ਫੌਜੀਆਂ ਅਤੇ ਮਿਹਨਤਕਸ਼ ਕਿਸਾਨਾਂ ਕਰਕੇ ਜਾਣਿਆ ਜਾਂਦਾ ਸੀ, ਪਰ ਅਜੋਕੇ ਪੰਜਾਬ ਦਾ ਹਾਲ ਕਿਸੇ ਤੋਂ ਲੁਕਿਆ ਨਹੀਂ ਰਿਹਾ। ਅੱਜ ਨਸ਼ਿਆਂ ਨੇ ਪੰਜਾਬੀ ਗੱਭਰੂਆਂ ਨੂੰ ਪਿੰਜ ਸੁੱਟਿਆ ਹੈ। 
 
ਅੱਜ ਸਾਡੀ ਹਾਲਤ ਇਹ ਹੈ ਕਿ ਸਾਡੇ ਨੌਜਵਾਨ ਪੁਲਸ ਜਾਂ ਫੌਜ ਭਰਤੀ ਦੀਆਂ ਮੁੱਢਲੀਆਂ ਸ਼ਰਤਾਂ ਹੀ ਪੂਰੀਆਂ ਨਹੀਂ ਕਰ ਪਾਉਂਦੇ। ਇਸ ਕਰਕੇ ਆਰਮੀ ਵਿੱਚੋਂ ਪੰਜਾਬੀਆਂ ਦੀ ਗਿਣਤੀ ਘੱਟ ਹੁੰਦੀ ਜਾ ਰਹੀ ਹੈ। ਨਸ਼ਿਆਂ ਨੇ ਸਾਡੇ ਸਮਾਜ ਨੂੰ ਖੋਖਲਾ ਕਰ ਦਿੱਤਾ ਹੈ। ਨਸ਼ੇ ਪਹਿਲਾਂ ਵੀ ਹੁੰਦੇ ਸਨ, ਪਰ ਅੱਜ ਵਾਂਗ ਸ਼ਰੇਆਮ ਨਹੀਂ ਵਰਤੇ ਜਾਂਦੇ ਸਨ। ਪਿੰਡਾਂ ਵਿੱਚ ਕੋਈ-ਕੋਈ ਬੰਦਾ ਅਫੀਮ ਖਾਂਦਾ ਸੀ, ਪਰ ਹੁਣ ਲਗਭਗ ਹਰ ਘਰ ਦਾ ਇੱਕ ਬੱਚਾ ਨਸ਼ਿਆਂ ਦੇ ਹੜ੍ਹ 'ਚ ਵਹਿੰਦਾ ਜਾ ਰਿਹਾ ਹੈ। ਨਸ਼ੇ ਨਾਲ ਪੰਜਾਬ ਦੀ ਨੌਜਵਾਨੀ ਦਾ ਘਾਣ ਹੋ ਰਿਹਾ ਹੈ। 
 
ਜੇਕਰ ਨੌਜਵਾਨਾਂ ਦੀ ਗੱਲ ਕਰੀਏ ਤਾਂ ਉਹ ਕਿਸੇ ਵੀ ਦੇਸ਼ ਦਾ ਭਵਿੱਖ ਹੁੰਦੇ ਹਨ, ਪਰ ਜੇ ਨੌਜਵਾਨ ਹੀ ਨਸ਼ਿਆਂ ਦੇ ਸ਼ਿਕਾਰ ਹੋ ਜਾਣ ਤਾਂ ਉਸ ਦੇਸ਼ ਦਾ ਭਵਿੱਖ ਕਿਸ ਤਰ੍ਹਾਂ ਦਾ ਹੋਵੇਗਾ, ਇਸਦਾ ਅੰਦਾਜ਼ਾ ਆਰਾਮ ਨਾਲ ਲਗਾਇਆ ਜਾ ਸਕਦਾ ਹੈ। ਪਦਾਰਥਵਾਦ ਤੇ ਪੂੰਜੀਵਾਦ ਦੇ ਅਜੋਕੇ ਭ੍ਰਿਸ਼ਟਾਚਾਰੀ ਸਮਾਜਿਕ ਢਾਂਚੇ ਦੀਆਂ ਸਮੱਸਿਆਵਾਂ ਨਾਲ ਜੂਝਣ ਦੀ ਅਸਮਰੱਥਾ ਕਾਰਨ ਉਪਜੀ ਨਿਰਾਸ਼ਾ ਤੇ ਤਣਾਓ ਤੋਂ ਛੁਟਕਾਰੇ ਲਈ ਨੌਜਵਾਨ ਕੁਸੰਗਤ ਦੇ ਧੱਕੇ ਚੜ੍ਹਕੇ ਸ਼ਰਾਬ, ਅਫੀਮ, ਭੰਗ, ਤੰਬਾਕੂ, ਨਸ਼ੇ ਦੀਆਂ ਗੋਲੀਆਂ, ਕੈਪਸੂਲ, ਟੀਕੇ, ਹੈਰੋਇਨ, ਸਮੈਕ, ਕੋਰੈਕਸ, ਆਇਓਡੈਕਸ ਅਤੇ ਸਿੰਥੈਟਿਕ ਡਰੱਗਸ ਆਦਿ ਨਸ਼ਿਆਂ ਦਾ ਸ਼ਿਕਾਰ ਹੋ ਕੇ ਦਿਲ, ਜ਼ਿਗਰ, ਗੁਰਦੇ, ਫੇਫੜੇ ਅਤੇ ਮਾਨਸਿਕ ਬਿਮਾਰੀਆਂ ਤੋਂ ਇਲਾਵਾ ਕੈਂਸਰ ਤੇ ਏਡਜ਼ ਵਰਗੀਆਂ ਨਾਮੁਰਾਦ ਬਿਮਾਰੀਆਂ ਦੀ ਲਗਾਤਾਰ ਜਕੜ ਵਿੱਚ ਆ ਰਿਹਾ ਹੈ। ਨਸ਼ੇੜੀ ਨੌਜਵਾਨਾਂ ਵੱਲੋਂ ਚੋਰੀ, ਲੁੱਟ, ਝਗੜੇ, ਕਤਲ, ਛੇੜਛਾੜ, ਬਲਾਤਕਾਰ ਅਤੇ ਸੜਕ ਹਾਦਸੇ ਜਿਹੇ ਅਪਰਾਧਾਂ ਬਾਰੇ ਸਾਨੂੰ ਆਮ ਪੜ੍ਹਨ-ਸੁਣਨ ਨੂੰ ਮਿਲਦਾ ਹੈ।
 
ਗੁਰੂਆਂ, ਸੰਤਾਂ, ਯੋਧਿਆਂ ਅਤੇ ਪੰਜ ਦਰਿਆਵਾਂ ਦੀ ਧਰਤੀ ਪੰਜਾਬ 'ਚ ਨਸ਼ਿਆਂ ਦਾ ਛੇਵਾਂ ਦਰਿਆ ਚੱਲ ਰਿਹਾ ਹੈ। ਪਿਛਲੇ ਸਮੇਂ ਪੰਜਾਬ ਪੁਲਸ ਵੱਲੋਂ ਰਾਜ ਨੂੰ ਨਸ਼ਿਆਂ ਤੋਂ ਬਚਾਉਣ ਲਈ ਬਣਾਏ ਗਏ ਐਕਸ਼ਨ ਪਲਾਨ ਮੁਤਾਬਕ, ਪੰਜਾਬ ਦੇ ਮਾਲਵਾ ਖੇਤਰ ਵਿਚਲੇ 65 ਫੀਸਦੀ ਅਤੇ ਮਾਝੇ ਵਿੱਚ 68 ਫੀਸਦੀ, ਦੋਆਬਾ ਖੇਤਰ ਵਿਚਲੇ 68 ਪਰਿਵਾਰਾਂ ਵਿੱਚੋਂ ਘੱਟੋ-ਘੱਟ ਇੱਕ ਜੀਅ ਨਸ਼ਿਆਂ ਦੇ ਚੁੰਗਲ ਵਿੱਚ ਫਸਿਆ ਹੋਇਆ ਹੈ।
 
ਨਸ਼ਿਆਂ ਦੀ ਮਾਰ ਕਾਰਨ ਸਰੀਰਕ, ਮਾਨਸਿਕ, ਬੌਧਿਕ ਅਤੇ ਆਤਮਿਕ ਤੌਰ 'ਤੇ ਖੋਖਲੇ ਹੁੰਦੇ ਜਾ ਰਹੇ ਅਜੋਕੇ ਪੰਜਾਬ ਵਿੱਚ ਕਾਂਗਰਸ ਸਰਕਾਰ ਨਸ਼ਾ ਖਤਮ ਕਰਨ ਵਿੱਚ ਨਾਕਾਮਯਾਬ ਸਾਬਿਤ ਹੋ ਰਹੀ ਹੈ। ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਪੰਜਾਬ ਵਿੱਚ ਨਸ਼ਿਆਂ ਦਾ ਹੜ੍ਹ ਕਿੱਥੋਂ ਆਇਆ? ਸਰਕਾਰ ਅਨੁਸਾਰ ਨਸ਼ੇ ਪਾਕਿਸਤਾਨ ਤੋਂ ਸਮੱਗਲਿੰਗ ਦੇ ਮਾਲ ਵਿੱਚ ਆਉਂਦੇ ਹਨ। 
 
ਸੂਬੇ ਵਿੱਚ 1.23 ਲੱਖ ਲੋਕ ਕਰਦੇ ਹਨ ਹੈਰੋਇਨ ਦਾ ਨਸ਼ਾ
ਇੱਕ ਰਿਪੋਰਟ ਮੁਤਾਬਕ, ਪੰਜਾਬ 'ਚ ਹਰ ਸਾਲ ਲਗਭਗ 7500 ਕਰੋੜ ਰੁਪਏ ਦੀਆਂ ਨਸ਼ੀਲੀਆਂ ਦਵਾਈਆਂ ਸਮੱਗਲਿੰਗ ਰਾਹੀਂ ਆਉਂਦੀਆਂ ਹਨ। ਨੈਸ਼ਨਲ ਡਰੱਗ ਡਿਪੈਂਡੈਂਸ ਟ੍ਰੀਟਮੈਂਟ ਸੈਂਟਰ ਦੇ ਸਰਵੇ 'ਚ ਇਹ ਤੱਥ ਸਾਹਮਣੇ ਆਏ। ਪਤਾ ਲੱਗਾ ਕਿ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐੱਸਆਈ ਵੀ ਨਸ਼ਾ ਸਮੱਗਲਰਾਂ ਦੀ ਮਦਦ ਕਰਦੀ ਹੈ। ਸਮੱਗਲਿੰਗ ਰਾਹੀਂ ਡਰੱਗਸ 'ਚ 6500 ਕਰੋੜ ਰੁਪਏ ਦੀ ਹੈਰੋਇਨ ਵੀ ਹੁੰਦੀ ਹੈ। 
 
ਸੂਬੇ ਵਿੱਚ ਨਸ਼ਾ ਕਰਨ ਵਾਲਿਆਂ ਦੀ ਗਿਣਤੀ 15 ਫੀਸਦੀ ਤੱਕ ਪਹੁੰਚ ਚੁੱਕੀ ਹੈ, ਜਦਕਿ 4 ਫੀਸਦੀ ਲੋਕ ਨਸ਼ੇ ਦੇ ਆਦੀ ਹੋ ਚੁੱਕੇ ਹਨ। 7 ਸਾਲ ਪਹਿਲਾਂ ਯੂਐੱਨ ਆਫ ਆਨ ਡਰੱਗਸ ਐਂਡ ਕੁਆਰੀ ਸਟਡੀ ਨੇ ਅਜਿਹਾ ਸਿੱਟਾ ਕੱਢਿਆ ਸੀ, ਪਰ ਉਸ ਵੇਲੇ ਇਸ 'ਤੇ ਕਿਸੇ ਨੇ ਖਾਸ ਤਵੱਜੋ ਨਹੀਂ ਦਿੱਤੀ।
 
ਇਸੇ ਤਰ੍ਹਾਂ ਇੱਕ ਹੋਰ ਤਾਜ਼ਾ ਅੰਕੜੇ ਮੁਤਾਬਕ, 10 ਤੋਂ 18 ਸਾਲ ਉਮਰ ਵਰਗ ਦੇ ਬੱਚਿਆਂ ਵਿੱਚੋਂ 23 ਫੀਸਦੀ ਬੱਚੇ ਨਸ਼ਿਆਂ ਦੇ ਆਦੀ ਹੋ ਚੁੱਕੇ ਹਨ। ਇੱਥੇ ਹੀ ਬੱਸ ਨਹੀਂ, ਇਹ ਗਿਣਤੀ ਦਾ ਅੰਕੜਾ ਆਉਣ ਵਾਲੇ 5 ਸਾਲਾਂ ਵਿੱਚ 40 ਫੀਸਦੀ ਨੂੰ ਪਾਰ ਕਰ ਜਾਵੇਗਾ। ਇੱਕ ਸਰਵੇਖਣ ਮੁਤਾਬਕ, 1995 ਵਿੱਚ ਸਮੈਕ ਦੀ ਵਰਤੋਂ ਕਰਨ ਵਾਲੇ 3 ਫੀਸਦੀ ਨਸ਼ੇੜੀ ਸਨ, ਜੋ ਕਿ 1998 ਵਿੱਚ 16 ਫੀਸਦੀ ਹੋ ਗਈ ਅਤੇ ਇਸ ਵੇਲੇ 65 ਫੀਸਦੀ ਸਮੈਕ ਵਰਤਣ ਵਾਲਿਆਂ ਵਿੱਚ ਜ਼ਿਆਦਾਤਰ 18 ਤੋਂ 30 ਸਾਲ ਉਮਰ ਵਾਲੇ ਹਨ।
 
ਸਮੈਕ ਜਿਹਾ ਮਹਿੰਗਾ ਨਸ਼ਾ 1000-1500 ਰੁਪਏ ਦਾ ਪ੍ਰਤੀ ਗ੍ਰਾਮ ਮਿਲਦਾ ਹੈ। ਨਸ਼ੇੜੀ ਇਹ 2-3 ਗ੍ਰਾਮ ਰੋਜ਼ਾਨਾ ਵਰਤਦੇ ਹਨ। ਹਰ ਰੋਜ਼ ਦਾ 2000-3000 ਰੁਪਏ ਦਾ ਖਰਚ ਨਸ਼ੇੜੀ ਕਰਦੇ ਹਨ। ਪੰਜਾਬ ਦੇ ਲੋਕਾਂ ਨੂੰ ਇਨ੍ਹਾਂ ਅੰਕੜਿਆਂ 'ਤੇ ਧਿਆਨ ਦੇਣਾ ਚਾਹੀਦਾ ਹੈ। ਸੂਬੇ ਵਿੱਚ ਅਨੇਕਾਂ ਰਹਿਬਰ ਪੈਦਾ ਹੋਏ, ਜਿਨ੍ਹਾਂ ਨੇ ਸਮੇਂ-ਸਮੇਂ ਸਿਰ ਨਸ਼ਿਆਂ ਵਿਰੁੱਧ ਆਵਾਜ਼ ਬੁਲੰਦ ਕੀਤੀ। ਉਨ੍ਹਾਂ ਸਤਿਗੁਰੂਆਂ, ਸੰਤਾਂ ਨੇ ਗੁਰਬਾਣੀ ਵਿੱਚ ਸ਼ਰਾਬ ਪੀਣਾ ਵਰਜਿਤ ਕੀਤਾ, ਪਰ ਅੱਜ ਖੁਦ ਨੂੰ ਉਨ੍ਹਾਂ ਦੇ ਪੈਰੋਕਾਰ ਕਹਿਣ ਵਾਲੇ ਕਈ ਲੋਕ ਰਹਿਬਰਾਂ ਦੇ ਸਿਧਾਂਤ ਤੋਂ ਬੇਮੁੱਖ ਹਨ। ਸਤਿਗੁਰੂ ਰਵਿਦਾਸ ਜੀ ਗੁਰਬਾਣੀ ਵਿੱਚ ਫਰਮਾਉਂਦੇ ਹਨ :-
ਸੁਰਸਰੀ ਸਲਲ ਕ੍ਰਿਤ ਬਾਰੁਨੀ ਰੇ ਸੰਤ ਜਨ ਕਰਤ ਨਹੀਂ ਪਾਨੰ
ਸਤਿਗੁਰੂ ਕਬੀਰ ਜੀ ਗੁਰਬਾਣੀ ਵਿੱਚ ਫਰਮਾਉਂਦੇ ਹਨ :-
ਕਬੀਰ ਭਾਗ ਮਾਛੁਲੀ ਸੁਰਾ ਪਾਨਿ ਜੋ ਜੋ ਪ੍ਰਾਨੀ ਖਾਂਹਿ
ਤੀਰਥ ਬਰਤ ਨੇਮ ਕੀਏ ਤੇ ਸਭ ਰਸਾਤਲਿ ਜਾਂਹਿ
ਇਸੇ ਤਰ੍ਹਾਂ ਗੁਰੂ ਨਾਨਕ ਦੇਵ ਜੀ ਗੁਰਬਾਣੀ ਵਿੱਚ ਫਰਮਾਉਂਦੇ ਹਨ :-
ਗੁੜੁ ਕਰਿ ਗਿਆਨੁ ਧਿਆਨੁ ਕਰਿ ਧਾਵੈ ਕਰਿ ਕਰਣੀ ਕੁਸ ਪਾਈਐ
ਭਾਟੀ ਭਵਨ ਪ੍ਰੇਮ ਕਾ ਪੋਚਾ ਇਤੁ ਰਸਿ ਆਮਿਉ ਚੁਆਈਐ
ਅਤੇ
ਇਤ ਮਦਿ ਪੀਤੇ ਨਾਨਕਾ ਬਹੁਤੇ ਖਟੀਅਹਿ ਬਿਕਾਰ
ਜਿੱਤ ਪੀਤੈ ਖਸਮ ਵਿਸਰੈ ਦਰਗਾਹ ਮਿਲੈ ਸਜਾਇ
ਝੂਠਾ ਮੂਲ ਨਾ ਪੀਚਈਂ ਜੇ ਕਾ ਪਾਰ ਵਸਾਇ
ਇਸੇ ਤਰ੍ਹਾਂ ਗੁਰੂ ਅਮਰਦਾਸ ਜੀ ਗੁਰਬਾਣੀ ਵਿੱਚ ਕਹਿੰਦੇ ਹਨ :-
ਜਿਤੁ ਪੀਤੈ ਮਤਿ ਦੂਰਿ ਹੋਇ ਬਰਲੂ ਪਵੈ ਵਿਚਿ ਆਈ
ਆਪਣਾ ਪਰਾਇਆ ਨਾ ਪਛਾਣਈ ਖਸਮਹੁ ਧਕੇ ਖਾਇ
ਜਿਤੁ ਪੀਤੈ ਖਸਮੁ ਵਿਸਰੈ ਦਰਗਾਹ ਮਿਲਾ ਸਜਾਇ
ਝੂਠਾ ਮਦੁ ਮੂਲਿ ਨ ਪੀਚਈ ਜੇ ਕਾ ਪਾਰ ਵਸਾਇ
ਪਰ ਅੱਜ-ਕੱਲ੍ਹ ਸ਼ਰਾਬ ਭੰਗ ਆਦਿ ਤੋਂ ਇਲਾਵਾ ਕੈਪਸੂਲ, ਟੀਕੇ, ਗੋਲੀਆਂ, ਕੌਕੀਨ, ਸਮੈਕ, ਚਰਸ, ਮਰੀਆਂ ਹੋਈਆਂ ਛਿਪਕਲੀਆਂ, ਆਇਓਡੈਕਸ, ਬੂਟ ਪਾਲਿਸ਼, ਚੂਨੇ ਦੀ ਗੈਸ ਵੀ ਨਸ਼ਿਆਂ ਵਿੱਚ ਸ਼ਾਮਲ ਹੋ ਗਈ ਹੈ। ਉੱਚੇ ਸਮਾਜ ਤੇ ਪੱਛਮੀ ਸੱਭਿਅਤਾ ਦਾ ਵਿਖਾਵਾ ਕਰਨ ਲਈ ਔਰਤਾਂ ਵੀ ਨਸ਼ਿਆਂ ਵੱਲ ਪ੍ਰੇਰਿਤ ਹੁੰਦੀਆਂ ਜਾ ਰਹੀਆਂ ਹਨ। ਇਹ ਨਸ਼ੇ ਹੁਣ ਸਕੂਲਾਂ, ਕਾਲਜਾਂ, ਪਿੰਡ ਤੇ ਸ਼ਹਿਰਾਂ ਵਿੱਚ ਘਰ-ਘਰ ਪੁੱਜਦੇ ਜਾ ਰਹੇ ਹਨ।
 
ਬਹੁਤ ਦੁੱਖ ਹੁੰਦਾ ਹੈ, ਜਦੋਂ ਦੇਸ਼ ਦੇ ਨੌਜਵਾਨ ਅਜਿਹੇ ਕਾਰਨਾਮੇ ਕਰਦੇ ਹਨ। ਕੁੜੀਆਂ-ਮੁੰਡੇ ਆਮ ਹੀ ਨਸ਼ੇ ਕਰਦੇ ਫੜੇ ਜਾਂਦੇ ਹਨ। ਰੋਜ਼ਾਨਾ ਅਨੇਕਾਂ ਹੀ ਸੋਸ਼ਲ ਮੀਡੀਆ 'ਤੇ ਵੀਡੀਓਜ਼ ਵਾਇਰਲ ਹੁੰਦੀਆਂ ਹਨ, ਪਰ ਹੱਦ ਉਦੋਂ ਹੁੰਦੀ ਹੈ, ਜਦੋਂ ਨੌਜਵਾਨ ਇੱਥੇ ਤੱਕ ਪਹੁੰਚ ਜਾਂਦੇ ਹਨ।
 
ਇੱਕ ਸੰਸਥਾ ਦੀ ਰਿਪੋਰਟ ਮੁਤਾਬਕ, ਦਿੱਲੀ ਸ਼ਹਿਰ ਵਿੱਚ ਅਣਵਿਆਹੇ ਨੌਜਵਾਨ ਲੜਕੇ ਡਾਕਟਰਾਂ ਕੋਲ ਝੂਠ ਬੋਲ ਕੇ ਨਸਬੰਦੀ ਕਰਵਾ ਰਹੇ ਹਨ, ਕਿਉਂਕਿ ਦਿੱਲੀ ਦੀ ਸੂਬਾ ਸਰਕਾਰ ਨਸਬੰਦੀ ਕਰਵਾਉਣ ਵਾਲੇ ਨੌਜਵਾਨ ਨੂੰ 1300 ਰੁਪਏ ਸਹਾਇਤਾ ਦਿੰਦੀ ਹੈ। ਇਹ ਨੌਜਵਾਨ ਨਸਬੰਦੀ ਕਰਵਾ ਕੇ ਪੈਸੇ ਲੈ ਲੈਂਦੇ ਹਨ ਅਤੇ ਨਸ਼ਿਆਂ ਵਿੱਚ ਗਲਤਾਨ ਹੋ ਜਾਂਦੇ ਹਨ। ਉਂਜ ਵੀ ਨਸ਼ੇੜੀ ਮਨੁੱਖ ਸੰਤਾਨ ਪੈਦਾ ਕਰਨ ਦੇ ਯੋਗ ਨਹੀਂ ਰਹਿੰਦਾ।
 
ਆਪ ਨੇ ਅਕਸਰ ਹੀ ਵੇਖਿਆ ਹੋਣਾ ਕਿ ਵੋਟਾਂ ਸਮੇਂ ਸ਼ਰੇਆਮ ਨਸ਼ੀਲੇ ਪਦਾਰਥ ਆਮ ਮਿਲਦੇ ਹਨ। ਚੋਣ ਕਮਿਸ਼ਨ ਵੱਲੋਂ ਇਨ੍ਹਾਂ ਪਦਾਰਥਾਂ ਦੀ ਕੀਮਤ 732 ਕਰੋੜ ਮਿੱਥੀ ਗਈ ਹੈ। ਫੜੇ ਗਏ ਨਸ਼ੇ ਵਿੱਚ 16,090 ਕਿੱਲੋ ਭੁੱਕੀ, 91 ਕਿੱਲੋ ਅਫੀਮ, 145.47 ਕਿੱਲੋ ਹੈਰੋਇਨ, 21 ਕਿੱਲੋ ਚਰਸ ਅਤੇ 49 ਕਿੱਲੋ ਗਾਂਜਾ ਬਰਾਮਦ ਕੀਤਾ ਗਿਆ ਹੈ। ਇਸ ਤੋਂ ਇਲਾਵਾ 2.68 ਲੱਖ ਲੀਟਰ ਨਾਜਾਇਜ਼ ਸ਼ਰਾਬ ਅਤੇ 6.11 ਲੱਖ ਬੋਤਲਾਂ ਦੇਸੀ ਸ਼ਰਾਬ ਬਰਾਮਦ ਕੀਤੀ ਗਈ ਹੈ।
 
ਇਸਦੇ ਲਈ ਸਰਕਾਰ, ਸਮਾਜ ਸੇਵੀ ਸੰਸਥਾਵਾਂ, ਬੁੱਧੀਜੀਵੀ ਵਰਗ ਸਭ ਨੂੰ ਰਲ ਕੇ ਹੰਭਲਾ ਮਾਰਨਾ ਪਵੇਗਾ। ਜੇਕਰ ਅਜਿਹਾ ਨਾ ਹੋਇਆ ਤਾਂ ਆਰਥਿਕ, ਸੱਭਿਆਚਾਰਕ ਅਤੇ ਨੈਤਿਕ ਪਤਨ ਦੇ ਨਾਲ-ਨਾਲ ਪੰਜਾਬ ਦੀ ਸਥਿਤੀ ਉਸ ਦਰੱਖਤ ਵਾਂਗ ਹੋਵੇਗੀ, ਜਿਹੜਾ ਤਪਦੇ ਮਾਰੂਥਲ ਵਿੱਚ ਰੁੰਡ-ਮਰੁੰਡ ਖੜ੍ਹੋਤਾ ਹੋਵੇ। ਆਓ! ਪੰਜਾਬ ਤੇ ਪੰਜਾਬੀਅਤ ਨੂੰ ਬਚਾਈਏ।

13 ਕਰੋੜ ਦੀ ਸ਼ਰਾਬ ਰੋਜ਼ਾਨਾ ਪੀ ਰਹੇ ਪੰਜਾਬੀ
ਪੰਜਾਬ ਵਿੱਚ ਸ਼ਰਾਬ ਦੇ ਫੈਲਾਅ ਦੇ ਅੰਕੜੇ ਵੀ ਮਨੁੱਖਤਾ ਦੀਆਂ ਅੱਖਾਂ ਖੋਲਣ ਵਾਲੇ ਹਨ। ਸਾਲ 2006 ਵਿੱਚ ਇੱਕ ਅੰਦਾਜ਼ੇ ਮੁਤਾਬਕ, ਪੰਜਾਬ ਵਿੱਚ 5600 ਸ਼ਰਾਬ ਦੇ ਠੇਕੇ ਸਨ। 1363 ਕਰੋੜ ਰੁਪਏ ਦੇ ਬਜਟ ਨਾਲ ਸਾਢੇ 17 ਕਰੋੜ ਬੋਤਲ 2.5 ਕਰੋੜ ਆਬਾਦੀ ਵਾਲੇ ਪੰਜਾਬ ਨੂੰ ਮੁਹੱਈਆ ਕਰਵਾਈ ਗਈ।
 
ਫਿਰ 2013-14 ਲਈ ਠੇਕਿਆਂ ਦੀ ਗਿਣਤੀ 9 ਹਜ਼ਾਰ ਤੋਂ ਵੱਧ ਗਈ ਤੇ ਇਹ ਬਜਟ ਲਗਭਗ 4 ਹਜ਼ਾਰ ਕਰੋੜ ਰੁਪਏ ਤੋਂ ਵੀ ਵੱਧ ਗਿਆ, ਜਿਸ ਨਾਲ ਪੰਜਾਬ ਵਾਸੀਆਂ ਦੀ ਸਿਹਤ ਖਰਾਬ ਕਰਨ ਲਈ 36,000 ਕਰੋੜ ਬੋਤਲਾਂ ਦਾ ਪ੍ਰਬੰਧ ਹੋ ਗਿਆ। ਹੁਣ ਇਹ ਟੀਚਾ ਕਰੋੜਾਂ ਰੁਪਏ ਹੋ ਗਿਆ ਹੈ। ਅੱਗੇ ਪੰਜਾਬੀ ਰੋਜ਼ਾਨਾ 8 ਕਰੋੜ ਦੀ ਸ਼ਰਾਬ ਪੀਂਦੇ ਸਨ, ਹੁਣ 13 ਕਰੋੜ ਰੁਪਏ ਦੀ ਸ਼ਰਾਬ ਰੋਜ਼ਾਨਾ ਪੀ ਰਹੇ ਹਨ।
-ਅਮਨਦੀਪ ਸਿੰਧੂ
(ਫੂਲੇ-ਸ਼ਾਹੂ-ਅੰਬੇਡਕਰੀ ਕਾਰਜਕਰਤਾ)
ਮੋ : 94657-54037 

Comments

Leave a Reply