Tue,Aug 11,2020 | 12:07:33pm
HEADLINES:

editorial

ਭੁੱਖ ਨਾਲ ਮੌਤਾਂ : ਐੱਸਸੀ, ਐੱਸਟੀ ਤੇ ਓਬੀਸੀ ਨੂੰ '100 ਫੀਸਦੀ ਰਾਖਵਾਂਕਰਨ'

ਭੁੱਖ ਨਾਲ ਮੌਤਾਂ : ਐੱਸਸੀ, ਐੱਸਟੀ ਤੇ ਓਬੀਸੀ ਨੂੰ '100 ਫੀਸਦੀ ਰਾਖਵਾਂਕਰਨ'

ਝਾਰਖੰਡ 'ਚ ਭੁੱਖ ਨਾਲ ਹੋਈਆਂ ਮੌਤਾਂ ਨਾਲ ਸਬੰਧਤ ਅੰਕੜੇ ਇੱਕ ਹੀ ਸਵਾਲ ਖੜਾ ਕਰਦੇ ਹਨ, ਆਖਰ ਭੁੱਖਮਰੀ ਦੇ ਸ਼ਿਕਾਰ ਐੱਸਸੀ, ਐੱਸਟੀ ਤੇ ਓਬੀਸੀ ਹੀ ਕਿਉਂ? ਸਾਲ 2015 ਤੋਂ 2019 ਤੱਕ ਪੂਰੇ ਦੇਸ਼ 'ਚ 86 ਮੌਤਾਂ ਭੁੱਖ ਨਾਲ ਹੋਈਆਂ। ਦੂਜੇ ਪਾਸੇ ਝਾਰਖੰਡ 'ਚ ਦਸੰਬਰ 2016 ਤੋਂ ਮਾਰਚ 2020 ਤੱਕ 23 ਲੋਕਾਂ ਦੀ ਮੌਤ ਭੋਜਨ ਉਪਲਬਧ ਨਾ ਹੋਣ ਕਰਕੇ ਹੋਈ।

ਮਰਨ ਵਾਲੇ ਸਾਰੇ ਦਲਿਤ ਬਹੁਜਨ ਸਮਾਜ ਦੇ ਲੋਕ ਹੀ ਸਨ। ਇਸੇ ਸਾਲ 6 ਮਾਰਚ ਨੂੰ ਝਾਰਖੰਡ ਦੇ ਬੋਕਾਰੋ ਜ਼ਿਲ੍ਹਾ ਹੈੱਡਕੁਆਰਟਰ ਤੋਂ ਕਰੀਬ 50 ਕਿਲੋਮੀਟਰ ਦੂਰ ਕਸਮਾਰ ਖੇਤਰ ਤਹਿਤ ਆਉਂਦੇ ਕਰਮਾ ਸ਼ੰਕਰਡੀਹ ਦੇ ਰਹਿਣ ਵਾਲੀ ਦਲਿਤ ਭੁਖਲ ਘਾਸੀ (42 ਸਾਲ) ਦੀ ਮੌਤ ਭੁੱਖ ਨਾਲ ਹੋ ਗਈ। ਉਹ ਆਪਣੇ ਪਿੱਛੇ ਪਰਿਵਾਰ ਛੱਡ ਗਿਆ।

ਉਸਦੇ ਪਰਿਵਾਰ 'ਚ ਹੁਣ ਉਸਦੀ ਪਤਨੀ ਤੇ 5 ਬੱਚੇ ਹਨ। ਵੱਡਾ ਬੇਟਾ, ਜਿਸਦੀ ਉਮਰ 14 ਸਾਲ ਹੈ, ਹੋਟਲ 'ਚ ਭਾਂਡੇ ਧੋਣ ਦਾ ਕੰਮ ਕਰਦਾ ਹੈ।

ਜ਼ਿਕਰਯੋਗ ਹੈ ਕਿ ਮ੍ਰਿਤਕ ਦਾ ਨਾਂ ਭੁਖਲ ਘਾਸੀ ਸੀ। ਇਸ ਤੋਂ ਝਾਰਖੰਡ 'ਚ ਭੁੱਖਮਰੀ ਦੇ ਹਾਲਾਤ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਲੋਕ ਆਪਣੇ ਬੱਚਿਆਂ ਦਾ ਨਾਂ ਭੁਖਲ ਮਤਲਬ ਭੁੱਖਾ ਤੱਕ ਰੱਖਦੇ ਹਨ। ਜੇਕਰ ਅੰਕੜਿਆਂ (ਇੰਡੈਕਸ) 'ਤੇ ਨਜ਼ਰ ਮਾਰੀਏ ਤਾਂ ਸਾਫ ਹੋ ਜਾਂਦਾ ਹੈ ਕਿ ਭੁੱਖਮਰੀ ਕਾਰਨ ਮਰਨ ਵਾਲਿਆਂ 'ਚ ਐੱਸਸੀ, ਐੱਸਟੀ ਤੇ ਓਬੀਸੀ ਦੀ 100 ਫੀਸਦੀ ਹਿੱਸੇਦਾਰੀ ਹੈ।

ਕਰੀਬ 3 ਸਾਲਾਂ ਦੌਰਾਨ ਭੁੱਖਮਰੀ ਕਾਰਨ ਮਰਨ ਵਾਲਿਆਂ 'ਚ 14 ਆਦੀਵਾਸੀ, 6 ਦਲਿਤ ਤੇ 3 ਓਬੀਸੀ ਹਨ। ਜੇਕਰ ਇਨ੍ਹਾਂ ਦੇ ਲਿੰਗ ਅਧਾਰਿਤ ਅਨੁਪਾਤ ਦੇਖੀਏ ਤਾਂ ਇਸ 'ਚ 48 ਫੀਸਦੀ (11) ਮਹਿਲਾਵਾਂ ਹਨ, ਜਦਕਿ 52 ਫੀਸਦੀ (12) ਪੁਰਸ਼ ਸ਼ਾਮਲ ਹਨ। ਧਿਆਨ ਦੇਣ ਯੋਗ ਹੈ ਕਿ ਇਨ੍ਹਾਂ 'ਚ ਕੋਈ ਵੀ ਉੱਚ ਜਾਤੀ ਨਾਲ ਸਬੰਧਤ ਨਹੀਂ ਹੈ। ਇੱਕ ਆਦੀਵਾਸੀ ਸੂਬੇ ਵੱਜੋਂ ਜਾਣੇ ਜਾਂਦੇ ਝਾਰਖੰਡ ਦੀ ਇਹ ਸਥਿਤੀ ਕਾਫੀ ਚਿੰਤਾਜਨਕ ਹੈ।

ਹੁਣ ਇੱਕ ਨਜ਼ਰ ਭੁਖਲ ਘਾਸੀ ਦੀ ਮੌਤ 'ਤੇ ਮਾਰਦੇ ਹਾਂ। ਇਹ ਜਾਣਕਾਰੀ 7 ਮਾਰਚ 2020 ਨੂੰ ਰਾਂਚੀ ਤੋਂ ਛਪਦੇ ਅਖਬਾਰਾਂ 'ਚ ਸਾਹਮਣੇ ਆਈ ਕਿ ਭੁਖਲ ਘਾਸੀ ਦੀ ਮੌਤ ਭੁੱਖ ਨਾਲ ਹੋਈ। ਖਬਰ ਮੁਤਾਬਕ ਭੁਖਲ ਘਾਸੀ ਦੇ ਘਰ 'ਚ 4 ਦਿਨਾਂ ਤੋਂ ਭੋਜਨ ਨਹੀਂ ਬਣਿਆ ਸੀ।

ਖਬਰ ਸਾਹਮਣੇ ਆਉਂਦੇ ਹੀ ਸਰਕਾਰੀ ਤੰਤਰ ਖਾਨਾਪੂਰਤੀ ਕਰਨ 'ਚ ਲੱਗ ਗਿਆ। ਸਰਕਾਰ ਦੇ ਫੂਡ ਸਪਲਾਈ ਵਿਭਾਗ ਦੇ ਸੱਕਤਰ, ਡਾਇਰੈਕਟਰ, ਬੋਕਾਰੋ ਡੀਸੀ, ਜ਼ਿਲ੍ਹਾ ਸਪਲਾਈ ਅਧਿਕਾਰੀ, ਐੱਸਡੀਓ ਸਮੇਤ ਕਈ ਅਧਿਕਾਰੀ ਕਰਮਾ ਸ਼ੰਕਰਡੀਹ ਪਹੁੰਚੇ, ਘਟਨਾ ਦੀ ਜਾਣਕਾਰੀ ਲਈ ਅਤੇ ਸੰਵੇਦਨਾ ਪ੍ਰਗਟ ਕੀਤੀ। ਇਸ ਤੋਂ ਬਾਅਦ ਉਹੀ ਹੋਇਆ, ਜੋ ਕਿ ਆਮ ਤੌਰ 'ਤੇ ਹੁੰਦਾ ਹੈ। ਪੀੜਤ ਪਰਿਵਾਰ 'ਤੇ ਸਰਕਾਰੀ ਕਿਰਪਾ ਕੀਤੀ ਗਈ। ਮ੍ਰਿਤਕ ਭੁਖਲ ਘਾਸੀ ਦੇ ਪਰਿਵਾਰ ਨੂੰ ਕਈ ਸੁਵਿਧਾਵਾਂ ਆਨ ਦ ਸਪਾਟ ਉਪਲਬਧ ਕਰਾਈਆਂ ਗਈਆਂ।

ਜਿਵੇਂ ਮ੍ਰਿਤਕ ਦੀ ਪਤਨੀ ਰੇਖਾ ਦੇਵੀ ਦੇ ਨਾਂ 'ਤੇ ਤੁਰੰਤ ਰਾਸ਼ਨ ਕਾਰਡ ਬਣਾ ਕੇ ਦਿੱਤਾ ਗਿਆ। ਨਾਲ ਹੀ ਤੁਰੰਤ ਉਸਦੇ ਨਾਂ 'ਤੇ ਵਿਧਵਾ ਪੈਨਸ਼ਨ ਵੀ ਸਵੀਕਾਰ ਹੋ ਗਈ। ਅੰਬੇਡਕਰ ਆਵਾਸ ਦੀ ਵੀ ਮਨਜ਼ੂਰੀ ਹੋ ਗਈ। ਇਸ ਤੋਂ ਇਲਾਵਾ ਮ੍ਰਿਤਕ ਦੀ ਪਤਨੀ ਰੇਖਾ ਦੇਵੀ ਦੇ ਨਾਂ 'ਤੇ ਪਰਿਵਾਰਕ ਯੋਜਨਾ ਦਾ ਲਾਭ ਵੀ ਸਵੀਕਾਰ ਕਰਕੇ 10 ਹਜ਼ਾਰ ਰੁਪਏ ਦਾ ਤੁਰੰਤ ਭੁਗਤਾਨ ਕਰ ਦਿੱਤਾ ਗਿਆ। ਸਕੱਤਰ ਵੱਲੋਂ ਬਾਕੀ 20 ਹਜ਼ਾਰ ਰੁਪਏ ਖਾਤਾ ਖੋਲ ਕੇ ਛੇਤੀ ਤੋਂ ਛੇਤੀ ਟ੍ਰਾਂਸਫਰ ਕਰਨ ਦਾ ਨਿਰਦੇਸ਼ ਦਿੱਤਾ ਗਿਆ।

ਹਾਲਾਂਕਿ ਇਹ ਸਰਕਾਰੀ ਕਿਰਪਾ ਉਦੋਂ ਨਹੀਂ ਹੋਈ, ਜਦੋਂ ਭੁਖਲ ਘਾਸੀ ਜਿਊਂਦਾ ਸੀ। ਕਰੀਬ 1 ਸਾਲ ਪਹਿਲਾਂ ਭੁਖਲ ਘਾਸੀ ਦੀ ਸਿਹਤ ਖਰਾਬ ਸੀ। ਉਹ ਕਮਾਉਣ ਯੋਗ ਨਹੀਂ ਸੀ। ਅਜਿਹੀ ਸਥਿਤੀ 'ਚ ਉਸਨੂੰ ਅਤੇ ਉਸਦੇ ਪਰਿਵਾਰ ਵਾਲਿਆਂ ਲਈ ਢਿੱਡ ਭਰਨਾ ਔਖਾ ਹੋ ਗਿਆ। ਉਦੋਂ ਕਿਸੇ ਨੇ ਵੀ ਉਨ੍ਹਾਂ ਦਾ ਹਾਲਚਾਲ ਨਹੀਂ ਪੁੱਛਿਆ।

ਸਰਕਾਰੀ ਦਸਤਾਵੇਜ਼ਾਂ 'ਚ ਭੁਖਲ ਘਾਸੀ ਕੋਲ ਨਰੇਗਾ ਰੁਜ਼ਗਾਰ ਕਾਰਡ ਵੀ ਸੀ, ਜਿਸਦੀ ਸੰਖਿਆ-ਜੇਐੱਚ-20-007-013-003/211 ਹੈ। ਕਾਰਡ 'ਤੇ ਦਰਜ ਵੇਰਵੇ ਮੁਤਾਬਕ ਉਸਨੂੰ ਫਰਵਰੀ 2010 ਤੋਂ ਬਾਅਦ ਕੰਮ ਉਪਲਬਧ ਨਹੀਂ ਕਰਾਇਆ ਗਿਆ। ਦੂਜੇ ਪਾਸੇ ਉਸਦਾ ਨਾਂ ਬੀਪੀਐੱਲ ਦੀ ਸੂਚੀ ਸੰਖਿਆ 7449 'ਚ ਦਰਜ ਹੋਣ ਦੇ ਬਾਵਜੂਦ ਉਸਦਾ ਸਰਕਾਰੀ ਰਾਸ਼ਨ ਕਾਰਡ ਨਹੀਂ ਬਣਿਆ ਸੀ। ਕਾਰਨ ਇਹ ਹੈ ਕਿ ਖੇਤਰ 'ਚ ਦਲਾਲ ਕਿਸਮ ਦੇ ਲੋਕ ਹੀ ਤੈਅ ਕਰਦੇ ਹਨ ਕਿ ਕਿਸਨੂੰ ਸਰਕਾਰੀ ਯੋਜਨਾਵਾਂ ਦਾ ਲਾਭ ਮਿਲਣਾ ਚਾਹੀਦਾ ਹੈ ਅਤੇ ਕਿਸਨੂੰ ਨਹੀਂ।

ਪੱਤਰਕਾਰ ਰੂਪੇਸ਼ ਕੁਮਾਰ ਕਹਿੰਦੇ ਹਨ ਕਿ ਇਸਦਾ ਮੁੱਖ ਕਾਰਨ ਇਹ ਹੈ ਕਿ ਆਦੀਵਾਸੀ, ਦਲਿਤ ਤੇ ਪੱਛੜੇ ਹੀ ਸਮਾਜ ਦੇ ਸਭ ਤੋਂ ਹੇਠਲੇ ਪੌਡੇ 'ਤੇ ਹਨ। ਇਨ੍ਹਾਂ ਵਰਗਾਂ ਦੇ ਜ਼ਿਆਦਾਤਰ ਲੋਕਾਂ ਕੋਲ ਖੇਤੀ ਦੀ ਜ਼ਮੀਨ ਨਹੀਂ ਹੈ। ਇਸ ਕਾਰਨ ਇਹ ਲੋਕ ਸਿਰਫ ਤੇ ਸਿਰਫ ਆਪਣੀ ਮੇਹਨਤ-ਦਿਹਾੜੀ ਨਾਲ ਹੀ ਆਪਣਾ ਗੁਜ਼ਾਰਾ ਕਰਦੇ ਹਨ, ਪਰ ਉੱਥੇ ਵੀ ਇਨ੍ਹਾਂ ਦਾ ਸ਼ੋਸ਼ਣ ਹੁੰਦਾ ਹੈ। ਨਾ ਤਾਂ ਇਨ੍ਹਾਂ ਨੂੰ ਰੋਜ਼ਾਨਾ ਕੰਮ ਮਿਲਦਾ ਹੈ ਅਤੇ ਨਾ ਹੀ ਯੋਗ ਮਜ਼ਦੂਰੀ ਮਿਲਦੀ ਹੈ, ਜਿਸ ਕਰਕੇ ਇਨ੍ਹਾਂ ਦੇ ਘਰ 'ਚ ਭੋਜਨ ਦਾ ਪ੍ਰਬੰਧ ਨਹੀਂ ਹੁੰਦਾ।

ਸਰਕਾਰੀ ਤੰਤਰ ਦੀ ਬੇਰੁਖ਼ੀ ਕਰਕੇ ਸਰਕਾਰੀ ਯੋਜਨਾ ਦਾ ਲਾਭ ਵੀ ਇਨ੍ਹਾਂ ਦੀ ਜਗ੍ਹਾ ਦੂਜੇ ਨੂੰ ਮਿਲ ਜਾਂਦਾ ਹੈ। ਇਸ ਲਈ ਭੁੱਖ ਨਾਲ ਮਰਨ ਵਾਲਿਆਂ 'ਚ ਜ਼ਿਆਦਾਤਰ ਇਹੀ ਹੁੰਦੇ ਹਨ। ਦਲਿਤ ਆਰਥਿਕ ਅਧਿਕਾਰ ਅੰਦੋਲਨ ਤੇ ਐੱਨਸੀਡੀਐੱਚਆਰ (ਨੈਸ਼ਨਲ ਕੈਂਪੇਨ ਫਾਰ ਦਲਿਤ ਹਿਊਮਨ ਰਾਈਟਸ) ਦੇ ਝਾਰਖੰਡ ਸੂਬੇ ਦੇ ਕੋਆਰਡੀਨੇਟਰ ਮਿਥਿਲੇਸ਼ ਕੁਮਾਰ ਕਹਿੰਦੇ ਹਨ ਕਿ ਇਸਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਯੋਜਨਾਵਾਂ ਜੋ ਸਮਾਜ ਦੇ ਅੰਤਮ ਵਿਅਕਤੀ ਲਈ ਬਣਦੀਆਂ ਹਨ, ਉਸਨੂੰ ਲਾਗੂ ਕਰਨ 'ਚ ਈਮਾਨਦਾਰੀ ਦੀ ਭਾਰੀ ਕਮੀ ਹੈ।

ਕਾਰਨ ਹੈ ਕਿ ਪੰਚਾਇਤ ਪੱਧਰ ਤੋਂ ਲੈ ਕੇ ਸਦਨ ਤੱਕ ਭ੍ਰਿਸ਼ਟਾਚਾਰੀਆਂ ਦਾ ਦਬਦਬਾ ਹੈ। ਜਦੋਂ ਤੱਕ ਭ੍ਰਿਸ਼ਟਾਚਾਰ 'ਤੇ ਸਰਕਾਰ ਨੱਥ ਨਹੀਂ ਪਾਉਂਦੀ, ਉਦੋਂ ਤੱਕ ਕਿਸੇ ਵੀ ਯੋਜਨਾ ਦਾ ਲਾਭ ਉਸ ਅੰਤਮ ਵਿਅਕਤੀ ਤੱਕ ਨਹੀਂ ਪਹੁੰਚ ਸਕਦਾ, ਜਿਸਦੇ ਲਈ ਯੋਜਨਾਵਾਂ ਬਣਦੀਆਂ ਹਨ।

ਝਾਰਖੰਡ 'ਚ ਦਸੰਬਰ 2016 ਤੋਂ ਲੈ ਕੇ ਮਾਰਚ 2020 ਤੱਕ ਭੁੱਖ ਨਾਲ ਹੋਈਆਂ ਮੌਤਾਂ

-ਕਦੋਂ ਤੇ ਕਿੱਥੇ ਮ੍ਰਿਤਕ ਦਾ ਨਾਂ-ਉਮਰ ਵਰਗ-
11 ਦਸੰਬਰ 2016-(ਹਜਾਰੀਬਾਗ)-ਇੰਦਰਦੇਵ ਮਾਲੀ (40)-ਓਬੀਸੀ
28 ਸਤੰਬਰ 2017-(ਸਿਮਡੇਗਾ)-ਸੰਤੋਸ਼ ਕੁਮਾਰੀ (11)-ਦਲਿਤ
21 ਅਕਤੂਬਰ 2017 (ਝਰੀਆ)-ਬੈਜਨਾਥ ਰਵਿਦਾਸ (40)-ਦਲਿਤ
23 ਅਕਤੂਬਰ 2017 (ਦੇਵਘਰ)-ਰੂਪਲਾਲ ਮਰਾਂਡੀ (60)-ਆਦੀਵਾਸੀ
ਅਕਤੂਬਰ 2017 (ਗੜਵਾ)-ਲਲਿਤਾ ਕੁਮਾਰੀ (45)-ਦਲਿਤ
1 ਦਸੰਬਰ 2017 (ਗੜਵਾ)-ਪ੍ਰੇਮਮਣੀ ਕੁਨਵਾਰ (64)-ਆਦੀਵਾਸੀ
25 ਦਸੰਬਰ 2017 (ਗੜਵਾ)-ਏਤਵਰੀਆ ਦੇਵੀ (67)-ਆਦੀਵਾਸੀ
13 ਜਨਵਰੀ 2018 (ਗਿਰੀਡੀਹ)-ਬੁਧਨੀ ਸੋਰੇਨ (40)-ਆਦੀਵਾਸੀ
23 ਜਨਵਰੀ 2018 (ਪਾਕੁੜ)-ਲੱਖੀ ਮੁਰਮੂ (30)-ਆਦੀਵਾਸੀ
29 ਅਪ੍ਰੈਲ 2018 (ਧਨਬਾਦ)-ਸਾਰਥੀ ਮਹਤੋਵਾਈਨ-ਓਬੀਸੀ
2 ਜੂਨ 2018 (ਗਿਰੀਡੀਹ)-ਸਾਵਿੱਤਰੀ ਦੇਵੀ (55)-ਦਲਿਤ
4 ਜੂਨ 2018 (ਚਤਰਾ)-ਮੀਨਾ ਮੁਸਹਰ (45)-ਦਲਿਤ
14 ਜੂਨ 2018 (ਰਾਮਗੜ)-ਚਿੰਤਾਮਲ ਮਲਹਾਰ (40)-ਆਦੀਵਾਸੀ
10 ਜੁਲਾਈ 2018 (ਜਾਮਤਾੜਾ)-ਲਾਲਜੀ ਮਹਤੋ (70)-ਓਬੀਸੀ
24 ਜੁਲਾਈ 2018 (ਰਾਮਗੜ)-ਰਜਿੰਦਰ ਬਿਰਹੋਰ (39)-ਆਦੀਵਾਸੀ
16 ਸਤੰਬਰ 2018 (ਪੂਰਵੀ ਸਿੰਘਭੂਮ)-ਚਮਟੂ ਸਬਰ (45)-ਆਦੀਵਾਸੀ
25 ਅਕਤੂਬਰ 2018 (ਗੁਮਲਾ)-ਸੀਤਾ ਦੇਵੀ (75)-ਆਦੀਵਾਸੀ
11 ਨਵੰਬਰ 2018 (ਦੁਮਕਾ)-ਕਾਲੇਸ਼ਵਰ ਸੋਰੇਨ (45)-ਆਦੀਵਾਸੀ
1 ਜਨਵਰੀ 2019 (ਲਾਤੇਹਾਰ)-ਬੁਧਨੀ ਬਿਰਜੀਆਨ (80)-ਆਦੀਵਾਸੀ
22 ਮਈ 2019 (ਦੁਮਕਾ)-ਮੋਟਕਾ ਮਾਂਝੀ (50)-ਆਦੀਵਾਸੀ
5 ਜੂਨ 2019 (ਲਾਤੇਹਾਰ)-ਰਾਮਚਰਨ ਮੁੰਡਾ (65)-ਆਦੀਵਾਸੀ
16 ਜੂਨ 2019 (ਚਤਰਾ)-ਝਿੰਗੂਰ ਭੂੰਈਆ (42)-ਆਦੀਵਾਸੀ
6 ਮਾਰਚ 2020 (ਬੋਕਾਰੋ)-ਭੁਖਲ ਘਾਸੀ (42)-ਦਲਿਤ

-ਵਿਸ਼ਦ ਕੁਮਾਰ

Comments

Leave a Reply