Tue,Jul 16,2019 | 12:34:59pm
HEADLINES:

editorial

ਹਾਦਸੇ ਨਹੀਂ ਹੱਤਿਆਵਾਂ ਹਨ ਸਫਾਈ ਮੁਲਾਜ਼ਮਾਂ ਦੀਆਂ ਸੀਵਰੇਜ 'ਚ ਹੋਣ ਵਾਲੀਆਂ ਮੌਤਾਂ

ਹਾਦਸੇ ਨਹੀਂ ਹੱਤਿਆਵਾਂ ਹਨ ਸਫਾਈ ਮੁਲਾਜ਼ਮਾਂ ਦੀਆਂ ਸੀਵਰੇਜ 'ਚ ਹੋਣ ਵਾਲੀਆਂ ਮੌਤਾਂ

ਇਹ ਦਸਤੁਰ ਬਣ ਗਿਆ ਹੈ ਕਿ ਜੋ ਲੋਕ ਪੂਰੇ ਸਮਾਜ ਨੂੰ ਜ਼ਿੰਦਾ ਰੱਖਣ ਲਈ ਆਪਣੀ ਜ਼ਿੰਦਗੀ ਦਾਅ 'ਤੇ ਲਾਉਂਦੇ ਹਨ, ਉਨ੍ਹਾਂ ਨੂੰ ਹੀ ਸਾਰਾ ਬੇਦਰਦ ਸਿਸਟਮ ਮੌਤ ਦੇ ਮੂੰਹ 'ਚ ਧੱਕਦਾ ਰਹਿੰਦਾ ਹੈ ਤੇ ਅਸੀਂ ਹੱਥ 'ਤੇ ਹੱਥ ਧਰ ਕੇ ਬੈਠੇ ਰਹਿੰਦੇ ਹਾਂ।

ਮੁੰਬਈ ਤੇ ਠਾਣੇ ਤੋਂ ਇਸੇ ਹਫਤੇ ਇਹ ਦਰਦਨਾਕ ਖਬਰ ਆਈ ਹੈ ਕਿ ਉਥੇ ਦੋ ਵੱਖ-ਵੱਖ ਹਾਦਸਿਆਂ 'ਚ ਸੀਵਰੇਜ ਤੇ ਸੈਪਟਿਕ ਟੈਂਕ ਤੋਂ ਨਿਕਲਣ ਵਾਲੀਆਂ ਜ਼ਹਿਰੀਲੀਆਂ ਗੈਸਾਂ ਨੇ ਤਿੰਨ ਸਫਾਈ ਮੁਲਾਜ਼ਮਾਂ ਦੀ ਬਲੀ ਲੈ ਲਈ। ਅੰਕੜੇ ਦੱਸਦੇ ਹਨ ਕਿ ਦੇਸ਼ 'ਚ ਹਰ ਪੰਜਵੇਂ ਦਿਨ ਸਫਾਈ ਮੁਲਾਜ਼ਮਾਂ ਨੂੰ ਇਸੇ ਤਰ੍ਹਾਂ ਨਾਲ ਆਪਣੀ ਜ਼ਿੰਦਗੀ ਤੋਂ ਹੱਥ ਧੋਣਾ ਪੈਂਦਾ ਹੈ।

ਉਹ ਆਪਣੀ ਜ਼ਿੰਦਗੀ ਖਤਰੇ ਵਿੱਚ ਪਾ ਕੇ ਸੀਵਰੇਜ 'ਚ ਉਤਰਦੇ ਹਨ, ਤਾਂ ਜੋ ਕਿ ਬਾਕੀ ਸਮਾਜ ਸਿਹਤਮੰਦ ਤੇ ਜ਼ਿੰਦਾ ਰਹਿ ਸਕੇ। ਇਨ੍ਹਾਂ ਮ੍ਰਿਤਕਾਂ ਦਾ ਸਿਰਫ ਇੰਨਾ ਕਸੂਰ ਹੈ ਕਿ ਉਹ ਗਰੀਬ ਹੋਣ ਦੇ ਇਲਾਵਾ ਉਸ ਦਲਿਤ ਸਮਾਜ 'ਚੋਂ ਆਉਂਦੇ ਹਨ, ਜਿਨ੍ਹਾਂ ਦੀ ਜਾਤੀ ਤੇ ਪੇਸ਼ਾ ਉਨ੍ਹਾਂ ਤੋਂ ਇਹ ਆਸ ਰੱਖਦਾ ਹੈ ਕਿ ਉਹ ਸਮਾਜ ਦੀ ਸਿਹਤ ਦੀ ਖਾਤਿਰ ਉਸ ਸੀਵਰੇਜ ਦੀ ਸਫਾਈ ਕਰਦੇ ਰਹਿਣ, ਜਿਸ 'ਚ ਹਰ ਵੇਲੇ ਮੌਤ ਵਹਿੰਦੀ ਹੈ। 

ਲੰਘੇ 5 ਸਾਲਾਂ 'ਚ 'ਸਵੱਛ ਭਾਰਤ' ਦਾ ਬਹੁਤ ਢਿੰਡੋਰਾ ਪਿੱਟਿਆ ਗਿਆ। ਹੱਥਾਂ 'ਚ ਝਾੜੂ ਫੜੀ ਕਈ ਨੇਤਾਵਾਂ ਨੇ ਆਪਣੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਪ੍ਰਕਾਸ਼ਿਤ ਕਰਵਾਈਆਂ, ਪਰ ਕਿਸੇ ਨੇ ਵੀ ਕਦੇ ਇਹ ਨਹੀਂ ਦੱਸਿਆ ਕਿ ਉਹ ਅਸਲ 'ਚ ਸਫਾਈ ਮੁਲਾਜ਼ਮਾਂ ਦੇ ਬੇਮੌਤ ਮਾਰੇ ਜਾਣ ਨੂੰ ਲੈ ਕੇ ਆਖਿਰ ਕਰ ਕੀ ਰਹੇ ਹਨ।

ਇਹ ਹਾਦਸੇ ਨਹੀਂ, ਸਗੋਂ ਹੱਤਿਆਵਾਂ ਹਨ। ਹੱਤਿਆਰਾ ਸਾਡਾ ਉਹ ਪੂਰਾ ਸਿਸਟਮ ਤੇ ਮਾਨਸਿਕਤਾ ਹੈ, ਜਿਸਦਾ ਫਰਜ਼ ਹੈ ਇਸਨੂੰ ਰੋਕਣਾ। ਸੀਵਰੇਜ 'ਚ ਵਹਿੰਦੀਆਂ ਮੌਤਾਂ ਦੇ ਸਿਲਸਿਲੇ ਨੂੰ ਪੂਰੀ ਤਰ੍ਹਾਂ ਰੋਕਣਾ। ਹੱਤਿਆਰੇ ਕੋਈ ਹੋਰ ਨਹੀਂ, ਸਾਡੀਆਂ ਸੰਸਥਾਵਾਂ ਹਨ, ਸੰਸਥਾਵਾਂ ਦੇ ਕਰਤਾ ਧਰਤਾ ਹਨ। ਹੁਣ ਸਿਰਫ ਇੰਨਾ ਤੈਅ ਕਰਨਾ ਹੈ ਕਿ ਹੱਤਿਆਰਿਆਂ ਨੂੰ ਸਜ਼ਾ ਕਿਵੇਂ ਦਿਵਾਈ ਜਾਵੇ?

ਜਵਾਬਦੇਹੀ ਕਿਵੇਂ ਤੈਅ ਹੋਵੇ, ਕਿ ਉਸਦੇ ਚੁੰਗਲ 'ਚੋਂ ਕੋਈ ਬਚ ਨਾ ਸਕੇ। ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਸਫਾਈ ਮੁਲਾਜ਼ਮ ਸਾਡੇ ਰੱਖਿਅਕ ਹਨ, ਕਿਉਂਕਿ ਨੇੜੇ ਤੇੜੇ ਸਫਾਈ ਨਹੀਂ ਹੋਵੇਗੀ ਤਾਂ ਇਨਸਾਨ ਗੰਭੀਰ ਬਿਮਾਰੀਆਂ ਕਾਰਨ ਅਣਆਈ ਮੌਤ ਮਰੇਗਾ।
-ਮੁਕੇਸ਼ ਕੁਮਾਰ ਸਿੰਘ

Comments

Leave a Reply