Fri,Feb 22,2019 | 09:05:39pm
HEADLINES:

editorial

ਬਚਪਨ 'ਚ ਹੀ ਪੈਦਾ ਹੁੰਦੇ ਨਫਰਤ ਦੇ ਬੀਜ਼, ਚੱਲਣ-ਬੋਲਣ ਦੇ ਨਾਲ ਹੀ ਬੱਚੇ ਪੜ੍ਹ ਲੈਂਦੇ ਜਾਤੀਵਾਦ-ਫਿਰਕੂਵਾਦ ਦਾ ਪਾਠ

ਬਚਪਨ 'ਚ ਹੀ ਪੈਦਾ ਹੁੰਦੇ ਨਫਰਤ ਦੇ ਬੀਜ਼, ਚੱਲਣ-ਬੋਲਣ ਦੇ ਨਾਲ ਹੀ ਬੱਚੇ ਪੜ੍ਹ ਲੈਂਦੇ ਜਾਤੀਵਾਦ-ਫਿਰਕੂਵਾਦ ਦਾ ਪਾਠ

ਕਰਨਾਟਕ ਵਿੱਚ ਇੱਕ ਵਿਅਕਤੀ ਨੂੰ ਕਿਹਾ ਜਾਂਦਾ ਹੈ ਕਿ ਧਰਮ ਦੀ ਰੱਖਿਆ ਲਈ ਉਸਨੇ ਕਿਸੇ ਨੂੰ ਮਾਰਨਾ ਹੈ। ਉਹ ਵਿਅਕਤੀ ਦੱਸੀ ਗਈ ਔਰਤ ਨੂੰ ਮਾਰ ਆਉਂਦਾ ਹੈ, ਬਿਨਾਂ ਇਹ ਪਤਾ ਕੀਤੇ ਕਿ ਉਸ ਔਰਤ ਦੇ ਕਾਰਨ ਉਸਦਾ ਧਰਮ ਖਤਰੇ ਵਿੱਚ ਕਿਵੇਂ ਆ ਗਿਆ। ਕਿਸੇ ਪਿੰਡ ਦੇ ਮੰਦਰ ਤੋਂ ਐਲਾਨ ਹੁੰਦਾ ਹੈ ਕਿ ਪਿੰਡ ਦੇ ਇੱਕ ਆਦਮੀ ਦੇ ਫਰਿੱਜ ਵਿੱਚ ਇੱਕ ਪਵਿੱਤਰ ਪਸ਼ੂ ਦਾ ਮੀਟ ਹੈ। ਪਿੰਡ ਦੇ ਸੈਂਕੜੇ ਲੋਕ, ਜਿਹੜੇ ਸਾਲਾਂ ਤੋਂ ਉਸ ਵਿਅਕਤੀ ਦੇ ਗੁਆਂਢੀ ਸਨ, ਉਸਦੇ ਘਰ 'ਤੇ ਹਮਲਾ ਕਰਕੇ ਉਸਨੂੰ ਮਾਰ ਦਿੰਦੇ ਹਨ ਅਤੇ ਇਹ ਜਾਨਣ ਦੀ ਕੋਸ਼ਿਸ਼ ਵੀ ਨਹੀਂ ਕਰਦੇ ਕਿ ਉਹ ਮੀਟ ਕਿਸ ਜਾਨਵਰ ਦਾ ਹੈ।
 
ਇੱਕ ਵਿਅਕਤੀ ਆਪਣੀ ਔਲਾਦ ਦੀ ਹੱਤਿਆ ਕਰ ਦਿੰਦਾ ਹੈ, ਕਿਉਂਕਿ ਉਸਨੂੰ ਲਗਦਾ ਹੈ, ਇਹ ਇੱਕ ਮਜ਼੍ਹਬੀ ਜ਼ਿੰਮੇਵਾਰੀ ਹੈ। ਉਸਨੂੰ ਆਪਣੇ ਕੀਤੇ 'ਤੇ ਕੋਈ ਦੁੱਖ ਨਹੀਂ ਹੈ। ਉੱਤਰਾਖੰਡ ਵਿੱਚ ਇੱਕ ਸਰਕਾਰੀ ਸਕੂਲ 'ਚ 6 ਤੋਂ 10 ਸਾਲ ਦੀ ਉਮਰ ਦੇ ਬੱਚੇ ਮਿਡ ਡੇ ਮੀਲ ਦਾ ਭੋਜਨ ਨਹੀਂ ਖਾਂਦੇ, ਕਿਉਂਕਿ ਭੋਜਨ ਇੱਕ ਦਲਿਤ ਮਹਿਲਾ ਬਣਾਉਂਦੀ ਹੈ। ਇੱਕ ਤੋਂ ਬਾਅਦ ਇੱਕ, ਕਈ ਸੂਬਿਆਂ ਵਿੱਚ ਕੁਝ ਲੋਕ ਇੱਕ ਦਲਿਤ ਲਾੜੇ ਨੂੰ ਘੋੜੀ 'ਤੇ ਨਹੀਂ ਚੜ੍ਹਨ ਦਿੰਦੇ।
 
ਉਨ੍ਹਾਂ ਨੂੰ ਲਗਦਾ ਹੈ ਕਿ ਘੋੜੀ 'ਤੇ ਚੜ੍ਹਨ ਦਾ ਹੱਕ ਕੁਝ ਖਾਸ ਜਾਤਾਂ ਦੇ ਲੋਕਾਂ ਨੂੰ ਹੀ ਹੈ। ਹਰ ਦਿਨ ਹੋਣ ਵਾਲੀਆਂ ਅਜਿਹੀਆਂ ਹੋਰ ਘਟਨਾਵਾਂ ਨੂੰ ਜਿਹੜੇ ਲੋਕ ਅੰਜਾਮ ਦੇ ਰਹੇ ਹਨ, ਉਹ ਪਾਗਲ ਨਹੀਂ ਹਨ। ਉਹ ਨੌਕਰੀਪੇਸ਼ਾ, ਬਿਜ਼ਨੈੱਸਮੈਨ ਜਾਂ ਕਿਸਾਨ ਹੋ ਸਕਦੇ ਹਨ। ਉਹ ਕਿਸੇ ਖਾਸ ਮੌਕੇ 'ਤੇ ਹੱਤਿਆ ਕਰ ਸਕਦੇ ਹਨ। ਅਜਿਹੇ ਲੋਕਾਂ ਦੀਆਂ ਹਰਕਤਾਂ ਨੂੰ ਕਿਵੇਂ ਸਮਝਿਆਂ ਜਾਵੇ?
 
ਇੱਕ ਆਦਮੀ ਇਹ ਕਿਉਂ ਸੋਚਦਾ ਹੈ ਕਿ ਉਸਦਾ ਧਰਮ ਖਤਰੇ ਵਿੱਚ ਹੈ ਅਤੇ ਧਰਮ ਨੂੰ ਬਚਾਉਣ ਲਈ ਹੱਤਿਆ ਕਰਨਾ ਨਾ ਸਿਰਫ ਸਹੀ ਹੈ, ਸਗੋਂ ਪੁਣ ਦਾ ਕੰਮ ਹੈ? ਭੀੜ ਇਹ ਕਿਉਂ ਸੋਚਦੀ ਹੈ ਕਿ ਕੋਈ ਪਸ਼ੂ ਪਵਿੱਤਰ ਹੈ, ਪਰ ਉਸਨੂੰ ਇੱਕ ਖਾਸ ਧਰਮ ਦੇ ਲੋਕ ਮਾਰ ਸਕਦੇ ਹਨ ਅਤੇ ਅਜਿਹਾ ਕਰਨ ਵਾਲਿਆਂ ਨੂੰ ਮਾਰ ਦੇਣਾ ਸਹੀ ਹੋਵੇਗਾ? ਆਪਣੀ ਔਲਾਦ ਦੀ ਹੱਤਿਆ ਕਰਕੇ ਕਿਸੇ ਪਰਲੋਕ ਵਾਲੀ ਸ਼ਕਤੀ ਨੂੰ ਖੁਸ਼ ਕਰਨ ਦੀ ਟ੍ਰੇਨਿੰਗ ਇੱਕ ਪਿਓ ਨੂੰ ਕਿੱਥੋਂ ਮਿਲਦੀ ਹੈ?
 
ਇੱਕ ਬੱਚਾ ਇਹ ਕਿੱਥੋਂ ਸਿੱਖਦਾ ਹੈ ਕਿ ਸਮਾਜ ਵਿੱਚ ਕੋਈ ਦਲਿਤ ਵੀ ਹੁੰਦਾ ਹੈ, ਜਿਸਦਾ ਛੋਹਿਆ ਹੋਇਆ ਨਹੀਂ ਖਾਣਾ ਚਾਹੀਦਾ? ਜਾਤੀਵਾਦ ਦੀ ਟ੍ਰੇਨਿੰਗ ਸਿਰਫ 6 ਸਾਲ ਦੀ ਉਮਰ ਵਿੱਚ ਉਸਨੂੰ ਕੌਣ ਦਿੰਦਾ ਹੈ? ਘੋੜੀ 'ਤੇ ਚੜ੍ਹਨ ਨੂੰ ਜਾਤੀ ਨਾਲ ਜੋੜ ਕੇ ਦੇਖਣਾ ਸਾਨੂੰ ਕੌਣ ਸਿਖਾਉਂਦਾ ਹੈ?
 
ਇਨ੍ਹਾਂ ਵਿੱਚੋਂ ਜ਼ਿਆਦਾਤਰ ਸੋਚਾਂ ਅਸੀਂ ਬਚਪਨ ਵਿੱਚ ਹੀ ਸਿੱਖ ਚੁੱਕੇ ਹੁੰਦੇ ਹਾਂ। ਅਸਲ ਵਿੱਚ ਅਸੀਂ ਜੋ ਬਣਨਾ ਹੁੰਦਾ ਹੈ, ਉਸਦਾ ਜ਼ਿਆਦਾਤਰ ਹਿੱਸਾ ਬਹੁਤ ਘੱਟ ਉਮਰ ਵਿੱਚ ਬਣ ਚੁੱਕਾ ਹੁੰਦਾ ਹੈ, ਜਦਕਿ ਸਾਨੂੰ ਪਤਾ ਵੀ ਨਹੀਂ ਹੁੰਦਾ ਕਿ ਅਸੀਂ ਕੁਝ ਬਣ ਰਹੇ ਹਾਂ। ਵਿਚਾਰਾਂ ਅਤੇ ਵਿਚਾਰਧਾਰਾਵਾਂ ਦਾ ਇੱਕ ਵੱਡਾ ਹਿੱਸਾ ਜ਼ਿੰਦਗੀ ਵਿੱਚ ਤਾਂ ਹੀ ਆ ਚੁੱਕਾ ਹੁੰਦਾ ਹੈ, ਜਦੋਂ ਅਸੀਂ ਚੱਲਣਾ ਅਤੇ ਬੋਲਣਾ ਸਿੱਖ ਰਹੇ ਹੁੰਦੇ ਹਾਂ।
 
ਦਿਮਾਗ ਵਿੱਚ ਜਮ ਚੁੱਕੀਆਂ ਇਹ ਚੀਜ਼ਾਂ ਆਮ ਤੌਰ 'ਤੇ ਜ਼ਿੰਦਗੀ ਭਰ ਸਾਡੇ ਨਾਲ ਚੱਲਦੀਆਂ ਹਨ ਅਤੇ ਬਹੁਤ ਘੱਟ ਮਾਮਲਿਆਂ ਵਿੱਚ ਹੀ ਉਨ੍ਹਾਂ ਤੋਂ ਮੁਕਤੀ ਮਿਲਦੀ ਹੈ। ਸਾਨੂੰ ਲਗਦਾ ਹੀ ਨਹੀਂ ਹੈ ਕਿ ਉਨ੍ਹਾਂ ਗੱਲਾਂ ਵਿੱਚ ਕੁਝ ਵੀ ਗਲਤ ਹੈ। ਸਮਾਜ ਸ਼ਾਸਤਰੀ ਇਸਨੂੰ ਮੁੱਢਲਾ ਸਮਾਜੀਕਰਨ ਜਾਂ ਪ੍ਰਾਈਮਰੀ ਸੋਸ਼ਲਾਈਜੇਸ਼ਨ ਕਹਿੰਦੇ ਹਨ।
 
ਸਮਾਜੀਕਰਨ ਇਹ ਚੀਜ਼ ਹੈ, ਜਿਸਦੇ ਰਾਹੀਂ ਅਸੀਂ ਸਮਾਜ ਦੇ ਮੈਂਬਰ ਦੇ ਤੌਰ 'ਤੇ ਜਿਊਣਾ ਸਿੱਖਦੇ ਹਾਂ ਅਤੇ ਸਾਨੂੰ ਪਤਾ ਵੀ ਨਹੀਂ ਹੁੰਦਾ ਕਿ ਅਸੀਂ ਕੋਈ ਸਿਖਾਇਆ ਹੋਇਆ ਕੰਮ ਕਰ ਰਹੇ ਹਾਂ। ਇਹ ਇੱਕ ਆਟੋਮੈਟਿਕ, ਮਤਲਬ ਸੁਭਾਵਿਕ ਪ੍ਰਕਿਰਿਆ ਹੈ। ਜਿਵੇਂ ਸਾਨੂੰ ਜੇਕਰ ਬਚਪਨ ਵਿੱਚ ਸਿਖਾਇਆ ਗਿਆ ਕਿ ਕਿਸੇ ਬਜ਼ੁਰਗ ਦੇ ਸਾਹਮਣੇ ਆਉਣ 'ਤੇ ਉਸਨੂੰ ਪ੍ਰਣਾਮ ਕਰਨਾ ਹੈ ਤਾਂ ਅਸੀਂ ਵੱਡੇ ਹੋ ਕੇ ਬਜ਼ੁਰਗਾਂ ਨੂੰ ਪ੍ਰਣਾਮ ਕਰਨ ਲੱਗਦੇ ਹਾਂ। ਜੇਕਰ ਸਾਨੂੰ ਸਿਖਾਇਆ ਗਿਆ ਹੈ ਕਿ ਮੂੰਹ ਖੋਲ ਕੇ ਨਹੀਂ ਖਾਣਾ ਚਾਹੀਦਾ ਤਾਂ ਅਸੀਂ ਮੂੰਹ ਖੋਲ ਕੇ ਨਹੀਂ ਖਾਵਾਂਗੇ।
 
ਜੇਕਰ ਸਾਨੂੰ ਟ੍ਰੇਨਿੰਗ ਮਿਲੀ ਹੈ ਕਿ ਜੁੱਤੇ ਪਾ ਕੇ ਬਿਸਤਰ 'ਤੇ ਨਹੀਂ ਚੜ੍ਹਨਾ ਚਾਹੀਦਾ ਤਾਂ ਅਸੀਂ ਜੁੱਤੇ ਪਾ ਕੇ ਬਿਸਤਰ 'ਤੇ ਨਹੀਂ ਚੜ੍ਹਾਂਗੇ। ਸਮਾਜ ਵਿੱਚ ਰਹਿਣ ਦੇ ਨਿਯਮ, ਮਾਨਤਾਵਾਂ ਤੇ ਸ਼ਿਸ਼ਟਾਚਾਰ ਅਸੀਂ ਇਸੇ ਤਰ੍ਹਾਂ ਹੀ ਸਿੱਖਦੇ ਹਾਂ। ਜਿਹੜੀ ਗੱਲ ਆਦਤਾਂ ਜਾਂ ਵਿਵਹਾਰ ਬਾਰੇ ਸੱਚ ਹੈ, ਓਹੀ ਵਿਚਾਰਧਾਰਾ ਜਾਂ ਰਾਜਨੀਤਕ ਚਿੰਤਨ 'ਤੇ ਵੀ ਲਾਗੂ ਹੁੰਦਾ ਹੈ। ਇਨ੍ਹਾਂ ਦੀ ਟ੍ਰੇਨਿੰਗ ਵੀ ਇਸੇ ਤਰ੍ਹਾਂ ਹੀ ਮਿਲਦੀ ਹੈ।
 
ਮਿਸਾਲ ਦੇ ਤੌਰ 'ਤੇ ਦਾਦੀ-ਨਾਨੀ ਦੀਆਂ ਕਹਾਣੀਆਂ ਵਿੱਚ ਅਤੇ ਸਕੂਲ ਵਿੱਚ ਗਾਂ 'ਤੇ ਪਾਠ ਲਿਖਦੇ ਸਮੇਂ ਜੇਕਰ ਸਾਨੂੰ ਸਿਖਾਇਆ ਗਿਆ ਕਿ ਗਾਂ ਇੱਕ ਪਵਿੱਤਰ ਜਾਨਵਰ ਹੈ ਅਤੇ ਜੇਕਰ ਸਾਡੇ ਮੁਹੱਲੇ ਦੇ ਅੰਕਲ ਨੇ ਜਾਂ ਪਰਿਵਾਰ ਦੇ ਲੋਕਾਂ ਨੇ ਬਚਪਨ ਵਿੱਚ ਸਿਖਾਇਆ ਹੈ ਕਿ ਇੱਕ ਖਾਸ ਧਰਮ ਦੇ ਲੋਕ ਗਾਂ ਮਾਰਦੇ ਹਨ ਤਾਂ ਅਜਿਹੀ ਬਚਪਨ ਦੀ ਟ੍ਰੇਨਿੰਗ ਪਾਉਣ ਵਾਲੇ ਲੋਕਾਂ ਲਈ ਦਾਦਰੀ ਦੇ ਪਿੰਡ ਵਿੱਚ ਇੱਕ ਆਦਮੀ ਦੇ ਫਰਿੱਜ ਵਿੱਚ ਖਾਸ ਤਰ੍ਹਾਂ ਦਾ ਮੀਟ ਹੋਣ ਦੀ ਗੱਲ ਸੁਣ ਕੇ ਉਸਨੂੰ ਮਾਰਨ ਲਈ ਦੌੜ ਪੈਣਾ ਸੁਭਾਵਿਕ ਹੈ।
 
ਜੇਕਰ ਕਰਨਾਟਕ ਵਿੱਚ ਹਿੰਦੂਆਂ ਦੇ ਇੱਕ ਵਰਗ ਦੇ ਬੱਚਿਆਂ ਨੂੰ ਬਚਪਨ ਤੋਂ ਸਿਖਾਇਆ ਗਿਆ ਹੈ ਕਿ ਉਨ੍ਹਾਂ ਦਾ ਧਰਮ ਮਹਾਨ ਹੈ ਅਤੇ ਇਸ 'ਤੇ ਲਗਾਤਾਰ ਬਾਹਰ ਅਤੇ ਅੰਦਰ ਤੋਂ ਹਮਲੇ ਹੋ ਰਹੇ ਹਨ ਅਤੇ ਆਪਣੇ ਧਰਮ ਦੀ ਰੱਖਿਆ ਲਈ ਕਿਸੇ ਨੂੰ ਮਾਰਨਾ ਪਵੇ ਜਾਂ ਮਰ ਜਾਣਾ ਪਵੇ ਤਾਂ ਇਹ ਪੁਣ ਦਾ ਕੰਮ ਹੈ ਤਾਂ ਅਜਿਹਾ ਬੱਚਾ ਵੱਡਾ ਹੋ ਕੇ ਇੱਕ ਲਿੰਗਾਯਤ ਮਹਿਲਾ ਦੀ ਹੱਤਿਆ ਆਰਾਮ ਨਾਲ ਕਰ  ਦੇਵੇਗਾ, ਕਿਉਂਕਿ ਉਸਨੂੰ ਦੱਸਿਆ ਗਿਆ ਹੈ ਕਿ ਲਿੰਗਾਯਤ ਲੋਕ ਅਲੱਗ ਧਰਮ ਦੀ ਮੰਗ ਕਰਕੇ ਹਿੰਦੂ ਧਰਮ ਨੂੰ ਕਮਜ਼ੋਰ ਕਰਨਾ ਚਾਹੁੰਦੇ ਹਨ।
 
ਜੇਕਰ ਕਿਸੇ ਨੂੰ ਬਚਪਨ ਤੋਂ ਸਿਖਾਇਆ ਗਿਆ ਹੈ ਕਿ ਅੱਲਾਹ ਨੂੰ ਕੁਰਬਾਨੀ ਪਸੰਦ ਹੈ, ਕੁਰਬਾਨੀ ਸਭ ਤੋਂ ਪਿਆਰੀ ਚੀਜ਼ ਦੀ ਹੋਣੀ ਚਾਹੀਦੀ ਹੈ ਅਤੇ ਸਭ ਤੋਂ ਪਿਆਰੀ ਚੀਜ਼ ਆਪਣੀ ਔਲਾਦ ਹੈ ਤਾਂ ਉਹ ਔਲਾਦ ਆਪਣੀ ਔਲਾਦ ਨੂੰ ਕੁਰਬਾਨ ਕਰ ਸਕਦਾ ਹੈ, ਕਿਉਂਕਿ ਉਸਨੂੰ ਪਤਾ ਹੀ ਨਹੀਂ ਕਿ ਉਹ ਕੋਈ ਗਲਤ ਕੰਮ ਕਰ ਰਿਹਾ ਹੈ ਜਾਂ ਕੁਰਬਾਨੀ ਦਾ ਕੋਈ ਹੋਰ ਮਤਲਬ ਵੀ ਹੋ ਸਕਦਾ ਹੈ। ਕੀ ਅਸੀਂ ਆਪਣੇ ਪ੍ਰਾਈਮਰੀ ਸੋਸ਼ਲਾਈਜੇਸ਼ਨ ਮਤਲਬ ਬਚਪਨ ਦੀ ਟ੍ਰੇਨਿੰਗ ਨੂੰ ਲੋਕਤੰਤਰਿਕ ਅਤੇ ਮਨੁੱਖੀ ਬਣਾ ਸਕਦੇ ਹਾਂ? ਅਜਿਹਾ ਕੀਤੇ ਬਿਨਾਂ ਚੰਗਾ ਇਨਸਾਨ ਤੇ ਬੇਹਤਰ ਨਾਗਰਿਕ ਬਣ ਪਾਉਣਾ ਤੇ ਬਣਾ ਪਾਉਣਾ ਸੰਭਵ ਨਹੀਂ ਹੈ।  
-ਦਲੀਪ ਮੰਡਲ
(ਲੇਖਕ ਸੀਨੀਅਰ ਪੱਤਰਕਾਰ ਹਨ)

Comments

Leave a Reply