04th
November
ਮੇਨਸਟ੍ਰੀਮ ਮੀਡੀਏ ਦਾ ਬਹੁਜਨ ਸਮਾਜ ਨਾਲ ਜਾਤੀਵਾਦੀ ਵਿਤਕਰਾ
ਕੀ ਤੁਹਾਨੂੰ ਇਹ ਗੱਲ ਹੈਰਾਨ ਕਰਦੀ ਹੈ ਕਿ 2020 'ਚ ਜਦੋਂ ਦੁਨੀਆ ਤੇਜ਼ੀ ਨਾਲ ਆਧੁਨਿਕਤਾ ਵੱਲ ਵਧ ਰਹੀ ਹੈ ਅਤੇ ਵਿਅਕਤੀਗਤ ਪਹਿਚਾਣ ਦੇ ਸਵਾਲ ਖਾਸ ਤੌਰ 'ਤੇ ਪੱਛਮੀ ਦੇਸ਼ਾਂ 'ਚ ਧੁੰਦਲੇ ਹੋ ਰਹੇ ਹਨ, ਉਦੋਂ ਭਾਰਤ 'ਚ ਦਲਿਤ ਬਹੁਜਨ ਮੀਡੀਏ ਦਾ ਖੇਤਰ ਤੇਜ਼ੀ ਨਾਲ ਵਧ ਰਿਹਾ ਹੈ। ਇਸ ਤੇਜ਼ ਵਾਧੇ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਓ ਕਿ ਘੱਟ ਤੋਂ ਘੱਟ 10 ਦਲਿਤ ਬਹੁਜਨ ਯੂਟਿਊਬ ਚੈਨਲ ਅਜਿਹੇ ਹਨ, ਜਿਨ੍ਹਾਂ 'ਚੋਂ ਹਰ ਇੱਕ ਦੇ ਘੱਟ ਤੋਂ ਘੱਟ 5 ਲੱਖ ਸਬਸਕ੍ਰਾਈਬਰ ਹਨ। ਇਹ ਚੈਨਲ ਮੁੱਖ ਤੌਰ 'ਤੇ ਦਲਿਤ ਬਹੁਜਨ ਮੁੱਦਿਆਂ 'ਤੇ ਕੰਟੈਂਟ ਅਪਲੋਡ ਕਰਦੇ ਹਨ ਅਤੇ ਪਾਪੂਲਰ ਵੀ ਹਨ।
ਕੀ ਇਹ ਭਾਰਤੀ ਮੀਡੀਆ ਦਾ ਅੰਡਰਗ੍ਰਾਊਂਡ ਸਪੇਸ ਹੈ, ਜਿਸ ਬਾਰੇ ਜਾਣਦੇ ਸਾਰੇ ਹਨ, ਪਰ ਕੋਈ ਇਸ ਬਾਰੇ ਗੱਲ ਨਹੀਂ ਕਰਦਾ। ਇਸ ਬਾਰੇ ਕੋਈ ਕਿਤਾਬ ਨਹੀਂ ਲਿਖੀ ਜਾਂਦੀ, ਕੋਈ ਰਿਸਰਚ ਨਹੀਂ ਹੁੰਦੀ। ਇਨ੍ਹਾਂ ਲੋਕਪ੍ਰਿਅ ਪਲੇਟਫਾਰਮ 'ਚ ਕੰਮ ਕਰਨ ਵਾਲੇ ਪੱਤਰਕਾਰਾਂ ਨੂੰ ਕੋਈ ਸਨਮਾਨ ਨਹੀਂ ਮਿਲਦਾ, ਸਗੋਂ ਉਨ੍ਹਾਂ ਨੂੰ ਪੱਤਰਕਾਰ ਮੰਨਣ 'ਚ ਵੀ ਲੋਕਾਂ ਨੂੰ ਪਰੇਸ਼ਾਨੀ ਹੁੰਦੀ ਹੈ।
ਸਵਾਲ ਉੱਠਦਾ ਹੈ ਕਿ ਇਸ ਆਧੁਨਿਕ ਕਹੇ ਜਾਣ ਵਾਲੇ ਦੌਰ 'ਚ ਵੀ ਦਲਿਤਾਂ-ਬਹੁਜਨਾਂ ਨੂੰ ਆਪਣਾ ਮੀਡੀਆ ਕਿਉਂ ਚਾਹੀਦਾ ਹੈ ਅਤੇ ਆਖਰ ਕੀ ਕਾਰਨ ਹੈ ਕਿ ਲੋਕ ਇਨ੍ਹਾਂ ਨੂੰ ਦੇਖ ਰਹੇ ਹਨ, ਸਬਸਕ੍ਰਾਈਬ ਕਰ ਰਹੇ ਹਨ? ਦਲਿਤ-ਬਹੁਜਨ ਪੱਤਰਕਾਰਿਤਾ ਕਿਤੇ ਇਸ ਲਈ ਤਾਂ ਨਹੀਂ ਸਾਹਮਣੇ ਆਈ ਹੈ, ਕਿਉਂਕਿ ਮੇਨਸਟ੍ਰੀਮ ਪੱਤਰਕਾਰਿਤਾ ਨੇ ਖੁਦ ਨੂੰ ਇੱਕ ਜਾਤੀ ਸਮੂਹ ਤੱਕ ਸੀਮਤ ਕਰ ਲਿਆ ਹੈ ਅਤੇ ਉਸਦੀ ਜ਼ਰੂਰਤ ਤੇ ਦਿਲਚਸਪੀ ਦੇ ਹਿਸਾਬ ਨਾਲ ਕੰਟੈਂਟ ਕ੍ਰੀਏਟ ਕੀਤਾ ਜਾ ਰਿਹਾ ਹੈ?
ਖਾਸ ਤੌਰ 'ਤੇ ਦਲਿਤਾਂ ਦਾ ਆਪਣਾ ਮੀਡੀਆ ਹੋਣਾ ਕੋਈ ਨਵੀਂ ਗੱਲ ਨਹੀਂ ਹੈ। ਭਾਰਤ ਆਉਣ ਤੋਂ ਬਾਅਦ 1920 'ਚ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਨੇ ਆਪਣਾ ਪੰਦਰਵਾੜਾ ਅਖਬਾਰ ਮੂਕਨਾਇਕ ਲਾਂਚ ਕੀਤਾ ਸੀ। ਡਾ. ਅੰਬੇਡਕਰ ਨੇ ਹਮੇਸ਼ਾ ਆਪਣੀ ਅਖਬਾਰ ਕੱਢਣ 'ਤੇ ਜ਼ੋਰ ਦਿੱਤਾ ਅਤੇ ਇਸ ਲੜੀ 'ਚ ਮੂਕਨਾਇਕ ਤੋਂ ਬਾਅਦ ਬਹਿਸ਼ਕ੍ਰਿਤ ਭਾਰਤ, ਜਨਤਾ, ਸਮਤਾ ਤੇ ਪ੍ਰਬੁੱਧ ਭਾਰਤ ਦਾ ਪ੍ਰਕਾਸ਼ਨ ਉਨ੍ਹਾਂ ਨੇ ਕੀਤਾ।
ਪੱਛੜੀ ਜਾਤੀ ਨਾਲ ਸਬੰਧਤ ਈ.ਵੀ. ਰਾਮਾਸਾਮੀ ਪੈਰੀਅਰ ਨੇ ਵੀ ਅੰਗ੍ਰੇਜ਼ੀ 'ਚ ਰਿਵੋਲਟ ਅਤੇ ਤਮਿਲ ਦੀ ਕੁਡੀ ਅਰਸੂ ਨਾਂ ਦੀਆਂ ਪੱਤ੍ਰਿਕਾਵਾਂ ਦਾ ਸੰਪਾਦਨ ਕੀਤਾ। ਅੰਬੇਡਕਰ ਦੀ ਪਰੰਪਰਾ ਨੂੰ ਅੱਗੇ ਲੈ ਜਾਣ ਵਾਲੇ ਸਾਹਿਬ ਕਾਂਸ਼ੀਰਾਮ ਨੇ ਵੀ ਬਹੁਜਨ ਸੰਗਠਕ ਦਾ ਲੰਮੇ ਸਮੇਂ ਤੱਕ ਸੰਪਾਦਨ ਕੀਤਾ। ਆਪਣੀ ਪੱਤ੍ਰਿਕਾ ਚਲਾਉਣ ਦੇ ਪਿੱਛੇ ਅੰਬੇਡਕਰ ਦੀ ਸੋਚ ਬਿਲਕੁਲ ਸਾਫ ਸੀ। ਉਸ ਸਮੇਂ ਸਾਰੀਆਂ ਮੁੱਖ ਅਖਬਾਰਾਂ ਜਾਂ ਤਾਂ ਮੋਹਨ ਦਾਸ ਕਰਮਚੰਦ ਗਾਂਧੀ ਜਾਂ ਫਿਰ ਮੁਹੰਮਦ ਅਲੀ ਜਿੰਨਾ ਦੀ ਵਡਿਆਈ 'ਚ ਲੱਗੀਆਂ ਸਨ ਅਤੇ ਡਾ. ਅੰਬੇਡਕਰ ਬਾਰੇ ਉਨ੍ਹਾਂ ਅਖਬਾਰਾਂ 'ਚ ਨਕਾਰਾਤਮਕ ਹੀ ਛਪਦਾ ਸੀ। ਨਾਲ ਹੀ ਅੰਬੇਡਕਰ ਇਸ ਗੱਲ ਤੋਂ ਜਾਣੂ ਸਨ ਕਿ ਜਨਮਤ ਨਿਰਮਾਣ 'ਚ ਅਖਬਾਰਾਂ ਅਤੇ ਪੱਤ੍ਰਿਕਾਵਾਂ ਦੀ ਕਿੰਨੀ ਮਹੱਤਤਾ ਹੈ।
ਰਾਣਾਡੇ, ਗਾਂਧੀ ਤੇ ਜਿੰਨਾ ਨਾਂ ਦੇ ਆਪਣੇ ਭਾਸ਼ਣ 'ਚ ਉਹ ਕਹਿੰਦੇ ਹਨ ਕਿ ''ਕਾਂਗਰਸ ਪ੍ਰੈੱਸ ਦੀ ਮੇਰੇ ਪ੍ਰਤੀ ਨਫਰਤ ਨੂੰ ਅਛੂਤਾਂ ਦੇ ਪ੍ਰਤੀ ਹਿੰਦੂਆਂ ਦੀ ਨਫਰਤ ਤੋਂ ਹੀ ਸਮਝਿਆ ਜਾ ਸਕਦਾ ਹੈ।'' ਬਾਬਾ ਸਾਹਿਬ ਨੇ ਇਹ ਗੱਲ 1943 'ਚ ਕਹੀ ਸੀ। ਅੱਜ ਕਰੀਬ 77 ਸਾਲ ਬਾਅਦ ਵੀ ਭਾਰਤੀ ਮੀਡੀਆ ਦੀ ਦੁਨੀਆ ਜਾਤੀ ਦੇ ਮਾਮਲੇ 'ਚ ਬਦਲ ਨਹੀਂ ਸਕੀ ਹੈ। ਅਸਲ 'ਚ ਇਸ ਵਿਚਕਾਰ ਮੀਡੀਆ 'ਚ ਕਾਫੀ ਬਦਲਾਅ ਆਏ ਹਨ। ਕੰਟੈਂਟ, ਟੈਕਨੋਲਾਜੀ ਅਤੇ ਮੀਡੀਅਮ ਸਭ ਕੁਝ ਬਦਲ ਗਿਆ ਹੈ, ਪਰ ਆਪਣਾ ਮੀਡੀਆ ਬਣਾਉਣ ਦੀ ਦਲਿਤਾਂ ਦੀ ਇੱਛਾ ਜਾਂ ਉਨ੍ਹਾਂ ਦੀ ਜ਼ਰੂਰਤ ਪਹਿਲਾਂ ਵਾਂਗ ਕਾਇਮ ਹੈ।
ਡਿਜ਼ੀਟਲ ਦੁਨੀਆ 'ਚ ਬਹੁਜਨ ਪੱਤਰਕਾਰਿਤਾ
ਭਾਰਤ 'ਚ ਦਲਿਤ ਬਹੁਜਨ ਸਾਹਿੱਤ ਦੀ ਇੱਕ ਧਾਰਾ ਹਮੇਸ਼ਾ ਤੋਂ ਮੌਜ਼ੂਦ ਰਹੀ ਹੈ, ਜਿਸਦਾ ਸਰੋਤ ਸ੍ਰੀ ਗੁਰੂ ਕਬੀਰ, ਸ੍ਰੀ ਗੁਰੂ ਰਵਿਦਾਸ, ਜੋਤੀਬਾ ਫੂਲੇ ਅਤੇ ਉੱਥੋਂ ਅੱਗੇ ਵਧ ਕੇ ਅੱਜ ਦੇ ਸਮੇਂ ਤੱਕ ਨਿਰੰਤਰਤਾ 'ਚ ਮੌਜ਼ੂਦ ਹੈ। ਇਹ ਧਾਰਾ ਮੇਨਸਟ੍ਰੀਮ ਸਾਹਿੱਤ ਦੇ ਬਰਾਬਰ ਉਸਨੂੰ ਚੁਣੌਤੀ ਦਿੰਦੀ ਹੋਈ ਚਲਦੀ ਹੈ। ਅੱਜ ਦੇ ਸਮੇਂ 'ਚ ਦਲਿਤ ਸਾਹਿੱਤ ਦੇ ਪ੍ਰਕਾਸ਼ਕਾਂ ਅਤੇ ਵਿਤਰਕਾਂ ਦਾ ਇੱਕ ਵਿਸ਼ਾਲ ਨੈੱਟਵਰਕ ਦੇਸ਼ 'ਚ ਮੌਜ਼ੂਦ ਹੈ, ਜੋ ਕਿ ਲੱਖਾਂ ਦੀ ਗਿਣਤੀ 'ਚ ਸਾਹਿੱਤ ਛਾਪ ਅਤੇ ਵੇਚ ਰਹੇ ਹਨ।
ਹਾਲਾਂਕਿ ਜਿੱਥੇ ਤੱਕ ਪਰੰਪਰਾਗਤ ਜ਼ਰੀਏ, ਜਿਵੇਂ ਅਖਬਾਰ ਜਾਂ ਟੀਵੀ ਚੈਨਲ ਦੀ ਗੱਲ ਹੋਵੇ ਤਾਂ ਇਸ 'ਚ ਦਲਿਤਾਂ ਦਾ ਦਖਲ ਨਹੀਂ ਦੇ ਬਰਾਬਰ ਹੈ, ਕਿਉਂਕਿ ਇਸਦੇ ਲਈ ਜਿਸ ਵਿਸ਼ਾਲ ਅਰਥ ਤੰਤਰ ਦੀ ਜ਼ਰੂਰਤ ਹੈ, ਉਸਦੀ ਦਲਿਤਾਂ 'ਚ ਕਮੀ ਹੈ। ਇੱਕ ਸਮੱਸਿਆ ਇਹ ਵੀ ਹੈ ਕਿ ਸਵਰਣ ਹਿੱਤ 'ਚ ਚੱਲ ਰਹੇ ਮੀਡੀਏ ਦੀ ਪਹਿਚਾਣ ਸਵਰਣ ਮੀਡੀਏ ਦੀ ਨਹੀਂ ਬਣਦੀ, ਜਦਕਿ ਦਲਿਤ ਹਿੱਤ ਜਾਂ ਫਿਰ ਸਮਾਜਿਕ ਨਿਆਂ ਲਈ ਕੰਮ ਕਰਦੇ ਕਿਸੇ ਮੀਡੀਆ ਪਲੇਟਫਾਰਮ ਦੀ ਪਹਿਚਾਣ ਦਲਿਤ ਮੀਡੀਏ ਜਾਂ ਜਾਤੀਵਾਦੀ ਮੀਡੀਏ ਦੀ ਬਣ ਜਾਂਦੀ ਹੈ।
ਡਿਜ਼ੀਟਲ ਦੌਰ ਨੇ ਇਨ੍ਹਾਂ 2 'ਚੋਂ ਪਹਿਲੀ ਰੁਕਾਵਟ, ਮਤਲਬ ਪੈਸੇ ਦੀ ਸਮੱਸਿਆ ਨੂੰ ਇੱਕ ਹੱਦ ਤੱਕ ਹੱਲ ਕਰ ਦਿੱਤਾ ਹੈ। ਇੱਕ ਸਮਾਰਟਫੋਨ, ਟ੍ਰਾਈਪੋਡ, ਆਮ ਤੌਰ 'ਤੇ ਮੁਫਤ 'ਚ ਮਿਲਣ ਵਾਲੇ ਐਡੀਟਿੰਗ ਐਪ ਅਤੇ ਡਾਟਾ ਪੈਕ ਦੇ ਨਾਲ ਆਡੀਓ-ਵੀਡੀਓ ਕੰਟੈਂਟ ਤਿਆਰ ਕਰਨਾ ਸੰਭਵ ਹੋ ਗਿਆ ਹੈ। ਇਹ ਕੰਮ ਘੱਟੋ ਘੱਟ 10 ਹਜ਼ਾਰ ਰੁਪਏ ਦੀ ਪੂੰਜੀ ਨਾਲ ਸੰਭਵ ਹੈ। ਇਸ ਕਾਰਨ ਮੀਡੀਆ 'ਚ ਆਪਣੀ ਆਵਾਜ਼ ਨਾ ਹੋਣ ਕਰਕੇ ਪਰੇਸ਼ਾਨ ਨੌਜਵਾਨਾਂ ਨੇ ਆਪਣੇ ਵੀਡੀਓ ਚੈਨਲ ਖੋਲ ਲਏ।
ਮੀਡੀਏ ਤੋਂ ਗਾਇਬ ਦਲਿਤ-ਬਹੁਜਨ ਆਵਾਜ਼
ਇਸ ਬਾਰੇ ਬਹੁਤ ਸਾਰੇ ਸਰਵੇ ਅਤੇ ਸੋਧ ਹੋ ਚੁੱਕੇ ਹਨ ਕਿ ਭਾਰਤ 'ਚ ਮੇਨਸਟ੍ਰੀਮ ਕਿਹਾ ਜਾਣ ਵਾਲਾ ਮੀਡੀਆ ਮੁੱਖ ਤੌਰ 'ਤੇ ਸਵਰਣਾਂ ਵੱਲੋਂ ਚਲਾਇਆ ਜਾਂਦਾ ਹੈ। ਇਸ ਸਮਾਜਿਕ ਬਣਤਰ ਦਾ ਅਸਰ ਮੀਡੀਏ ਦੇ ਕੰਟੈਂਟ 'ਤੇ ਵੀ ਹੁੰਦਾ ਹੈ। ਇਸਨੂੰ ਖਾਸ ਤੌਰ 'ਤੇ ਉਦੋਂ ਦੇਖਿਆ ਜਾ ਸਕਦਾ ਹੈ ਕਿ ਜਦੋਂ ਜਾਤੀ ਨਾਲ ਸਬੰਧਤ ਕੋਈ ਮਾਮਲਾ ਜਾਂ ਵਿਵਾਦ ਖਬਰ ਬਣਦਾ ਹੈ। ਰਾਖਵੇਂਕਰਨ ਤੋਂ ਲੈ ਕੇ ਜਾਤੀ ਜਨਗਣਨਾ ਅਤੇ ਐੱਸਸੀ-ਐੱਸਟੀ ਐਕਟ ਅਜਿਹੇ ਹੀ ਮਾਮਲੇ ਹਨ। ਇਸ ਤੋਂ ਇਲਾਵਾ ਹੇਠਲੀਆਂ ਕਹੀਆਂ ਜਾਣ ਵਾਲੀਆਂ ਜਾਤੀਆਂ ਦੇ ਨੇਤਾਵਾਂ ਪ੍ਰਤੀ ਵੀ ਇਸ ਮੀਡੀਏ ਦੀ ਬੇਰੁਖੀ ਦੇਖਣ ਨੂੰ ਮਿਲਦੀ ਹੈ, ਖਾਸ ਤੌਰ 'ਤੇ ਉਦੋਂ, ਜਦੋਂ ਉਹ ਨੇਤਾ ਸਮਾਜਿਕ ਨਿਆਂ ਦਾ ਹਮਾਇਤੀ ਹੋਵੇ।
ਭਾਰਤ 'ਚ ਮੀਡੀਆ ਕੰਟੈਂਟ 'ਤੇ ਉਸਦੇ ਰੈਵੇਨਿਊ ਮਾਡਲ ਦਾ ਵੀ ਅਸਰ ਹੁੰਦਾ ਹੈ। ਮੀਡੀਏ ਦੀ ਜ਼ਿਆਦਾ ਆਮਦਣੀ ਵਿਗਿਆਪਨਾਂ ਨਾਲ ਹੁੰਦੀ ਹੈ। ਸਰਕੂਲੇਸ਼ਨ ਜਾਂ ਸਬਸਕ੍ਰਿਪਸ਼ਨ ਦਾ ਉਸਦੇ ਰੈਵੇਨਿਊ 'ਚ ਯੋਗਦਾਨ ਘੱਟ ਹੁੰਦਾ ਹੈ। ਵਿਗਿਆਪਨ ਦੇਣ ਵਾਲੇ ਅਜਿਹੇ ਮੀਡੀਆ ਸੰਸਥਾਨ ਨੂੰ ਵਿਗਿਆਪਨ ਦੇਣਾ ਪਸੰਦ ਕਰਦੇ ਹਨ, ਜਿਨ੍ਹਾਂ ਦੇ ਪਾਠਕ ਦੇ ਦਰਸ਼ਕ ਪੈਸੇ ਵਾਲੇ ਹੋਣ, ਕਿਉਂਕਿ ਪ੍ਰੋਡਕਟ ਖਰੀਦਣ ਦੀ ਉਨ੍ਹਾਂ ਦੀ ਸਮਰੱਥਾ ਜ਼ਿਆਦਾ ਹੁੰਦੀ ਹੈ। ਇਸ ਵਰਗ ਨੂੰ ਆਪਣੇ ਵੱਲ ਖਿੱਚਣ ਲਈ ਮੀਡੀਆ ਸੰਸਥਾਨਾਂ ਨੂੰ ਇਨ੍ਹਾਂ ਵਰਗਾਂ ਦੀ ਪਸੰਦ ਦੇ ਮੁਤਾਬਕ ਕੰਟੈਂਟ ਬਣਾਉਣਾ ਪੈਂਦਾ ਹੈ।
ਇੱਥੇ ਵੀ ਐੱਸਸੀ, ਐੱਸਟੀ ਤੇ ਓਬੀਸੀ ਦੇ ਹਿੱਤ ਨਾਲ ਜੁੜਿਆ ਕੰਟੈਂਟ ਪਿੱਛੇ ਰਹਿ ਜਾਂਦਾ ਹੈ। ਇੱਕ ਤੀਜਾ ਪੱਖ ਇਹ ਹੈ ਕਿ ਭਾਰਤ 'ਚ ਮੀਡੀਏ ਲਈ ਸਭ ਤੋਂ ਜ਼ਿਆਦਾ ਵਿਗਿਆਪਨ ਦੇਣ ਵਾਲੀ ਸਰਕਾਰ ਹੁੰਦੀ ਹੈ। ਇਸ ਲਈ ਮੀਡੀਆ ਸੰਸਥਾਨਾਂ ਨੂੰ ਕਈ ਵਾਰ ਸਰਕਾਰ ਦੀ ਪਸੰਦ ਅਤੇ ਨਾਪਸੰਦ ਦਾ ਖਿਆਲ ਰੱਖਣਾ ਪੈ ਸਕਦਾ ਹੈ। ਇਸ ਲੜੀ 'ਚ ਆਮ ਜਨਤਾ ਦੇ ਹਿੱਤਾਂ ਦੀ ਬਲੀ ਚੜ੍ਹਾਈ ਜਾਂਦੀ ਹੈ। ਇਸ ਤਰ੍ਹਾਂ ਦੇਖਿਆ ਜਾਵੇ ਤਾਂ ਨਿਊਜ਼ ਰੂਮ ਦੀ ਸਮਾਜਿਕ ਬਣਤਰ, ਵਿਗਿਆਪਨ ਕੇਂਦਰਿਤ ਰੈਵੇਨਿਊ ਮਾਡਲ ਅਤੇ ਸਰਕਾਰ ਦਾ ਦਬਾਅ ਮੀਡੀਆ 'ਤੇ ਹੁੰਦਾ ਹੈ।
ਇਸ ਲੜੀ 'ਚ ਜੋ ਕੰਟੈਂਟ ਤਿਆਰ ਹੁੰਦਾ ਹੈ, ਉਸ 'ਚ ਉਹ ਖਾਲੀ ਸਥਾਨ ਪੈਦਾ ਹੋ ਜਾਂਦਾ ਹੈ, ਜਿਸਨੂੰ ਹੁਣ ਬਹੁਜਨ ਮੀਡੀਆ ਭਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਮੌਜ਼ੂਦਾ ਦੌਰ 'ਚ ਲੋਕ ਮੱਤ ਨਿਰਮਾਣ 'ਚ ਕੰਟੈਂਟ ਦੀ ਮਹੱਤਤਾ ਹੈ। ਇਸ ਮਹੱਤਤਾ ਨੂੰ ਹਰ ਤਰ੍ਹਾਂ ਦੇ ਲੋਕ ਸਮਝਣ ਲੱਗੇ ਹਨ।
ਇਸ ਕਰਕੇ ਕਿਹਾ ਜਾ ਸਕਦਾ ਹੈ ਕਿ ਮੇਨਸਟ੍ਰੀਮ ਮੀਡੀਆ ਜਦੋਂ ਤੱਕ ਵਾਂਝੇ ਵਰਗਾਂ ਨੂੰ ਆਵਾਜ਼ ਨਹੀਂ ਦੇਵੇਗਾ ਅਤੇ ਆਵਾਜ਼ ਦੇਣ ਵਾਲੇ ਲੋਕ ਵੀ ਜ਼ਰੂਰੀ ਗਿਣਤੀ 'ਚ ਇਨ੍ਹਾਂ ਵਰਗਾਂ ਦੇ ਨਹੀਂ ਹੋਣਗੇ, ਉਦੋਂ ਤੱਕ ਦਲਿਤ ਬਹੁਜਨ ਮੀਡੀਏ ਦੀ ਗੁੰਜਾਇਸ਼ ਬਣੀ ਰਹੇਗੀ। ਹਾਲਾਂਕਿ ਮੇਨਸਟ੍ਰੀਮ ਮੀਡੀਏ ਲਈ ਇੱਕਠੇ ਸਾਰੇ ਸਮਾਜਿਕ ਵਰਗਾਂ ਦੇ ਹਿੱਤ ਦਾ ਸੰਤੁਲਨ ਬਣਾ ਪਾਉਣਾ ਸੌਖਾ ਨਹੀਂ ਹੋਵੇਗਾ, ਪਰ ਅਜਿਹਾ ਨਾ ਕਰਨ ਤੱਕ ਉਸ 'ਤੇ ਜਾਤੀਵਾਦੀ ਹੋਣ ਦੇ ਦੋਸ਼ ਲਗਦੇ ਰਹਿਣਗੇ।
-ਦਲੀਪ ਮੰਡਲ
(ਲੇਖਕ ਸੀਨੀਅਰ ਪੱਤਰਕਾਰ ਹਨ, ਇਹ ਲੇਖ ਉਨ੍ਹਾਂ ਦਾ ਨਿੱਜੀ ਵਿਚਾਰ ਹੈ)