Wed,Jun 03,2020 | 09:43:22pm
HEADLINES:

editorial

ਕਾਰਟੂਨਾਂ 'ਚ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦਾ ਮਜ਼ਾਕ ਉਡਾਉਣ ਵਾਲੇ ਅੱਜ ਉਨ੍ਹਾਂ ਦੀ ਪੂਜਾ ਕਰ ਰਹੇ ਨੇ

ਕਾਰਟੂਨਾਂ 'ਚ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦਾ ਮਜ਼ਾਕ ਉਡਾਉਣ ਵਾਲੇ ਅੱਜ ਉਨ੍ਹਾਂ ਦੀ ਪੂਜਾ ਕਰ ਰਹੇ ਨੇ

ਸੌ ਸਾਲ ਤੋਂ ਵੀ ਘੱਟ ਸਮੇਂ 'ਚ ਵਕਤ ਕਿਵੇਂ ਬਦਲਦਾ ਹੈ, ਇਸਦੀ ਇਹ ਸ਼ਾਨਦਾਰ ਮਿਸਾਲ ਹੈ। ਹਾਲਾਂਕਿ ਕੋਈ ਕਹਿ ਸਕਦਾ ਹੈ ਕਿ 70 ਜਾਂ 80 ਸਾਲ ਪਹਿਲਾਂ ਅਖਬਾਰਾਂ ਤੇ ਪੱਤ੍ਰਿਕਾਵਾਂ 'ਚ ਕਿਸੇ ਸ਼ਖਸ 'ਤੇ ਕਿਸ ਤਰ੍ਹਾਂ ਦੇ ਕਾਰਟੁਨ ਛਪੇ, ਇਸ 'ਤੇ ਹੁਣ ਕਿਉਂ ਗੱਲ ਕੀਤੀ ਜਾਣੀ ਚਾਹੀਦੀ ਹੈ। ਕਾਰਟੂਨ ਹੀ ਤਾਂ ਹਨ, ਜਿਨ੍ਹਾਂ ਨੇ ਮਜ਼ਾ ਲੈਣਾ ਹੋਵੇਗਾ, ਲਿਆ ਹੋਵੇਗਾ। ਜਿਨ੍ਹਾਂ ਨੂੰ ਬੁਰਾ ਲੱਗਾ ਹੋਵੇਗਾ, ਉਹ ਸਭ ਮਰ ਗਏ ਹੋਣਗੇ। 

ਇਹ ਸੱਚ ਹੈ ਕਿ ਉਹ ਪੱਤਰ-ਪੱਤ੍ਰਿਕਾਵਾਂ ਇਤਿਹਾਸ 'ਚ ਗੁਆਚ ਚੁੱਕੀਆਂ ਹਨ ਜਾਂ ਕਿਸੇ ਲਾਇਬ੍ਰੇਰੀ 'ਚ ਧੂੜ ਮਿੱਟੀ ਫੱਕ ਰਹੀਆਂ ਹੋਣ ਜਾਂ ਹੋ ਸਕਦਾ ਹੈ ਕਿ ਘੁਣ ਉਨ੍ਹਾਂ ਨੂੰ ਖਾ ਗਿਆ ਹੋਵੇ। ਕੁੱਝ ਪੱਤ੍ਰਿਕਾਵਾਂ ਤੇ ਅਖਬਾਰਾਂ ਦਾ ਨਸੀਬ ਠੀਕ ਰਿਹਾ ਹੋਵੇਗਾ ਤਾਂ ਮਾਈਕ੍ਰੋਫਿਲਮ ਜਾਂ ਡਿਜੀਟਲ ਫਾਰਮੈੱਟ 'ਚ ਉਨ੍ਹਾਂ ਨੂੰ ਬਦਲਿਆ ਜਾ ਚੁੱਕਿਆ ਹੋਵੇਗਾ, ਜਿਸਨੂੰ ਕਦੇ ਕੋਈ ਰਿਸਰਚਰ ਦੇਖਣ ਆਵੇਗਾ।

ਅਜਿਹੇ ਹੀ ਇੱਕ ਰਿਸਰਚਰ ਹਨ ਦਿੱਲੀ ਦੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਆਰਟ ਐਂਡ ਐਸਥੈਟਿਕਸ ਡਿਪਾਰਟਮੈਂਟ ਤੋਂ ਪੀਐੱਚਡੀ ਕਰ ਰਹੇ ਉਨਮਤਿ ਸ਼ਿਆਮ ਸੁੰਦਰ, ਜੋ ਆਪ ਵੀ ਸ਼ਿਆਮ ਦੇ ਨਾਂ ਨਾਲ ਕਾਰਟੂਨ ਬÎਣਾਉਂਦੇ ਹਨ। ਉਨ੍ਹਾਂ ਨੇ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ 'ਤੇ ਉਸ ਦੌਰ 'ਚ ਬਣੇ ਕਾਰਟੂਨਾਂ ਦਾ ਅਧਿਐਨ ਕੀਤਾ ਹੈ। ਉਨ੍ਹਾਂ ਦੀ ਇਹ ਕੋਸ਼ਿਸ਼ ਹੁਣ ਇੱਕ ਕਿਤਾਬ ਦੀ ਸ਼ਕਲ 'ਚ ਹੈ, ਜਿਸਦਾ ਸਿਰਲੇਖ ਹੈ- ਨੋ ਲਾਫਿੰਗ ਮੈਟਰ : ਦ ਅੰਬੇਡਕਰ ਕਾਰਟੂਨਸ 1932-1956।

ਅਸਲ 'ਚ ਸ਼ਿਆਮ ਜਦੋਂ ਇਨ੍ਹਾਂ ਕਾਰਟੂਨਾਂ ਦੀ ਖੋਜ 'ਚ ਨਿਕਲੇ ਤਾਂ ਉਨ੍ਹਾਂ ਦਾ ਇਰਾਦਾ ਕਿਤਾਬ ਲਿਖਣ ਦਾ ਨਹੀਂ ਸੀ। 2012 'ਚ ਐੱਨਸੀਈਆਰਟੀ ਦੀ ਸਮਾਜ ਵਿਗਿਆਨ ਦੀ ਕਿਤਾਬ 'ਚ ਬਾਬਾ ਸਾਹਿਬ ਤੇ ਨਹਿਰੂ ਦੇ ਕਾਰਟੂਨ ਨੂੰ ਲੈ ਕੇ ਵਿਵਾਦ ਹੋ ਗਿਆ ਸੀ। ਸ਼ੰਕਰ ਦੇ ਬਣਾਏ ਇਸ ਕਾਰਟੂਨ 'ਚ ਬਾਬਾ ਸਾਹਿਬ ਇੱਕ ਘੋਂਘੇ 'ਤੇ ਬੈਠੇ ਹਨ ਤੇ ਨਹਿਰੂ ਉਨ੍ਹਾਂ ਨੂੰ ਕੋੜੇ ਮਾਰ ਰਹੇ ਹਨ ਤੇ ਭੀੜ ਹੱਸ ਰਹੀ ਹੈ।

ਅਸਲ 'ਚ ਇਹ ਕਾਰਟੂਨ ਸੰਵਿਧਾਨ ਦੀ ਡਰਾਫਟਿੰਗ 'ਚ ਹੋ ਰਹੀ ਕਥਿਤ ਦੇਰੀ 'ਤੇ ਟਿੱਪਣੀ ਹੈ। ਹੰਗਾਮਾ ਵਧਣ 'ਤੇ ਸਰਕਾਰ ਨੇ ਇੱਕ ਕਮੇਟੀ ਬਿਠਾ ਕੇ ਇਸਦੀ ਜਾਂਚ ਕਰਵਾਈ ਤੇ ਇਸਦੇ ਨਾਲ ਹੀ ਕਈ ਹੋਰ ਕਾਰਟੂਨ ਕਿਤਾਬਾਂ ਤੋਂ ਹਟਾ ਦਿੱਤੇ ਗਏ। ਸ਼ਿਆਮ ਦਾ ਇਰਾਦਾ ਬਾਬਾ ਸਾਹਿਬ ਬਾਰੇ ਛਪੇ ਹੋਰ ਕਾਰਟੂਨਾਂ ਨੂੰ ਇਸ ਕਮੇਟੀ ਨੂੰ ਸੌਂਪਣਾ ਸੀ। ਇਸ ਲੜੀ 'ਚ ਉਹ ਦੇਸ਼ ਭਰ ਦੀਆਂ ਲਾਇਬ੍ਰੇਰੀਆਂ ਦੀ ਖਾਕ ਛਾਣਦੇ ਰਹੇ।

ਕਈ ਥਾਵਾਂ 'ਤੇ ਉਨ੍ਹਾਂ ਨੇ ਲਾਇਬ੍ਰੇਰੀ ਦੇ ਅਧਿਕਾਰੀਆਂ ਨੂੰ ਦੱਸਿਆ ਕਿ ਉਹ ਗਾਂਧੀ ਦੇ ਕਾਰਟੂਨ ਲੱਭ ਰਹੇ ਹਨ, ਕਿਉਂਕਿ ਉਨ੍ਹਾਂ ਨੂੰ ਆਪਣੇ ਅਨੁਭਵ ਨਾਲ ਇਹ ਸਮਝ ਆਇਆ ਕਿ ਬਾਬਾ ਸਾਹਿਬ ਦੇ ਕਾਰਟੂਨ ਲੱਭਣ ਦੀ ਗੱਲ 'ਤੇ ਸਹੀ ਸਹਿਯੋਗ ਨਹੀਂ ਮਿਲਦਾ ਹੈ। ਆਖਿਰਕਾਰ ਉਨ੍ਹਾਂ ਨੂੰ ਬਾਬਾ ਸਾਹਿਬ ਦੇ 112 ਕਾਰਟੂਨ ਮਿਲੇ, ਜੋ ਇਸ ਕਿਤਾਬ 'ਚ ਸੰਕਲਿਤ ਹਨ।

ਇਸ ਕਿਤਾਬ ਤੇ ਇਸ ਵਿੱਚ ਛਪੇ ਕਾਰਟੂਨਾਂ ਤੋਂ ਪਤਾ ਲੱਗ ਜਾਂਦਾ ਹੈ ਕਿ ਉਸ ਸਮੇਂ ਦਾ ਮੀਡੀਆ ਬਾਬਾ ਸਾਹਿਬ ਨੂੰ ਲੈ ਕੇ ਕਿੰਨਾ ਵਿਰੋਧੀ ਤੇ ਕਰੂਰ ਸੀ। ਕਲਾ ਤੇ ਪੱਤਰਕਾਰਿਤਾ ਦੀ ਮਿਲੀ ਜੁਲੀ ਸ਼ੈਲੀ ਦੇ ਰੂਪ 'ਚ ਕਾਰਟੂਨ ਦਾ ਮਕਸਦ ਉਸ ਸਮੇਂ ਦੀਆਂ ਘਟਨਾਵਾਂ 'ਤੇ ਟਿੱਪਣੀ ਕਰਨਾ ਹੁੰਦਾ ਹੈ।

ਆਜ਼ਾਦੀ ਦੇ ਅੰਦੋਲਨ ਦੌਰਾਨ ਤੇ ਉਸਦੇ ਬਾਅਦ ਬਹੁਤ ਸਾਰੇ ਨੇਤਾਵਾਂ 'ਤੇ ਕਾਰਟੂਨ ਬਣੇ, ਗਾਂਧੀ ਤੇ ਨਹਿਰੂ ਉਨ੍ਹਾਂ 'ਚੋਂ ਪ੍ਰਮੁੱਖ ਹਨ, ਪਰ ਬਾਕੀ ਨੇਤਾਵਾਂ ਨੂੰ ਕਾਰਟੂਨਿਸਟ ਜਿਸ ਨਜ਼ਰ ਨਾਲ ਦੇਖ ਰਹੇ ਸਨ, ਉਹ ਦ੍ਰਿਸ਼ਟੀ ਬਾਬਾ ਸਾਹਿਬ ਦੇ ਮਾਮਲੇ 'ਚ ਬਦਲੀ ਹੋਈ ਨਜ਼ਰ ਆਈ।

ਇਨ੍ਹਾਂ ਕਾਰਟੂਨਾਂ 'ਚ ਬਾਬਾ ਸਾਹਿਬ ਆਮ ਤੌਰ 'ਤੇ ਬਾਕੀ ਸਾਰੇ ਨੇਤਾਵਾਂ ਦੇ ਮੁਕਾਬਲੇ ਛੋਟੇ ਕੱਦ ਦੇ, ਅਕਸਰ ਫਰੇਮ ਦੇ ਕਿਸੇ ਕੋਨੇ ਵਿੱਚ ਤੇ ਕਈ ਵਾਰ ਕਾਲੇ ਤੇ ਬੇਢੰਗੇ ਜਿਹੇ ਦਿਖਾਏ ਗਏ ਹਨ। ਕਈ ਵਾਰ ਉਨ੍ਹਾਂ ਨੂੰ ਨੀਵਾਂ ਦਿਖਾਉਣ ਲਈ ਉਨ੍ਹਾਂ ਨੂੰ ਔਰਤ ਦੀ ਸ਼ਕਲ 'ਚ ਦਿਖਾਇਆ ਗਿਆ, ਮੰਨੋ ਜਿਵੇਂ ਔਰਤ ਹੋਣਾ ਕੋਈ ਘਟੀਆ ਗੱਲ ਹੋਵੇ। ਉਨ੍ਹਾਂ ਨੂੰ ਕਦੇ ਅੰਗਰੇਜ਼ਾਂ ਦਾ ਸਹਿਯੋਗੀ ਤਾਂ ਕਦੇ ਰਾਸ਼ਟਰੀ ਏਕਤਾ ਨੂੰ ਤੋੜਨ ਵਾਲਾ ਦੱਸਿਆ ਗਿਆ ਹੈ। ਕਾਰਟੂਨਿਸਟਾਂ ਦੀਆਂ ਨਜ਼ਰਾਂ 'ਚ ਉਹ ਸੁਆਰਥੀ ਤੇ ਆਪਣੇ ਆਪ 'ਚ ਦਿਖਾਈ ਦਿੰਦੇ ਹਨ।

ਇਨ੍ਹਾਂ ਕਾਰਟੂਨਾਂ 'ਚ ਜਾਤੀ ਨਫਰਤ ਵੀ ਵਾਰ-ਵਾਰ ਝਲਕ ਜਾਂਦੀ ਹੈ। ਖਾਸ ਕਰਕੇ ਕਾਨੂੰਨ ਮੰਤਰੀ ਰਹਿੰਦੇ ਹੋਏ ਜਦੋਂ ਬਾਬਾ ਸਾਹਿਬ ਹਿੰਦੂ ਕੋਡ ਬਿੱਲ ਦੇ ਮਾਧਿਅਮ ਨਾਲ ਮਹਿਲਾਵਾਂ ਨੂੰ ਪਿਤਾ ਦੀ ਜਾਇਦਾਦ 'ਚ ਹਿੱਸਾ ਦਿਵਾਉਣ ਦੀ ਗੱਲ ਕਰਦੇ ਹਨ ਤੇ ਮਰਦਾਂ ਦੇ ਬਹੁਵਿਆਹ 'ਤੇ ਪਾਬੰਦੀ ਲਾਉਣ ਦੀ ਕੋਸ਼ਿਸ਼ ਕਰਦੇ ਹਨ ਤਾਂ ਉਨ੍ਹਾਂ ਨੂੰ ਕਈ ਕਾਰਟੂਨਾਂ 'ਚ ਔਰਤਾਂ ਨੂੰ ਭਟਕਾਉਣ ਵਾਲਾ ਦੱਸਿਆ ਜਾਂਦਾ ਹੈ।

ਇਸੇ ਲੜੀ ਤਹਿਤ ਆਰਐੱਸਐੱਸ ਦੀ ਪੱਤ੍ਰਿਕਾ ਆਰਗੇਨਾਈਜ਼ਰ ਦਾ ਇੱਕ ਕਾਰਟੂਨ (ਪੇਜ-276) ਖਾਸ ਤੌਰ 'ਤੇ ਜ਼ਿਕਰ ਕੀਤੇ ਜਾਣ ਲਾਇਕ ਹੈ। ਇਸ ਕਾਰਟੂਨ 'ਚ ਬਾਬਾ ਸਾਹਿਬ ਇੱਕ ਹਿੰਦੂ ਔਰਤ ਨੂੰ ਅਗਵਾ ਕਰਕੇ ਭੱਜਦੇ ਦਿਖਾਏ ਗਏ ਹਨ। ਉਹ ਇੱਕ ਖੱਚਰ 'ਤੇ ਬੈਠੇ ਹਨ ਤੇ ਇਹ ਖੱਚਰ ਇੱਕ ਖਾਈ 'ਚ ਡਿਗਣ ਜਾ ਰਿਹਾ ਹੈ।

ਅਸਲ 'ਚ ਬਾਬਾ ਸਾਹਿਬ ਨੂੰ ਹਮੇਸ਼ਾ ਇਸ ਗੱਲ ਦਾ ਅਹਿਸਾਸ ਸੀ ਕਿ ਮੀਡੀਆ ਉਨ੍ਹਾਂ ਦੀ ਕਿਸ ਤਰ੍ਹਾਂ ਦੀ ਇਮੇਜ ਘੜ ਰਿਹਾ ਹੈ। ਇਸ ਲਈ ਜਦੋਂ ਉਨ੍ਹਾਂ ਨੂੰ ਮਹਾਦੇਵ ਗੋਵਿੰਦ ਰਾਣਾਡੇ ਦੀ 101ਵੀਂ ਜੈਅੰਤੀ 'ਤੇ ਭਾਸ਼ਣ ਦੇਣ ਲਈ ਪੁਣੇ ਬੁਲਾਇਆ ਗਿਆ ਸੀ ਤਾਂ ਉਨ੍ਹਾਂ ਨੇ ਆਪਣੇ ਪ੍ਰਸਿੱਧ ਭਾਸ਼ਣ 'ਗਾਂਧੀ, ਰਾਣਾਡੇ ਤੇ ਜਿਨਹਾ' (1943) 'ਚ ਕਿਹਾ ਸੀ ਕਿ ਮੈਂ ਕਾਂਗਰਸ ਪ੍ਰੈੱਸ ਨੂੰ ਬਹੁਤ ਚੰਗੀ ਤਰ੍ਹਾਂ ਜਾਣਦਾ ਹਾਂ। ਮੈਂ ਉਨ੍ਹਾਂ ਦੀ ਆਲੋਚਨਾ ਦੀ ਪਰਵਾਹ ਨਹੀਂ ਕਰਦਾ। ਉਨ੍ਹਾਂ ਨੇ ਕਦੇ ਮੇਰੇ ਤਰਕਾਂ ਦਾ ਖੰਡਨ ਨਹੀਂ ਕੀਤਾ। ਉਹ ਸਿਰਫ ਮੇਰੀ ਨਿੰਦਾ ਕਰਨਾ, ਮੈਨੂੰ ਬੁਰਾ ਭਲਾ ਕਹਿਣਾ ਤੇ ਮੇਰੀ ਇਮੇਜ ਖਰਾਬ ਕਰਨਾ ਜਾਣਦੇ ਹਨ। ਮੈਂ ਜੋ ਵੀ ਕੁਝ ਕਹਿੰਦਾ ਹਾਂ, ਉਹ ਉਸਨੂੰ ਗਲਤ ਤਰੀਕੇ ਨਾਲ ਪੇਸ਼ ਕਰਦੇ ਹਨ ਤੇ ਉਸਦਾ ਅਰਥ ਵਿਗਾੜ ਦਿੰਦੇ ਹਨ। ਮੇਰੇ ਕੁਝ ਵੀ ਕਰਨ ਨਾਲ ਕਾਂਗਰਸ ਮੀਡੀਆ ਖੁਸ਼ ਨਹੀਂ ਹੋਵੇਗਾ।

ਬਾਬਾ ਸਾਹਿਬ ਇਸਦਾ ਕਾਰਨ ਜਾਤੀਵਾਦ ਤੇ ਅਛੂਤਾਂ ਪ੍ਰਤੀ ਕਾਂਗਰਸ ਦੀ ਭਾਵਨਾ ਨੂੰ ਮੰਨਦੇ ਸਨ। ਬਾਬਾ ਸਾਹਿਬ ਜਿਸਨੂੰ ਕਾਂਗਰਸ ਮੀਡੀਆ ਕਹਿ ਰਹੇ ਸਨ, ਉਹ ਉਸ ਸਮੇਂ ਦਾ ਰਾਸ਼ਟਰੀ ਜਾਂ ਮੁੱਖ  ਧਾਰਾ ਦਾ ਮੀਡੀਆ ਸੀ, ਜਿਸ 'ਚ ਉਹ ਕਾਰਟੂਨ ਛਪ ਰਹੇ ਸਨ, ਜਿਨ੍ਹਾਂ 'ਚ ਬਾਬਾ ਸਾਹਿਬ ਦਾ ਮਜ਼ਾਕ ਉਡਾਇਆ ਜਾ ਰਿਹਾ ਸੀ। ਇਸ ਜਾਤੀਵਾਦੀ ਮੀਡੀਆ ਨਾਲ ਮੁਕਾਬਲੇ ਲਈ ਲੋਕਾਂ ਤੱਕ ਆਪਣੀ ਗੱਲ ਪਹੁੰਚਾਉਣ ਲਈ ਬਾਬਾ ਸਾਹਿਬ ਹਮੇਸ਼ਾ ਆਪਣਾ ਮੀਡੀਆ ਖੜ੍ਹਾ ਕਰਨਾ ਚਾਹੁੰਦੇ ਸਨ।

ਇਸੇ ਤਹਿਤ ਉਨ੍ਹਾਂ ਨੇ ਮੂਕਨਾਇਕ, ਬਹਿਸ਼ਕ੍ਰਿਤ ਭਾਰਤ, ਜਨਤਾ, ਸਮਤਾ ਤੇ ਪ੍ਰਬੁੱਧ ਭਾਰਤ ਵਰਗੇ ਅਖਬਾਰ ਕੱਢੇ। ਇਹ ਗੱਲ ਹੋਰ ਹੈ ਕਿ ਪੈਸੇ ਦੀ ਘਾਟ ਦੇ ਕਾਰਨ ਉਹ ਲੰਮੇ ਸਮੇਂ ਤੱਕ ਚੱਲ ਨਹੀਂ ਸਕੇ, ਪਰ ਇਸ ਨਾਲ ਇਹ ਸਮਝ 'ਚ ਆਉਂਦਾ ਹੈ ਕਿ ਮੁੱਖਧਾਰਾ ਦੇ ਮੀਡੀਆ 'ਤੇ ਬਾਬਾ ਸਾਹਿਬ ਨੂੰ ਭਰੋਸਾ ਨਹੀਂ ਸੀ। ਜਿਨ੍ਹਾਂ ਲੋਕਾਂ ਨੂੰ ਲੱਗਦਾ ਹੈ ਕਿ ਉਹ ਤਾਂ ਪੁਰਾਣੀ ਗੱਲ ਸੀ ਤੇ ਹੁਣ ਮੀਡੀਆ ਅਜਿਹਾ ਨਹੀਂ ਹੈ, ਉਨ੍ਹਾਂ ਨੂੰ ਖਾਸ ਕਰ ਜਾਤੀ ਦੇ ਪ੍ਰਸ਼ਨ 'ਤੇ ਮੀਡੀਆ ਦਾ ਹੁਣ ਦਾ ਕਵਰੇਜ ਦੇਖ ਲੈਣਾ ਚਾਹੀਦਾ ਹੈ।

ਮਿਸਾਲ ਵਜੋਂ, ਜਦੋਂ ਤੱਤਕਾਲੀਨ ਪ੍ਰਧਾਨ ਮੰਤਰੀ ਵੀਪੀ ਸਿੰਘ ਨੇ ਮੰਡਲ ਕਮਿਸ਼ਨ ਲਾਗੂ ਕੀਤਾ ਤਾਂ ਉਨ੍ਹਾਂ ਨੂੰ ਵਿਲੇਨ ਦੱਸਦੇ ਹੋਏ ਕਈ ਕਾਰਟੂਨ ਬਣਾਏ ਗਏ, ਜਿਸ 'ਚ ਸਾਫ ਤੌਰ 'ਤੇ ਜਾਤੀਵਾਦੀ ਤੇਵਰ ਸਨ। ਇਨ੍ਹਾਂ ਦੇ ਇਲਾਵਾ ਲਾਲੂ ਪ੍ਰਸਾਦ ਯਾਦਵ ਤੇ ਕੁਮਾਰੀ ਮਾਇਆਵਤੀ ਮੀਡੀਆ ਤੇ ਕਾਰਟੂਨਿਸਟਾਂ ਦੀ ਇਸ ਮਾਨਸਿਕਤਾ ਦਾ ਸ਼ਿਕਾਰ ਰਹੇ ਹਨ। ਮੀਡੀਆ ਦੀ ਭੂਮਿਕਾ ਬਾਰੇ ਬਾਬਾ ਸਾਹਿਬ ਕਹਿੰਦੇ ਹਨ ਕਿ, 'ਜੇਕਰ ਪ੍ਰੈੱਸ ਤੁਹਾਡੇ ਹੱਥਾਂ 'ਚ ਹੈ ਤਾਂ ਮਹਾਨ ਆਦਮੀ ਬਣਾਏ ਜਾ ਸਕਦੇ ਹਨ।

ਉਪਰੋਕਤ ਕਿਤਾਬ ਨੂੰ ਪੜ੍ਹਨ ਤੋਂ ਪਤਾ ਲੱਗਦਾ ਹੈ ਕਿ ਮੀਡੀਆ ਤੇ ਕਾਰਟੂਨਿਸਟ ਸਿਰਫ ਮਹਾਨ ਆਦਮੀ ਨਹੀਂ ਬਣਾਉਂਦੇ, ਸਗੋਂ ਕਿਸੇ ਨੂੰ ਲੋਕਾਂ ਦੀਆਂ ਨਜ਼ਰਾਂ 'ਚ ਡੇਗ ਵੀ ਸਕਦੇ ਹਨ। 70 ਸਾਲ ਪਹਿਲਾਂ ਜਿਸ ਆਦਮੀ ਨੂੰ ਲੋਕਾਂ ਦੀਆਂ ਨਜ਼ਰਾਂ 'ਚ ਡਿਗਾਉਣ ਲਈ ਕਾਰਟੂਨ ਬਣਾਏ ਗਏ, ਉਨ੍ਹਾਂ ਦੇ ਸਨਮਾਨ 'ਚ ਇੱਕ ਅਜਿਹੀ ਸਰਕਾਰ ਨੇ ਪੰਚਤੀਰਥ ਬਣਾਏ ਹਨ, ਜੋ ਬਾਬਾ ਸਾਹਿਬ ਦੀ ਵਿਚਾਰਧਾਰਾ ਦਾ ਮਨ ਤੋਂ ਸਨਮਾਨ ਵੀ ਨਹੀਂ ਕਰਦੀ। ਵਿਰੋਧੀਆਂ ਵਿਚਾਲੇ ਵੀ ਛਾ ਜਾਣ ਦੀ ਤਾਕਤ ਬਾਬਾ ਸਾਹਿਬ ਦੇ ਵਿਚਾਰਾਂ ਵਿੱਚ ਹੈ।

1932 'ਚ ਸ਼ੁਰੂ ਹੋਏ ਸਨ ਬਾਬਾ ਸਾਹਿਬ 'ਤੇ ਕਾਰਟੂਨ ਬਣਨੇ 
ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ 'ਤੇ ਕਾਰਟੂਨ ਬਣਨੇ 1932 'ਚ ਸ਼ੁਰੂ ਹੋਏ। ਇਹ ਵੀ ਇੱਕ ਦਿਲਚਸਪ ਗੱਲ ਹੈ ਕਿ ਬਾਬਾ ਸਾਹਿਬ ਇਸ ਤੋਂ ਪਹਿਲਾਂ ਕਈ ਮਹੱਤਵਪੂਰਨ ਕੰਮ ਕਰ ਚੁੱਕੇ ਸਨ ਤੇ ਉਨ੍ਹਾਂ ਕੰਮਾਂ ਕਰਕੇ ਮੀਡੀਆ 'ਚ ਉਨ੍ਹਾਂ ਦੀ ਚਰਚਾ ਹੋਣੀ ਚਾਹੀਦੀ ਸੀ, ਪਰ ਅਜਿਹਾ ਹੋਇਆ ਨਹੀਂ।

1919 'ਚ ਉਨ੍ਹਾਂ ਨੇ ਆਪਣਾ ਪਹਿਲਾ ਅਖਬਾਰ 'ਮੂਕਨਾਇਕ' ਕੱਢਿਆ। 1927 'ਚ ਉਹ ਪ੍ਰਸਿੱਧ ਮਹਾੜ ਸੱਤਿਆਗ੍ਰਹਿ ਕਰ ਚੁੱਕੇ ਸਨ। ਇਹ ਅੰਦੋਲਨ ਉਨ੍ਹਾਂ ਨੂੰ ਇਸ ਲਈ ਕਰਨਾ ਪਿਆ, ਕਿਉਂਕਿ ਦੇਸ਼ ਦੇ ਕਈ ਹਿੱਸਿਆਂ ਵਾਂਗ ਮਹਾਰਾਸ਼ਟਰ ਦੇ ਕੋਂਕਣ 'ਚ ਜਨਤਕ ਤਲਾਬ 'ਚੋਂ ਪਾਣੀ ਪੀਣ ਦਾ ਦਲਿਤਾਂ ਨੂੰ ਹੱਕ ਨਹੀਂ ਸੀ।

ਇਸੇ ਦੌਰਾਨ ਉਹ ਗੋਲਮੇਜ਼ ਕਾਨਫਰੰਸ 'ਚ ਹਿੱਸਾ ਲੈਣ ਲੰਦਨ ਚਲੇ ਗਏ ਤੇ ਦਲਿਤਾਂ ਲਈ ਵੱਖਰੇ ਤੌਰ 'ਤੇ ਚੋਣ ਮੰਡਲ ਦੀ ਮੰਗ ਕੀਤੀ। ਇਸਦੇ ਬਾਅਦ ਤਾਂ ਜਿਵੇਂ ਹੰਗਾਮਾ ਹੋ ਗਿਆ। ਬਾਬਾ ਸਾਹਿਬ 'ਤੇ ਹਿੰਦੂ ਧਰਮ ਨੂੰ ਤੋੜਨ ਦੇ ਦੋਸ਼ ਲੱਗੇ। ਅੰਬੇਡਕਰ ਦੇ ਪ੍ਰਸਤਾਵ ਦੇ ਖਿਲਾਫ ਗਾਂਧੀ ਮਰਨ ਵਰਤ 'ਤੇ ਬੈਠ ਗਏ ਤੇ ਬਾਬਾ ਸਾਹਿਬ ਨੂੰ ਪੂਨਾ ਪੈਕਟ ਲਈ ਮਜਬੂਰ ਕੀਤਾ ਗਿਆ। ਇਹੀ ਉਹ ਸਮਾਂ ਹੈ, ਜਦੋਂ ਡਾ. ਬਾਬਾ ਸਾਹਿਬ ਪਹਿਲੀ ਵਾਰ ਕਾਰਟੂਨਿਸਟਾਂ ਦੀ ਨਜ਼ਰ 'ਚ ਆਉਂਦੇ ਹਨ।
-ਦਲੀਪ ਮੰਡਲ

Comments

Leave a Reply