Fri,Dec 14,2018 | 04:51:57am
HEADLINES:

editorial

ਬਹੁਜਨੋ! ਬਿਜ਼ਨੈੱਸ ਵੱਲ ਵਧੋ, ਆਪਣੀ ਤਰੱਕੀ ਦਾ ਰਾਹ ਖੁਦ ਬਣਾਓ

ਬਹੁਜਨੋ! ਬਿਜ਼ਨੈੱਸ ਵੱਲ ਵਧੋ, ਆਪਣੀ ਤਰੱਕੀ ਦਾ ਰਾਹ ਖੁਦ ਬਣਾਓ

ਦਲਿਤ ਬਹੁਜਨ ਮੂਲਨਿਵਾਸੀ ਸਮਾਜ ਕਈ ਤਰ੍ਹਾਂ ਦੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ। ਸਮਾਜਿਕ ਅਨਿਆਂ ਅਤੇ ਅੱਤਿਆਚਾਰ ਅੱਜ ਸਭ ਤੋਂ ਭਿਆਨਕ ਰੂਪ ਵਿੱਚ ਦਿਖਾਈ ਦੇ ਰਹੇ ਹਨ। ਰਾਖਵੇਂਕਰਨ ਰਾਹੀਂ ਮਿਲੀ ਕਾਨੂੰਨੀ ਸੁਰੱਖਿਆ ਵੀ ਦਿਨੋਂ ਦਿਨ ਕਮਜ਼ੋਰ ਕੀਤੀ ਜਾ ਰਹੀ ਹੈ।
 
ਅਜਿਹਾ ਲਗਦਾ ਹੈ ਕਿ ਨੇੜਲੇ ਭਵਿੱਖ ਵਿੱਚ ਸਰਕਾਰੀ ਖੇਤਰ ਵਿੱਚ ਮੌਜ਼ੂਦ ਰਾਖਵਾਂਕਰਨ ਘੱਟ ਹੁੰਦੇ-ਹੁੰਦੇ ਖਤਮ ਹੀ ਹੋ ਜਾਵੇਗਾ। ਨਿੱਜੀ ਖੇਤਰ ਦੇ ਦਰਵਾਜੇ ਰਾਖਵੇਂ ਵਰਗ ਲਈ ਇਕਦਮ ਬੰਦ ਹਨ ਅਤੇ ਉਨ੍ਹਾਂ ਦੇ ਖੁੱਲਣ ਦੀ ਕੋਈ ਸੰਭਾਵਨਾ ਵੀ ਨਜ਼ਰ ਨਹੀਂ ਆਉਂਦੀ। ਅਜਿਹੇ ਵਿੱਚ ਦਲਿਤ ਬਹੁਜਨ ਮੂਲ ਨਿਵਾਸੀ ਸਮਾਜ ਲਈ ਸਨਮਾਨਜਨਕ ਰੁਜ਼ਗਾਰ ਸਭ ਤੋਂ ਮਹੱਤਵਪੂਰਨ ਸਵਾਲ ਬਣਨ ਵਾਲਾ ਹੈ।

ਇਹ ਵੀ ਦੇਖਿਆ ਜਾ ਰਿਹਾ ਹੈ ਕਿ ਬਹੁਜਨ ਸਮਾਜ ਨੇ ਰਾਜਨੀਤਕ ਤੇ ਸਮਾਜਿਕ ਗੈਰਬਰਾਬਰੀ ਨੂੰ ਮਿਟਾਉਣ ਲਈ ਤਾਂ ਜਬਰਦਸਤ ਕੋਸ਼ਿਸ਼ਾਂ ਕੀਤੀਆਂ ਹਨ, ਪਰ ਆਰਥਿਕ ਮੋਰਚੇ 'ਤੇ ਬਰਾਬਰੀ ਲਈ ਕੋਈ ਵੱਡੀ ਸੰਯੁਕਤ ਕੋਸ਼ਿਸ਼ ਅਜੇ ਤੱਕ ਨਹੀਂ ਹੋ ਸਕੀ ਹੈ। ਦਲਿਤ-ਆਦੀਵਾਸੀ ਸਮਾਜ ਵਿੱਚੋਂ ਅੱਜ ਕਰੀਬ 40 ਲੱਖ ਲੋਕ ਪੱਕੀ ਨੌਕਰੀ ਵਿੱਚ ਹਨ, ਲੱਖਾਂ ਲੋਕ ਰਾਜਨੀਤੀ 'ਚ ਹਨ, ਹਜ਼ਾਰਾਂ ਵਿਧਾਇਕ ਹਨ, ਸੈਂਕੜੇ ਲੋਕ ਸਾਂਸਦ ਹਨ, ਦਰਜਨਾਂ ਲੋਕ ਮੰਤਰੀ ਹਨ, ਪਰ ਅਰਬਪਤੀ ਤੇ ਖਰਬਪਤੀ ਦੀ ਲਿਸਟ ਵਿੱਚ ਇਹ ਲੋਕ ਕਿਤੇ ਨਜ਼ਰ ਨਹੀਂ ਆਉਂਦੇ। ਮਾਰਕੀਟ ਵਿੱਚ ਖਰੀਦਾਰ ਵਜੋਂ ਇਹ ਸਭ ਤੋਂ ਜ਼ਿਆਦਾ ਨਜ਼ਰ ਆਉਂਦੇ ਹਨ, ਪਰ ਨਿਰਮਾਤਾ ਜਾਂ ਵਿਕਰੇਤਾ ਦੇ ਰੂਪ ਵਿੱਚ ਇਨ੍ਹਾਂ ਦੀ ਮੌਜੂਦਗੀ ਘੱਟ ਹੀ ਦਿਖਾਈ ਦਿੰਦੀ ਹੈ। 
 
ਪੈਸੇ ਨੂੰ ਮਾਇਆ ਸਮਝ ਕੇ ਉਸ ਤੋਂ ਕਿਨਾਰਾ ਕਰਨ ਵਾਲਾ ਦੇਸ਼ ਦਾ ਦਲਿਤ ਬਹੁਜਨ ਸਮਾਜ ਅੱਜ ਆਰਥਿਕ ਰੂਪ ਨਾਲ ਸਭ ਤੋਂ ਵੱਧ ਕਮਜ਼ੋਰ ਸਮਾਜ ਹੈ। ਉਸਦੇ ਕੋਲ ਹਰ ਫੀਲਡ ਲਈ ਹੁਨਰ ਹੈ, ਹਰ ਪਿੰਡ, ਹਰ ਸ਼ਹਿਰ ਵਿੱਚ, ਹਰ ਚੌਕ ਵਿੱਚ ਇਹ ਸਮਾਜ ਨਜ਼ਰ ਆਉਂਦਾ ਹੈ। ਆਬਾਦੀ ਮੁਤਾਬਕ ਵੀ ਬਹੁਤ ਦਿਖਾਈ ਦਿੰਦਾ ਹੈ। ਮੇਹਨਤ ਵੀ ਬਹੁਤ ਕਰਦਾ ਹੈ, ਪਰ ਉਸਦੀ ਜ਼ਿੰਦਗੀ ਗਰੀਬੀ, ਭੁੱਖਮਰੀ ਅਤੇ ਬੇਰੁਜ਼ਗਾਰੀ ਦੇ ਚੱਕਰ ਵਿੱਚ ਫਸੀ ਪਈ ਹੈ।
 
ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਨੇ ਇਸੇ ਲਈ ਕਿਹਾ ਵੀ ਸੀ ਕਿ ਰਾਜਨੀਤਕ ਬਰਾਬਰੀ ਤਾਂ ਹੋਵੇਗੀ, ਪਰ ਸਮਾਜਿਕ ਤੇ ਆਰਥਿਕ ਬਰਾਬਰੀ ਨਹੀਂ ਹੋਵੇਗੀ ਤਾਂ ਇਹ ਲੋਕਤੰਤਰ ਅਸਫਲ ਹੋ ਜਾਵੇਗਾ। ਅੱਜ ਅਸੀਂ ਸਾਫ ਦੇਖ ਸਕਦੇ ਹਾਂ ਕਿ ਰਾਜਨੀਤਕ ਬਰਾਬਰੀ ਤਾਂ ਸਾਨੂੰ ਮਿਲੀ ਹੈ, ਸਮਾਜਿਕ ਬਰਾਬਰੀ ਦੇ ਸੰਘਰਸ਼ ਵੀ ਦੇਸ਼ 'ਚ ਜ਼ੋਰਾਂ ਨਾਲ ਚੱਲ ਰਹੇ ਹਨ, ਪਰ ਆਰਥਿਕ ਲੋਕਤੰਤਰ ਲਿਆਉਣ ਲਈ ਜਿੰਨੀਆਂ ਕੋਸ਼ਿਸ਼ਾਂ ਹੋਣੀਆਂ ਚਾਹੀਦੀਆਂ ਹਨ, ਉਹ ਨਹੀਂ ਹੋ ਪਾ ਰਹੀਆਂ ਹਨ।
 
ਸ਼ਾਇਦ ਹੁਣ ਉਹ ਸਮਾਂ ਆ ਚੁੱਕਾ ਹੈ, ਜਦੋਂ ਗੰਭੀਰਤਾ ਨਾਲ ਦੇਸ਼ਭਰ ਦੇ ਦਲਿਤ ਬਹੁਜਨ ਮੂਲਨਿਵਾਸੀ ਸਮਾਜ ਨੂੰ ਇੱਕ ਬਦਲਵਾਂ ਆਰਥਿਕ ਢਾਂਚਾ ਖੜਾ ਕਰਨ ਦੀ ਦਿਸ਼ਾ ਵਿੱਚ ਕੰਮ ਕਰਨਾ ਚਾਹੀਦਾ ਹੈ। ਇਸਦੀ ਸ਼ੁਰੂਆਤ ਵੀ ਹੋ ਚੁੱਕੀ ਹੈ। ਦਲਿਤ ਪੂੰਜੀਵਾਦ ਦੇ ਸਮਰਥਕ ਡਾ. ਚੰਦਰਭਾਨ ਪ੍ਰਸਾਦ ਤੇ ਡਾਈਵਰਸਿਟੀ ਮਿਸ਼ਨ ਦੇ ਪੈਰੋਕਾਰ ਐੱਚਐੱਲ ਦੁਸਾਧ ਨੇ ਦਲਿਤਾਂ ਨੂੰ ਕਰੋੜਪਤੀ ਬਣਨ ਲਈ ਪ੍ਰੇਰਿਤ ਕੀਤਾ।
 
ਡਿੱਕੀ ਰਾਹੀਂ ਮਿਲਿੰਦ ਕਾਂਬਲੇ ਨੇ ਦੇਸ਼ ਦੇ ਦਲਿਤ ਉਦਯੋਗਪਤੀਆਂ ਨੂੰ ਇੱਕਠੇ ਕਰਨ ਦਾ ਸ਼ਲਾਘਾ ਯੋਗ ਕੰਮ ਕਰਕੇ ਦਿਖਾਇਆ ਹੈ। ਅੰਬੇਡਕਰ ਬਿਜ਼ਨੈੱਸ ਕੌਂਸਲ ਵੀ ਇਹੀ ਕਰ ਰਹੀ ਹੈ। ਅੰਤਰ ਰਾਸ਼ਟਰੀ ਪੱਧਰ 'ਤੇ ਬੁੱਧਿਸਟ ਬਿਜ਼ਨੈੱਸ ਨੈੱਟਵਰਕ ਵੀ ਸਰਗਰਮ ਹੈ। ਹਾਲ ਹੀ 'ਚ ਡਾ. ਚੰਦਰਭਾਨ ਪ੍ਰਸਾਦ ਨੇ ਦਲਿਤ ਫੂਡਸ ਨਾਂ ਦੇ ਪ੍ਰੋਡਕਟਸ ਲਾਂਚ ਕੀਤੇ ਹਨ। ਮਤਲਬ, ਇਹ ਹੈ ਕਿ ਦਲਿਤ ਸਮਾਜ ਵੀ ਮਾਰਕੀਟ ਵਿੱਚ ਆਪਣੀ ਜਗ੍ਹਾ ਲੱਭ ਰਿਹਾ ਹੈ।
 
ਪ੍ਰਸਿੱਧ ਕਿਤਾਬ 'ਦਲਿਤੋ ਬਿਜ਼ਨੈੱਸ ਕੀ ਔਰ ਬੜੋ' ਦੇ ਲੇਖਕ ਬਹੁਜਨ ਵਿਚਾਰਕ ਡਾ. ਐੱਮਐੱਲ ਪਰਿਹਾਰ ਦਾ ਮੰਨਣਾ ਹੈ ਕਿ ਜੇਕਰ ਦਲਿਤ ਬਹੁਜਨ ਸਮਾਜ ਨੂੰ ਤਰੱਕੀ ਕਰਨੀ ਹੈ ਤਾਂ ਉਸਨੂੰ ਸਿਰਫ ਸਰਕਾਰੀ ਨੌਕਰੀਆਂ ਦੇ ਭਰੋਸੇ ਨਹੀਂ ਰਹਿਣਾ ਚਾਹੀਦਾ। ਡਾ. ਪਰਿਹਾਰ ਨੇ ਆਪਣੀ ਕਿਤਾਬ ਵਿੱਚ ਅਜਿਹੀਆਂ ਕਈ ਪਸ਼ੂ ਪਾਲਣ ਵਾਲੀਆਂ ਕੌਮਾਂ ਦਾ ਜ਼ਿਕਰ ਕੀਤਾ ਹੈ, ਜਿਨ੍ਹਾਂ ਨੇ ਸਿਰਫ ਤਿੰਨ ਦਹਾਕੇ ਵਿੱਚ ਵਪਾਰ ਵਿੱਚ ਉੱਤਰ ਕੇ ਆਪਣੀ ਸਫਲਤਾ ਦੇ ਝੰਡੇ ਗੱਡ ਦਿੱਤੇ ਹਨ। ਵਪਾਰ, ਉਦਯੋਗ ਵਿੱਚ ਹੀ ਦਲਿਤ ਬਹੁਜਨ ਮੂਲਨਿਵਾਸੀ ਸਮਾਜ ਦੀ ਤਰੱਕੀ ਦਾ ਰਾਜ਼ ਲੁਕਿਆ ਹੋਇਆ ਹੈ। ਇਸ ਲਈ ਉਨ੍ਹਾਂ ਨੂੰ ਬਿਜ਼ਨੈੱਸ ਵੱਲ ਵਧਣਾ ਹੋਵੇਗਾ ਅਤੇ ਆਪਣੀ ਤਰੱਕੀ ਦਾ ਰਾਹ ਖੁਦ ਬਣਾਉਣਾ ਹੋਵੇਗਾ।
 
ਹੁਣ ਇਹ ਕਲਪਨਾ ਜਾਂ ਸਿਰਫ ਸੁਪਨਾ ਨਹੀਂ ਹੈ, ਇਹ ਸੁਪਨਾ ਸੱਚ ਬਣਨ ਜਾ ਰਿਹਾ ਹੈ। ਰਾਜਸਥਾਨ ਦੀ ਰਾਜਧਾਨੀ ਜੈਪੁਰ ਵਿੱਚ ਹੋਣ ਵਾਲੇ ਭੀਮ ਬਿਜ਼ਨੈੱਸ ਐਕਸਪੋ ਨੂੰ ਇਸ ਦਿਸ਼ਾ ਵਿੱਚ ਮਹੱਤਵਪੂਰਨ ਕਦਮ ਮੰਨਿਆ ਜਾ ਸਕਦਾ ਹੈ। ਜਦੋਂ ਤੱਕ ਸਾਡਾ ਨਾਅਰਾ 'ਪ੍ਰਬੁੱਧ ਭਾਰਤ ਅਮੀਰ ਬਹੁਜਨ' ਦਾ ਨਹੀਂ ਹੋਵੇਗਾ, ਸਾਡਾ ਸਮਾਜ ਆਰਥਿਕ ਮੰਦਹਾਲੀ ਵਿੱਚ ਹੀ ਡੁੱਬਿਆ ਰਹੇਗਾ। ਇਸ ਲਈ ਸਾਡਾ ਟੀਚਾ ਇਹੀ ਹੋਣਾ ਚਾਹੀਦਾ ਹੈ ਕਿ ਬਹੁਜਨ ਨਿਰਮਾਣ ਕਰੇ, ਬਹੁਜਨ ਹੀ ਸਾਮਾਨ ਵੇਚੇ ਅਤੇ ਜ਼ਿਆਦਾ ਤੋਂ ਜ਼ਿਆਦਾ ਬਹੁਜਨ ਸਮਾਜ ਦੇ ਲੋਕ ਉਸਦਾ ਉਪਯੋਗ ਕਰਨ, ਤਾਂਕਿ ਆਪਣੇ ਲੋਕਾਂ ਨੂੰ ਆਰਥਿਕ ਤੌਰ 'ਤੇ ਆਤਮਨਿਰਭਰ ਬਣਾਇਆ ਜਾ ਸਕੇ।

ਨੌਕਰੀ ਦੇਣ ਵਾਲਾ ਬਣ ਰਿਹਾ ਹੈ ਦਲਿਤ ਸਮਾਜ
ਦਲਿਤ ਬਹੁਜਨ ਸਮਾਜ ਦੇ ਆਪਣੇ ਬਿਜ਼ਨੈੱਸ ਦੀ ਮਹੱਤਤਾ ਅਰਥਸ਼ਾਸਤਰੀ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਚੰਗੀ ਤਰ੍ਹਾਂ ਸਮਝਦੇ ਸਨ। ਇਸੇ ਲਈ ਉਨ੍ਹਾਂ ਨੇ ਸਾਲ 1918 ਵਿੱਚ ਇਨਵੈਸਟਮੈਂਟ ਕੰਸਲਟਿੰਗ ਬਿਜ਼ਨੈੱਸ ਸ਼ੁਰੂ ਕੀਤਾ ਸੀ। ਬਾਬਾ ਸਾਹਿਬ ਨੇ ਸਟਾਕ ਤੇ ਸ਼ੇਅਰਸ ਦੇ ਵਪਾਰੀਆਂ ਨੂੰ ਸਲਾਹ ਦੇਣ ਲਈ ਇੱਕ ਫਰਮ ਖੋਲੀ ਸੀ। ਕਿਸੇ ਦਲਿਤ ਵਿਅਕਤੀ ਵਲੋਂ ਸਥਾਪਿਤ ਕੀਤੀ ਗਈ ਇਸ ਤਰ੍ਹਾਂ ਦੀ ਇਹ ਪਹਿਲੀ ਫਰਮ ਸੀ।
 
ਇਸੇ ਤਰ੍ਹਾਂ ਬਾਬਾ ਸਾਹਿਬ ਨੇ 29 ਅਕਤੂਬਰ 1942 ਨੂੰ ਉਸ ਸਮੇਂ ਦੇ ਵਾਇਸਰਾਏ ਲਾਰਡ ਲਿਨਲਿਥਗੋ ਨੂੰ ਇੱਕ ਮੰਗ ਪੱਤਰ ਦੇ ਕੇ ਸੀਪੀਡਬਲਯੂਡੀ ਦੇ ਠੇਕਿਆਂ ਵਿੱਚ ਦਲਿਤਾਂ ਲਈ ਹਿੱਸੇਦਾਰੀ ਦੀ ਮੰਗ ਕੀਤੀ ਸੀ। ਬਾਬਾ ਸਾਹਿਬ ਡਾਈਵਰਸਿਟੀ ਦੀ ਮਹੱਤਤਾ ਨੂੰ ਬਹੁਤ ਪਹਿਲਾਂ ਹੀ ਸਮਝ ਚੁੱਕੇ ਸਨ। ਅੱਜ ਦੀ ਪੀੜ੍ਹੀ ਵੀ ਇਸ ਗੱਲ ਨੂੰ ਸਮਝਣ ਲੱਗੀ ਹੈ। ਦਲਿਤ ਸਮਾਜ ਹੁਣ ਸਿਰਫ ਨੌਕਰੀ ਕਰਨ ਵਾਲਾ ਨਹੀਂ, ਸਗੋਂ ਨੌਕਰੀ ਦੇਣ ਵਾਲਾ ਵੀ ਬਣਨ ਰਿਹਾ ਹੈ।
 
'ਦਲਿਤ ਫੂਡ' ਦੇ ਮਾਲਕ ਚੰਦਰ ਭਾਨ ਪ੍ਰਸਾਦ ਕਹਿੰਦੇ ਹਨ ਕਿ ਦਲਿਤਾਂ ਦਾ ਆਪਣੇ ਪੈਰਾਂ 'ਤੇ ਖੜੇ ਹੋਣਾ, ਆਪਣਾ ਬਿਜ਼ਨੈੱਸ ਕਰਨਾ ਮਾਣ ਦਾ ਵਿਸ਼ਾ ਤਾਂ ਹੈ ਹੀ, ਨਾਲ ਹੀ ਅਖੌਤੀ ਮੇਨ ਸਟ੍ਰੀਮ ਸੋਸਾਇਟੀ ਨੂੰ ਇਹ ਦੱਸਣਾ ਵੀ ਹੈ ਕਿ ਦਲਿਤ ਸਮਾਜ ਰਾਖਵੇਂਕਰਨ ਦੇ ਬਿਨਾਂ ਵੀ ਚੱਲ ਸਕਦਾ ਹੈ। ਸਦੀਆਂ ਬਾਅਦ ਅੱਜ ਵੀ ਭੇਦਭਾਵ ਦਾ ਸ਼ਿਕਾਰ ਹੋਣ ਵਾਲਾ ਇਹ ਸਮਾਜ ਸਾਬਿਤ ਕਰ ਰਿਹਾ ਹੈ ਕਿ ਉਹ ਆਪਣੇ ਆਪ ਅੱਗੇ ਵਧ ਰਿਹਾ ਹੈ। ਦਲਿਤ ਉਦਯੋਗਪਤੀ ਸਫਲ ਹੋ ਰਹੇ ਹਨ, ਜੋ ਕਿ ਉਨ੍ਹਾਂ ਦੀ ਸਾਲਾਂ ਦੀ ਮੇਹਨਤ ਦਾ ਨਤੀਜਾ ਹੈ।

-ਭੰਵਰ ਮੇਘਵੰਸ਼ੀ

Comments

Leave a Reply