Thu,Aug 22,2019 | 09:29:08am
HEADLINES:

editorial

ਭਾਰਤ ਰਤਨ ਤੋਂ ਵਾਂਝੀਆਂ ਦਲਿਤ-ਬਹੁਜਨ ਸਮਾਜ ਦੀਆਂ ਸ਼ਖਸੀਅਤਾਂ

ਭਾਰਤ ਰਤਨ ਤੋਂ ਵਾਂਝੀਆਂ ਦਲਿਤ-ਬਹੁਜਨ ਸਮਾਜ ਦੀਆਂ ਸ਼ਖਸੀਅਤਾਂ

ਦੇਸ਼ ਦੀ ਆਜ਼ਾਦੀ ਤੋਂ ਬਾਅਦ ਹੁਣ ਤੱਕ ਕੁੱਲ 48 ਲੋਕਾਂ ਨੂੰ ਭਾਰਤ ਰਤਨ ਐਵਾਰਡ ਮਿਲਿਆ ਹੈ। ਜਾਤੀ ਦੇ ਆਧਾਰ 'ਤੇ ਦੇਖੀਏ ਤਾਂ ਇਸ ਵਿੱਚ 23 ਬ੍ਰਾਹਮਣ ਹਨ, ਮਤਲਬ 47.5 ਫੀਸਦੀ। 6 ਮੁਸਲਮਾਨ, 1 ਕ੍ਰਿਸ਼ਚਿਅਨ (ਮਦਰ ਟੇਰੇਸਾ), 1 ਪਾਰਸੀ (ਜੇਆਰਡੀ ਟਾਟਾ), 1 ਵਿਦੇਸ਼ੀ ਨਾਗਰਿਕ (ਨੇਲਸਨ ਮੰਡੇਲਾ), ਇੱਕ ਨਰਤਕੀ ਪੁੱਤਰੀ (ਐੱਮਐੱਸ ਸ਼ੁਭ ਲੱਛਮੀ), 1 ਅਸਮੀ ਉੱਚ ਜਾਤੀ (ਹਜ਼ਾਰਿਕਾ), 1 ਦਲਿਤ (ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ) ਅਤੇ 1 ਪੱਛੜੇ (ਕੇ. ਕਾਮਰਾਜ) ਹਨ।
 
ਕੁੱਲ ਅੰਕੜਿਆਂ ਦੀ ਪੜਤਾਲ ਕੀਤੀ ਜਾਵੇ ਤਾਂ ਇਹ ਐਵਾਰਡ ਪਾਉਣ ਵਾਲੇ ਜ਼ਿਆਦਾਤਰ ਉੱਚ ਜਾਤੀ ਨਾਲ ਸਬੰਧਤ ਹਨ। ਸਿਰਫ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਤੇ ਕੇ. ਕਾਮਰਾਜ ਦਲਿਤ-ਓਬੀਸੀ ਸਮਾਜ ਨਾਲ ਸਬੰਧਤ ਹਨ। ਜੇਕਰ ਦਲਿਤ, ਪੱਛੜੇ ਤੇ ਆਦੀਵਾਸੀ ਸਮਾਜ 'ਤੇ ਨਜ਼ਰ ਮਾਰੀਏ ਤਾਂ ਅਸੀਂ ਦੇਖਦੇ ਹਾਂ ਕਿ ਇਨ੍ਹਾਂ ਵਰਗਾਂ ਵਿੱਚ ਵੱਡੀ ਗਿਣਤੀ ਵਿੱਚ ਅਜਿਹੀਆਂ ਸ਼ਖਸੀਅਤਾਂ ਹਨ, ਜੋ ਕਿ ਭਾਰਤ ਰਤਨ ਦੀਆਂ ਹੱਕਦਾਰ ਹਨ, ਪਰ ਉਨ੍ਹਾਂ ਨੂੰ ਇਹ ਸਨਮਾਨ ਅਜੇ ਤੱਕ ਨਹੀਂ ਮਿਲਿਆ ਹੈ। 
 
ਮੈਂ ਕੁਝ ਲੋਕਾਂ ਨੂੰ ਆਹਮੋ-ਸਾਹਮਣੇ ਰੱਖਦਾ ਹਾਂ। ਦੇਸ਼ ਦੱਸੇ ਕਿ ਕੌਣ ਭਾਰਤ ਰਤਨ ਲਈ ਜ਼ਿਆਦਾ ਯੋਗ ਸੀ ਅਤੇ ਕੌਣ ਘੱਟ? ਇਸ ਵਾਰ ਬ੍ਰਾਹਮਣ ਸਮਾਜ ਨਾਲ ਸਬੰਧਤ ਦੋ ਸ਼ਖਸੀਅਤਾਂ ਨੂੰ ਭਾਰਤ ਰਤਨ ਦਿੱਤਾ ਗਿਆ, ਉਹ ਹਨ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਤੇ ਨਾਨਾ ਜੀ ਦੇਸ਼ਮੁਖ। ਇਨ੍ਹਾਂ ਸਾਹਮਣੇ ਦੋ ਦਲਿਤ ਵਿਅਕਤੀਤਵ ਨੂੰ ਰੱਖਦੇ ਹਾਂ। ਸਭ ਤੋਂ ਪਹਿਲਾਂ ਨਾਨਾ ਜੀ ਦੇਸ਼ਮੁੱਖ ਅਤੇ ਸਾਹਿਬ ਕਾਂਸ਼ੀਰਾਮ ਨੂੰ ਆਹਮੋ-ਸਾਹਮਣੇ ਰੱਖਦੇ ਹਾਂ।
 
ਇਨ੍ਹਾਂ ਦੋਨਾਂ ਨੂੰ ਆਹਮੋ-ਸਾਹਮਣੇ ਰੱਖਣ ਦਾ ਕਾਰਨ ਇਹ ਹੈ ਕਿ ਦੋਵੇਂ ਸਮਾਜਿਕ, ਸੰਸਕ੍ਰਿਤਿਕ ਤੇ ਰਾਜਨੀਤਕ ਪ੍ਰੀਵਰਤਨ ਦੇ ਮੋਰਚੇ 'ਤੇ ਸਰਗਰਮ ਸਨ। ਭਾਰਤੀ ਸਮਾਜ ਵਿੱਚ ਸਕਾਰਾਤਮਕ ਤੇ ਨਕਾਰਾਤਮਕ ਸਮਾਜਿਕ, ਸੰਸਕ੍ਰਿਤਿਕ ਤੇ ਰਾਜਨੀਤਕ ਪ੍ਰੀਵਰਤਨ ਵਿੱਚ ਕਿਸਦੀ ਭੂਮਿਕਾ ਕੀ ਹੈ? ਦੋਨਾਂ ਵਿੱਚੋਂ ਕਿਸਨੇ ਬਰਾਬਰੀ, ਆਜ਼ਾਦੀ ਤੇ ਭਾਈਚਾਰੇ 'ਤੇ ਆਧਾਰਤ ਭਾਰਤ ਲਈ ਸੰਘਰਸ਼ ਕੀਤਾ ਅਤੇ ਕਿਸਨੇ ਮੱਧ ਯੁੱਗ ਦੇ ਪੱਛੜੇ ਵਰਣ-ਜਾਤੀਵਾਦੀ ਕਦਰਾਂ ਕੀਮਤਾਂ ਨੂੰ ਮੰਨਿਆ। ਸਾਹਿਬ ਕਾਂਸ਼ੀਰਾਮ ਨੇ ਮਨੂੰਵਾਦੀ ਵਿਵਸਥਾ ਨੂੰ ਚੁਣੌਤੀ ਦਿੱਤੀ।
 
ਦਲਿਤਾਂ-ਬਹੁਜਨਾਂ ਅੰਦਰ ਆਤਮ ਸਨਮਾਨ ਅਤੇ ਸਵੈਮਾਣ ਭਰਿਆ। ਉਨ੍ਹਾਂ ਨੂੰ ਅਣਖ ਨਾਲ ਬਰਾਬਰੀ ਦੇ ਪੱਧਰ 'ਤੇ ਜਿਊਣਾ ਸਿਖਾਇਆ। ਉਨ੍ਹਾਂ ਅੰਦਰ ਸਮਾਜਿਕ ਬਰਾਬਰੀ ਦੀ ਅਜਿਹੀ ਭਾਵਨਾ ਭਰੀ, ਜੋ ਕਿ ਅੱਜ ਦਲਿਤ-ਬਹੁਜਨ ਅੰਦੋਲਨ ਦਾ ਮੂਲ ਹੈ। ਭਾਰਤ 'ਚ ਤੁਲਨਾਤਮਕ ਤੌਰ 'ਤੇ ਬੇਹਤਰ ਸਮਾਜ ਬਣਾਇਆ। ਦੇਸ਼ ਨੂੰ ਜ਼ਿਆਦਾ ਲੋਕਤੰਤਰਿਕ ਅਤੇ ਬਰਾਬਰੀ 'ਤੇ ਆਧਾਰਿਤ ਬਣਾਇਆ। ਪਹਿਲੀ ਵਾਰ ਉਨ੍ਹਾਂ ਦੀਆਂ ਕੋਸ਼ਿਸ਼ਾਂ ਕਰਕੇ ਦਲਿਤ ਸਮਾਜ ਦੀ ਇੱਕ ਮਹਿਲਾ ਉੇੱਤਰ ਪ੍ਰਦੇਸ਼ ਦੀ ਮੁੱਖ ਮੰਤਰੀ ਬਣੀ।
 
ਦੂਜੇ ਪਾਸੇ ਨਾਨਾ ਜੀ ਦੇਸ਼ਮੁਖ ਨੇ ਉੱਚ ਜਾਤੀ ਵਰਗਾਂ ਦੇ ਪ੍ਰਭਾਵ ਨੂੰ ਸਥਾਪਿਤ ਕਰਨ ਵਾਲੇ ਸੰਗਠਨਾਂ ਨੂੰ ਉਤਸ਼ਾਹਿਤ ਕੀਤਾ। ਇੱਥੇ ਤੱਕ ਕਿ ਉਨ੍ਹਾਂ 'ਤੇ 1984 ਦੇ ਸਿੱਖ ਵਿਰੋਧੀ ਕਤਲੇਆਮ ਨੂੰ ਸਮਰਥਨ ਕਰਨ ਦੇ ਵੀ ਦੋਸ਼ ਲੱਗੇ। ਸਾਰੇ ਤੱਥ ਦੱਸਦੇ ਹਨ ਕਿ ਜੇਕਰ ਨਾਨਾ ਜੀ ਦੇਸ਼ਮੁਖ ਅਤੇ ਸਾਹਿਬ ਕਾਂਸ਼ੀਰਾਮ ਦੀ ਤੁਲਨਾ ਕਰੀਏ ਤਾਂ ਭਾਰਤ ਰਤਨ ਦੇ ਅਸਲ ਹੱਕਦਾਰ ਸਾਹਿਬ ਕਾਂਸ਼ੀਰਾਮ ਹਨ।
 
ਸਾਹਿਬ ਕਾਂਸ਼ੀਰਾਮ ਦਾ ਦਲਿਤ ਹੋਣਾ ਅਤੇ ਮਨੂੰਵਾਦ ਖਿਲਾਫ ਸੰਘਰਸ਼ ਉਨ੍ਹਾਂ ਦੀ ਅਯੋਗਤਾ ਬਣ ਗਈ। ਹੁਣ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਦੀ ਤੁਲਨਾ ਸਾਬਕਾ ਰਾਸ਼ਟਰਪਤੀ ਕੇਆਰ ਨਾਰਾਇਣਨ ਨਾਲ ਕਰਦੇ ਹਾਂ। ਸਿੱਖਿਅਕ, ਬੌਧਿਕ ਅਤੇ ਰਾਜਨੀਤਕ ਤਿੰਨੋ ਪੱਧਰਾਂ 'ਤੇ ਜੇਕਰ ਕੇਆਰ ਨਾਰਾਇਣਨ ਦੀ ਤੁਲਨਾ ਪ੍ਰਣਬ ਮੁਖਰਜੀ ਨਾਲ ਕਰੀਏ ਤਾਂ ਅਸੀਂ ਪਾਵਾਂਗੇ ਕਿ ਕਿਸੇ ਵੀ ਮਾਮਲੇ ਵਿੱਚ ਉਹ ਪ੍ਰਣਬ ਮੁਖਰਜੀ ਤੋਂ ਘੱਟ ਨਹੀਂ ਹਨ।
 
ਭਾਰਤੀ ਵਿਦੇਸ਼ ਸੇਵਾ ਦੇ ਅਧਿਕਾਰੀ ਦੇ ਰੂਪ ਵਿੱਚ, ਦ ਹਿੰਦੂ ਅਤੇ ਦ ਟਾਈਮਸ ਆਫ ਇੰਡੀਆ ਦੇ ਪੱਤਰਕਾਰ ਦੇ ਰੂਪ ਵਿੱਚ, ਸਾਂਸਦ ਦੇ ਰੂਪ ਵਿੱਚ, ਜੇਐੱਨਯੂ ਦੇ ਵਾਈਸ ਚਾਂਸਲਰ ਦੇ ਰੂਪ ਅਤੇ ਰਾਸ਼ਟਰਪਤੀ ਦੇ ਰੂਪ ਵਿੱਚ ਉਨ੍ਹਾਂ ਦਾ ਸ਼ਾਨਦਾਰ ਵਿਅਕਤੀਤਵ ਅਤੇ ਸਮਾਜਿਕ ਯੋਗਦਾਨ ਰਿਹਾ ਹੈ। ਉਨ੍ਹਾਂ ਨੇ ਦਲਿਤਾਂ ਲਈ ਸੁਪਰੀਮ ਕੋਰਟ ਵਿੱਚ ਜੱਜ ਬਣਨ ਦਾ ਰਾਹ ਖੋਲਿਆ। ਸ਼ਾਇਦ ਉਹ ਦਲਿਤ ਹੋਣ ਕਾਰਨ ਪ੍ਰਣਬ ਮੁਖਰਜੀ ਤੋਂ ਪਿੱਛੇ ਰਹਿ ਗਏ। 
 
ਹੁਣ ਖੇਡਾਂ ਦੇ ਖੇਤਰ ਵਿੱਚ ਦੇਖਦੇ ਹਾਂ। ਮੇਜਰ ਧਿਆਨ ਚੰਦ ਬਨਾਮ ਸਚਿਨ ਤੇਂਦੂਲਕਰ। ਹਾਕੀ ਦੇ ਜਾਦੂਗਰ ਧਿਆਨ ਚੰਦ ਨੇ ਪੂਰੇ ਦੇਸ਼ ਦਾ ਨਾਂ ਦੁਨੀਆ ਵਿੱਚ ਰੌਸ਼ਨ ਕੀਤਾ। ਹਾਕੀ ਵਿੱਚ 3 ਓਲੰਪਿਕ ਮੈਡਲ ਦੇਸ਼ ਨੂੰ ਲੈ ਕੇ ਦਿੱਤੇ, ਪਰ ਸ਼ਾਇਦ ਪੱਛੜੀ ਜਾਤ ਦਾ ਹੋਣ ਕਾਰਨ ਬ੍ਰਾਹਮਣ ਸਚਿਨ ਤੇਂਦੂਲਰਕਰ ਤੋਂ ਉਹ ਹਾਰ ਗਏ।
 
ਇਸੇ ਤਰ੍ਹਾਂ ਈਵੀ ਰਾਮਾਸਾਮੀ ਪੈਰੀਅਰ ਨੂੰ ਭਾਰਤ ਰਤਨ ਅੱਜ ਤੱਕ ਨਹੀਂ ਮਿਲਿਆ ਹੈ। ਅਜਿਹੇ ਕਈ ਉਦਾਹਰਨ ਹਨ, ਜਿੱਥੇ ਦਲਿਤ-ਪੱਛੜੇ ਸਮਾਜ ਵਿੱਚ ਜਨਮ ਲੈਣ ਵਾਲੀਆਂ ਮਹਾਨ ਸ਼ਖਸੀਅਤਾਂ ਦੀ ਭਾਰਤ ਰਤਨ ਦੇਣ ਸਮੇਂ ਅਣਦੇਖੀ ਕਰ ਦਿੱਤੀ ਗਈ। 

ਸਾਹਿਬ ਕਾਂਸ਼ੀਰਾਮ ਨੂੰ 'ਭਾਰਤ ਰਤਨ' ਨਹੀਂ
ਸ਼ੋਸ਼ਿਤ ਸਮਾਜ ਵਿੱਚ ਜਨਮ ਲੈਣ ਵਾਲੇ ਸਾਹਿਬ ਕਾਂਸ਼ੀਰਾਮ ਨੇ ਸ਼ੋਸ਼ਿਤ ਬਹੁਜਨ ਸਮਾਜ ਦੀ ਬੇਹਤਰੀ ਲਈ ਆਪਣਾ ਜੀਵਨ ਸਮਰਪਿਤ ਕਰ ਦਿੱਤਾ। ਉਨ੍ਹਾਂ ਨੇ ਦੱਬੇ-ਕੁਚਲੇ ਬਹੁਜਨ ਸਮਾਜ ਨੂੰ ਨਾ ਸਿਰਫ ਉਨ੍ਹਾਂ ਦੇ ਅਧਿਕਾਰਾਂ ਪ੍ਰਤੀ ਜਾਗਰੂਕ ਕੀਤਾ, ਸਗੋਂ ਉਨ੍ਹਾਂ ਨੂੰ ਹੁਕਰਮਾਨ ਬਣਨ ਦੀ ਰਾਹ ਵੀ ਦਿਖਾਈ।
 
ਉਹ ਅੱਜ ਦੇਸ਼ ਦੇ ਕਰੋੜਾਂ ਲੋਕਾਂ ਦੇ ਪ੍ਰੇਰਣਾ ਸਰੋਤ ਹਨ। ਬਸਪਾ ਮੁਖੀ ਕੁਮਾਰੀ ਮਾਇਆਵਤੀ ਕੇਂਦਰ ਸਰਕਾਰ ਤੋਂ ਸਾਹਿਬ ਕਾਂਸ਼ੀਰਾਮ ਨੂੰ ਭਾਰਤ ਰਤਨ ਦੇਣ ਦੀ ਮੰਗ ਲੰਮੇ ਸਮੇਂ ਤੋਂ ਕਰ ਰਹੇ ਹਨ। ਹਾਲਾਂਕਿ ਇਸਦੇ ਬਾਵਜੂਦ ਸਾਹਿਬ ਕਾਂਸ਼ੀਰਾਮ ਨੂੰ ਇਹ ਐਵਾਰਡ ਨਹੀਂ ਦਿੱਤਾ ਗਿਆ ਹੈ। ਇਸ ਨਾਲ ਬਹੁਜਨ ਸਮਾਜ ਨਿਰਾਸ਼ ਹੈ।
-ਡਾ. ਸਿਧਾਰਥ/ਦ ਪ੍ਰਿੰਟ

Comments

Leave a Reply