Tue,Jul 16,2019 | 12:35:14pm
HEADLINES:

editorial

ਭੀਮਾ ਕੋਰੇਗਾਓਂ ਬੈਟਲ : ਕਬਰ ਨੂੰ ਫਾੜ ਕੇ ਨਿੱਕਲੀ ਅਛੂਤਾਂ ਦੀ ਬਹਾਦਰੀ ਦੀ ਕਹਾਣੀ

ਭੀਮਾ ਕੋਰੇਗਾਓਂ ਬੈਟਲ : ਕਬਰ ਨੂੰ ਫਾੜ ਕੇ ਨਿੱਕਲੀ ਅਛੂਤਾਂ ਦੀ ਬਹਾਦਰੀ ਦੀ ਕਹਾਣੀ

ਇਹ 200 ਸਾਲ ਪਹਿਲਾਂ ਦੀ ਗੱਲ ਹੈ। ਬ੍ਰਿਟਿਸ਼ ਇਤਿਹਾਸਕਾਰ ਇਸਨੂੰ ਬੀਤੇ ਸਮੇਂ 'ਚ ਹੋਈਆਂ ਸਭ ਤੋਂ ਨਿਰਣਾਇਕ ਲੜਾਈਆਂ ਵਿੱਚੋਂ ਇੱਕ ਮੰਨਦੇ ਹਨ। ਅੰਗ੍ਰੇਜ਼ਾਂ ਲਈ ਇਸਦੀ ਮਹੱਤਤਾ ਇਸ ਲਈ ਹੈ, ਕਿਉਂਕਿ ਇਸ ਯੁੱਧ ਵਿੱਚ ਉਨ੍ਹਾਂ ਦੀ ਜਿੱਤ ਅਤੇ ਪੇਸ਼ਵਾਇਆਂ ਦੀ ਹਾਰ ਦੇ ਨਾਲ ਹੀ ਭਾਰਤ ਵਿੱਚ ਉਨ੍ਹਾਂ ਲਈ ਕੋਈ ਵੱਡੀ ਚੁਣੌਤੀ ਨਹੀਂ ਬਚੀ ਸੀ। ਭਾਰਤ ਵਿੱਚ ਇਤਿਹਾਸ ਦੀ ਟੈਕਸਟ ਬੁੱਕ ਆਮ ਤੌਰ 'ਤੇ ਇਸ ਬਾਰੇ ਵਿਸਤਾਰ ਵਿੱਚ ਨਹੀਂ ਜਾਂਦੀ ਕਿ ਭੀਮਾ ਕੋਰੇਗਾਓਂ ਵਿੱਚ ਕੀ ਹੋਇਆ ਸੀ। ਇਸ ਲਈ ਭਾਰਤ ਦੇ ਨੌਜਵਾਨਾਂ ਵਿੱਚ ਇਸ ਯੁੱਧ ਨੂੰ ਲੈ ਕੇ ਪ੍ਰਮਾਣਿਕ ਜਾਣਕਾਰੀਆਂ ਦੀ ਕਮੀ ਹੈ।

ਪੁਣੇ ਦੇ ਕੋਲ ਭੀਮਾ ਨਦੀ ਦੇ ਕੰਢੇ ਉਸ ਦਿਨ (1 ਜਨਵਰੀ 1818) ਜੋ ਹੋਇਆ, ਉਸਦੀ ਸਿਰਫ ਰਾਜਨੀਤਕ ਅਤੇ ਰਣਨੀਤਕ ਮਹੱਤਤਾ ਨਹੀਂ ਹੈ। ਉਸ ਦਿਨ ਉਸ ਮੈਦਾਨ ਵਿੱਚ ਸਿਰਫ ਅੰਗ੍ਰੇਜ਼ ਅਤੇ ਪੇਸ਼ਵਾ ਨਹੀਂ ਲੜ ਰਹੇ ਸਨ। ਉੱਥੇ ਜਾਤੀਵਾਦ ਦੇ ਖਿਲਾਫ ਵੀ ਇੱਕ ਮਹਾਂਯੁੱਧ ਹੋਇਆ ਸੀ।

ਇਸ ਲੜਾਈ ਵਿੱਚ ਅਛੂਤ ਮੰਨੀ ਜਾਣ ਵਾਲੀ ਮਹਾਰ ਜਾਤੀ ਦੇ ਸੈਨਿਕਾਂ ਨੇ ਜਾਤੀਵਾਦੀ ਪੇਸ਼ਵਾਈ ਨੂੰ ਹਮੇਸ਼ਾ ਲਈ ਖਤਮ ਕਰ ਦਿੱਤਾ। ਭਾਰਤੀ ਸਮਾਜ ਨੂੰ ਲੋਕਤੰਤਰਿਕ ਅਤੇ ਮਨੁੱਖੀ ਬਣਾਉਣ ਵਿੱਚ ਇਸ ਯੁੱਧ ਨੇ ਮਹੱਤਵਪੂਰਨ ਭੂਮਿਕਾ ਨਿਭਾਈ। ਇਹ ਜ਼ਰੂਰ ਹੈ ਕਿ ਆਜ਼ਾਦੀ ਤੋਂ ਬਾਅਦ ਭਾਰਤੀ ਇਤਿਹਾਸ ਦਾ ਜੋ ਕੇਂਦਰੀ ਨੈਰੇਟਿਵ ਬਣਾਇਆ ਗਿਆ, ਉਸ ਵਿੱਚ ਆਜ਼ਾਦੀ ਦੀ ਲੜਾਈ ਨੂੰ

ਉਪਨਿਵੇਸ਼ਵਾਦ ਵਿਰੋਧੀ ਸੰਘਰਸ਼ ਦੇ ਇਕੱਲੇ ਨਜ਼ਰੀਏ ਨਾਲ ਦੇਖਿਆ ਗਿਆ ਅਤੇ ਇਸ ਵਿੱਚ ਅੰਗ੍ਰੇਜ਼ ਬਨਾਮ ਭਾਰਤੀ ਦੀ ਬਾਇਨਰੀ ਬਣਾਈ ਗਈ, ਜਦਕਿ ਉਸ ਸਮੇਂ ਦੇਸ਼ ਦੀ ਇੱਕ ਵਿਸ਼ਾਲ ਆਬਾਦੀ ਆਪਣੇ ਇਨਸਾਨ ਹੋਣ ਦੇ ਹੱਕ ਲਈ ਸੰਘਰਸ਼ ਕਰ ਰਹੀ ਸੀ। ਇਸ ਨੈਰੇਟਿਵ ਦਾ ਅਸਰ ਇਹ ਸੀ ਕਿ ਕਰੀਬ 70 ਸਾਲ ਤੱਕ ਭੀਮਾ ਕੋਰੇਗਾਓਂ ਨੂੰ ਮੁੱਖ ਧਾਰਾ ਵਿੱਚ ਉਹ ਸਥਾਨ ਨਹੀਂ ਮਿਲਿਆ, ਜਿਸ 'ਤੇ ਉਸਦਾ ਯੋਗ ਹੱਕ ਸੀ।

ਹੁਣ ਭੀਮਾ ਕੋਰੇਗਾਓਂ ਦੀ ਦੱਬ ਦਿੱਤੀ ਗਈ ਬਹਾਦਰੀ ਦੀ ਕਹਾਣੀ ਕਬਰ ਫਾੜ ਕੇ ਨਿੱਕਲ ਆਈ ਹੈ ਅਤੇ ਹੁਣ ਲੱਖਾਂ ਲੋਕ ਇਸਦੀ ਗੱਲ ਕਰਨ ਲੱਗੇ ਹਨ। ਹਾਲਾਂਕਿ ਟੈਕਸਟ ਬੁੱਕ ਵਿੱਚ ਭੀਮਾ ਕੋਰੇਗਾਓਂ ਨੂੰ ਯੋਗ ਸਥਾਨ ਮਿਲਣਾ ਅਜੇ ਬਾਕੀ ਹੈ। 

ਗੁੱਸੇ ਦੇ ਰੂਪ 'ਚ ਹੋਇਆ ਹਜ਼ਾਰਾਂ ਸਾਲਾਂ ਦੇ ਅੱਤਿਆਚਾਰ ਦਾ ਪ੍ਰਗਟਾਵਾ
ਭੀਮਾ ਕੋਰੇਗਾਓਂ ਦੇ ਯੁੱਧ ਵਿੱਚ ਹਜ਼ਾਰਾਂ ਸਾਲਾਂ ਦੇ ਅੱਤਿਆਚਾਰ ਤੇ ਦਰਦ ਦਾ ਪ੍ਰਗਟਾਵਾ ਗੁੱਸੇ ਦੇ ਰੂਪ ਵਿੱਚ ਹੋਇਆ। ਮਹਾਰਾਂ ਲਈ ਇਹ ਕਰੋ ਜਾਂ ਮਰੋ, ਆਪਣੇ ਸਵੈਮਾਣ ਦੀ ਰੱਖਿਆ, ਆਪਣੀ ਬਹਾਦਰੀ ਨੂੰ ਦਿਖਾਉਣ ਦਾ ਮੌਕਾ ਸੀ।

ਇਸ ਯੁੱਧ ਵਿੱਚ ਅੰਗ੍ਰੇਜ਼ਾਂ ਅਤੇ ਪੇਸ਼ਵਾ ਦੇ ਉਦੇਸ਼ ਅਲੱਗ-ਅਲੱਗ ਸਨ, ਪਰ ਮਹਾਰਾਂ ਨੇ ਇਸਨੂੰ ਸਮਾਜਿਕ ਕ੍ਰਾਂਤੀ ਦੇ ਮੌਕੇ ਦੇ ਰੂਪ ਵਿੱਚ ਲੜਿਆ-ਗੁਆਉਣ ਲਈ ਕੁਝ ਨਹੀਂ, ਪਰ ਪਾਉਣ ਲਈ ਆਤਮ ਸਨਮਾਨ, ਬਰਾਬਰੀ ਅਤੇ ਸਵੈਮਾਣ। ਇਸ ਨਜ਼ਰੀਏ ਨਾਲ ਇਸਨੂੰ ਅਲੱਗ ਤਰ੍ਹਾਂ ਦਾ ਯੁੱਧ ਸਮਝਿਆ ਜਾਣਾ ਚਾਹੀਦਾ ਹੈ।

ਫਿਲਹਾਲ, ਪਿਛਲੇ ਸਾਲ ਇਸ ਯੁੱਧ ਦੀ 200ਵੀਂ ਵਰ੍ਹੇਗੰਢ ਮਨਾਉਣ ਦੀ ਤਿਆਰੀ ਕਾਫੀ ਪਹਿਲਾਂ ਤੋਂ ਚੱਲ ਰਹੀ ਸੀ ਅਤੇ ਇਹ ਵੀ ਸਾਫ ਸੀ ਕਿ ਇਸ ਮੌਕੇ 'ਤੇ ਦੇਸ਼ ਭਰ ਤੋਂ ਲੱਖਾਂ ਲੋਕ (ਸਿਰਫ ਦਲਿਤ ਨਹੀਂ) ਇਕੱਠੇ ਹੋਣਗੇ। ਫਿਰ ਅਚਾਨਕ ਹਮਲਾ! ਜਿਨ੍ਹਾਂ ਵਿਅਕਤੀਆਂ ਅਤੇ ਸੰਗਠਨਾਂ ਦੇ ਨਾਂ ਇਸ ਹਿੰਸਾ ਵਿੱਚ ਆਏ ਹਨ, ਉਹ ਸਾਰੇ ਹਿੰਦੂਵਾਦੀ ਸੰਗਠਨਾਂ ਨਾਲ ਜੁੜੇ ਹੋਏ ਹਨ ਅਤੇ ਇਨ੍ਹਾਂ ਦਾ ਸਬੰਧ ਮਹਾਰਾਸ਼ਟਰ ਅਤੇ ਮੌਜੂਦਾ ਕੇਂਦਰ ਸਰਕਾਰ ਨਾਲ ਦੱਸਿਆ ਜਾ ਰਿਹਾ ਹੈ। ਤਾਂ ਕੀ ਸਮਝਿਆ ਜਾਵੇ ਕਿ ਇਹ ਪੂਰੀ ਯੋਜਨਾ ਨਾਲ ਕੀਤਾ ਗਿਆ ਹਮਲਾ ਸੀ, ਜਿਸ ਵਿੱਚ ਸਰਕਾਰ ਨਾਲ ਜੁੜੇ ਸੰਗਠਨ ਸ਼ਾਮਲ ਸਨ? ਕੀ ਭਾਜਪਾ ਸ਼ਾਸਨ ਵਿੱਚ ਮੁੜ ਪੇਸ਼ਵਾ ਸ਼ਾਸਨ ਦੋਹਰਾਇਆ ਜਾ ਰਿਹਾ ਹੈ?

ਪਿਛਲੇ 4 ਸਾਲਾਂ ਵਿੱਚ ਦਲਿਤਾਂ-ਵਾਂਝਿਆਂ 'ਤੇ ਹਮਲਿਆਂ ਦੀਆਂ ਘਟਨਾਵਾਂ ਵਿੱਚ ਵਾਧਾ ਹੋਇਆ ਹੈ ਅਤੇ ਇਨ੍ਹਾਂ ਸਾਰੀਆਂ ਘਟਨਾਵਾਂ ਵਿੱਚ ਇੱਕ ਬਰਾਬਰਤਾ ਹੈ, ਕਰੀਬ ਇੱਕ ਹੀ ਤਰ੍ਹਾਂ ਦੇ ਲੋਕ ਅਤੇ ਸੰਗਠਨ ਸ਼ਾਮਲ ਹਨ। ਇਨ੍ਹਾਂ ਦਾ ਟੀਚਾ ਸਾਫ ਹੈ, ਦਲਿਤਾਂ ਵਿੱਚ ਵਧ ਰਹੀ ਚੇਤਨਾ ਨੂੰ ਰੋਕਣ ਲਈ ਇਸ ਤਰ੍ਹਾਂ ਦੀਆਂ ਹਿੰਸਕ ਘਟਨਾਵਾਂ ਰਾਹੀਂ ਉਨ੍ਹਾਂ ਵਿੱਚ ਦਹਿਸ਼ਤ ਪੈਦਾ ਕਰਨਾ। ਇਸ ਤਰ੍ਹਾਂ ਦੀਆਂ ਵਧਦੀਆਂ ਘਟਨਾਵਾਂ ਨੂੰ ਸਮਝਣ ਲਈ ਬਾਬਾ ਸਾਹਿਬ ਅੰਬੇਡਕਰ ਨੂੰ ਪੜ੍ਹਨਾ ਹੋਵੇਗਾ।

ਉਹ ਲਿਖਦੇ ਹਨ, ''ਇੱਕ ਹਿੰਦੂ ਨੂੰ ਇਸ ਨਾਲ ਕੀ ਨੁਕਸਾਨ ਪਹੁੰਚ ਸਕਦਾ ਹੈ, ਜੇਕਰ ਇੱਕ ਅਛੂਤ ਸਾਫ ਕੱਪੜੇ ਪਾਵੇ, ਜੇਕਰ ਉਹ ਆਪਣੇ ਘਰ 'ਤੇ ਪੱਕੀ ਛੱਤ ਪਾਉਂਦਾ ਹੈ, ਜੇਕਰ ਉਹ ਆਪਣੇ ਬੱਚੇ ਨੂੰ ਸਕੂਲ ਭੇਜਣਾ ਚਾਹੁੰਦਾ ਹੈ, ਜੇਕਰ ਉਹ ਆਪਣਾ ਧਰਮ ਬਦਲਣਾ ਚਾਹੁੰਦਾ ਹੈ, ਜੇਕਰ ਉਹ ਆਪਣਾ ਸੋਹਣਾ ਤੇ ਸਨਮਾਨਜਨਕ ਨਾਂ ਰੱਖਦਾ ਹੈ, ਜੇਕਰ ਉਹ ਆਪਣੇ ਘਰ ਦਾ ਦਰਵਾਜਾ ਮੁੱਖ ਸੜਕ ਵੱਲ ਖੋਲਣਾ ਚਾਹੁੰਦਾ ਹੈ, ਜੇਕਰ ਉਹ ਅਧਿਕਾਰ ਵਾਲਾ ਕੋਈ ਅਹੁਦਾ ਪ੍ਰਾਪਤ ਕਰ ਲੈਂਦਾ ਹੈ, ਜ਼ਮੀਨ ਖਰੀਦ ਲੈਂਦਾ ਹੈ, ਵਪਾਰ ਕਰਦਾ ਹੈ, ਆਰਥਿਕ ਤੌਰ 'ਤੇ ਆਜ਼ਾਦ ਹੋ ਜਾਂਦਾ ਹੈ ਅਤੇ ਉਸਦੀ ਗਿਣਤੀ ਖਾਂਦੇ-ਪੀਂਦੇ ਲੋਕਾਂ ਵਿੱਚ ਹੋਣ ਲਗਦੀ ਹੈ?''

ਉਹ ਅੱਗੇ ਲਿਖਦੇ ਹਨ, ''ਸਾਰੇ ਹਿੰਦੂ, ਬੇਸ਼ੱਕ ਸਰਕਾਰੀ ਹੋਣ ਜਾਂ ਗੈਰਸਰਕਾਰੀ, ਮਿਲ ਕੇ ਅਛੂਤਾਂ ਨੂੰ ਦਬਾਉਂਦੇ ਕਿਉਂ ਹਨ? ਸਾਰੀਆਂ ਜਾਤਾਂ, ਬੇਸ਼ੱਕ ਉਹ ਆਪਸ ਵਿੱਚ ਲੜਦੀਆਂ-ਝਗੜਦੀਆਂ, ਹਿੰਦੂ ਧਰਮ ਦੇ ਓਹਲੇ ਇੱਕਮੁੱਠ ਹੋ ਕੇ ਕਿਉਂ ਸਾਜ਼ਿਸ਼ ਕਰਦੀਆਂ ਹਨ ਅਤੇ ਅਛੂਤਾਂ ਨੂੰ ਬੇਸਹਾਰਾ ਸਥਿਤੀ ਵਿੱਚ ਰੱਖਦੀਆਂ ਹਨ।''

ਡਾ. ਅੰਬੇਡਕਰ ਅੱਗੇ ਲਿਖਦੇ ਹਨ, ''ਜੇਕਰ ਤੁਸੀਂ ਕਿਸੇ ਹਿੰਦੂ ਤੋਂ ਪੁੱਛੋਗੇ ਕਿ ਉਹ ਅਜਿਹਾ ਅਣਮਨੁੱਖੀ ਵਿਵਹਾਰ ਕਿਉਂ ਕਰਦਾ ਹੈ? ਉਹ ਕਹੇਗਾ, ਅਛੂਤਾਂ ਦੀ ਜਿਸ ਕੋਸ਼ਿਸ਼ ਨੂੰ ਤੁਸੀਂ ਸੁਧਾਰ ਕਹਿੰਦੇ ਹੋ, ਉਹ ਸੁਧਾਰ ਨਹੀਂ ਹੈ। ਉਹ ਸਾਡੇ ਧਰਮ ਦਾ ਅਪਮਾਨ ਹੈ।''

ਦਲਿਤਾਂ ਖਿਲਾਫ ਹੋ ਰਹੀ ਹਿੰਸਾ ਦਾ ਉੱਤਰ ਡਾ. ਅੰਬੇਡਕਰ ਦੇ ਇਨ੍ਹਾਂ ਵਿਚਾਰਾਂ ਤੋਂ ਮਿਲ ਜਾਂਦਾ ਹੈ। ਰਾਖਵੇਂਕਰਨ ਕਾਰਨ ਦਲਿਤਾਂ ਵਿੱਚ ਇੱਕ ਛੋਟਾ ਜਿਹਾ ਅਜਿਹਾ ਵਰਗ ਤਿਆਰ ਜ਼ਰੂਰ ਹੋਇਆ ਹੈ, ਜੋ ਅੰਗ੍ਰੇਜ਼ੀ ਬੋਲਦਾ ਹੈ, ਚੰਗੇ ਨਾਂ ਰੱਖਦਾ ਹੈ, ਘਰ ਬਣਾਉਂਦਾ ਹੈ, ਵੱਡੀ ਗੱਡੀ ਵਿੱਚ ਚੱਲਦਾ ਹੈ ਅਤੇ ਸਭ ਤੋਂ ਵੱਡੀ ਗੱਲ, ਸਵਾਲ ਕਰਦਾ ਹੈ। ਜਿਵੇਂ-ਜਿਵੇਂ ਦਲਿਤ ਅਤੇ ਵਾਂਝੇ ਵਰਗਾਂ ਵਿੱਚ ਖੁਸ਼ਹਾਲੀ ਵਧੇਗੀ, ਸਵਾਲ ਕਰਨਗੇ, ਉਸਦੇ ਨਾਲ-ਨਾਲ ਇਸ ਤਰ੍ਹਾਂ ਦੇ ਹਮਲੇ ਅਤੇ ਟਕਰਾਅ ਵਧਣ ਦਾ ਖਦਸ਼ਾ ਵਧੇਗਾ। 2018 ਵਿੱਚ ਭੀਮਾ ਕੋਰੇਗਾਓਂ ਵਿੱਚ ਹੋਈ ਹਿੰਸਾ ਨੂੰ ਇਸ ਨਜ਼ਰੀਏ ਨਾਲ ਵੀ ਦੇਖਿਆ ਜਾਣਾ ਚਾਹੀਦਾ ਹੈ।

ਬਹਾਦਰੀ ਦੀ ਬੇਮਿਸਾਲ ਘਟਨਾ
ਕਿਹਾ ਜਾਂਦਾ ਹੈ ਕਿ ਬ੍ਰਿਟਿਸ਼ ਈਸਟ ਇੰਡੀਆ ਦੀ 500 ਸੈਨਿਕਾਂ ਦੀ ਇੱਕ ਛੋਟੀ ਕੰਪਨੀ ਨੇ, ਜਿਸ ਵਿੱਚ ਜ਼ਿਆਦਾਤਰ ਸੈਨਿਕ ਮਹਾਰ (ਅਛੂਤ) ਸਨ, ਪੇਸ਼ਵਾ ਸ਼ਾਸਕ ਬਾਜੀਰਾਓ-2 ਦੀ 28 ਹਜ਼ਾਰ ਦੀ ਸੈਨਾ ਨੂੰ ਸਿਰਫ 12 ਘੰਟੇ ਤੱਕ ਚੱਲੇ ਯੁੱਧ ਵਿੱਚ ਹਰਾ ਦਿੱਤਾ ਸੀ।

ਭੀਮਾ ਕੋਰੇਗਾਓਂ ਦੇ ਮੈਦਾਨ ਵਿੱਚ ਜਿਨ੍ਹਾਂ ਮਹਾਰ ਸੈਨਿਕਾਂ ਨੇ ਲੜਦੇ ਹੋਏ ਸ਼ਹਾਦਤ ਪ੍ਰਾਪਤ ਕੀਤੀ, ਉਨ੍ਹਾਂ ਦੇ ਸਨਮਾਨ ਵਿੱਚ ਸਾਲ 1822 ਈ. ਵਿੱਚ ਭੀਮਾ ਨਦੀ ਦੇ ਕੰਢੇ ਕਾਲੇ ਪੱਥਰਾਂ ਦੇ ਯੁੱਧ ਸਤੰਭ ਦਾ ਨਿਰਮਾਣ ਕੀਤਾ ਗਿਆ, ਜਿਨ੍ਹਾਂ 'ਤੇ ਉਨ੍ਹਾਂ ਦੇ ਨਾਂ ਲਿਖੇ ਹਨ।

ਇਸ ਨੂੰ ਦੇਸ਼ ਭਰ ਦੇ ਦਲਿਤ ਆਪਣੇ ਇਤਿਹਾਸ ਦੀ ਬਹਾਦਰੀ ਦੀ ਘਟਨਾ ਮੰਨਦੇ ਹਨ ਅਤੇ ਕਈ ਸਾਲਾਂ ਤੋਂ ਇਸਨੂੰ ਸੈਲੀਬ੍ਰੇਟ ਕਰਨ ਕ੍ਰਾਂਤੀ ਸਤੰਭ 'ਤੇ ਪਹੁੰਚਦੇ ਰਹੇ ਹਨ। ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਨੇ ਵੀ ਭੀਮਾ ਕੋਰੇਗਾਓਂ ਪਹੁੰਚ ਕੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਸਨ।

ਪੇਸ਼ਵਾ ਦੀ ਇਹ ਹਾਰ ਅਸਾਧਾਰਨ ਹਾਰ ਸੀ ਅਤੇ ਮਹਾਰਾਂ ਦੀ ਇਸ ਜਿੱਤ ਨੂੰ ਸਿਰਫ ਹੁਨਰ ਜਾਂ ਰਣਨੀਤੀ ਰਾਹੀਂ ਨਹੀਂ, ਸਗੋਂ ਮਨੋਵਿਗਿਆਨ ਰਾਹੀਂ ਸਮਝਿਆ ਜਾਣਾ ਚਾਹੀਦਾ ਹੈ। ਪੇਸ਼ਵਾ ਪਹਿਲਾਂ ਮਰਾਠਾ ਰਾਜਿਆਂ ਦੇ ਬ੍ਰਾਹਮਣ ਮੰਤਰੀ ਹੋਇਆ ਕਰਦੇ ਸਨ, ਜਿਨ੍ਹਾਂ ਨੇ ਬਾਅਦ ਵਿੱਚ ਸ਼ਿਵਾਜੀ ਦੇ ਵਾਰਿਸਾਂ ਨੂੰ ਬੇਦਖਲ ਕਰਕੇ ਸ਼ਾਸਨ 'ਤੇ ਕਬਜ਼ਾ ਕਰ ਲਿਆ ਸੀ। ਉਨ੍ਹਾਂ ਦੇ ਸ਼ਾਸਨ ਵਿੱਚ ਅਛੂਤਾਂ 'ਤੇ ਅਣਮਨੁੱਖੀ ਅੱਤਿਆਚਾਰ ਹੁੰਦੇ ਸਨ।
-ਡਾ. ਰਤਨ ਲਾਲ
(ਲੇਖਕ ਇਤਿਹਾਸ ਵਿਭਾਗ, ਹਿੰਦੂ ਕਾਲਜ, ਦਿੱਲੀ ਯੂਨੀਵਰਸਿਟੀ 'ਚ ਐਸੋਸੀਏਟ ਪ੍ਰੋਫੈਸਰ ਹਨ)

Comments

Leave a Reply