Mon,Jul 13,2020 | 04:21:06am
HEADLINES:

editorial

ਸੱਤਾ ਪਰਿਵਰਤਨ ਬਿਨਾਂ ਨਹੀਂ ਹੋਵੇਗਾ ਬਹੁਜਨ ਸਮਾਜ ਦੀਆਂ ਸਮੱਸਿਆਵਾਂ ਦਾ ਹੱਲ

ਸੱਤਾ ਪਰਿਵਰਤਨ ਬਿਨਾਂ ਨਹੀਂ ਹੋਵੇਗਾ ਬਹੁਜਨ ਸਮਾਜ ਦੀਆਂ ਸਮੱਸਿਆਵਾਂ ਦਾ ਹੱਲ

ਦਿੱਲੀ ਦੇ ਤੁਗਲਕਾਬਾਦ ਵਿੱਚ ਸ੍ਰੀ ਗੁਰੂ ਰਵਿਦਾਸ ਗੁਰੂ ਘਰ ਨੂੰ ਤੋੜੇ ਜਾਣ ਨੂੰ ਲੈ ਕੇ ਲੋਕਾਂ ਵਿੱਚ ਕੇਂਦਰ ਦੀ ਮੋਦੀ ਸਰਕਾਰ ਖਿਲਾਫ ਗੁੱਸਾ ਹੈ | ਉਹ ਕੇਂਦਰ ਸਰਕਾਰ ਖਿਲਾਫ ਮੋਰਚਾ ਖੋਲ ਰਹੇ ਹਨ | ਲੋਕਾਂ ਦੀਆਂ ਭਾਵਨਾਵਾਂ ਨੂੰ ਸੱਟ ਪਹੁੰਚਾਉਣ ਵਾਲੀਆਂ ਇਨ੍ਹਾਂ ਘਟਨਾਵਾਂ ਦਾ ਵਿਰੋਧ ਹੋਣਾ ਜਾਇਜ਼ ਹੈ, ਪਰ ਲੋਕਾਂ ਨੂੰ ਅਜਿਹਾ ਕੋਈ ਰਾਹ ਵੀ ਲੱਭਣਾ ਹੋਵੇਗਾ, ਜਿਸ ਨਾਲ ਉਨ੍ਹਾਂ ਖਿਲਾਫ ਹੋਣ ਵਾਲੀਆਂ ਅਜਿਹੀਆਂ ਘਟਨਾਵਾਂ ਦਾ ਪੱਕਾ ਹੱਲ ਕੱਢਿਆ ਜਾ ਸਕੇ |

ਕੇਂਦਰ ਸਰਕਾਰ ਖਿਲਾਫ ਸੰਘਰਸ਼ ਕਰ ਰਹੇ ਇਨ੍ਹਾਂ ਲੋਕਾਂ ਨੂੰ ਵਿਰੋਧ ਦੇ ਨਾਲ-ਨਾਲ ਬਹੁਜਨ ਸਮਾਜ ਵਿਰੋਧੀ ਸੱਤਾ ਦੇ ਬਦਲਾਅ 'ਤੇ ਵੀ ਕੇਂਦਰਿਤ ਹੋਣਾ ਹੋਵੇਗਾ | ਜੇਕਰ ਉਹ ਸਿਰਫ ਤੇ ਸਿਰਫ ਵਿਰੋਧ 'ਤੇ ਹੀ ਕੇਂਦਰਿਤ ਰਹਿਣਗੇ ਤਾਂ ਪਹਿਲਾਂ ਵਾਲੀ ਸਥਿਤੀ ਬਣੀ ਰਹੇਗੀ ਅਤੇ ਉਨ੍ਹਾਂ ਦੇ ਹਾਲਾਤ ਨਹੀਂ ਸੁਧਰਨਗੇ |

ਜੇਕਰ ਉਹ ਸੱਤਾ ਪਰਿਵਰਤਨ ਦੀ ਦਿਸ਼ਾ ਵਿੱਚ ਕੰਮ ਨਹੀਂ ਕਰਨਗੇ ਤਾਂ ਉਨ੍ਹਾਂ ਦੇ ਸਿਰਫ ਧਾਰਮਿਕ ਸਥਾਨ ਹੀ ਨਹੀਂ, ਸਗੋਂ ਨੌਕਰੀਆਂ, ਰਾਖਵਾਂਕਰਨ, ਸਿੱਖਿਆ ਤੇ ਸਿਹਤ ਸੁਵਿਧਾਵਾਂ ਸਾਰੀਆਂ ਖੋਹ ਹੁੰਦੀਆਂ ਰਹਿਣਗੀਆਂ, ਜਿਵੇਂ ਕਿ ਅਸੀਂ ਅੱਜ ਦੇਖ ਰਹੇ ਹਾਂ | ਸ਼ੋਸ਼ਿਤ ਸਮਾਜ ਦੇ ਲੋਕ ਗਰੀਬੀ ਤੇ ਅਨਿਆਂਪੂਰਨ ਸ਼ਾਸਨ ਪ੍ਰਬੰਧ ਦਾ ਸ਼ਿਕਾਰ ਹੋ ਕੇ ਰਹਿ ਜਾਣਗੇ |

ਸੰਘਰਸ਼ ਕਰ ਰਹੇ ਲੋਕਾਂ ਨੂੰ ਇਹ ਗੱਲ ਧਿਆਨ ਵਿੱਚ ਰੱਖਣ ਦੀ ਜ਼ਰੂਰਤ ਹੈ ਕਿ ਮਾਮਲਾ ਸਿਰਫ ਸ੍ਰੀ ਗੁਰੂ ਰਵਿਦਾਸ ਗੁਰੂ ਘਰ ਦੀ ਜ਼ਮੀਨ ਲੈਣ ਅਤੇ ਉੱਥੇ ਮੰਦਰ ਦੇ ਨਿਰਮਾਣ ਕਰਨ ਦਾ ਨਹੀਂ ਹੈ, ਸਗੋਂ ਬਹੁਜਨ ਸਮਾਜ ਦੇ ਖੋਹੇ ਜਾ ਰਹੇ ਅਧਿਕਾਰਾਂ ਦੀ ਬਹਾਲੀ ਅਤੇ ਦੇਸ਼ ਵਿੱਚ ਦਲਿਤ, ਪੱਛੜੇ ਵਰਗਾਂ ਤੇ ਧਾਰਮਿਕ ਘੱਟ ਗਿਣਤੀਆਂ ਪੱਖੀ ਸੱਤਾ ਦੀ ਸਥਾਪਨਾ ਦਾ ਵੀ ਹੈ |

ਜਦੋਂ ਤੱਕ ਉਨ੍ਹਾਂ ਪੱਖੀ ਸੱਤਾ ਸਥਾਪਿਤ ਨਹੀਂ ਹੋ ਜਾਂਦੀ, ਉਦੋਂ ਤੱਕ ਉਨ੍ਹਾਂ ਦੀਆਂ ਮੁਸ਼ਕਿਲਾਂ ਇਸੇ ਤਰ੍ਹਾਂ ਬਣੀਆਂ ਰਹਿਣਗੀਆਂ | ਸੜਕਾਂ 'ਤੇ ਉਨ੍ਹਾਂ ਦਾ ਟਕਰਾਅ ਹੁੰਦਾ ਰਹੇਗਾ ਅਤੇ ਬੇਕਸੂਰ ਲੋਕ ਨਜਾਇਜ਼ ਕੇਸਾਂ ਵਿੱਚ ਫਸਦੇ ਰਹਿਣਗੇ | ਇਸ ਲਈ ਬਹੁਜਨ ਸਮਾਜ ਦੇ ਲੋਕਾਂ ਨੂੰ ਇਹ ਅੰਦੋਲਨ ਵੱਡੇ ਦਾਇਰੇ ਵਿੱਚ ਲਿਆਉਣਾ ਹੋਵੇਗਾ ਅਤੇ ਸੱਤਾ ਵਿੱਚ ਬਦਲਾਅ ਦੇ ਵਿਚਾਰ ਨੂੰ ਕੇਂਦਰ ਵਿੱਚ ਰੱਖ ਕੇ ਲੜਨਾ ਹੋਵੇਗਾ |

ਬਹੁਜਨ ਵਿਚਾਰਧਾਰਾ ਵਿਰੋਧੀ ਪਾਰਟੀਆਂ (ਭਾਜਪਾ, ਕਾਂਗਰਸ, ਆਪ ਆਦਿ) ਨੂੰ ਸੱਤਾ ਤੋਂ ਹਟਾ ਕੇ ਬਹੁਜਨ ਸਮਾਜ ਦੀ ਹਮਾਇਤੀ ਰਾਜਨੀਤੀ ਨੂੰ ਸੱਤਾ ਵਿੱਚ ਲਿਆਉਣਾ ਹੋਵੇਗਾ, ਜਿਸਦੀ ਨੁਮਾਇੰਦਗੀ ਬਹੁਜਨ ਸਮਾਜ ਪਾਰਟੀ (ਬਸਪਾ) ਭੈਣ ਕੁਮਾਰੀ ਮਾਇਆਵਤੀ ਦੀ ਅਗਵਾਈ ਵਿੱਚ ਕਰਦੀ ਹੈ |

ਬਹੁਜਨ ਸਮਾਜ ਦੇ ਲੋਕਾਂ ਨੂੰ ਇਸ ਗੱਲ ਦਾ ਵੀ ਖਿਆਲ ਰੱਖਣਾ ਚਾਹੀਦਾ ਹੈ ਕਿ ਸ੍ਰੀ ਗੁਰੂ ਰਵਿਦਾਸ ਧਾਰਮਿਕ ਸਥਾਨ ਦਾ ਮਾਮਲਾ ਸੱਤਾ ਦੇ ਚਰਿੱਤਰ ਨਾਲ ਵੀ ਜੁੜਿਆ ਹੋਇਆ ਹੈ | ਜਦੋਂ ਉੱਤਰ ਪ੍ਰਦੇਸ਼ ਵਿੱਚ ਭੈਣ ਕੁਮਾਰੀ ਮਾਇਆਵਤੀ ਦੀ ਅਗਵਾਈ ਵਿੱਚ ਬਸਪਾ ਸਰਕਾਰ ਸੀ, ਉਦੋਂ ਉੱਥੇ ਸ੍ਰੀ ਗੁਰੂ ਰਵਿਦਾਸ ਘਾਟ, ਅੰਬੇਡਕਰ ਸਮਾਰਕ, ਬਹੁਜਨ ਸਮਾਜ ਦੇ ਮਹਾਪੁਰਖਾਂ ਦੇ ਨਾਂ 'ਤੇ ਜ਼ਿਲ੍ਹੇ ਬਣੇ ਸਨ| ਇੱਥੇ ਤੱਕ ਕਿ ਲੋਕ ਭਲਾਈ ਦੀਆਂ ਸਕੀਮਾਂ ਵੀ ਉਨ੍ਹਾਂ ਦੇ ਨਾਂ 'ਤੇ ਬਣੀਆਂ ਸਨ |

ਦੂਜੇ ਪਾਸੇ, ਜਦੋਂ ਸੱਤਾ ਬਹੁਜਨ ਵਿਰੋਧੀ ਹੋ ਗਈ ਤਾਂ ਇਹ ਸਭ ਉਨ੍ਹਾਂ ਤੋਂ ਖੋਹ ਹੁੰਦਾ ਚਲਾ ਗਿਆ | ਇਸ ਬਾਰੇ ਸਾਹਿਬ ਕਾਂਸ਼ੀਰਾਮ ਦੀ ਇੱਕ ਗੱਲ ਧਿਆਨ ਦੇਣ ਯੋਗ ਹੈ | ਉਹ ਕਿਹਾ ਕਰਦੇ ਸਨ-ਜੋ ਸੱਤਾ ਦਾ ਵਿਰੋਧ ਕਰਦੇ ਹਨ, ਉਹ ਉਸਦਾ ਬਦਲ ਵੀ ਦੇਣ | ਕੁਝ ਇਸੇ ਤਰ੍ਹਾਂ ਹੀ ਸਾਹਿਬ ਕਾਂਸ਼ੀਰਾਮ ਨੇ ਕਾਂਗਰਸ ਅਤੇ ਭਾਜਪਾ ਦੇ ਬਦਲ ਦੇ ਰੂਪ ਵਿੱਚ ਬਹੁਜਨ ਸਮਾਜ ਪਾਰਟੀ ਨੂੰ ਸਥਾਪਿਤ ਕੀਤਾ ਸੀ |

ਭਾਜਪਾ ਅਤੇ ਕਾਂਗਰਸ 'ਤੇ ਬਹੁਜਨ ਸਮਾਜ ਵਿਰੋਧੀ ਰਾਜਨੀਤੀ ਦੇ ਦੋਸ਼ ਲਗਦੇ ਰਹੇ ਹਨ | ਦੂਜੇ ਪਾਸੇ ਬਸਪਾ ਵਿੱਚ ਬਹੁਜਨ ਸਮਾਜ ਦੇ ਪੱਖ ਵਿੱਚ ਬਦਲਾਅ ਦੀ ਉਮੀਦ ਨਜ਼ਰ ਆਉਂਦੀ ਹੈ | ਸੱਤਾ ਵਿੱਚ ਆਉਣ 'ਤੇ ਬਸਪਾ ਨੇ ਬਹੁਜਨ ਸਮਾਜ ਪੱਖੀ ਸ਼ਾਸਨ ਪ੍ਰਬੰਧ ਸਥਾਪਿਤ ਕਰਕੇ ਇਹ ਸਾਬਿਤ ਵੀ ਕੀਤਾ ਹੈ |

ਬਸਪਾ ਦਾ ਵਿਰੋਧ ਕਰਨ ਦਾ ਮਤਲਬ ਪਹਿਲਾਂ ਵਾਲੀ ਸਥਿਤੀ ਬਣਾਏ ਰੱਖਣਾ ਹੈ, ਮਤਲਬ ਕਿ ਕਾਂਗਰਸ-ਭਾਜਪਾ ਨੂੰ ਸੱਤਾ ਵਿੱਚ ਸਥਾਪਿਤ ਕਰਨਾ ਹੈ | ਜੇਕਰ ਮੌਜੂਦਾ ਸਥਿਤੀ ਬਣੀ ਰਹੇਗੀ ਤਾਂ ਧਾਰਮਿਕ ਘੱਟ ਗਿਣਤੀਆਂ, ਦਲਿਤਾਂ-ਪੱਛੜਿਆਂ 'ਤੇ ਅੱਤਿਆਚਾਰ ਅਤੇ ਉਨ੍ਹਾਂ ਨਾਲ ਧੱਕੇਸ਼ਾਹੀ ਇਸੇ ਤਰ੍ਹਾਂ ਹੁੰਦੀ ਰਹੇਗੀ | ਉਨ੍ਹਾਂ ਦੇ ਸੰਵਿਧਾਨਕ ਅਧਿਕਾਰ ਖੋਹ ਹੁੰਦੇ ਰਹਿਣਗੇ |

ਸਰਕਾਰੀ ਨੀਤੀਆਂ ਲਾਗੂ ਕਰਦੇ ਸਮੇਂ ਉਨ੍ਹਾਂ ਦੀ ਅਣਦੇਖੀ ਹੁੰਦੀ ਰਹੇਗੀ | ਅਜਿਹੇ ਵਿੱਚ ਬਹੁਜਨ ਸਮਾਜ ਦੇ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਸੰਘਰਸ਼ ਕਰਨ ਦੇ ਨਾਲ-ਨਾਲ ਸੱਤਾ ਪਰਿਵਰਤਨ ਦੇ ਲਈ ਵੀ ਕੰਮ ਕਰਨ | ਬਹੁਜਨ ਸਮਾਜ ਦੀ ਅਣਦੇਖੀ ਕਰਨ ਵਾਲੀਆਂ ਤਾਕਤਾਂ ਨੂੰ ਸੱਤਾ ਤੋਂ ਉਤਾਰ ਕੇ ਉਨ੍ਹਾਂ ਦੀ ਬੇਹਤਰੀ ਲਈ ਕੰਮ ਕਰਨ ਵਾਲੀ ਬਸਪਾ ਨੂੰ ਮਜ਼ਬੂਤੀ ਨਾਲ ਸਥਾਪਿਤ ਕਰਕੇ ਹੀ ਇਸ ਸਮਾਜ ਦੀਆਂ ਸਮੱਸਿਆਵਾਂ ਦਾ ਪੱਕਾ ਹੱਲ ਹੋ ਸਕਦਾ ਹੈ |

ਜੇਕਰ ਸੱਤਾ ਪਰਿਵਰਤਨ ਨਹੀਂ ਹੋਵੇਗਾ ਤਾਂ ਬਹੁਜਨ ਸਮਾਜ ਦੀਆਂ ਸਮੱਸਿਆਵਾਂ ਵੀ ਨਾ ਸਿਰਫ ਬਣੀਆਂ ਰਹਿਣਗੀਆਂ, ਸਗੋਂ ਹੋਰ ਵਧਦੀਆਂ ਜਾਣਗੀਆਂ | ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਇਸੇ ਲਈ ਕਿਹਾ ਕਰਦੇ ਸਨ ਕਿ-ਸੱਤਾ ਉਹ ਮਾਸਟਰ ਚਾਬੀ ਹੈ, ਜਿਸ ਨਾਲ ਹਰ ਸਮੱਸਿਆ ਦਾ ਤਾਲਾ ਖੋਲਿਆ ਜਾ ਸਕਦਾ ਹੈ|

-ਬਲਵਿੰਦਰ ਕੁਮਾਰ
(ਲੇਖਕ ਬਹੁਜਨ ਸਮਾਜ ਪਾਰਟੀ ਪੰਜਾਬ ਦੇ ਅਹੁਦੇਦਾਰ ਹਨ)

Comments

Leave a Reply