Tue,Aug 03,2021 | 06:45:20am
HEADLINES:

editorial

ਬਾਬਾ ਸਾਹਿਬ ਅੰਬੇਡਕਰ ਤੇ ਮੈਂ

ਬਾਬਾ ਸਾਹਿਬ ਅੰਬੇਡਕਰ ਤੇ ਮੈਂ

ਜਦੋਂ ਤੁਸੀਂ ਕਿਸੇ ਅਖੌਤੀ ਉੱਚ ਜਾਤੀ 'ਚ ਪੈਦਾ ਹੁੰਦੇ ਹੋ ਤਾਂ ਅੰਬੇਡਕਰ ਵਰਗੀ ਸਖਸ਼ੀਅਤ ਨਾਲ ਤੁਹਾਡੀ ਮੁਲਾਕਾਤ ਨਹੀਂ ਕਰਵਾਈ ਜਾਂਦੀ। ਮੈਂ ਵੀ ਉਨ੍ਹਾਂ ਤੋਂ ਅਤੇ ਉਨ੍ਹਾਂ ਦੇ ਕੰਮ ਤੋਂ ਬਹੁਤ ਲੰਮੇ ਸਮੇਂ ਤੱਕ ਅਣਜਾਣ ਸੀ। ਸਾਡੇ ਘਰਾਂ 'ਚ ਮੈਂ ਭਗਤ ਸਿੰਘ, ਗਾਂਧੀ, ਨਹਿਰੂ ਦਾ ਜ਼ਿਕਰ ਸੁਣਿਆ ਹੈ, ਪਰ ਕਦੇ ਅੰਬੇਡਕਰ ਦਾ ਨਹੀਂ। ਸਕੂਲ ਜਾਣ ਲੱਗੀ ਤਾਂ ਆਮ ਗਿਆਨ ਦੀ ਕਿਤਾਬ ਤੋਂ ਬੱਸ ਇੰਨਾ ਜਾਣਿਆ ਕਿ ਡਾ. ਭੀਮ ਰਾਓ ਅੰਬੇਡਕਰ ਨਾਂ ਦੇ ਇੱਕ ਵਿਅਕਤੀ ਨੇ ਭਾਰਤ ਦਾ ਸੰਵਿਧਾਨ ਬਣਾਇਆ ਸੀ।

ਕਿਤਾਬ ਦੇ ਇੱਕ ਕੰਢੇ ਸੂਟ ਪਾਉਣ, ਟਾਈ ਲਗਾਉਣ ਵਾਲੇ ਚੇਹਰੇ 'ਤੇ ਇੱਕ ਵੱਡੀ ਐਨਕ ਅਤੇ ਹੱਥ 'ਚ ਇੱਕ ਮੋਟੀ ਜਿਹੀ ਨੀਲੇ ਰੰਗ ਦੀ ਕਿਤਾਬ ਦੇ ਨਾਲ ਅੰਬੇਡਕਰ ਦੀ ਇੱਕ ਤਸਵੀਰ ਛਪੀ ਹੁੰਦੀ ਸੀ। ਇਸ ਤੋਂ ਇਲਾਵਾ ਮੈਨੂੰ ਨਾ ਤਾਂ ਸੰਵਿਧਾਨ ਬਾਰੇ ਕੁਝ ਪਤਾ ਸੀ, ਅਤੇ ਨਾ ਹੀ ਅੰਬੇਡਕਰ ਬਾਰੇ। ਜਿਵੇਂ ਮੇਰੀ ਪਰਵਰਿਸ਼ ਹੋਈ ਸੀ, ਮੈਂ ਵੀ ਆਪਣੀ ਜਾਤੀ ਦੇ ਦੂਜੇ ਲੋਕਾਂ ਤੋਂ ਅਲੱਗ ਕਿਵੇਂ ਹੋ ਸਕਦੀ ਸੀ, ਮੇਰੇ ਅੰਦਰ ਵੀ ਉਹ ਜਾਤੀ ਘਮੰਡ ਤੇ ਸਮਾਜਿਕ ਨਿਆਂ ਦੀ ਗਲਤ ਸੋਚ ਭਰੀ ਹੋਈ ਸੀ।

ਸਾਡੇ ਘਰਾਂ 'ਚ ਰਾਖਵੇਂਕਰਨ ਨੂੰ ਹਰ ਚੀਜ਼ ਲਈ ਦੋਸ਼ੀ ਦੱਸਣਾ ਬਹੁਤ ਆਮ ਹੈ। ਮੈਂ ਉਸ ਲੀਕ ਤੋਂ ਕਿੱਥੇ ਅਲੱਗ ਸੀ। ਰਾਖਵੇਂਕਰਨ ਦੇ ਰੂਪ 'ਚ ਆਪਣੀਆਂ ਅਸਫਲਤਾਵਾਂ ਦਾ ਭਾਂਡਾ ਭੰਨਣ ਤੋਂ ਬੇਹਤਰ ਬਚਾਅ ਕੀ ਹੋ ਸਕਦਾ ਸੀ। ਹਾਇਰ ਸਟਡੀਜ਼ 'ਚ ਜਾਉਣ ਤੋਂ ਬਾਅਦ ਅਤੇ ਰਾਜਨੀਤੀ 'ਚ ਥੋੜੀ-ਬਹੁਤ ਦਿਲਚਸਪੀ ਕਰਕੇ ਚੀਜ਼ਾਂ ਨੂੰ ਪੜ੍ਹਨ ਲੱਗੀ। ਅੰਬੇਡਕਰ ਦਾ ਨਾਂ ਵਾਰ-ਵਾਰ ਸਾਹਮਣੇ ਆਉਂਦਾ ਸੀ, ਪਰ ਮੈਂ ਕਦੇ ਉਨ੍ਹਾਂ ਬਾਰੇ ਕੁਝ ਜਾਣਨ ਜਾਂ ਲੱਭਣ ਦੀ ਕੋਸ਼ਿਸ਼ ਨਹੀਂ ਕੀਤੀ।

ਉਨ੍ਹਾਂ ਦਾ ਨਾਂ ਆਲੇ-ਦੁਆਲੇ ਦੇ ਲੋਕਾਂ ਤੋਂ ਵੀ ਸੁਣਨ ਲੱਗੀ। ਕੁਝ-ਕੁਝ ਗੱਲਾਂ ਸਮਝ ਆਉਣ ਲੱਗੀਆਂ, ਪਰ ਸੱਚ ਕਹਾਂ ਤਾਂ ਆਪਣੀ ਜਾਤੀ ਬਾਰੇ ਉਨ੍ਹਾਂ ਦੇ ਵਿਚਾਰ ਸੁਣ ਕੇ ਬਹੁਤ ਖਿਝ ਚੜ੍ਹਦੀ ਸੀ। ਸੋਚਦੀ ਸੀ ਕਿ ਸਾਡੇ ਦਾਦਾ-ਪਰਦਾਦਾ ਨੇ ਜੋ ਕੀਤਾ, ਉਸਦਾ ਬਦਲਾ ਸਾਡੇ ਤੋਂ ਕਿਉਂ ਲਿਆ ਜਾ ਰਿਹਾ ਹੈ?

ਅਸੀਂ ਕਿੱਥੇ ਕੁਝ ਕੀਤਾ ਹੈ, ਅਸੀਂ ਥੋੜ੍ਹੀ ਜਾਤੀ 'ਚ ਵਿਸ਼ਵਾਸ ਰੱਖਦੇ ਹਾਂ, ਅਸੀਂ ਤਾਂ ਬਹੁਤ ਪ੍ਰੋਗ੍ਰੈਸਿਵ ਤੇ ਲਿਬਰਲ ਹਾਂ। ਬੱਸ ਇੰਨਾ ਹੀ ਤਾਂ ਕਰਦੇ ਹਾਂ ਕਿ ਪਿੰਡ-ਘਰ 'ਚ ਜਦੋਂ ਟਾਇਲਟ ਸਾਫ ਕਰਨ ਲਈ ਆਂਟੀ ਆਉਂਦੀ ਹੈ ਤਾਂ ਉਨ੍ਹਾਂ ਨੂੰ ਘਰ ਦੇ ਬਾਹਰ ਹੀ ਬਿਠਾ ਦਿੰਦੇ ਹਾਂ, ਉੱਪਰ ਤੋਂ ਪਾਣੀ ਪਿਲਾ ਦਿੰਦੇ ਹਾਂ, ਆਪਣੇ ਭਾਂਡੇ ਉਹ ਖੁਦ ਹੀ ਸਾਫ ਕਰਕੇ ਜਾਂਦੀ ਹੈ। ਸਭ ਕਹਿੰਦੇ ਸਨ ਕਿ ਇੰਨਾ ਸਭ ਤਾਂ ਚਲਦਾ ਹੀ ਹੈ, ਆਖਰ ਹੋਲੀ-ਦੀਵਾਲੀ 'ਤੇ ਉਨ੍ਹਾਂ ਨੂੰ ਪੇਟੀ 'ਚ ਪਏ ਪੁਰਾਣੇ ਕੱਪੜੇ ਤੇ ਮਿਠਾਈਆਂ ਵੀ ਤਾਂ ਦਿੰਦੇ ਹਾਂ।

ਇਹ ਸਿਰਫ ਮੇਰਾ ਹਾਲ ਨਹੀਂ ਸੀ, ਮੈਂ ਦਾਅਵੇ ਦੇ ਨਾਲ ਕਹਿ ਸਕਦੀ ਹਾਂ ਕਿ ਉੱਚ ਜਾਤੀ ਦੇ ਪਰਿਵਾਰਾਂ ਦੇ ਲਗਭਗ ਸਾਰੇ ਬੱਚਿਆਂ ਦਾ ਇਹੀ ਹਾਲ ਹੈ। ਅਜਿਹੀਆਂ ਕਿੰਨੀਆਂ ਹੀ ਅਣਗਿਣਤ ਗੱਲਾਂ ਹਨ, ਜਿਨ੍ਹਾਂ ਬਾਰੇ ਅੱਜ ਸੋਚਦੀ ਹਾਂ ਤਾਂ ਸ਼ਰਮ ਆਉਂਦੀ ਹੈ, ਆਪਣੇ ਆਪ 'ਤੇ ਗੁੱਸਾ ਆਉਂਦਾ ਹੈ। ਜਦੋਂ ਸੋਚਦੀ ਹਾਂ ਕਿ ਇਸ ਸ਼ੋਸ਼ਣ 'ਚ ਮੈਂ ਵੀ ਕਿਤੇ ਨਾ ਕਿਤੇ ਹਿੱਸੇਦਾਰੀ ਕੀਤੀ ਹੈ ਤਾਂ ਸਾਹ ਆਉਣਾ ਬੰਦ ਹੋ ਜਾਂਦਾ ਹੈ।

ਇਹ ਸਿਰਫ ਪਿੰਡ ਦੇਹਾਤ ਦਾ ਮਾਮਲਾ ਨਹੀਂ ਹੈ। ਜੈਪੁਰ ਵਰਗੇ ਸ਼ਹਿਰ 'ਚ ਰਾਜਸਥਾਨ ਯੂਨੀਵਰਸਿਟੀ ਵਰਗੇ ਵੱਡੇ ਸੰਸਥਾਨ ਦੇ ਰਾਜਨੀਤੀ ਵਿਗਿਆਨ ਵਿਭਾਗ 'ਚ ਮਾਸਟਰਸ 'ਚ ਐਡਮਿਸ਼ਨ ਲੈਣ ਗਈ। ਡਿਪਾਰਟਮੈਂਟ ਦੇ ਇੱਕ ਐਸੋਸੀਏਟ ਪ੍ਰੋਫੈਸਰ ਨੇ ਮੇਰੀ ਮਾਰਕਸ਼ੀਟ ਦੇਖ ਕੇ ਕਿਹਾ, ''ਅੱਛਾ ਸ਼ਰਮਾ ਹੋ? ਬੈਠੋ। ਮੈਂ ਵੀ ਜਨਰਲ 'ਚ ਹੀ ਆਉਂਦਾ ਹਾਂ, ਪਰ ਤੁਸੀਂ ਤਾਂ ਸਾਡੇ ਤੋਂ ਵੀ ਉੱਪਰ ਹੋ।

ਇਸ ਲਈ ਤੁਹਾਡੇ ਲਈ ਤਾਂ ਐਡਮਿਸ਼ਨ ਲੈਣੀ ਹੋਰ ਵੀ ਜ਼ਿਆਦਾ ਮੁਸ਼ਕਿਲ ਹੋਵੇਗੀ। ਮੇਹਨਤ ਕਰਨਾ ਬੇਟਾ, ਨਹੀਂ ਤਾਂ ਇਹ ਰਿਜ਼ਰਵੇਸ਼ਨ ਵਾਲੇ ਕੁਝ ਨਹੀਂ ਛੱਡਣਗੇ। ਤੂੰ ਕਲਾਸ 'ਚ ਅੱਗੇ ਹੀ ਬੈਠਣਾ। ਸਾਡੇ ਸਾਰੇ ਬੱਚੇ ਅੱਗੇ ਹੀ ਬੈਠਦੇ ਹਨ।'' ਇਹ ਸ਼ਬਦ ਮੇਰੇ ਕੰਨਾਂ 'ਚ ਅੱਜ ਵੀ ਬਿਲਕੁੱਲ ਸਾਫ ਗੂੰਜਦੇ ਹਨ। ਨਹੀਂ, ਚੁੱਭਦੇ ਹਨ, ਕਿਸੇ ਸੂਈ ਵਾਂਗ। ਇਸਦੇ ਬਾਅਦ ਮੈਂ ਉੱਥੇ ਐਡਮਿਸ਼ਨ ਤਾਂ ਲੈ ਲਈ, ਪਰ ਕੁਝ ਸਮੇਂ ਬਾਅਦ ਉਹ ਕੋਰਸ ਛੱਡ ਦਿੱਤਾ।

ਅੱਜ ਵੀ ਜਦੋਂ ਮੈਂ ਬਾਬਾ ਸਾਹਿਬ ਅੰਬੇਡਕਰ ਨੂੰ ਪੜ੍ਹਦੀ ਹਾਂ, ਉਹ ਹਰ ਵਾਰ ਮੇਰੇ ਇਸੇ ਅਣਮਨੁੱਖੀ ਘਮੰਡ 'ਤੇ ਸੱਟ ਮਾਰਦੇ ਹਨ, ਜੋ ਮੈਨੂੰ ਅਤੇ ਮੇਰੇ ਵਰਗੇ ਕਈ ਲੋਕਾਂ 'ਚ ਬ੍ਰਾਹਮਣਵਾਦੀ ਪਰਵਰਿਸ਼ ਰਾਹੀਂ ਭਰਿਆ ਜਾਂਦਾ ਹੈ। ਉਨ੍ਹਾਂ ਨੂੰ ਪੜ੍ਹ ਕੇ ਮੈਂ ਆਪਣੇ ਆਪ ਨੂੰ ਇੱਕ ਬੇਹਤਰ ਇਨਸਾਨ ਪਾਉਂਦੀ ਹਾਂ। ਉਨ੍ਹਾਂ ਨੇ ਮੈਨੂੰ ਮੇਰੀ ਜਾਤੀ ਪਹਿਚਾਣ ਦੇ ਅੰਦਰ ਲੁਕੀ ਦੁਨੀਆ ਦੀ ਕਰੂਰ ਹਿੰਸਾ ਦਾ ਅਹਿਸਾਸ ਕਰਾਇਆ ਹੈ, ਜੋ ਇਸ ਦੇਸ਼ ਦੇ ਬਹੁਗਿਣਤੀ, ਕਾਮਿਆਂ, ਮੇਹਨਤੀ ਲੋਕਾਂ ਦੇ ਹੰਝੂਆਂ ਲਈ ਜ਼ਿੰਮੇਵਾਰ ਹੈ।

ਹੁਣ ਮੈਂ ਹੋਰ ਅਜਿਹੀ ਪਹਿਚਾਣ ਦੇ ਨਾਲ ਨਹੀਂ ਜਿਊਣਾ ਚਾਹੁੰਦੀ ਸੀ। ਬਾਬਾ ਸਾਹਿਬ ਨੇ ਸਮੇਂ ਦੇ ਨਾਲ ਮੈਨੂੰ ਮਹਿਲਾ ਹੋਣ ਕਰਕੇ ਮੇਰੇ ਪੈਰਾਂ 'ਚ ਜਾਤੀ ਵੱਲੋਂ ਪਾਈਆਂ ਗਈਆਂ ਬੇੜੀਆਂ ਦਾ ਅਹਿਸਾਸ ਕਰਾਇਆ। ਮੈਂ ਵੀ ਕਿੱਥੇ ਆਜ਼ਾਦ ਸੀ। ਜਦੋਂ ਤੱਕ ਜਾਤੀ ਹੈ, ਕੋਈ ਮਹਿਲਾ ਆਜ਼ਾਦ ਨਹੀਂ ਹੋ ਸਕਦੀ। ਅਸੀਂ ਸਭ ਗੁਲਾਮ ਹਾਂ, ਮਨੂੰਸਮ੍ਰਿਤੀ ਦੇ ਉਨ੍ਹਾਂ ਪੰਨਿਆਂ ਦੇ ਜੋ ਸ਼ੂਦਰਾਂ ਤੇ ਮਹਿਲਾਵਾਂ ਖਿਲਾਫ ਬਰਾਬਰ ਨਫਰਤ ਤੇ ਜ਼ਹਿਰ ਉਗਲਦੇ ਹਨ।

ਅੰਬੇਡਕਰ ਇੱਕ ਕ੍ਰਾਂਤੀ ਹੈ, ਇੱਕ ਪ੍ਰਤੀਕ ਹੈ, ਹਰ ਉਸ ਲੜਾਈ ਦੇ, ਜੋ ਦੁਨੀਆ 'ਚ ਹੋ ਰਹੇ ਕਿਸੇ ਵੀ ਅਨਿਆਂ ਖਿਲਾਫ ਲੜੀ ਗਈ ਹੋਵੇ। ਬਾਬਾ ਸਾਹਿਬ ਬ੍ਰਾਹਮਣਵਾਦ, ਮਨੂੰਵਾਦ, ਜਾਤੀਵਾਦ, ਪੁਰਸ਼ ਸੱਤਾ ਖਿਲਾਫ ਬੁਲੰਦ ਹੋਈ ਉਹ ਆਵਾਜ਼ ਹੈ, ਜੋ ਕਿ ਬੁਲੰਦ ਨਾ ਹੋਣ ਤੋਂ ਇਨਕਾਰ ਕਰਦੀ ਹੈ। ਇੱਕ ਅਜਿਹੀ ਆਵਾਜ਼ ਜੋ ਪੀੜਤਾਂ, ਸ਼ੋਸ਼ਿਤਾਂ, ਵਾਂਝਿਆਂ, ਪੱਛੜਿਆਂ ਨੂੰ ਆਵਾਜ਼ ਚੁੱਕਣ ਲਈ ਪ੍ਰੇਰਿਤ ਕਰਦੀ ਹੈ।

ਆਪਣੇ ਹੱਕਾਂ ਲਈ ਲੜਨ ਤੇ ਜਿੱਤਣ ਦਾ ਨਾਂ ਹੀ ਅੰਬੇਡਕਰ ਹੈ। ਉਨ੍ਹਾਂ ਵੱਲੋਂ ਚੁੱਕੀ ਗਈ ਇਸ ਆਵਾਜ਼ 'ਚ ਅਸੀਂ ਵੀ ਆਪਣੀ ਆਵਾਜ਼ ਮਿਲਾ ਸਕੀਏ, ਇਹੀ ਜ਼ਿੰਦਗੀ ਦਾ ਉਦੇਸ਼ ਹੈ। ਜਦੋਂ 'ਜੈ ਭੀਮ' ਕਹਿੰਦੀ ਹਾਂ ਤਾਂ ਲਗਦਾ ਹੈ ਕਿ ਮੈਂ ਆਜ਼ਾਦ ਹਾਂ, ਜ਼ਿੰਦਾ ਹਾਂ ਅਤੇ ਮੇਰੀ ਆਜ਼ਾਦੀ ਕਿਸੇ ਜਾਤੀ, ਕਿਸੇ ਪੁਰਸ਼ ਦੀ ਮੋਹਤਾਜ ਨਹੀਂ ਹੈ। ਜਾਤੀ ਤੇ ਪੁਰਸ਼ ਸੱਤਾ ਦੇ ਖਾਤਮੇ ਲਈ ਚੱਲ ਰਹੀ ਇਸ ਜੰਗ ਨੂੰ ਮੇਰੀ ਜ਼ਿੰਦਗੀ ਸਮਰਪਿਤ ਰਹੇਗੀ।

ਧਰਮ, ਜਾਤੀ, ਪੁਰਸ਼ ਸੱਤਾ, ਭਾਸ਼ਾ ਨਸਲ-ਅਜਿਹਾ ਕਿਹੜਾ ਸਵਾਲ ਹੈ, ਜਿਸਦਾ ਉੱਤਰ ਬਾਬਾ ਸਾਹਿਬ ਅੰਬੇਡਕਰ ਕੋਲ ਨਹੀਂ ਹੈ। ਅੱਜ ਜਦੋਂ ਕਿਤੇ ਉਲਝਦੀ ਹਾਂ, ਜਦੋਂ ਸਵਾਲਾਂ ਦੇ ਜਵਾਬ ਨਹੀਂ ਮਿਲਦੇ ਤਾਂ ਇਸੇ ਤਸਵਰੀ ਵਾਂਗ ਉਮੀਦ ਭਰੀਆਂ ਨਜ਼ਰਾਂ ਨਾਲ ਬਾਬਾ ਸਾਹਿਬ ਡਾ. ਅੰਬੇਡਕਰ ਵੱਲ ਦੇਖਦੀ ਹਾਂ। ਬਾਬਾ ਸਾਹਿਬ ਮੈਨੂੰ ਕਦੇ ਨਿਰਾਸ਼ ਨਹੀਂ ਕਰਦੇ।
(ਖੁਸ਼ਬੂ ਸ਼ਰਮਾ ਦੀ ਫੇਸਬੁੱਕ ਵਾਲ ਤੋਂ)

Comments

Leave a Reply