Thu,Jun 27,2019 | 04:37:47pm
HEADLINES:

editorial

ਕੀ ਭਾਰਤ ਬਾਬਾ ਸਾਹਿਬ ਡਾ. ਅੰਬੇਡਕਰ ਦੇ ਸੁਪਨਿਆਂ ਦਾ ਦੇਸ਼ ਬਣ ਸਕਿਆ ਹੈ?

ਕੀ ਭਾਰਤ ਬਾਬਾ ਸਾਹਿਬ ਡਾ. ਅੰਬੇਡਕਰ ਦੇ ਸੁਪਨਿਆਂ ਦਾ ਦੇਸ਼ ਬਣ ਸਕਿਆ ਹੈ?

ਜਦੋਂ ਭਾਰਤ ਅੰਗਰੇਜ਼ਾਂ ਨਾਲ ਆਜ਼ਾਦੀ ਦੀ ਲੜਾਈ ਲੜ ਰਿਹਾ ਸੀ ਤਾਂ ਇਸ ਗੱਲ ਨੂੰ ਲੈ ਕੇ ਵੀ ਬਹਿਸ ਹੋ ਰਹੀ ਸੀ ਕਿ ਅੰਗਰੇਜ਼ੀ ਸ਼ਾਸਨ ਦੇ ਖਾਤਮੇ ਦੇ ਬਾਅਦ ਕਿਸ ਤਰ੍ਹਾਂ ਦਾ ਭਾਰਤ ਬਣਾਇਆ ਜਾਣਾ ਚਾਹੀਦਾ ਹੈ। ਉਸ ਦੌਰ 'ਚ ਖਾਸ ਕਰਕੇ 1905 ਤੋਂ ਲੈ ਕੇ 1935 ਦੇ ਵਿਚਾਲੇ ਇਸ ਗੱਲ 'ਤੇ ਕਾਫੀ ਜ਼ੋਰ ਪਾਇਆ ਗਿਆ ਸੀ ਕਿ ਭਾਰਤ ਨੂੰ ਆਪਣੀ ਅੰਦਰੂਨੀ ਸੰਰਚਨਾ ਨੂੰ ਬਦਲ ਕੇ ਸਮਤਾ ਤੇ ਨਿਆਂ ਦਾ ਸੰਸਾਰ ਰਚਣਾ ਹੈ। ਇਸ ਸਮਤਾ ਤੇ ਨਿਆਂ ਦੀ ਦੁਨੀਆ ਦੀ ਕਲਪਨਾ ਡਾ. ਭੀਮ ਰਾਓ ਅੰਬੇਡਕਰ ਨੇ ਕੀਤੀ ਸੀ। 
 
ਡਾ. ਅੰਬੇਡਕਰ ਦਾ ਜਨਮ ਇੱਕ ਅਛੂਤ ਪਰਿਵਾਰ 'ਚ ਹੋਇਆ ਸੀ। ਉਹ ਜਿਸ ਸਮਾਜ 'ਚੋਂ ਪੈਦਾ ਹੋਏ ਸਨ, ਉਸ ਸਮੇਂ ਉਸੇ ਪ੍ਰਕਾਰ ਦੇ ਸੈਂਕੜੇ ਸਮਾਜ ਜਾਤੀ ਵਰਣ ਵਿਵਸਥਾ ਤੋਂ ਉਪਜੇ ਅਪਮਾਨ ਤੇ ਸੰਤਾਪ ਤੋਂ ਪੀੜਤ ਸਨ। ਉਨ੍ਹਾਂ ਨੂੰ ਸਿੱਖਿਆ ਤੋਂ ਵਾਂਝਾ ਰੱਖਿਆ ਗਿਆ ਸੀ। ਡਾ. ਅੰਬੇਡਕਰ ਨੇ ਆਪਣੇ ਯੁੱਗ 'ਚ ਸਿੱਖਿਆ ਦੀਆਂ ਸੰਭਵ ਡਿਗਰੀਆਂ ਹਾਸਲ ਕੀਤੀਆਂ ਸਨ।
 
ਉਹ ਅਰਥ ਸ਼ਾਸਤਰ ਦੇ ਗਿਆਤਾ ਸਨ, ਉਹ ਵਧੀਆ ਵਕੀਲ ਸਨ ਤੇ ਮੰਝੇ ਹੋਏ ਇਤਿਹਾਸਕਾਰ ਵੀ ਤੇ ਇਸ ਤੋਂ ਵੀ ਵਧ ਕੇ ਇਕ ਸਿਆਸਤਦਾਨ। ਜਿਸ ਦੌਰ 'ਚ ਡਾ. ਅੰਬੇਡਕਰ ਭਾਰਤ ਦੇ ਸਾਹਮਣੇ ਆਏ ਸਨ। ਉਸਦੇ ਕੁਝ ਸਮੇਂ ਬਾਅਦ ਅਮਰੀਕਾ 'ਚ ਕਾਲੇ ਲੋਕਾਂ ਦੇ ਅੰਦੋਲਨ ਹੋਏ। ਇਸ 'ਚ ਡਾ. ਰਾਮ ਮਨੋਹਰ ਲੋਹੀਆ ਤੇ ਮਾਰਟਿਨ ਲੂਥਰ ਕਿੰਗ ਜੂਨੀਅਰ ਮਹੱਤਵਪੂਰਨ ਸਨ। ਅੰਬੇਡਕਰ, ਲੋਹੀਆ ਤੇ ਮਾਰਟਿਨ ਕਿੰਗ ਜੂਨੀਅਰ ਨੇ ਸੋਸ਼ਿਤ ਤੇ ਪੀੜਤ ਲੋਕਾਂ ਦੀ ਲੜਾਈ ਨੂੰ ਨਿਆਂ ਤੇ ਜਨਤੰਤਰ ਦੀ ਲੜਾਈ 'ਚ ਬਦਲਿਆ।
 
ਡਾ. ਅੰਬੇਡਕਰ ਚਾਹੁੰਦੇ ਤਾਂ ਐਸ਼ੋ ਆਰਾਮ ਦੀ ਜ਼ਿੰਦਗੀ ਜੀ  ਸਕਦੇ ਸਨ, ਪਰ ਉਨ੍ਹਾਂ ਨੇ ਅਜਿਹਾ ਨਹੀਂ ਕੀਤਾ। ਉਨ੍ਹਾਂ ਨੇ ਬਹੁਤ ਪੜ੍ਹਾਈ ਕੀਤੀ ਤੇ ਧਾਰਦਾਰ ਤਰਕ ਵਿਕਸਤ ਕੀਤੇ। ਅੱਗੇ ਚੱਲ ਕੇ ਉਨ੍ਹਾਂ ਨੇ ਆਪਣੀ ਇਸ ਪੜ੍ਹਾਈ ਤੇ ਤਰਕ ਦੀ ਵਰਤੋਂ ਕਮਜ਼ੋਰ ਲੋਕਾਂ ਦੀ ਦਸ਼ਾ ਸੁਧਾਰਨ 'ਚ ਕੀਤੀ। 
 
ਰਾਮਚੰਦਰ ਗ੍ਰਹਿਆ ਆਪਣੇ ਇੱਕ ਲੇਖ 'ਚ ਲਿਖਦੇ ਹਨ ਕਿ ਡਾ. ਅੰਬੇਡਕਰ ਬਹੁਤ ਹੀ ਸਾਦਾ ਜਿਊਂਦੇ ਸਨ। ਉਹ ਚਾਹੁੰਦੇ ਤਾਂ ਹਰ ਮਹੀਨੇ ਇੱਕ ਜਾਂ ਦੋ ਹਜ਼ਾਰ ਰੁਪਏ ਮਹੀਨਾ ਕਮਾ ਸਕਦੇ ਸਨ। ਇਹ 1934 ਦੀ ਗੱਲ ਹੈ। ਉਹ ਇਸ ਹਾਲਤ 'ਚ ਵੀ ਸਨ ਕਿ ਉਹ ਚਾਹੁੰਦੇ ਤਾਂ ਯੂਰਪ 'ਚ ਵੀ ਵਸ ਸਕਦੇ ਸਨ, ਪਰ ਉਨ੍ਹਾਂ ਨੇ ਅਜਿਹਾ ਕੀਤਾ ਨਹੀਂ ਉਨ੍ਹਾਂ ਨੇ ਨਿੱਜੀ ਤੇ ਜਨਤਕ ਦੁੱਖ ਸਹਿ ਕੇ ਵੀ ਕਰੋੜਾਂ ਲੋਕਾਂ ਦੇ ਜੀਵਨ 'ਚ ਪ੍ਰਕਾਸ਼ ਫੈਲਾਇਆ।
 
ਅੱਜ ਭਾਰਤ ਦੇ ਦਲਿਤਾਂ ਤੇ ਮਹਿਲਾਵਾਂ ਦੇ ਜੀਵਨ 'ਚ ਇਹ ਪ੍ਰਕਾਸ਼ ਸਿਆਸੀ ਪ੍ਰਤੀਨਿਧਤਵ, ਸਮਾਜਿਕ ਸਨਮਾਨ, ਸੱਭਿਆਚਾਰਕ ਆਤਮਵਿਸ਼ਵਾਸ ਤੇ ਜੀਵਨ ਦੇ ਹਰ ਖੇਤਰ 'ਚ ਦਾਅਵੇਦਾਰੀ ਦੇ ਰੂਪ 'ਚ ਫੈਲ ਰਿਹਾ ਹੈ। ਇਹੀ ਸਮਾਂ ਹੈ ਕਿ ਅਸੀਂ ਡਾ. ਅੰਬੇਡਕਰ ਦੇ ਜੀਵਨ ਦੀਆਂ ਉਨ੍ਹਾਂ ਵਿਚਾਰਕ ਉਪਲੱਬਧੀਆਂ ਦਾ ਜਸ਼ਨ ਮਨਾਈਏ, ਜਿਨ੍ਹਾਂ ਨਾਲ ਭਾਰਤ ਨੂੰ ਇੱਕ  ਬਰਾਬਰੀ ਅਧਾਰਤ, ਨਿਆਂ ਅਧਾਰਤ ਦੇਸ਼ 'ਚ ਬਦਲਿਆ ਜਾ ਸਕੇ। ਜਿਸ 'ਚ ਮਹਿਲਾਵਾਂ ਤੇ ਦਲਿਤਾਂ ਨੂੰ ਸਨਮਾਨ ਮਿਲੇ।
 
ਜੇਕਰ ਅਸੀਂ ਸੈਂਕੜੇ ਪੰਨਿਆਂ 'ਚ ਫੈਲੀਆਂ ਸੰਵਿਧਾਨ ਸਭਾ ਦੀਆਂ ਉਨ੍ਹਾਂ ਦੀਆਂ ਬਹਿਸਾਂ ਨੂੰ ਦੇਖੀਏ ਤਾਂ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਜਦੋਂ ਵੀ ਇਸ ਸਭਾ 'ਚ ਅਨੁਸੂਚਿਤ ਜਾਤੀਆਂ ਲਈ ਰਾਖਵਾਂਕਰਨ ਜਾਂ ਵਿਸ਼ੇਸ਼ ਵਿਵਸਥਾਵਾਂ ਦੀ ਕੋਈ ਚਰਚਾ ਹੁੰਦੀ ਸੀ ਤਾਂ ਸੰਵਿਧਾਨ ਸਭਾ 'ਚ ਸ਼ਾਮਲ ਉਚ ਵਰਗ ਇਸਦਾ ਵਿਰੋਧ ਕਰਦਾ ਸੀ।
 
ਕਦੇ ਕਦਾਰ ਤਾਂ ਇਹ ਵੀ ਕਿਹਾ ਜਾਂਦਾ ਸੀ ਕਿ 'ਸਾਡੇ ਸਮਾਜ' 'ਚ ਸਭ ਕੁਝ ਠੀਕ ਹੈ ਤੇ ਅਨੁਸੂਚਿਤ ਜਾਤੀਆਂ ਲਈ ਕਿਸੇ ਵਿਵਸਥਾ ਦੀ ਜ਼ਰੂਰਤ ਨਹੀਂ ਹੈ ਤੇ ਇਨ੍ਹਾਂ ਵਿਚਾਲੇ ਬੈਠੇ ਬਾਬੂ ਜਗਜੀਵਨ ਰਾਮ, ਪ੍ਰਿਥਵੀ ਸਿੰਘ ਚੌਹਾਨ ਤੇ ਧਰਮ ਪ੍ਰਕਾਸ਼ ਆਦਿ ਚੁੱਪੀ ਧਾਰ ਲੈਂਦੇ ਸਨ। ਅਜਿਹੇ ਮੌਕਿਆਂ 'ਤੇ ਸੰਵਿਧਾਨ ਸਭਾ ਦੇ ਪ੍ਰਧਾਨ ਵਜੋਂ ਡਾ. ਅੰਬੇਡਕਰ ਇਸ ਚੁੱਪੀ ਨੂੰ ਤੋੜ ਕੇ ਅਨੁਸੂਚਿਤ ਜਾਤੀਆਂ ਦੇ ਹੱਕ 'ਚ ਖੜ੍ਹੇ ਹੁੰਦੇ ਸਨ।
 
ਸੰਵਿਧਾਨ ਸਭਾ 'ਚ ਉਹ ਆਪਣੇ ਅਹੁਦੇ ਦਾ ਕੋਈ ਬੇਵਜ੍ਹਾ ਇਸਤੇਮਾਲ ਨਹੀਂ ਕਰਦੇ ਸਨ, ਸਗੋਂ ਇੱਕ ਗਿਆਨੀ ਤੇ ਸੁਲਝੇ ਹੋਏ ਸਿਆਸਤਦਾਨ ਵਾਂਗ ਭਾਰਤ ਨੂੰ ਇੱਕ ਵਧੀਆ ਸਮਾਜ ਬਣਾਏ ਜਾਣ ਲਈ ਯਤਨਸ਼ੀਲ ਹੁੰਦੇ ਸਨ। ਅੰਬੇਡਕਰ ਨੇ ਕੋਲੰਬੀਆ ਤੇ ਲੰਦਨ 'ਚ ਦੇਖਿਆ ਸੀ ਕਿ ਕਿਵੇਂ ਉਨ੍ਹਾਂ ਦੇ ਸਮਾਜ ਦੀਆਂ ਮਹਿਲਾਵਾਂ ਅੱਗੇ ਜਾ ਰਹੀਆਂ ਹਨ।
 
ਜਦੋਂਕਿ ਭਾਰਤ ਦੇ ਜਨਤਕ ਜੀਵਨ 'ਚ ਉਹ ਕਦੇ ਦਿਖਾਈ ਨਹੀਂ ਦਿੰਦੀਆਂ ਸਨ। ਅੱਜ 14 ਅਪ੍ਰੈਲ ਹੈ, ਆਪਣੇ ਚਾਰੇ ਪਾਸੇ ਨਜ਼ਰਾਂ ਘੁਮਾ ਕੇ ਦੇਖੋ ਕਿ ਸੰਵਿਧਾਨ ਰਾਹੀਂ ਬਾਬਾ ਸਾਹਿਬ ਨੇ ਜਿਸ ਸਮਾਜ ਦੀ ਕਲਪਨਾ ਕੀਤੀ ਸੀ, ਕੀ ਉਸ ਤਰ੍ਹਾਂ ਦੇ ਸਮਾਜ ਦੀ ਸਥਾਪਨਾ ਹੋ ਚੁੱਕੀ ਹੈ।

ਬਾਬਾ ਸਾਹਿਬ ਨੇ ਬਦਲੀ ਕਰੋੜਾਂ ਮਹਿਲਾਵਾਂ ਦੀ ਜ਼ਿੰਦਗੀ
ਭਾਰਤ ਦੇ ਹਜ਼ਾਰਾਂ ਸਾਲ ਦੇ ਧਰਮ ਸ਼ਾਸਤਰ ਦੇ ਤਜ਼ਰਬਿਆਂ ਨੂੰ ਡਾ. ਅੰਬੇਡਕਰ ਨੇ ਪੜ੍ਹਿਆ ਸੀ। ਉਸ 'ਤੇ ਬਹੁਤ ਹੀ ਡੂੰਘਾਈ ਨਾਲ ਸੋਚਿਆ ਸੀ। ਇਸ ਲਈ ਉਹ ਲਗਾਤਾਰ ਮਹਿਲਾਵਾਂ ਦੇ ਹੱਕਾਂ ਲਈ ਖੜ੍ਹੇ ਰਹੇ। ਜਦੋਂ ਉਨ੍ਹਾਂ ਨੇ ਮਨੁੱਖ ਤੇ ਉਸਦੇ ਪਾਣੀ ਪੀਣ ਦੇ ਅਧਿਕਾਰ ਲਈ ਮਹਾੜ ਸੱਤਿਆਗ੍ਰਹਿ ਕੀਤਾ ਸੀ ਤਾਂ ਉਸ 'ਚ ਮਹਿਲਾਵਾਂ ਦੀ ਭਾਗੀਦਾਰੀ ਸੀ।
 
ਅੰਬੇਡਕਰ ਨੇ ਮਹਿਲਾਵਾਂ ਨੂੰ ਸ਼ੋਸ਼ਣ ਖਿਲਾਫ ਲੜਨਾ ਸਿਖਾਇਆ। ਆਪਣੇ ਜਨਤਕ ਜੀਵਨ 'ਚ ਉਨ੍ਹਾਂ ਨੇ ਮਹਿਲਾਵਾਂ ਨੂੰ ਪੜ੍ਹਨ ਤੇ ਆਪਣੀ ਆਵਾਜ਼ ਬੁਲੰਦ ਕਰਨ ਦੀ ਅਪੀਲ ਕੀਤੀ। ਕੌਂਸ਼ਲਿਆ ਬੈਸੰਤਰੀ ਦੀ ਆਤਮ ਕਥਾ ਪੜ੍ਹੋ ਤਾਂ ਤੁਸੀਂ ਜਾਣ ਜਾਵੋਗੇ ਕਿ ਭਾਰਤ ਦੀਆਂ ਕਰੋੜਾਂ ਮਹਿਲਾਵਾਂ ਦੇ ਜੀਵਨ ਨੂੰ ਉਨ੍ਹਾਂ ਨੇ ਕਿਸ ਤਰ੍ਹਾਂ ਬਦਲ ਦਿੱਤਾ।
 
ਉਹ ਇਹ ਵੀ ਮੰਨਦੇ ਸਨ ਕਿ ਮਹਿਲਾਵਾਂ ਨੂੰ ਜਾਇਦਾਦ 'ਚ ਅਧਿਕਾਰ ਤੇ ਵਿਆਹ ਦੇ ਮਾਮਲੇ 'ਚ ਆਤਮ ਫੈਸਲੇ ਦਾ ਅਧਿਕਾਰ ਦਿੱਤੇ ਬਿਨਾਂ ਬਰਾਬਰੀ ਅਧਾਰਤ ਸਮਾਜ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ। ਜਿੰਨੀ ਬਹਾਦਰੀ ਨਾਲ ਉਹ ਦਲਿਤਾਂ ਲਈ ਲੜ ਰਹੇ ਸਨ, ਉਨੀ ਹੀ ਬੇਚੈਨੀ ਨਾਲ ਉਹ ਮਹਿਲਾਵਾਂ ਦੇ ਪੱਖ 'ਚ ਵੀ ਖੜ੍ਹੇ ਸਨ। ਭਾਵੇਂ ਉਹ ਸੰਵਿਧਾਨ ਸਭਾ ਦੀ ਬੈਠਕ ਹੋਵੇ ਤੇ ਭਾਵੇਂ ਜਵਾਹਰ ਲਾਲ ਨਹਿਰੂ ਦੇ ਮੰਤਰੀ ਮੰਡਲ 'ਚ ਆਪਣੀ ਗੱਲ ਰੱਖਣੀ ਹੋਵੇ,  ਬਾਬਾ ਸਾਹਿਬ ਡਾ. ਅੰਬੇਡਕਰ ਹਿੰਦੂ ਕੋਡ ਬਿੱਲ ਰਾਹੀਂ ਮਹਿਲਾਵਾਂ ਨੂੰ ਹੱਕ ਲੈ ਕੇ ਦੇਣਾ ਚਾਹੁੰਦੇ ਸਨ, ਪਰ ਨਹਿਰੂ ਉਨ੍ਹਾਂ ਦੀਆਂ ਗੱਲਾਂ ਨਾਲ ਸਹਿਮਤ ਨਹੀਂ ਸਨ, ਜਿਸ ਤੋਂ ਬਾਅਦ ਉਨ੍ਹਾਂ ਨੇ ਅਸਤੀਫਾ ਦੇ ਦਿੱਤਾ ਸੀ।

 

Comments

Leave a Reply