Thu,Nov 15,2018 | 08:23:48am
HEADLINES:

editorial

ਸਾਹਿਬ ਕਾਂਸ਼ੀਰਾਮ ਨੇ ਜਿਸ ਸੂਬੇ ਤੋਂ ਜ਼ਿੰਦਗੀ ਦੀ ਪਹਿਲੀ ਚੋਣ ਲੜੀ, ਉੱਥੇ ਸਰਕਾਰ ਬਣਾਉਣ ਦੀ ਤਿਆਰੀ 'ਚ ਬਸਪਾ

ਸਾਹਿਬ ਕਾਂਸ਼ੀਰਾਮ ਨੇ ਜਿਸ ਸੂਬੇ ਤੋਂ ਜ਼ਿੰਦਗੀ ਦੀ ਪਹਿਲੀ ਚੋਣ ਲੜੀ, ਉੱਥੇ ਸਰਕਾਰ ਬਣਾਉਣ ਦੀ ਤਿਆਰੀ 'ਚ ਬਸਪਾ

ਸਾਲ 1984 ਵਿੱਚ ਬਹੁਜਨ ਸਮਾਜ ਪਾਰਟੀ (ਬਸਪਾ) ਦੀ ਸਥਾਪਨਾ ਹੋਈ ਸੀ। ਇਸੇ ਸਾਲ ਬਸਪਾ ਸੰਸਥਾਪਕ ਤੇ ਬਹੁਜਨ ਨਾਇਕ ਸਾਹਿਬ ਕਾਂਸ਼ੀਰਾਮ ਨੇ ਸੱਤਾ ਰਾਹੀਂ ਸਮਾਜਿਕ ਵਿਵਸਥਾ ਪ੍ਰੀਵਰਤਨ ਦੇ ਉਦੇਸ਼ ਨੂੰ ਪੂਰਾ ਕਰਨ ਲਈ ਚੋਣਾਂ 'ਚ ਉਤਰਨ ਦਾ ਫੈਸਲਾ ਕੀਤਾ ਸੀ। ਸਾਲ 1984 ਵਿੱਚ ਸਾਹਿਬ ਕਾਂਸ਼ੀਰਾਮ ਨੇ ਆਪਣੀ ਜ਼ਿੰਦਗੀ ਦੀ ਪਹਿਲੀ ਚੋਣ ਲੜੀ ਸੀ।
 
ਉਨ੍ਹਾਂ ਨੇ ਛੱਤੀਸਗੜ ਸੂਬੇ ਦੀ ਜਾਂਜਗੀਰ ਲੋਕਸਭਾ ਸੀਟ ਤੋਂ ਚੋਣ ਲੜੀ ਸੀ। ਹਾਲਾਂਕਿ ਉਹ ਜਿੱਤ ਨਹੀਂ ਸਕੇ, ਪਰ 8.81 ਫੀਸਦੀ ਵੋਟ ਹਾਸਲ ਕਰਨ ਵਿੱਚ ਸਫਲ ਰਹੇ ਸਨ। ਇਸ ਰਾਜਨੀਤਕ ਘਟਨਾਕ੍ਰਮ ਦੇ 34 ਸਾਲ ਬਾਅਦ ਇਸੇ ਸੂਬੇ ਵਿੱਚ ਬਸਪਾ ਮਜ਼ਬੂਤੀ ਨਾਲ ਆਪਣੀ ਮੌਜੂਦਗੀ ਦਰਜ ਕਰਾਉਣ ਜਾ ਰਹੀ ਹੈ।
 
ਬਸਪਾ ਮੁਖੀ ਕੁਮਾਰੀ ਮਾਇਆਵਤੀ ਨੇ ਆਦੀਵਾਸੀਆਂ ਦੀ ਵੱਡੀ ਆਬਾਦੀ ਵਾਲੇ ਸੂਬੇ ਛੱਤੀਸਗੜ ਵਿੱਚ ਸਾਬਕਾ ਮੁੱਖ ਮੰਤਰੀ ਅਜੀਤ ਜੋਗੀ ਦੀ ਪਾਰਟੀ ਜਨਤਾ ਕਾਂਗਰਸ ਛੱਤੀਸਗੜ ਨਾਲ ਮਜ਼ਬੂਤ ਸਿਆਸੀ ਗੱਠਜੋੜ ਕਰਕੇ ਇੱਥੇ ਸਰਕਾਰ ਬਣਾਉਣ ਦੀਆਂ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ।
 
13 ਅਕਤੂਬਰ ਨੂੰ ਛੱਤੀਸਗੜ ਦੇ ਬਿਲਾਸਪੁਰ 'ਚ ਹੋਈ ਬਸਪਾ ਤੇ ਜਨਤਾ ਕਾਂਗਰਸ ਛੱਤੀਸਗੜ ਦੀ ਸੰਯੁਕਤ ਮਹਾਰੈਲੀ ਨੇ ਇਸ ਗੱਠਜੋੜ ਦੇ ਛੱਤੀਸਗੜ ਵਿਧਾਨਸਭਾ 'ਤੇ ਕਬਜ਼ੇ ਦੀਆਂ ਸੰਭਾਵਨਾਵਾਂ ਨੂੰ ਮਜ਼ਬੂਤ ਕੀਤਾ ਹੈ। ਰਾਜਨੀਤਕ ਜਾਣਕਾਰਾਂ ਮੁਤਾਬਕ, ਛੱਤੀਸਗੜ 'ਚ ਭਾਰੀ ਇਕੱਠ ਦੇ ਨਜ਼ਰੀਏ ਨਾਲ ਇਹ ਇੱਕ ਇਤਿਹਾਸਕ ਰੈਲੀ ਸੀ।
 
ਬਸਪਾ-ਜਨਤਾ ਕਾਂਗਰਸ ਛੱਤੀਸਗੜ ਦੀ ਇਸ ਸੰਯੁਕਤ ਰੈਲੀ ਦੀ ਸਫਲਤਾ ਨੇ ਸੂਬੇ ਦੀ ਸੱਤਾਧਾਰੀ ਭਾਜਪਾ ਤੇ ਵਿਰੋਧੀ ਧਿਰ ਦੀ ਪਾਰਟੀ ਕਾਂਗਰਸ ਨੂੰ ਫਿਕਰਾਂ ਵਿੱਚ ਪਾ ਦਿੱਤਾ ਹੈ। ਰਾਜਨੀਤਕ ਮਾਹਿਰਾਂ ਮੁਤਾਬਕ, ਸੂਬੇ ਵਿੱਚ ਦਲਿਤ ਤੇ ਆਦੀਵਾਸੀ ਵੋਟ ਸਰਕਾਰ ਬਣਾਉਣ 'ਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ।
 
ਛੱਤੀਸਗੜ ਦੇਸ਼ ਵਿੱਚ ਵੱਡੀ ਆਦੀਵਾਸੀ ਆਬਾਦੀ ਵਾਲਾ ਸੂਬਾ ਹੈ। ਇੱਥੇ ਆਦੀਵਾਸੀ ਆਬਾਦੀ 31.8 ਫੀਸਦੀ ਹੈ। ਦੂਜੇ ਪਾਸੇ ਦਲਿਤ ਆਬਾਦੀ 11.6 ਫੀਸਦੀ ਹੈ। ਜੇਕਰ ਇਨ੍ਹਾਂ ਦੋਨਾਂ ਨੂੰ ਮਿਲਾ ਲਿਆ ਜਾਵੇ ਤਾਂ ਇਹ 43.4 ਫੀਸਦੀ ਬਣਦੀ ਹੈ। 
 
ਪਿਛਲੀਆਂ ਵਿਧਾਨਸਭਾ ਚੋਣਾਂ (ਸਾਲ 2013) ਦੇ ਵੋਟ ਫੀਸਦੀ 'ਤੇ ਨਜ਼ਰ ਮਾਰੀਏ ਤਾਂ ਉਸ ਸਮੇਂ ਭਾਜਪਾ ਨੇ 41 ਫੀਸਦੀ ਵੋਟ ਹਾਸਲ ਕਰਦੇ ਹੋਏ ਕੁੱਲ 90 ਵਿੱਚੋਂ 49 ਸੀਟਾਂ ਜਿੱਤ ਕੇ ਸੂਬੇ 'ਚ ਸਰਕਾਰ ਬਣਾਈ। ਇਸਦਾ ਮਤਲਬ ਹੈ ਕਿ ਕਰੀਬ 40 ਫੀਸਦੀ ਵੋਟਾਂ ਹਾਸਲ ਕਰਨ ਵਾਲੀ ਪਾਰਟੀ ਸੂਬੇ ਵਿੱਚ ਸਰਕਾਰ ਬਣਾਉਣ ਦੀ ਸਥਿਤੀ ਵਿੱਚ ਹੈ।
 
ਬਸਪਾ ਤੇ ਜਨਤਾ ਕਾਂਗਰਸ ਛੱਤੀਸਗੜ 'ਚ ਹੋਏ ਸਿਆਸੀ ਗੱਠਜੋੜ ਤੋਂ ਬਾਅਦ ਬਦਲੇ ਰਾਜਨੀਤਕ ਸਮੀਕਰਨ ਧਿਆਨ ਦੇਣ ਯੋਗ ਹਨ। ਛੱਤੀਸਗੜ ਜਨਤਾ ਕਾਂਗਰਸ ਦੀ ਅਗਵਾਈ ਸਾਬਕਾ ਮੁੱਖ ਮੰਤਰੀ ਅਜੀਤ ਜੋਗੀ ਕਰਦੇ ਹਨ, ਜੋ ਕਿ ਸੂਬੇ ਦੇ ਵੱਡੇ ਆਦੀਵਾਸੀ ਆਗੂ ਹਨ। ਦੂਜੇ ਪਾਸੇ ਬਸਪਾ ਦਾ ਦਲਿਤਾਂ ਵਿੱਚ ਕਾਫੀ ਪ੍ਰਭਾਵ ਹੈ। ਮਤਲਬ ਕਿ ਇਹ ਸਿਆਸੀ ਗੱਠਜੋੜ ਦਲਿਤਾਂ-ਆਦੀਵਾਸੀਆਂ ਦੀ 43.4 ਫੀਸਦੀ ਆਬਾਦੀ ਨੂੰ ਸਿੱਧੇ ਤੌਰ 'ਤੇ ਪ੍ਰਭਾਵਿਤ ਕਰ ਸਕਦਾ ਹੈ। ਇਸਦੇ ਨਾਲ ਹੀ ਇਸਨੂੰ ਪੱਛੜੇ ਵਰਗਾਂ ਤੇ ਧਾਰਮਿਕ ਘੱਟ ਗਿਣਤੀ ਵਰਗਾਂ ਦਾ ਸਮਰਥਨ ਵੀ ਮਿਲਣ ਦੀਆਂ ਸੰਭਾਵਨਾਵਾਂ ਮਜ਼ਬੂਤ ਹਨ। 
 
ਇਨ੍ਹਾਂ ਰਾਜਨੀਤਕ ਸਮੀਕਰਨਾਂ ਨੂੰ ਦੇਖਦਿਆਂ ਇਹ ਕਿਹਾ ਜਾ ਸਕਦਾ ਹੈ ਕਿ ਇਸ ਸੂਬੇ ਵਿੱਚ ਬਸਪਾ-ਜਨਤਾ ਕਾਂਗਰਸ ਦੀ ਸਰਕਾਰ ਬਣਨ ਜਾਂ ਫਿਰ ਇਸ ਗੱਠਜੋੜ ਦੇ ਸੱਤਾ ਵਿੱਚ ਹਿੱਸੇਦਾਰ ਹੋਣ ਦੀਆਂ ਸੰਭਾਵਨਾਵਾਂ ਮਜ਼ਬੂਤ ਹਨ।

-ਲੋਕ ਲੀਡਰ ਡੈਸਕ 

Comments

Leave a Reply